ਨਵੀਂ ਦਿੱਲੀ— ਸਰਕਾਰ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਸਾਲ 2018 'ਚ ਦੇਸ਼ 'ਚ ਬੇਰੁਜ਼ਗਾਰੀ ਦਰ ਘਟਣ ਦੀ ਬਜਾਏ ਵਧਣ ਦੇ ਆਸਾਰ ਹਨ। ਮੌਜੂਦਾ ਸਾਲ 'ਚ ਇਹ 3.5 ਫੀਸਦੀ ਰਹੇਗੀ, ਜਦੋਂ ਕਿ ਇਸ ਤੋਂ ਪਹਿਲਾਂ ਇਹ 3.4 ਫੀਸਦੀ ਰਹਿਣ ਦਾ ਅੰਦਾਜ਼ਾ ਜਤਾਇਆ ਗਿਆ ਸੀ। ਕੌਮਾਂਤਰੀ ਕਿਰਤ ਸੰਗਠਨ (ਆਈ. ਐੱਲ. ਓ.) ਦੀ ਤਾਜ਼ਾ ਰਿਪੋਰਟ 'ਵਰਲਡ ਇੰਪਲਾਇਮੈਂਟ ਐਂਡ ਸੋਸ਼ਲ ਆਊਟਲੁਕ-ਟ੍ਰੈਂਡਸ 2018' 'ਚ ਦੱਸਿਆ ਗਿਆ ਹੈ ਕਿ ਦੇਸ਼ 'ਚ ਬੇਰੁਜ਼ਗਾਰੀ ਦਰ ਸਾਲ 2018 ਅਤੇ 2019 'ਚ 3.5 ਫੀਸਦੀ ਰਹੇਗੀ। ਸਾਲ 2017 ਅਤੇ 2016 'ਚ ਵੀ ਬੇਰੁਜ਼ਗਾਰੀ ਦੀ ਇਹੀ ਸਥਿਤੀ ਦੇਖੀ ਗਈ ਸੀ। ਆਈ. ਐੱਲ. ਓ. ਨੇ 2017 ਦੀ ਆਪਣੀ ਰਿਪੋਰਟ 'ਚ ਭਾਰਤ 'ਚ ਸਾਲ 2017 ਅਤੇ 2016 'ਚ ਬੇਰੁਜ਼ਗਾਰੀ ਦਰ 3.4 ਫੀਸਦੀ ਰਹਿਣ ਦਾ ਅਨੁਮਾਨ ਜਤਾਇਆ ਸੀ। ਆਈ. ਐੱਲ. ਓ. ਨੇ ਕਿਹਾ ਕਿ ਕੌਮਾਂਤਰੀ ਪੱਧਰ 'ਤੇ ਬੇਰੁਜ਼ਗਾਰੀ ਦਰ 'ਚ ਪਿਛਲੇ ਤਿੰਨ ਸਾਲਾਂ 'ਚ ਪਹਿਲੀ ਵਾਰ ਕਮੀ ਆਵੇਗੀ।
ਤਾਜ਼ਾ ਰਿਪੋਰਟ ਮੁਤਾਬਕ ਸਾਲ 2018 'ਚ ਦੇਸ਼ 'ਚ ਬੇਰੁਜ਼ਗਾਰਾਂ ਦੀ ਗਿਣਤੀ ਵਧ ਕੇ 1.86 ਕਰੋੜ ਅਤੇ 2019 'ਚ 1.89 ਕਰੋੜ ਹੋ ਜਾਵੇਗੀ, ਜੋ ਕਿ 2017 'ਚ 1.83 ਕਰੋੜ ਸੀ। ਪਿਛਲੇ ਸਾਲ ਦੀ ਰਿਪੋਰਟ 'ਚ ਆਈ. ਐੱਲ. ਓ. ਨੇ 2018 'ਚ ਬੇਰੁਜ਼ਗਾਰਾਂ ਦੀ ਗਿਣਤੀ 1.80 ਕਰੋੜ ਅਤੇ 2017 ਲਈ ਇਹ ਗਿਣਤੀ 1.78 ਕਰੋੜ ਰਹਿਣ ਦੀ ਉਮੀਦ ਜਤਾਈ ਸੀ। ਇਸ ਪ੍ਰਕਾਰ 2017 'ਚ ਬੇਰੁਜ਼ਗਾਰਾਂ ਦੀ ਗਿਣਤੀ ਸੰਗਠਨ ਦੇ ਅਨੁਮਾਨ ਤੋਂ ਪੰਜ ਲੱਖ ਵਧ ਰਹੀ। ਇਹ ਅੰਕੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਟੈਲੀਵਿਜ਼ਨ ਇੰਟਰਵਿਊ ਦੇ ਦੋ ਦਿਨ ਬਾਅਦ ਆਇਆ ਹੈ, ਜਿਸ 'ਚ ਉਨ੍ਹਾਂ ਨੇ ਨੌਕਰੀ ਦੇ ਬਿਨਾਂ ਤਰੱਕੀ ਦੀ ਗੱਲ ਨੂੰ ਨਕਾਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਰੁਜ਼ਗਾਰ ਸਿਰਜਨ ਨੂੰ ਲੈ ਕੇ ਝੂਠ ਫੈਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਕ ਹਾਲੀਆ ਅਧਿਐਨ 'ਚ ਕਿਹਾ ਸੀ ਕਿ ਮੌਜੂਦਾ ਵਿੱਤੀ ਸਾਲ 'ਚ 70 ਲੱਖ ਨੌਕਰੀਆਂ ਪੈਦਾ ਹੋਈਆਂ ਹਨ।
ਇਸ ਦੇ ਉਲਟ ਆਈ. ਐੱਲ. ਓ. ਨੇ ਸਾਲ 2018 ਅਤੇ 2019 ਲਈ ਕੌਮਾਂਤਰੀ ਪੱਧਰ 'ਤੇ ਬੇਰੁਜ਼ਗਾਰੀ ਦਰ ਘੱਟ ਕੇ 5.5 ਫੀਸਦੀ ਰਹਿਣ ਦਾ ਅੰਦਾਜ਼ਾ ਜਤਾਇਆ ਹੈ। ਸੰਗਠਨ ਨੇ 2017 ਦੀ ਆਪਣੀ ਰਿਪੋਰਟ 'ਚ ਸਾਲ 2017 ਅਤੇ 2018 ਲਈ ਕੌਮਾਂਤਰੀ ਬੇਰੁਜ਼ਗਾਰੀ ਦਰ 5.8 ਫੀਸਦੀ ਰਹਿਣ ਦਾ ਅਨੁਮਾਨ ਜਤਾਇਆ ਸੀ। 2018 'ਚ ਪੂਰੀ ਦੁਨੀਆ 'ਚ 19.23 ਕਰੋੜ ਲੋਕ ਬੇਰੁਜ਼ਗਾਰ ਰਹਿਣਗੇ, ਜਦੋਂ ਕਿ 2017 'ਚ 19.27 ਕਰੋੜ ਲੋਕ ਬੇਰਜ਼ੁਗਾਰ ਸਨ। ਇਸ ਪ੍ਰਕਾਰ ਮਾਮੂਲੀ ਕਮੀ ਆਈ ਹੈ।
ਕੱਚੇ ਤੇਲ ਤੋਂ ਪੈਟਰੋਲ-ਡੀਜ਼ਲ ਦੀ ਕੀਮਤ ਤੱਕ. ਜਾਣੋ ਪਾਈ-ਪਾਈ ਦਾ ਹਿਸਾਬ
NEXT STORY