ਜਲੰਧਰ (ਪੁਨੀਤ)–ਪੰਜਾਬ ਰੋਡਵੇਜ਼ ਵਿਚ ਟੀ. ਐੱਮ. (ਟਰੈਫਿਕ ਮੈਨੇਜਰ) ਰੈਂਕ ਦੇ ਅਧਿਕਾਰੀ ਨੂੰ ਜੀ. ਐੱਮ. (ਜਨਰਲ ਮੈਨੇਜਰ) ਪ੍ਰਮੋਟ ਕਰਨ ਦੀ ਸਿਫਾਰਸ਼ ਕਰਨ ਦੇ ਮਾਮਲੇ ਵਿਚ 2 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ਾਂ ਵਿਚ ਆਈ. ਏ. ਐੱਸ. ਅਧਿਕਾਰੀ ਨੂੰ ਫੜੇ ਜਾਣ ਨਾਲ ਮਹਿਕਮੇ ਵਿਚ ਹੜਕੰਪ ਮਚ ਗਿਆ ਹੈ। ਇਸ ਤੋਂ ਬਾਅਦ ਜਾਂਚ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਫੇ ਲਾਏ ਜਾ ਰਹੇ ਹਨ। ਜਾਣਕਾਰੀ ਮੁਤਾਬਕ ਸੀ. ਬੀ. ਆਈ. ਨੇ ਚੰਡੀਗੜ੍ਹ ਦੇ ਸੈਕਟਰ-17 ਸਥਿਤ ਪੰਜਾਬ ਰੋਡਵੇਜ਼ ਦੇ ਹੈੱਡਕੁਆਰਟਰ ਤੋਂ ਡਾਇਰੈਕਟਰ ਪਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਲੱਖਾਂ ਰੁਪਏ ਦੇ ਨਕਦੀ ਫੜੇ ਜਾਣ ਦਾ ਖੁਲਾਸਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਉੱਠੀ ਅੱਗ ਦੀਆਂ ਲਾਟਾਂ ਅਜੇ ਕੁਝ ਸਮੇਂ ਤੱਕ ਠੰਡੀਆਂ ਪੈਣ ਵਾਲੀਆਂ ਨਹੀਂ ਅਤੇ ਆਉਣ ਵਾਲੇ ਸਮੇਂ ਵਿਚ ਛਾਪੇਮਾਰੀ ਦੀ ਜਾਂਚ ਦਾ ਕੇਂਦਰ ਬਿੰਦੂ ਜਲੰਧਰ ਦੇ ਡਿਪੂ ਬਣ ਸਕਦੇ ਹਨ। ਇਸਦਾ ਕਾਰਨ ਇਹ ਹੈ ਕਿ ਜਲੰਧਰ ਵਿਚ ਜੀ. ਐੱਮ. ਰੈਂਕ ਦੇ ਜਿਹੜੇ ਅਧਿਕਾਰੀ ਤਾਇਨਾਤ ਹਨ, ਉਹ ਦੋਵੇਂ ਹੀ ਟੀ. ਐੱਮ. ਰੈਂਕ ਤੋਂ ਜੀ. ਐੱਮ. ਲਾਏ ਗਏ ਹਨ।
ਇਹ ਵੀ ਪੜ੍ਹੋ: ਐਕਸ਼ਨ 'ਚ ਜਲੰਧਰ ਦੇ ਪੁਲਸ ਕਮਿਸ਼ਨਰ, ਡਰੱਗ ਮਾਫ਼ੀਆ ’ਤੇ ਸ਼ਿਕੰਜਾ ਕੱਸਣ ਲਈ ਦਿੱਤੇ ਸਖ਼ਤ ਨਿਰਦੇਸ਼
ਸੀ. ਬੀ. ਆਈ. ਦੀ ਟੀਮ ਨੇ ਆਈ. ਏ. ਐੱਸ. ਰੈਂਕ ਦੇ ਜਿਸ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ, ਉਸ ’ਤੇ ਦੋਸ਼ ਹੈ ਕਿ ਟੀ. ਐੱਮ. ਨੂੰ ਪ੍ਰਮੋਟ ਕਰਨ ਦੀ ਸਿਫਾਰਸ਼ ਦੇ ਨਾਂ ’ਤੇ ਉਸ ਵੱਲੋਂ ਰਿਸ਼ਵਤ ਦੀ ਮੰਗ ਰੱਖੀ ਗਈ ਹੈ। ਹੁਣ ਸੋਚਣ ਵਾਲੀ ਗੱਲ ਹੈ ਕਿ ਜਲੰਧਰ ਸਮੇਤ ਪੰਜਾਬ ਦੇ ਕਈ ਡਿਪੂਆਂ ਵਿਚ ਟੀ. ਐੱਮ. ਰੈਂਕ ਦੇ ਅਧਿਕਾਰੀਆਂ ਨੂੰ ਚਾਰਜ ਦੇ ਕੇ ਜੀ. ਐੱਮ. ਲਾਇਆ ਗਿਆ ਹੈ। ਸੂਤਰ ਦੱਸਦੇ ਹਨ ਜਿਥੇ ਵੀ ਟੀ. ਐੱਮ. ਨੂੰ ਜੀ. ਐੱਮ. ਲਾਇਆ ਗਿਆ ਹੈ, ਉਹ ਆਉਣ ਵਾਲੇ ਸਮੇਂ ਵਿਚ ਜਾਂਚ ਦਾ ਕੇਂਦਰ ਬਣ ਸਕਦੇ ਹਨ। ਇਸ ਲੜੀ ਵਿਚ ਜਲੰਧਰ ਦਾ ਨਾਂ ਸਭ ਤੋਂ ਉੱਪਰ ਆਉਂਦਾ ਹੈ। ਲੰਮੇ ਸਮੇਂ ਤੱਕ ਜਲੰਧਰ ਵਿਚ ਜੀ. ਐੱਮ. ਦੇ ਅਹੁਦੇ ’ਤੇ ਲੱਗਣ ਲਈ ਕੋਈ ਅਧਿਕਾਰੀ ਤਿਆਰ ਨਹੀਂ ਸੀ। ਜਿਸ ਨੂੰ ਵੀ ਇਥੇ ਲਾਇਆ ਗਿਆ, ਉਹ ਆਪਣਾ ਤਬਾਦਲਾ ਕਰਵਾ ਕੇ ਚੱਲਦਾ ਬਣਿਆ। ਲਗਭਗ 4 ਮਹੀਨੇ ਪਹਿਲਾਂ ਅਕਤੂਬਰ ਵਿਚ ਜਲੰਧਰ ਦੇ ਜੀ. ਐੱਮ. ਅਹੁਦੇ ਭਰੇ ਗਏ। ਇਨ੍ਹਾਂ ਦੋਵਾਂ ਅਹੁਦਿਆਂ ’ਤੇ ਟੀ. ਐੱਮ. ਰੈਂਕ ਦੇ ਅਧਿਕਾਰੀਆਂ ਨੂੰ ਜੀ. ਐੱਮ. ਲਾਇਆ ਗਿਆ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕਈ ਸੀਨੀਅਰ ਅਧਿਕਾਰੀ ਅਜਿਹੇ ਡਿਪੂਆਂ ਵਿਚ ਤਾਇਨਾਤ ਹਨ, ਜਿੱਥੇ ਆਮਦਨ ਅਤੇ ਕੰਮਕਾਜ ਘੱਟ ਹੈ। ਅਜਿਹੇ ਹਾਲਾਤ ਵਿਚ ਜਲੰਧਰ ਵਿਚ ਨਵੇਂ ਚਿਹਰਿਆਂ ਨੂੰ ਲਾਇਆ ਜਾਣਾ ਹਜ਼ਮ ਨਹੀਂ ਹੁੰਦਾ।
ਇਹ ਵੀ ਪੜ੍ਹੋ: ਕਬਾੜ ਚੁਗਣ ਵਾਲੀ ਬਜ਼ੁਰਗ ਬੀਬੀ ਨੂੰ ਕੁੱਟ-ਕੁੱਟ ਸਰੀਰ 'ਤੇ ਪਾਏ ਨੀਲ, ਝੋਲੇ ਦੀ ਤਲਾਸ਼ੀ ਲਈ ਤਾਂ ਖੁੱਲ੍ਹੀਆਂ ਅੱਖਾਂ
ਸੂਤਰ ਦੱਸਦੇ ਹਨ ਕਿ ਪੰਜਾਬ ਦੇ 27 ਡਿਪੂਆਂ ਵਿਚੋਂ ਜਲੰਧਰ ਦੇ ਦੋਵੇਂ ਡਿਪੂ ਮੋਹਰੀ ਸਥਾਨ ਰੱਖਦੇ ਹਨ। ਅਜਿਹੇ ਵਿਚ ਜਲੰਧਰ ਵਿਚ ਜੀ. ਐੱਮ. ਅਹੁਦੇ ’ਤੇ ਕਿਸੇ ਸੀਨੀਅਰ ਅਧਿਕਾਰੀ ਦੀ ਤਾਇਨਾਤੀ ਦੀ ਸੰਭਾਵਨਾ ਸੀ ਪਰ ਟੀ. ਐੱਮ. ਰੈਂਕ ਦੇ ਅਧਿਕਾਰੀਆਂ ਨੂੰ ਇਨ੍ਹਾਂ ਅਹੁਦਿਆਂ ’ਤੇ ਲਾਏ ਜਾਣ ਦਾ ਮਾਮਲਾ ਵੀ ਸੀ. ਬੀ. ਆਈ. ਦੀ ਜਾਂਚ ਵਿਚ ਸ਼ਾਮਲ ਹੋ ਸਕਦਾ ਹੈ। ਅਜਿਹੇ ਹਾਲਾਤ ਵਿਚ ਆਉਣ ਵਾਲੇ ਸਮੇਂ ਵਿਚ ਜਾਂਚ ਲੰਮੀ ਜਾ ਸਕਦੀ ਹੈ। ਹੁਣ ਦੇਖਣਾ ਹੋਵੇਗਾ ਕਿ ਸੀ. ਬੀ. ਆਈ. ਦੀ ਜਾਂਚ ਵਿਚ ਕੀ ਖੁਲਾਸੇ ਹੁੰਦੇ ਹਨ।
ਮਿਲੀਭੁਗਤ ਦੇ ਦੋਸ਼ਾਂ ਵਿਚ ਵਿਜੀਲੈਂਸ ਦੀ ਬੱਸ ਅੱਡੇ ’ਚ ਹੋ ਚੁੱਕੀ ਹੈ ਛਾਪੇਮਾਰੀ
ਨਿਯਮਾਂ ਦੇ ਉਲਟ ਚੱਲਣ ਵਾਲੀਆਂ ਪ੍ਰਾਈਵੇਟ ਬੱਸਾਂ ’ਤੇ ਟਰਾਂਸਪੋਰਟ ਮਹਿਕਮੇ ਵੱਲੋਂ ਰਾਜਾ ਵੜਿੰਗ ਦੇ ਸਮੇਂ ਦੌਰਾਨ ਨਕੇਲ ਕੱਸੀ ਗਈ ਸੀ। ਇਸ ਲੜੀ ਵਿਚ ਬੀਤੀ 13 ਅਕਤੂਬਰ ਨੂੰ ਵਿਜੀਲੈਂਸ ਵੱਲੋਂ ਬੱਸ ਅੱਡੇ ਵਿਚ ਛਾਪੇਮਾਰੀ ਕਰ ਕੇ ਬੱਸਾਂ ਦੇ ਟਾਈਮ ਟੇਬਲ ਦਾ ਰਿਕਾਰਡ ਆਪਣੇ ਕਬਜ਼ੇ ਵਿਚ ਲਿਆ ਗਿਆ ਅਤੇ ਕਾਊਂਟਰ ਵਿਚ ਲੱਗੀਆਂ ਬੱਸਾਂ ਦੇ ਟਾਈਮ ਟੇਬਲ ਨੂੰ ਰਜਿਸਟਰ ਨਾਲ ਚੈੱਕ ਕੀਤਾ ਗਿਆ ਸੀ। ਟਰਾਂਸਪੋਰਟ ਵਿਭਾਗ ਕੋਲ ਕਈ ਸ਼ਿਕਾਇਤਾਂ ਪੁੱਜੀਆਂ ਸਨ, ਜਿਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਪ੍ਰਾਈਵੇਟ ਬੱਸਾਂ ਨੂੰ ਅੱਡੇ ਅੰਦਰ ਕਾਊਂਟਰਾਂ ਤੋਂ ਸਵਾਰੀਆਂ ਚੁੱਕਣ ਲਈ ਜ਼ਿਆਦਾ ਸਮਾਂ ਦਿੱਤਾ ਜਾ ਰਿਹਾ ਹੈ। ਸੂਤਰ ਦੱਸਦੇ ਹਨ ਕਿ ਇਸ ਆਧਾਰ ’ਤੇ ਉਕਤ ਛਾਪੇਮਾਰੀ ਹੋਈ ਸੀ। ਇਹ ਜਾਂਚ ਅਜੇ ਤੱਕ ਚਰਚਾ ਦਾ ਵਿਸ਼ਾ ਹੈ। ਹੁਣ ਫਿਰ ਤੋਂ ਬੱਸ ਅੱਡੇ ਵਿਚ ਪ੍ਰਾਈਵੇਟ ਬੱਸਾਂ ਦਾ ਬੋਲਬਾਲਾ ਹੈ।
ਇਹ ਵੀ ਪੜ੍ਹੋ: ਅਗਵਾ ਦੇ ਮਾਮਲੇ ਦਾ ਪਰਦਾਫ਼ਾਸ਼, ਖ਼ੁਦ ਘਰੇ ਮੁੜੇ ਨਾਬਾਲਗ ਨੇ ਦੱਸੀ ਸੱਚਾਈ ਤਾਂ ਜਾਣ ਮਾਪੇ ਵੀ ਹੋਏ ਹੈਰਾਨ
ਨਵੀਂ ਭਰਤੀ ਦੇ ਨਾਂ ’ਤੇ ਡੇਢ ਤੋਂ ਦੋ ਲੱਖ ਰੁਪਏ ਲੈਣ ਦੇ ਗੰਭੀਰ ਦੋਸ਼
ਪਨਬੱਸ ਤੇ ਪੀ. ਆਰ. ਟੀ. ਸੀ. ਵਿਚ 842 ਨਵੀਆਂ ਬੱਸਾਂ ਪਾਈਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਚਲਾਉਣ ਲਈ ਚਾਲਕ ਦਲਾਂ ਦੀ ਭਰਤੀ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ। ਇਸ ਭਰਤੀ ਪ੍ਰਕਿਰਿਆ ’ਤੇ ਪਨਬੱਸ ਅਤੇ ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਵੱਲੋਂ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਗਏ ਹਨ। ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਨਵੀਂ ਭਰਤੀ ਕਰਨ ਲਈ ਹਰੇਕ ਕਰਮਚਾਰੀ ਕੋਲੋਂ ਡੇਢ ਤੋਂ ਦੋ ਲੱਖ ਰੁਪਏ ਰਿਸ਼ਵਤ ਲਈ ਜਾ ਰਹੀ ਹੈ। ਚੰਡੀਗੜ੍ਹ ਵਿਚ ਹੋਈ ਛਾਪੇਮਾਰੀ ਨੂੰ ਲੈ ਕੇ ਆਗੂਆਂ ਦਾ ਕਹਿਣਾ ਹੈ ਕਿ ਭਰਤੀ ਪ੍ਰਕਿਰਿਆ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਇਸ ਜਾਂਚ ਨਾਲ ਕਈ ਸਫੈਦਪੋਸ਼ ਅਧਿਕਾਰੀਆਂ ਦੇ ਚਿਹਰੇ ਬੇਨਕਾਬ ਹੋਣਗੇ। ਗਲਤ ਢੰਗ ਨਾਲ ਭਰਤੀ ਕਰ ਕੇ ਸਵਾਰੀਆਂ ਦੀ ਜ਼ਿੰਦਗੀ ਵੀ ਜੋਖਮ ਵਿਚ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ: ਕੋਰੋਨਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ, ਸਕੂਲ-ਕਾਲਜ ਅਜੇ ਰਹਿਣਗੇ ਬੰਦ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਨਾਮਜ਼ਦਗੀਆਂ ਦੇ ਆਖ਼ਰੀ ਦਿਨ ਤੱਕ ਜਲੰਧਰ ਜ਼ਿਲ੍ਹੇ ’ਚ 170 ਉਮੀਦਵਾਰਾਂ ਨੇ ਭਰੇ ਕਾਗਜ਼
NEXT STORY