ਜਲੰਧਰ (ਬਿਊਰੋ) : ਸਰਦੀਆਂ 'ਚ ਧੁੱਪ ਸੇਕਦੇ ਹੋਏ ਸੰਤਰੇ ਖਾਣ ਦਾ ਵੱਖਰਾ ਹੀ ਮਜ਼ਾ ਹੈ। ਇਸ 'ਚ ਵਿਟਾਮਿਨ-ਸੀ, ਏ, ਫਾਈਬਰ, ਪੋਟਾਸ਼ੀਅਮ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਸੰਤਰਾ ਅਤੇ ਇਸ ਦਾ ਜੂਸ ਦੋਵੇਂ ਹੀ ਸਿਹਤ ਲਈ ਬਹੁਤ ਫ਼ਾਇਦੇਮੰਦ ਹਨ। ਸੰਤਰਾ ਸਾਡੇ ਸਰੀਰ ਦੀ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਅਤੇ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਣ 'ਚ ਮਦਦ ਕਰਦਾ ਹੈ। ਸੰਤਰਾ ਵਿਟਾਮਿਨ ਸੀ ਦਾ ਸਭ ਤੋਂ ਵੱਡਾ ਸਰੋਤ ਹੈ, ਜੋ ਸਿਹਤਮੰਦ ਚਮੜੀ, ਮਜ਼ਬੂਤ ਵਾਲਾਂ ਅਤੇ ਅੱਖਾਂ ਦੀ ਰੋਸ਼ਨੀ ਲਈ ਬਹੁਤ ਫ਼ਾਇਦੇਮੰਦ ਹੈ। ਗਰਭ ਅਵਸਥਾ ਦੌਰਾਨ ਇਹ ਕਿਸੇ ਰਾਮਬਾਣ ਤੋਂ ਘੱਟ ਨਹੀਂ ਹੈ। ਆਓ ਜਾਣਦੇ ਹਾਂ ਸੰਤਰੇ ਖਾਣ ਦੇ ਫ਼ਾਇਦੇ :-
ਵਿਟਾਮਿਨ ਸੀ ਦਾ ਸਭ ਤੋਂ ਵੱਡਾ ਸਰੋਤ : ਸੰਤਰੇ 'ਚ 70 ਫੀਸਦੀ ਤੱਕ ਵਿਟਾਮਿਨ ਸੀ ਪਾਇਆ ਜਾਂਦਾ ਹੈ। ਸਿਰਫ਼ ਇੱਕ ਸੰਤਰਾ ਹੀ ਸਾਡੇ ਸਰੀਰ 'ਚ ਪੂਰੇ ਦਿਨ ਲਈ ਵਿਟਾਮਿਨ ਸੀ ਦੀ ਸਪਲਾਈ ਕਰ ਸਕਦਾ ਹੈ। ਵਿਟਾਮਿਨ-ਸੀ ਸਰੀਰ 'ਚ ਆਇਰਨ ਨੂੰ ਸਟੋਰ ਕਰਨ ਅਤੇ ਬਿਹਤਰ ਇਮਿਊਨਿਟੀ ਲਈ ਜ਼ਰੂਰੀ ਹੈ।

ਅੰਤੜੀਆਂ ਲਈ ਫ਼ਾਇਦੇਮੰਦ : ਸੰਤਰੇ 'ਚ ਭਰਪੂਰ ਮਾਤਰਾ 'ਚ ਫਾਈਬਰ ਮੌਜੂਦ ਹੁੰਦਾ ਹੈ, ਜੋ ਕਬਜ਼ ਦੀ ਸਮੱਸਿਆ ਨੂੰ ਦੂਰ ਕਰਕੇ ਅੰਤੜੀਆਂ ਨੂੰ ਸਾਫ਼ ਰੱਖਣ 'ਚ ਮਦਦ ਕਰਦਾ ਹੈ। ਜੇਕਰ ਸਾਡੇ ਸਰੀਰ ਨੂੰ ਫਾਈਬਰ ਦੀ ਸਹੀ ਮਾਤਰਾ ਮਿਲੇਗੀ ਤਾਂ ਇਸ ਨਾਲ ਕੋਲੈਸਟ੍ਰੋਲ ਘੱਟ ਹੋਵੇਗਾ ਅਤੇ ਸ਼ੂਗਰ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ। ਇਸ ਦੇ ਨਾਲ ਹੀ ਸੰਤਰਾ ਦਿਲ ਨਾਲ ਜੁੜੀਆਂ ਬੀਮਾਰੀਆਂ ਦੇ ਖ਼ਤਰੇ ਨੂੰ ਵੀ ਘੱਟ ਕਰਦਾ ਹੈ।
ਗਰਭਵਤੀ ਔਰਤਾਂ ਲਈ ਰਾਮਬਾਣ : ਸਾਡਾ ਸਰੀਰ ਡੀ. ਐੱਨ. ਏ. ਅਤੇ ਹੋਰ ਜੈਨੇਟਿਕ ਸਮੱਗਰੀ ਬਣਾਉਣ ਦਾ ਕੰਮ ਕਰਦਾ ਹੈ। ਇਸ ਲਈ ਬੀ ਵਿਟਾਮਿਨ ਫੋਲੇਟ ਦੀ ਲੋੜ ਹੁੰਦੀ ਹੈ। ਇਹੀ ਕਾਰਨ ਹੈ ਕਿ ਡਾਕਟਰ ਗਰਭ ਅਵਸਥਾ ਦੌਰਾਨ ਗਰਭਵਤੀ ਔਰਤਾਂ ਨੂੰ ਸੰਤਰਾ ਖਾਣ ਦੀ ਸਲਾਹ ਦਿੰਦੇ ਹਨ। ਸੰਤਰੇ ਦਾ ਸੇਵਨ ਕਰਨ ਨਾਲ ਬੱਚਿਆਂ ਦੇ ਦਿਮਾਗ ਦਾ ਵਿਕਾਸ ਸਹੀ ਢੰਗ ਨਾਲ ਹੁੰਦਾ ਹੈ।
ਐਂਟੀਇੰਫਲੇਮੇਂਟਰੀ ਗੁਣਾਂ 'ਚ ਅਮੀਰ : ਇੱਕ ਸੰਤਰੇ 'ਚ 170 ਤੋਂ ਵੱਧ ਫਾਈਟੋਕੈਮੀਕਲ ਅਤੇ 60 ਫਲੇਵੋਨੋਇਡ ਹੁੰਦੇ ਹਨ, ਜੋ ਕਿ ਕਿਸੇ ਵੀ ਹੋਰ ਐਂਟੀਆਕਸੀਡੈਂਟ ਭੋਜਨ ਜਾਂ ਦਵਾਈ ਨਾਲੋਂ ਵੱਧ ਹੁੰਦੇ ਹਨ। ਸੰਤਰਾ ਕੈਂਸਰ, ਗਠੀਆ, ਸ਼ੂਗਰ, ਅਲਜ਼ਾਈਮਰ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰਦਾ ਹੈ।

ਦਿਲ ਦੀ ਬੀਮਾਰੀ : ਜੇਕਰ ਤੁਹਾਨੂੰ ਦਿਲ ਨਾਲ ਸਬੰਧਿਤ ਕੋਈ ਬੀਮਾਰੀ ਹੈ ਤਾਂ ਤੁਹਾਨੂੰ ਸੰਤਰੇ ਦਾ ਜੂਸ ਪੀਣਾ ਚਾਹੀਦਾ ਹੈ। ਲੋੜੀਂਦੇ ਤੱਤਾਂ ਨਾਲ ਭਰਪੂਰ ਸੰਤਰੇ ਦਾ ਜੂਸ ਦਿਲ ਦੀਆਂ ਬੀਮਾਰੀਆਂ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ।
ਬਲੱਡ ਸ਼ੂਗਰ : ਸੰਤਰੇ ਦੇ ਰਸ ’ਚ ਫਾਈਬਰ, ਵਿਟਾਮਿਨ, ਆਇਰਨ, ਕੈਲਸ਼ੀਅਮ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ, ਜਿਸ ਨਾਲ ਬਲੱਡ ਸ਼ੂਗਰ ਨੂੰ ਕਾਬੂ ’ਚ ਕੀਤਾ ਜਾ ਸਕਦਾ ਹੈ। ਅਜਿਹੇ ‘ਚ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਨੂੰ ਆਪਣੀ ਖੁਰਾਕ ‘ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਮੋਟਾਪਾ ਘੱਟ ਹੋ ਸਕਦਾ ਹੈ : ਜੇਕਰ ਤੁਸੀਂ ਲੰਮੀ ਉਮਰ ਅਤੇ ਸਿਹਤਮੰਦ ਜ਼ਿੰਦਗੀ ਚਾਹੁੰਦੇ ਹੋ ਤਾਂ ਹੁਣ ਤੋਂ ਹਰ ਰੋਜ਼ ਸੰਤਰੇ ਦੇ ਰਸ ਨੂੰ ਪੀਣਾ ਸ਼ੁਰੂ ਕਰ ਦਿਓ। ਖੋਜਕਰਤਾਵਾਂ ਤੋਂ ਪਤਾ ਲੱਗਾ ਕਿ ਦਿਨ 'ਚ ਢਾਈ ਗਲਾਸ ਸੰਤਰੇ ਦਾ ਜੂਸ ਪੀਣ ਨਾਲ ਮੋਟਾਪਾ ਘੱਟ ਹੋ ਸਕਦਾ ਹੈ।

ਜ਼ੁਕਾਮ ਅਤੇ ਖੰਘ : ਸੰਤਰੇ ’ਚ ਪਾਇਆ ਜਾਣ ਵਾਲਾ ਵਿਟਾਮਿਨ-ਸੀ ਜ਼ੁਕਾਮ, ਖੰਘ ਅਤੇ ਫਲੂ ਵਰਗੇ ਲੱਛਣਾਂ ਨੂੰ ਘਟਾਉਣ 'ਚ ਮਦਦ ਕਰਦਾ ਹੈ। ਸੰਤਰੇ ਦਾ ਰਸ ਨਾ ਸਿਰਫ਼ ਠੰਡੇ ਅਤੇ ਫਲੂ ਵਰਗੇ ਲੱਛਣਾਂ ਤੋਂ ਬਚਾਵੇਗਾ ਸਗੋਂ ਤੁਹਾਨੂੰ ਲਾਗ ਦੇ ਬਹੁਤ ਸਾਰੇ ਖ਼ਤਰਿਆਂ ਤੋਂ ਵੀ ਦੂਰ ਰੱਖਣ 'ਚ ਸਹਾਇਤਾ ਕਰੇਗਾ।
ਚਿਹਰੇ ਦੀ ਚਮੜੀ ਲਈ ਫ਼ਾਇਦੇਮੰਦ : ਪੌਸ਼ਟਿਕ ਅਤੇ ਔਸ਼ਦੀ ਗੁਣਾਂ ਨਾਲ ਭਰਪੂਰ ਸੰਤਰੇ ਦਾ ਰਸ ਸਿਹਤ ਦੇ ਨਾਲ ਚਿਹਰੇ ਦੀ ਚਮੜੀ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਇਹ ਮਰੀ ਹੋਈ ਚਮੜੀ ਦੇ ਸੈੱਲਜ਼ ਨੂੰ ਸਾਫ ਕਰਕੇ ਨਵੀਂ ਚਮੜੀ ਬਣਾਉਣ ‘ਚ ਮਦਦ ਕਰਦਾ ਹੈ। ਅਜਿਹੇ ‘ਚ ਚਮੜੀ ਡੂੰਘਾਈ ਤੋਂ ਪੋਸ਼ਿਤ ਹੋਣ ਦੇ ਨਾਲ-ਨਾਲ ਸਾਫ, ਨਿਖ਼ਰੀ ਅਤੇ ਜਵਾਨ ਦਿਖਾਈ ਦਿੰਦੀ ਹੈ।

ਖ਼ਾਲੀ ਢਿੱਡ ਭੁੱਲ ਕੇ ਵੀ ਨਾ ਖਾਓ ਇਹ 5 ਖਾਧ ਪਦਾਰਥ, ਸਿਹਤ 'ਤੇ ਪੈ ਸਕਦੈ ਬੁਰਾ ਅਸਰ
NEXT STORY