ਟੋਰਾਂਟੋ— ਓਨਟਾਰੀਓ ਸਰਕਾਰ ਸੂਬੇ ਦੇ 87 ਹੋਰ ਗ੍ਰੌਸਰੀ ਸਟੋਰਾਂ ਨੂੰ ਬੀਅਰ ਵੇਚਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਤੇ ਹੁਣ 350 ਸਟੋਰ ਬੀਅਰ ਦੀ ਵਿੱਕਰੀ ਲਈ ਅਧਿਕਾਰਿਤ ਹੋ ਗਏ ਹਨ। ਸਰਕਾਰ ਵਲੋਂ ਗ੍ਰੌਸਰੀ ਸਟੋਰਾਂ 'ਤੇ ਦਿੱਤੀ ਬੀਅਰ ਵੇਚਣ ਦੀ ਖੁੱਲ੍ਹ ਦੇ ਬਾਵਜੂਦ ਬੀਅਰ ਕੈਨੇਡਾ ਸੰਤੁਸ਼ਟ ਨਹੀਂ ਤੇ ਸੂਬੇ 'ਚ ਲਾਗੂ ਟੈਕਸਾਂ ਦਾ ਵਿਰੋਧ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਪਹਿਲੀ ਮਾਰਚ ਤੋਂ ਬੀਅਰਾਂ 'ਤੇ ਲੱਗਣ ਵਾਲਾ ਟੈਕਸ 12 ਸੈਂਟ ਤੋਂ ਵਧ ਤੇ 24 ਸੈਂਟ ਹੋ ਗਿਆ ਹੈ ਜਦਕਿ ਨਵੰਬਰ ਮਹੀਨੇ 'ਚ 26 ਫੀਸਦੀ ਵਾਧਾ ਕੀਤੇ ਜਾਣ ਦੀ ਤਜਵੀਜ਼ ਹੈ। ਉਧਰ ਸੂਬਾ ਸਰਕਾਰ ਵਲੋਂ ਜਾਰੀ ਬਿਆਨ ਮੁਤਾਬਕ ਓਨਟਾਰੀਓ 'ਚ ਬੀਅਰ ਵੇਚਣ ਲਈ ਅਧਿਕਾਰਿਤ ਗ੍ਰੌਸਰੀ ਸਟੋਰਾਂ 'ਚੋਂ 70 ਸ਼ਰਾਬ ਵੀ ਵੇਚ ਸਕਦੇ ਹਨ। ਵਿੱਕਰੀ ਲਈ ਹਰ ਨਵੀਂ ਲੋਕੇਸ਼ਨ ਛੋਟੇ ਪੱਧਰ ਦੀ ਬੀਅਰ ਤੇ ਸਾਈਡਰ ਪ੍ਰੋਡਿਊਸਰਜ਼ ਲਈ ਨਵੇਂ ਮੌਕੇ ਪੈਦਾ ਕਰਦੀ ਹੈ। ਇਨ੍ਹਾਂ ਦੇ ਉਤਪਾਦਨਾਂ 'ਚ 20 ਫੀਸਦੀ ਬੀਅਰ ਤੇ 20 ਫੀਸਦੀ ਸਾਈਡਰ ਗ੍ਰੌਸਰੀ ਸਟੋਰਾਂ 'ਚ ਵੇਚੇ ਜਾ ਸਕਦੇ ਹਨ। ਕਾਨੂੰਨ ਦੇ ਹਿਸਾਬ ਨਾਲ ਗ੍ਰੌਸਰਜ਼ ਕੋਲ ਡੈਸੀਗਨੇਟਿਡ ਸੇਲਜ਼ ਏਰੀਆ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਮਿਆਰੀ ਘੰਟਿਆਂ ਦੇ ਅੰਦਰ ਹੀ ਸੇਲ ਕਰਨੀ ਹੋਵੇਗੀ।
ਵਿੱਤ ਮੰਤਰੀ ਚਾਰਲਸ ਸੌਸਾ ਨੇ ਕਿਹਾ ਕਿ 2018 ਦੇ ਬਜਟ 'ਚ ਛੋਟੇ ਬੀਅਰ ਨਿਰਮਾਤਾਵਾਂ ਲਈ ਟੈਕਸ ਕ੍ਰੈਡਿਟ ਦੀ ਸਹੂਲਤ ਦਿੱਤੀ ਗਈ ਹੈ, ਜਿਸ ਨਾਲ ਇਨ੍ਹਾਂ ਨੂੰ ਕਾਫੀ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਹੋ ਰਹੇ ਆਰਥਿਕ ਬਦਲਾਅ ਦੌਰਾਨ ਰੁਜ਼ਗਾਰ ਦੇ ਮੌਕੇ ਸਿਰਜਣ ਤੇ ਜ਼ਿੰਦਗੀ ਨੂੰ ਹੋਰ ਕਿਫਾਇਤੀ ਬਣਾਉਣ ਲਈ ਘੱਟ ਤੋਂ ਘੱਟ ਉਜਰਤਾਂ 'ਚ ਵਾਧਾ ਕੀਤਾ ਗਿਆ ਜਦਕਿ ਸੈਂਕੜੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੀ ਸਰਕਾਰ ਨੇ ਮੁਹੱਈਆ ਕਰਵਾਈ।
ਨੇਪਾਲ 'ਚ 92 ਕਿਲੋ ਨਸ਼ੀਲੇ ਪਦਾਰਥ ਸਣੇ ਦੋ ਭਾਰਤੀ ਔਰਤਾਂ ਗ੍ਰਿਫਤਾਰ
NEXT STORY