ਜਲੰਧਰ(ਧਵਨ)—ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਅਤੇ ਕੇਂਦਰ ਦੀ ਰਾਜਗ ਸਰਕਾਰ ਵਲੋਂ ਇਸ 'ਤੇ ਲਗਾਮ ਨਾ ਲਗਾਉਣ ਦੇ ਮਾਮਲੇ ਨੂੰ ਲੈ ਕੇ ਜਲਦੀ ਹੀ ਸੂਬੇ ਭਰ ਵਿਚ ਪ੍ਰੋਟੈਸਟ ਕਰੇਗੀ ਕਿਉਂਕਿ ਪੈਟਰੋਲੀਅਮ ਉਤਪਾਦਾਂ ਦੀਆਂ ਵਧਦੀਆਂ ਕੀਮਤਾਂ ਕਾਰਨ ਲੋਕ ਮਹਿੰਗਾਈ ਦੇ ਬੋਝ ਹੇਠਾਂ ਦੱਬਦੇ ਜਾ ਰਹੇ ਹਨ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਵਿਚ ਜਦੋਂ ਡਾ. ਮਨਮੋਹਨ ਸਿੰਘ ਦੀ ਅਗਵਾਈ 'ਚ ਕਾਂਗਰਸ ਦੀ ਸਰਕਾਰ ਸੀ ਤਾਂ ਉਸ ਸਮੇਂ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ 125 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਈ ਸੀ ਪਰ ਉਸ ਸਮੇਂ ਵੀ ਡੀਜ਼ਲ ਦੀ ਕੀਮਤ ਭਾਰਤ ਵਿਚ 44 ਰੁਪਏ ਪ੍ਰਤੀ ਲਿਟਰ ਸੀ। ਉਸ ਸਮੇਂ ਭਾਜਪਾ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਰੌਲਾ-ਰੱਪਾ ਪਾਉਂਦੀ ਸੀ ਪਰ ਕੌਮਾਂਤਰੀ ਬਾਜ਼ਾਰ ਵਿਚ ਹੁਣ ਕੱਚੇ ਤੇਲ ਦੀਆਂ ਕੀਮਤਾਂ 85 ਡਾਲਰ ਪ੍ਰਤੀ ਬੈਰਲ ਚੱਲ ਰਹੀਆਂ ਹਨ ਪਰ ਭਾਰਤ ਵਿਚ ਡੀਜ਼ਲ ਦੀ ਕੀਮਤ 67 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪੈਟਰੋਲ ਦੀ ਕੀਮਤ 81 ਤੋਂ 82 ਰੁਪਏ ਪ੍ਰਤੀ ਲਿਟਰ ਤਕ ਪਹੁੰਚ ਚੁੱਕੀਆਂ ਹਨ। ਲੋਕਾਂ 'ਤੇ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ 'ਚ ਵਾਧੇ ਦਾ ਇੰਨਾ ਜ਼ਿਆਦਾ ਬੋਝ ਪੈ ਗਿਆ ਹੈ ਕਿ ਮਹਿੰਗਾਈ ਚੋਟੀ 'ਤੇ ਪਹੁੰਚ ਚੁੱਕੀ ਹੈ। ਡੀਜ਼ਲ ਮਹਿੰਗਾ ਹੋਣ ਨਾਲ ਮਾਲ-ਭਾੜਾ ਵਧ ਚੁੱਕਾ ਹੈ, ਜਿਸ ਨਾਲ ਖੁਰਾਕੀ ਉਤਪਾਦਾਂ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ। ਜਾਖੜ ਨੇ ਕਿਹਾ ਕਿ ਭਾਜਪਾ ਨੇ ਤਾਂ ਮਨਮੋਹਨ ਸਰਕਾਰ ਦੇ ਸਮੇਂ ਇੰਨਾ ਜ਼ਿਆਦਾ ਹੰਗਾਮਾ ਮਚਾਇਆ ਸੀ ਪਰ ਹੁਣ ਉਸਦੇ ਮੂੰਹ 'ਤੇ ਤਾਲੇ ਲੱਗ ਗਏ ਹਨ ਕਿਉਂਕਿ ਕੇਂਦਰ ਵਿਚ ਉਸ ਦੀ ਆਪਣੀ ਸਰਕਾਰ ਚੱਲ ਰਹੀ ਹੈ। ਇਸੇ ਤਰ੍ਹਾਂ ਅਕਾਲੀ ਦਲ ਨੇ ਵੀ ਖਾਮੋਸ਼ੀ ਧਾਰਨ ਕੀਤੀ ਹੋਈ ਹੈ। ਹੁਣ ਉਹ ਮਹਿੰਗਾਈ ਦੇ ਮੁੱਦੇ 'ਤੇ ਕੇਂਦਰ 'ਚ ਆਪਣੀ ਸਹਿਯੋਗੀ ਪਾਰਟੀ ਭਾਜਪਾ ਵਿਰੁੱਧ ਕਿਉਂ ਮੂੰਹ ਨਹੀਂ ਖੋਲ੍ਹਦੀ।
ਸੀਰੀਆ ਦੇ ਰੇਗਿਸਤਾਨ 'ਚ ਆਈ.ਐੱਸ. ਹਮਲੇ 'ਚ 26 ਫੌਜੀਆਂ ਦੀ ਮੌਤ
NEXT STORY