ਮਹਿਲ ਕਲਾਂ (ਹਮੀਦੀ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀ ਨਸ਼ਾ ਵਿਰੋਧੀ ਘੇਰਾਬੰਦੀ ਨੂੰ ਹੋਰ ਸਖ਼ਤੀ ਦੇਣ ਲਈ ਪੁਲਿਸ ਸਬ ਡਿਵੀਜ਼ਨ ਮਹਿਲ ਕਲਾਂ ਦੇ ਡੀਐਸਪੀ ਜਸਪਾਲ ਸਿੰਘ ਧਾਲੀਵਾਲ ਵੱਲੋਂ ਬੱਸ-ਸਟੈਂਡ ਮਹਿਲ ਕਲਾਂ ਵਿਖੇ ਨੌਜਵਾਨਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਉਨ੍ਹਾਂ ਨਸ਼ਿਆਂ ਦੇ ਖ਼ਿਲਾਫ਼ ਲੜਾਈ ਵਿੱਚ ਨੌਜਵਾਨ ਪੀੜ੍ਹੀ ਨੂੰ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਨਸ਼ੇ ਨੇ ਅਨੇਕਾਂ ਪਰਿਵਾਰ ਤਬਾਹ ਕੀਤੇ ਹਨ ਅਤੇ ਇਸ ਦਾ ਜੜੋਂ-ਜੜ ਸਮਾਪਤ ਹੋਣਾ ਸਮੇਂ ਦੀ ਮੁੱਖ ਲੋੜ ਹੈ। ਡੀਐਸਪੀ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪਿੰਡਾਂ ਅਤੇ ਕਸਬਿਆਂ ਵਿੱਚ ਨਸ਼ਾ ਵਿਰੋਧੀ ਜਾਗਰੂਕਤਾ ਲਗਾਤਾਰ ਵਧਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਸਮਾਜ ਨੂੰ ਨਸ਼ਾ ਰਹਿਤ ਬਣਾਉਣ ਲਈ ਸਰਕਾਰੀ ਉਪਰਾਲਿਆਂ ਦਾ ਸਹਿਯੋਗ ਦੇਣਾ ਚਾਹੀਦਾ ਹੈ, ਤਾਂ ਜੋ ਭਵਿੱਖ ਦੀ ਪੀੜ੍ਹੀ ਨੂੰ ਇਸ ਬੁਰਾਈ ਤੋਂ ਬਚਾਇਆ ਜਾ ਸਕੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਨਵੀਂ ਹਲਚਲ! 2027 ਲਈ ਕਾਂਗਰਸ ਦਾ ਵੱਡਾ ਦਾਅ
ਉਨ੍ਹਾਂ ਦੱਸਿਆ ਕਿ ਪਿੰਡ ਪੱਧਰ ‘ਤੇ ਨਸ਼ਾ ਵਿਰੋਧੀ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਗ੍ਰਾਮ ਪੰਚਾਇਤਾਂ, ਸਮਾਜ ਸੇਵੀ ਜਥੇਬੰਦੀਆਂ, ਕਲੱਬਾਂ ਅਤੇ ਕਿਸਾਨ ਸੰਗਠਨਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਡੀਐਸਪੀ ਨੇ ਕਿਹਾ ਕਿ ਪੁਲਿਸ ਅਤੇ ਲੋਕਾਂ ਦੇ ਸਾਂਝੇ ਯਤਨਾਂ ਨਾਲ 70 ਫੀਸਦੀ ਨਸ਼ੇ ਨੂੰ ਕੰਟਰੋਲ ਕੀਤਾ ਜਾ ਚੁੱਕਾ ਹੈ ਅਤੇ ਜਲਦੀ ਹੀ ਪੂਰਾ ਪੰਜਾਬ ਨਸ਼ਾ ਮੁਕਤ ਬਣਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਥਾਣਾ ਮਹਿਲ ਕਲਾਂ, ਠੁੱਲੀਵਾਲ ਅਤੇ ਟੱਲੇਵਾਲ ਹੇਠ ਆਉਣ ਵਾਲੇ ਸਾਰੇ ਪਿੰਡਾਂ ਵਿੱਚ ਨਸ਼ਾ ਵਿਰੋਧੀ ਕਮੇਟੀਆਂ ਦਾ ਗਠਨ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਹਨਾਂ ਸਮਾਜ ਸੇਵੀ ਸੰਸਥਾਵਾਂ, ਕਿਸਾਨ ਜਥੇਬੰਦੀਆਂ ਅਤੇ ਹੋਰ ਇਨਸਾਫ਼-ਪਸੰਦ ਜਥੇਬੰਦੀਆਂ ਨੂੰ ਵੀ ਇਸ ਮੁਹਿੰਮ ਦੇ ਸਾਥੀ ਬਣਨ ਦੀ ਅਪੀਲ ਕੀਤੀ। ਇਸ ਮੌਕੇ ਏਐਸਆਈ ਜਗਰੂਪ ਸਿੰਘ, ਹੌਲਦਾਰ ਬਲਜਿੰਦਰ ਸਿੰਘ, ਹੌਲਦਾਰ ਮਨਜੀਤ ਸਿੰਘ ਅਤੇ ਮੁਨਸੀ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।
ਅਮਲਾ ਸਿੰਘ ਵਾਲਾ ਅਨਾਜ ਮੰਡੀ ’ਚੋਂ ਕਿਸਾਨ ਦਾ 50 ਬੋਰੀਆਂ ਝੋਨਾ ਚੋਰੀ, ਕਿਸਾਨ ਜਥੇਬੰਦੀਆਂ ਭੜਕੀਆਂ
NEXT STORY