"ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸ੍ਰਣਾਈ"
ਪ੍ਰੋ.ਹਰਦੇਵ ਸਿੰਘ ਵਿਰਕ ਇਕ ਜਾਣੇ ਪਛਾਣੇ ਭੌਤਿਕ ਵਿਗਿਆਨੀ, ਸਾਹਿਤਕਾਰ, ਕਾਲਮ ਨਵੀਸ ,ਬਹੁ ਪੱਖੀ ਸਖਸ਼ੀਅਤ ਦੇ ਮਾਲਕ ਨੇ। Radiation, Seismology and Nano Technology ਵਿੱਚ ਮੁਹਾਰਤ ਰੱਖਦੇ ਵਿਰਕ ਸਾਬ ਹੋਰਾਂ ਦੇ ਬੱਚੇ ਤਾਂ ਕੈਨੇਡਾ ਆਬਾਦ ਹਨ ਪਰ ਉਹ ਆਪ ਆਪਣੀ ਪਤਨੀ ਨਾਲ ਅੱਜਕਲ੍ਹ ਮੁਹਾਲੀ ਦੇ 71ਸੈਕਟਰ ਵਿੱਚ ਰਿਹਾਇਸ਼ ਪੁਜੀ਼ਰ ਨੇ। ਸ਼ਾਇਦ ਬਹੁਤੇ ਪਾਠਕ ਇਹ ਨਾ ਜਾਣਦੇ ਹੋਣ ਕਿ ਉਨ੍ਹਾਂ ਦਾ ਆਬਾਈ ਗਰਾਂ ਮੰਡੀ ਕੰਮੋਕੇ (ਗੁਜਰਾਂਵਾਲਾ) ਹੈ।ਸੰਤਾਲੀ ਵਿਆਂ ਵਿਚ ਉਨ੍ਹਾਂ ਦਾ ਪਰਿਵਾਰ ਉਥੋਂ ਬਰਬਾਦ ਹੋ ਕੇ ਪਟਿਆਲਾ ਰਿਆਸਤ ਵਿੱਚ ਆਣ ਆਬਾਦ ਹੋਇਆ। ਪੇਸ਼ ਹੈ ਉਨ੍ਹਾਂ ਦਾ ਹਿਜਰਤ ਨਾਮਾ ਅਤੇ ਮੁੜ ਸੰਘਰਸ਼ ਦੀ ਕਹਾਣੀ, ਉਨ੍ਹਾਂ ਦੀ ਆਪਣੀ ਜ਼ਬਾਨੀ।
"ਪਿਆਰੇ ਪਾਠਕੋ ਮੈਂ ਹਰਦੇਵ ਸਿੰਘ ਵਿਰਕ ਪੁੱਤਰ ਅਵਤਾਰ ਸਿੰਘ ਪੁੱਤਰ ਲੱਧਾ ਸਿੰਘ ਤੁਹਾਨੂੰ ਮੁਹਾਲੀ ਤੋਂ ਮੁਖ਼ਾਤਿਬ ਹਾਂ।ਮੇਰਾ ਜਨਮ ਮੇਰੇ ਨਾਨਕੇ ਪਿੰਡ ਮਾਝੀਪੁਰ ਭੁਲੇਰ ਚੱਕ ਨੰਬਰ 270 ਰੱਖ ਬ੍ਰਾਂਚ(ਲਾਇਲਪੁਰ) ਜੋ ਸਿਆਲਕੋਟੀਏ ਬਾਜਵਿਆਂ ਦਾ ਪਿੰਡ ਸੀ, ਵਿੱਚ ਹੋਇਆ।ਜੱਦੀ ਪਿੰਡ ਸਾਡਾ ਇਧਰ ਚੜ੍ਹਦੇ ਪੰਜਾਬ ਵਿੱਚ ਕੋਈ ਨਹੀਂ ਸੀ ਬਲਕਿ ਓਧਰ ਹੀ, ਮੰਡੀ ਕੰਮੋਕੇ (ਗੁਜਰਾਂਵਾਲਾ) ਸੀ।ਜਿਸ ਦੇ ਗੁਆਂਢੀ ਪਿੰਡ ਐਮਨਾਬਾਦ, ਤਤਲੇ ਆਲੀ ਅਤੇ ਸਾਧੋਕੇ ਸਨ। ਮਤਲਬ ਬਜ਼ੁਰਗ ਇਧਰੋਂ ਨਹੀਂ ਗਏ।
ਪਿਤਾ ਜੀ ਦੀ ਪੰਜ ਮੁਰੱਬਿਆਂ ਦੀ ਖੇਤੀ ਸੀ।ਕੰਮੋਕੀ ਮੰਡੀ ਵਿੱਚ ਇਕ ਆਰਾ ਮਸ਼ੀਨ,ਇਕ ਆਟਾ ਚੱਕੀ ਅਤੇ ਇਕ ਸ਼ੈਲਰ ਵਿੱਚ ਵੀ ਪਿਤਾ ਜੀ ਦੇ ਸ਼ੇਅਰ ਸਨ। ਭਾਵ ਚੰਗਾ ਖਾਂਦਾ ਪੀਂਦਾ ਪਰਿਵਾਰ ਸੀ ਸਾਡਾ। ਪਿੰਡ ਦਾ ਚੌਧਰੀ ਸ. ਹਰੀ ਸਿੰਘ ਵੱਜਦਾ ਜਿਸ ਦਾ ਲਾਣਾ ਇਧਰ ਆ ਕੇ ਕਰਨਾਲ ਬੈਠਾ। ਮੈਂ '47 ਵਿਆਂ ਵਿੱਚ ਇਸਲਾਮੀਆਂ ਪ੍ਰਾਇਮਰੀ ਸਕੂਲ ਕੰਮੋਕੇ ਦਾ ਵਿਦਿਆਰਥੀ ਸਾਂ।ਉਥੇ ਮੁਸਲਿਮ ਵਿਦਿਆਰਥੀਆਂ ਦੀ ਹੀ ਬਹੁਤ ਗਿਣਤੀ ਸੀ। ਉਸਤਾਦ ਵੀ ਮੁਸਲਿਮ ਮੌਲਵੀ ਸਾਬ ਸਨ। ਕੰਮੋਕੇ ਘਰ ਵਿੱਚ ਮੇਰੇ ਇਕ ਭੂਆ ਜੀ ਵੀ ਰਹਿੰਦੇ । ਮੇਰੇ ਫੁੱਫੜ ਜੀ ਜੋ ਲਾਹੌਰ ਵੈਟਰਨਰੀ ਡਾਕਟਰ ਸਨ, ਹੋਰਾਂ ਨੇ ਮੇਰੇ ਪਿਤਾ ਜੀ ਵਾਂਗ ਹੀ ਦੋ ਵਿਆਹ ਕਰਾਏ ਹੋਏ ਸਨ।ਸੋ ਭੂਆ ਜੀ ਵੀ,ਮੇਰੇ ਮਾਤਾ ਤੇਜ ਕੌਰ ਵਾਂਗ ਬਹੁਤਾ ਪੇਕੇ ਘਰ ਰਹੇ। ਪਿਤਾ ਜੀ ਉਨ੍ਹਾਂ ਨੂੰ ਪੜ੍ਹਾਉਣ ਦੇ ਹੱਕ ਵਿੱਚ ਨਹੀਂ ਸੀ ਪਰ ਭੂਆ ਜੀ ਨੇ ਹੱਠ ਕਰਕੇ ਆਪਣੀ ਬੇਟੀ ਦੇ ਨਾਲ ਹੀ ਕੰਮੋਕੇ ਸਕੂਲ ਵਿੱਚ ਦਾਖ਼ਲਾ ਲੈ ਕੇ ਮਿਡਲ ਪਾਸ ਕਰ ਲਈ।ਇਸ ਵਿੱਚ ਖ਼ਾਸ ਇਹ ਵੀ ਹੈ ਕਿ ਡਾਕਟਰ ਕਿਰਪਾਲ ਸਿੰਘ ਹਿਸਟੋਰਿਅਨ ਦੀ ਪਤਨੀ ਭੂਆ ਜੀ ਦੇ ਅਧਿਆਪਕਾ ਸਨ। ਰੌਲਿਆਂ ਉਪਰੰਤ ਉਹ ਇਧਰ ਫਰੀਦਕੋਟ ਤੋਂ ਨਾਰਮਲ ਪਾਸ ਕਰਕੇ ਸਕੂਲ ਅਧਿਆਪਕਾ ਬਣੇ।
ਅਫ਼ਸੋਸ ਕਿ ਮੇਰੇ ਸਕੂਲ ਦਾਖ਼ਲ ਹੋਣ ਉਪਰੰਤ 3-4 ਮਹੀਨਿਆਂ ਬਾਅਦ ਹੀ ਰੌਲ਼ੇ ਪੈ ਗਏ। ਸਾਡਾ ਸਕੂਲ ਕੰਮੋਕੇ ਤੋਂ ਗੁਜਰਾਂਵਾਲਾ ਜਾਣ ਵਾਲੀ ਸੜਕ ਤੇ ਸੀ।ਅਪ੍ਰੈਲ ਸੰਤਾਲੀ ਦਾ ਵਾਕਿਆ ਹੈ ਕਿ ਇਕ ਦਿਨ ਸਿਰਾਂ ਉਪਰ ਗਠੜੀਆਂ,ਮੋਢਿਆਂ ਉਤੇ ਬੱਚੇ ਚੁੱਕੀ ਸਿੱਖਾਂ ਦਾ ਕਾਫ਼ਲਾ ਉਸ ਸੜਕ ਤੋਂ ਪੂਰਬ ਵੱਲ ਗੁਜ਼ਰਦਾ ਵੇਖਿਆ।ਪਰ ਸਾਨੂੰ ਤਦੋਂ ਸਮਝ ਨਹੀਂ ਸੀ।ਘਰ ਜਾ ਕੇ ਪਤਾ ਲੱਗਾ ਕਿ ਰਾਵਲਪਿੰਡੀ ਦੇ ਆਸ-ਪਾਸ ਦੰਗੱਈਆਂ ਵਲੋਂ ਹਿੰਦੂ-ਸਿੱਖਾਂ ਦਾ ਕਤਲੇਆਮ ਕੀਤਾ ਜਾ ਰਿਹੈ।ਉਹ ਪੋਠੋਹਾਰੀ ਸਿੱਖ ਰਫਿਊਜੀਆਂ ਦਾ ਕਾਫ਼ਲਾ ਸੀ।ਪਰ ਇਹ ਚਿੱਤ 'ਚ ਨਹੀਂ ਸੀ ਕਿ ਇਕ ਦਿਨ ਸਾਨੂੰ ਵੀ ਉਵੇਂ,ਉਥੋਂ ਉਜੜਣਾ ਹੋਵੇਗਾ।
ਮੁਹੱਲੇ ਚ' ਇਕ ਤੱਸਬੀ ਮੁਸਲਿਮ ਠਾਣੇਦਾਰ ਸੀ।ਵਗੈਰ ਕਿਸੇ ਤਲਖ਼ ਕਲਾਮੀ ਤੋਂ ਉਹ 14ਅਗਸਤ ਦੀ ਸਵੇਰ ਕੋਠੇ ਤੋਂ ਫਾਇਰਿੰਗ ਕਰਨ ਲੱਗਾ। ਗੋਲ਼ੀਆਂ ਦਾ ਵਹਾਅ ਸਿੱਖ ਆਬਾਦੀ ਵੱਲ ਸੀ। ਅਚਨਚੇਤ ਹੀ ਇਕ ਦਮ ਲਲਾ ਲਲਾ ਹੋ ਗਈ। ਤਦੋਂ ਸਾਡੇ ਮੁਹੱਲੇ ਆਮ ਪੱਕੇ ਘਰ ਹੀ ਸਨ।ਸੱਭ ਲੋਕ ਅੰਦਰ ਵੜ੍ਹ ਗਏ। ਜਥੇਦਾਰ ਹਰੀ ਸਿੰਘ ਪਾਸ ਦੋਨਾਲੀ ਸੀ।ਕੋਠੇ ਚੜ੍ਹ ਉਸ ਨੇ ਵੀ ਫਾਇਰ ਖੋਲ੍ਹ ਦਿੱਤਾ।ਇਹ ਹਿਜਰਤ ਲਈ ਖ਼ਤਰੇ ਦੀ ਪਹਿਲੀ ਘੰਟੀ ਸੀ। ਕੁੱਝ ਸਹਿਜ ਹੋਇਆ ਤਾਂ ਸਾਰੇ ਹਿੰਦੂ-ਸਿੱਖ ਹਰੀ ਸਿੰਘ ਦੇ ਘਰ 'ਕੱਠੇ ਹੋਏ। ਮੋਹਤਬਰਾਂ ਰਲ਼ ਕੇ ਫ਼ੈਸਲਾ ਲਿਆ ਕਿ ਆਲ਼ੇ ਦੁਆਲ਼ੇ ਪਿੰਡਾਂ ਵਿਚ ਰੌਲ਼ਾ ਰੱਪਾ ਕਾਫ਼ੀ ਵਧ ਗਿਐ। ਕਿਸੀ ਸਮੇਂ ਬਾਹਰੋਂ ਵੀ ਅਟੈਕ ਹੋ ਸਕਦੈ,ਸੋ ਪਿੰਡ ਨੂੰ ਛੱਡ ਜਾਣ ਵਿੱਚ ਹੀ ਭਲਾ ਹੈ।ਮਾਲ ਅਸਬਾਬ ਫਿਰ ਦੇਖੀ ਜਾਊ, ਪਹਿਲਾਂ ਜਾਨਾਂ ਤਾਂ ਬਚਾਈਏ। ਬਜ਼ੁਰਗਾਂ ਨੂੰ ਇਹ ਵੀ ਕਨਸੋਅ ਮਿਲੀ ਕਿ ਦੁਪਹਿਰ ਤੱਕ ਭੀੜ ਸਿੱਖਾਂ ਉਪਰ ਹਮਲਾ ਕਰੇਗੀ। ਮੁਸਲਿਮ ਮੁਹੱਲੇ ਵਿੱਚ ਮੁਸਲਮਾਨ ਵਿਰਕਾਂ ਦੀ ਗਿਣਤੀ ਦੀ ਬਹੁਤਾਤ ਸੀ। ਸ਼ਰੀਕੇ ਚੋਂ ਲੱਗਦੇ ਮੇਰੇ ਤਾਇਆ ਜੀ, ਲੰਬੜਦਾਰ ਤਾਜਦੀਨ ਵਿਰਕ, ਜਿਨ੍ਹਾਂ ਦੇ ਵਡੇਰੇ ਕਾਫ਼ੀ ਸਮਾਂ ਪਹਿਲਾਂ ਮੁਸਲਿਮ ਬਣ ਬੈਠੇ ਸਨ, ਹੋਰਾਂ ਦੰਗਾਕਾਰੀਆਂ ਨੂੰ ਰੋਕਣ ਦੀ ਵਾਹ ਲਾਈ ਪਰ ਉਨ੍ਹਾਂ ਦੀ ਪੇਸ਼ ਨਾ ਗਈ। ਪਿਤਾ ਜੀ ਨੇ ਲਾਹੌਰ ਫੁੱਫੜ ਜੀ ਨੂੰ ਸੁਨੇਹਾ ਭੇਜਿਆ।ਸੋ ਉਨ੍ਹਾਂ ਹਿੰਮਤ ਕਰਕੇ ਦੂਜੇ ਦਿਨ ਮਿਲਟਰੀ ਦੇ ਟਰੱਕ ਭੇਜੇ। ਭਰੇ ਭਰਾਏ ਘਰ ਬਾਰ ਛੱਡ ਕੇ ਸੱਭ ਉਵੇਂ ਹੀ ਟਰੱਕਾਂ ਵਿੱਚ ਚੜ੍ਹ ਗਏ। ਮਾਤਾ ਤੇਜ ਕੌਰ ਜੀ ਆਪਣੇ ਘਰੋਂ ਕੇਵਲ ਪਾਣੀ ਵਾਲਾ ਗਲਾਸ ਹੀ ਚੁੱਕ ਸਕੇ। ਬਹੁਤ ਸੂਲ਼ੀ ਟੰਗੇ ਪਹਿਰ ਸਨ,ਉਹ।
"ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸ੍ਰਣਾਈ"
ਤੁੱਕ ਦਾ ਉਚਾਰਨ ਕਰਦਿਆਂ ਮਾਤਾ ਜੀ ਬਾਕੀ ਮੁਹੱਲੇਦਾਰਾਂ ਨਾਲ ਉਸੇ ਵੱਡੀ ਸੜਕ ਵੱਲ ਵਧੇ ਜਿਥੋਂ ਕਦੀ ਮੈਂ ਪੋਠੋਹਾਰੀ ਸਿੱਖ ਰਫਿਊਜੀਆਂ ਨੂੰ ਗੁਜ਼ਰਦੇ ਵੇਖਿਆ ਸੀ। ਰਸਤੇ ਵਿੱਚ ਇਕ ਖੂਹ ਸੀ ਉਥੇ ਨਜ਼ਦੀਕ ਇਕ ਮੁਸਲਿਮ ਬੰਦਾ ਡਿੱਠਾ ਤਾਂ ਜਥੇਦਾਰ ਨੇ ਉਸ ਨੂੰ ਗੋਲੀ ਮਾਰਕੇ ਖੂਹ ਵਿੱਚ ਸੁੱਟ ਦਿੱਤਾ।ਇਸ ਘਟਨਾ ਨਾਲ ਖ਼ਾਸ ਕਰਕੇ ਔਰਤਾਂ ਅਤੇ ਬੱਚੇ ਹੋਰ ਵੀ ਡਰ ਗਏ। ਹੁਣ ਟਰੱਕ ਬਾਹਰ ਵੱਡੀ ਸੜਕ ਤੇ ਆ ਗਏ। ਉਥੇ ਪਿਤਾ ਜੀ ਨੇ ਦੇਖਿਆ ਕਿ ਦਾਦੀ ਨਿਹਾਲ ਕੌਰ ਜੀ ਜੋ ਪੋਲੀਓ ਦੇ ਮਰੀਜ਼ ਸਨ ਤਾਂ ਘਰ ਹੀ ਰਹਿ ਗਏ।ਟਰੱਕ ਡਰਾਈਵਰ ਟਰੱਕ ਪਿੱਛੇ ਮੋੜਨ ਜਾਂ ਇੰਤਜ਼ਾਰ ਕਰਨ ਤੋਂ ਮੁਨਕਰ ਹੋ ਗਿਆ।ਪਿਤਾ ਜੀ ਵਾਪਸ ਦਾਦੀ ਜੀ ਨੂੰ ਲੈਣ ਚਲੇ ਗਏ। ਡਰਾਈਵਰ ਨੇ ਤਦੋਂ ਹੀ ਟਰੱਕ ਤੋਰ ਲਿਆ, ਸਿੱਟਾ ਪਿਤਾ ਅਤੇ ਦਾਦੀ ਜੀ ਉਥੇ ਹੀ ਫਸ ਗਏ। ਕੁੱਝ ਦਿਨ ਉਨ੍ਹਾਂ ਗੁਰਦੁਆਰਾ ਸਾਬ ਆਸਰਾ ਲਿਆ।(1981 ਵਿੱਚ ਮੈਂ ਆਪਣਾ ਪਿੰਡ ਦੇਖਣ ਪਾਕਿਸਤਾਨ ਗਿਆ ਸਾਂ। ਉਥੇ ਮੌਲਵੀ ਸਾਬ ਨੇ ਦੱਸਿਆ ਕਿ ਸਾਡੀ ਮਰਾਸਣ ਹਾਲੇ ਜਿਊਂਦੀ ਹੈ।ਉਸ ਨੂੰ ਬੁਲਾਇਆ ਗਿਆ।ਉਸ ਦੱਸਿਆ ਕਿ ਕਿਵੇਂ ਮੇਰੇ ਦਾਦੀ ਜੀ ਕਈ ਦਿਨ ਦੁੱਧ ਵਾਲੇ ਹਾਰੇ ਵਿੱਚ ਲੁਕ ਕੇ ਬੈਠੇ ਰਹੇ ਅਤੇ ਉਹ ਨੇਮ ਨਾਲ ਖਾਣਾ ਉਸ ਨੂੰ ਪਹੁੰਚਾਉਂਦੀ ਰਹੀ।)
ਇਧਰ ਸਾਡਾ ਟਰੱਕ ਸਿੱਖ ਨੈਸ਼ਨਲ ਕਾਲਜ ਲਾਹੌਰ ਪਹੁੰਚ ਗਿਆ। ਤਿੰਨ ਦਿਨ ਉਥੇ ਰਹੇ। ਉਪਰੰਤ ਮੈਡੀਕਲ ਖ਼ਾਲਸਾ ਕਾਲਜ ਅੰਮ੍ਰਿਤਸਰ ਰਫਿਊਜ਼ੀ ਕੈਂਪ ਆਏ। ਦੋਹਾਂ ਕੈਂਪਾਂ ਵਿੱਚ ਹੀ ਬੜੇ ਕੌੜੇ ਅਨੁਭਵਾਂ ਸਮੇਤ ਭਿਆਨਕ ਨਜ਼ਾਰੇ ਦੇਖਣ ਨੂੰ ਮਿਲੇ। ਇਥੇ ਹੀ ਪਿਤਾ ਅਤੇ ਦਾਦੀ ਜੀ ਵੀ ਹਫ਼ਤੇ ਕੁ ਪਿੱਛੋਂ ਆ ਗਏ। ਉਥੇ ਇਕ ਮਹੀਨਾ ਰਹੇ।ਲੋੜ ਮੁਤਾਬਕ ਖਾਣ,ਪੀਣ, ਪਹਿਨਣ ਲਈ ਬੁੱਤਾ ਸਾਰ ਮਿਲਦਾ ਰਿਹਾ। ਇਕ ਦਿਨ ਕੈਂਪ ਵਿੱਚ ਕੱਪੜੇ ਵੰਡੇ ਗਏ। ਮੈਂ ਵੀ ਵੱਡੀ ਭੀੜ ਚੋਂ ਕਾਫ਼ੀ ਮੁਸ਼ੱਕਤ ਤੋਂ ਬਾਅਦ ਇਕ ਖੱਦਰ ਦੀ ਕਮੀਜ਼ ਪ੍ਰਾਪਤ ਕਰਨ ਵਿੱਚ ਸਫ਼ਲ ਰਿਹਾ। ਉਹ ਕਮੀਜ਼ ਲੰਮਾ ਸਮਾਂ ਇਕ ਅਰਸੇ ਤੱਕ ਮਾਂ ਨੇ, ਨਿਸ਼ਾਨੀ ਵਜੋਂ ਸਾਂਭੀ ਰੱਖੀ। ਕਈ ਵਾਰ ਦਰਬਾਰ ਸਾਹਿਬ ਜਾਕੇ ਵੀ ਸੇਵਾ ਕਰ ਆਉਂਦੇ ਨਾਲ਼ੇ ਲੰਗਰ ਪਾਣੀ ਛਕ ਆਉਂਦੇ।
ਕੰਮੋਕੇ ਵਿੱਚ ਪਿਤਾ ਜੀ ਦਾ ਜਿਸ ਆਰਾ ਮਸ਼ੀਨ ਵਿਚ ਸ਼ੇਅਰ ਸੀ ਉਸ ਮਾਲਕ ਅਜਮੇਰ ਸਿੰਘ ਜੋ ਇਧਰੋਂ ਸੰਗਰੂਰ ਤੋਂ ਸੀ । ਹੁਣ ਪਿਤਾ ਜੀ ਦਾ ਵਿਚਾਰ ਉਨ੍ਹਾਂ ਪਾਸ ਜਾਣ ਦਾ ਬਣਿਆ ਕਿਉਂ ਜੋ ਸਾਡੀ ਇਧਰ ਕੋਈ ਹੋਰ ਰਿਸ਼ਤੇਦਾਰੀ ਨਹੀਂ ਸੀ। ਸੋ ਰੇਲ ਗੱਡੀ ਫੜ੍ਹ ਕੇ ਧੂਰੀ ਪਹੁੰਚੇ। ਗੱਡੀਆਂ ਦੀ ਲੰਬਾ ਸਮਾਂ ਉਡੀਕ ਕਰਨੀ ਪੈਂਦੀ।ਕਈ ਦਫ਼ਾ ਇੰਝ ਵੀ ਹੁੰਦਾ ਕਿ ਸਾਰਾ ਦਿਨ, ਗੱਡੀ ਆਉਂਦੀ ਹੀ ਨਾ। ਮੈਂ ਤਦੋਂ ਭੁੱਖ ਨਾਲ ਹਾਲੋਂ ਬੇਹਾਲ ਸਾਂ। ਮਾਤਾ ਜੀ ਨੇ ਬੋਝੇ ਚ ਹੱਥ ਮਾਰਿਆ ਤਾਂ ਕੇਵਲ ਇਕ ਚਵਾਨੀ ਨਿਕਲੀ।ਮਾਤਾ ਨੇ ਉਸ ਦੀਆਂ ਮੈਨੂੰ ਛੋਲੇ ਪੂੜੀਆਂ ਖਵਾ ਦਿੱਤੀਆਂ ਅਤੇ ਆਪ ਭੁੱਖੀ ਹੀ ਸੌਂ ਰਹੀ। ਧੂਰੀ ਤੋਂ ਅੱਗੇ ਪਟਿਆਲਾ ਗੇਟ ਸੰਗਰੂਰ, ਅਜਮੇਰ ਸਿੰਘ ਦੇ ਘਰ ਪਹੁੰਚੇ। ਲਗਾਤਾਰ ਇਕ ਸਾਲ ਉਥੇ ਰਹੇ। ਬਹੁਤ ਹੀ ਭਲਾ ਨੇਕ ਪਰਿਵਾਰ ਸੀ,ਉਹ।
ਛੇ ਕੁ ਮਹੀਨੇ ਪਿੱਛੋਂ ਸਾਡੀ ਕੱਚੀ ਪਰਚੀ ਨਾਭਾ ਰਿਆਸਤ ਦੇ ਦੁਲੱਧੀ ਪਿੰਡ ਦੀ ਪਈ।ਇਕ ਮੁਸਲਮਾਨ ਦਾ ਘਰ ਅਤੇ ਜ਼ਮੀਨ ਅਲਾਟ ਹੋਈ। ਉਥੇ ਹੀ ਸਾਨੂੰ ਖ਼ਬਰ ਹੋਈ ਕਿ ਮੇਰਾ ਨਾਨਕਾ ਬਾਜਵਾ ਪਰਿਵਾਰ ਲੰਬੜਦਾਰ ਨਰਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਪਾਕਿਸਤਾਨ ਤੋਂ ਇਧਰ ਮਲੇਰਕੋਟਲਾ ਨਜ਼ਦੀਕ ਅਮਰਗੜ੍ਹ ਦੇ ਕਰੀਬ ਪਿੰਡ ਛੋਕਰਾਂ ਵਿਚ, ਨਰਿੰਦਰ ਸਿੰਘ ਦੇ ਘਰ ਬੈਠਾ ਹੋਇਆ ਹੈ। ਮੈਂ ਅਤੇ ਮਾਂ ਉਥੇ ਜਾ ਰਹੇ।
ਨਾਨਾ ਜੀ ਨੇ ਮੈਨੂੰ ਲਸੋਈ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਨੇ ਪਾਤਾ। ਸ਼ਰੀਕੇ ਚੋਂ ਨਾਨਾ ਜੀ ਉਥੇ ਉਸਤਾਦ ਸਨ। ਮੈਂ ਪੜ੍ਹਨ ਨੂੰ ਹੁਸ਼ਿਆਰ ਸਾਂ ਸੋ ਉਨ੍ਹਾਂ ਇਕ ਸਾਲ 'ਚ ਦੋ ਜਮਾਤਾਂ 'ਕੱਠੀਆਂ ਹੀ ਪਾਸ ਕਰਾਤੀਆਂ। ਮਿਡਲ, ਖ਼ਾਲਸਾ ਮਿਡਲ ਸਕੂਲ ਲਸੋਈ ਤੋਂ ਅਤੇ ਦਸਵੀਂ ਸਰਕਾਰੀ ਹਾਈ ਸਕੂਲ ਮਲੇਰਕੋਟਲਾ ਤੋਂ ਪਾਸ ਕਰੀ।
ਮੈਂ ਹਾਲੇ ਨੌਵੀਂ ਜਮਾਤ ਵਿਚ ਦਾਖਲ ਹੋਇਆ ਹੀ ਸਾਂ ਕਿ ਵੱਡੀ ਅਣ ਸੁਖਾਵੀਂ ਘਟਨਾ ਵਾਪਰ ਗਈ।-
ਨਾਨੀ ਜੀ ਦਾ ਕਤਲ:
ਜਿਥੇ ਮੇਰੇ ਨਾਨਾ ਜੀ ਲੋੜ ਤੋਂ ਵੱਧ ਭਲੇਮਾਣਸ ਸਨ ਉਥੇ ਮੇਰੇ ਨਾਨੀ ਜੀ ਮੁਜ਼ਾਹਿਦ ਖਾ਼ਤੂਨ ਸਨ। 270 ਚੱਕ ਵਿੱਚ ਵੀ ਅਤੇ ਇਧਰ ਆ ਕੇ ਛੋਕਰਾਂ ਪਿੰਡ ਵਿੱਚ ਵੀ ਖੇਤੀਬਾੜੀ ਦਾ ਕੰਮ ਉਹੀ ਸਾਂਭਦੇ ਸਨ।ਨਾਨਾ ਜੀ ਦੀ ਮੌਤ ਤੋਂ ਬਾਅਦ ਨੇੜਲਿਆਂ ਸਾਡੀ ਜ਼ਮੀਨ ਤੇ ਅੱਖ ਰੱਖੀ।ਸਿੱਟਾ ਨਾਨੀ ਜੀ ਦਾ ਕਤਲ ਕਰਕੇ ਲਾਸ਼ ਖੂਹ ਵਿੱਚ ਸੁੱਟ ਦਿੱਤੀ। ਜ਼ਮੀਨ ਤੇ ਵੀ ਗ਼ੈਰਾਂ ਕਬਜ਼ਾ ਕਰ ਲਿਆ। ਚੜ੍ਹਦੀ ਜਵਾਨੀ ਵਿੱਚ ਅੱਤ ਦੀ ਗ਼ਰੀਬੀ ਅਤੇ ਵਕ਼ਤ ਦੇ ਥਪੇੜਿਆਂ ਨਾਲ ਘੁਲਦਿਆਂ ਸਾਲਾਂ ਬੱਧੀ ਮੁਕੱਦਮਾ ਝਗੜਿਆ। ਅਫ਼ਸੋਸ ਕਿ ਕਾਤਲ ਨੂੰ ਇਸ ਵਜ੍ਹਾ ਬਰੀ ਕਰਤਾ ਕਿ ਉਹ ਤਦੋਂ ਨਾਬਾਲਗ ਸੀ। ਇਵੇਂ 1955 ਦੇ ਹਿੰਦੂ ਮੈਰਿਜ ਐਕਟ ਅਧੀਨ,ਮਾਤਾ ਜੀ ਦੇ ਨਾਮ ਪੁਰ ਜ਼ਮੀਨ ਕਰਵਾਉਣ ਅਤੇ ਕਬਜ਼ਾ ਲੈਣ ਲਈ ਵੀ ਲੰਬਾ ਸਮਾਂ ਮੁਕੱਦਮਾ ਝਗੜਨਾ ਪਿਆ।
ਮੈਂ ਉੱਚ ਸਿੱਖਿਆ ਲਈ ਮਹਿੰਦਰਾ ਕਾਲਜ ਪਟਿਆਲਾ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀਆਂ ਪੌੜੀਆਂ ਸਰ ਕਰਦਿਆਂ 1970 ਵਿਆਂ ਵਿੱਚ ਮੇਰੀ ਕਿਊਰੀ ਯੂਨੀਵਰਸਿਟੀ ਪੈਰਸ ਤੋਂ ਭੌਤਿਕ ਵਿਗਿਆਨ ਵਿੱਚ Ph.D ਕੀਤੀ। ਉਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਬਤੌਰ ਉੱਚ ਅਧਿਆਪਕ ਕੰਮ ਕੀਤਾ। ਬਾਅਦ ਵਿੱਚ ਵੱਖ-ਵੱਖ ਵਰਸਿਟੀਆਂ ਵਿੱਚ ਵਿਜਟਿੰਗ ਪ੍ਰੋਫ਼ੈਸਰ ਵਜੋਂ ਸੇਵਾਵਾਂ ਦਿੱਤੀਆਂ।ਹੁਣ ਤੱਕ ਕਰੀਬ ਪੰਜ ਸੌ ਖੋਜ਼ ਪੱਤਰ ਅਤੇ ਪੰਜਾਹ ਦੇ ਕਰੀਬ ਸਾਇੰਸ, ਸਫ਼ਰਨਾਮੇ, ਧਰਮ ਦਰਸ਼ਨ ਅਤੇ ਸਾਹਿਤ ਨਾਲ ਸਬੰਧਤ ਕਿਤਾਬਾਂ ਛਪ ਚੁੱਕੀਆਂ ਹਨ। ਜ਼ਿੰਦਗੀ ਵਿੱਚ ਉਚਾ ਮੁਕਾਮ ਹਾਸਲ ਕੀਤਾ ਹੈ। ਪੈਸਾ ਸ਼ੋਹਰਤ ਸੱਭ ਕੁਝ ਹੈ ਪਰ, ਮੇਰੇ ਬਚਪਨ ਦਾ ਕੰਮੋਕੇ ਮੇਰੇ ਕੋਲ ਨਹੀਂ ਹੈ। ਕੇਵਲ ਯਾਦਾਂ ਹੀ ਬਾਕੀ ਨੇ। ਸੁਪਨੇ ਵਿੱਚ ਕੰਮੋਕੇ ਕਿਤੇ ਕਿਤੇ ਅੱਜ ਵੀ ਜਾ ਆਉਂਦਾ ਹਾਂ। "
---੦---
ਮੁਲਾਕਾਤੀ: ਸਤਵੀਰ ਸਿੰਘ ਚਾਨੀਆਂ
92569-73526
ਪੰਜਾਬ 'ਚ ਬੇਖੌਫ਼ ਲੁਟੇਰੇ, ਦਿਨ-ਦਿਹਾੜੇ ਗੋਲਡ ਲੋਨ ਸ਼ਾਖਾ 'ਤੇ ਮਾਰਿਆ ਡਾਕਾ
NEXT STORY