ਅੱਜ ਪੁਰਾਤਨ ਸੱਭਿਆਚਾਰ ਦਾ ਆਨੰਦ ਹਕੀਕਤ ਵਿਚ ਘੱਟ ਅਤੇ ਸਾਹਿਤ ਜ਼ਰੀਏ ਵੱਧ ਮਿਲਦਾ ਹੈ।ਸੱਭਿਆਚਾਰ ਦੇ ਬਹੁਤੇ ਅੰਗਾਂ ਤੋਂ ਨਵੀਂ ਪੀੜੀ ਅਣਜਾਣ ਹੈ।ਉਸ ਸਮੇਂ ਇਹ ਅੰਗ ਸਮੇਂ ਦੀ ਲੋੜ ਹੁੰਦੀ ਸੀ।ਹੁਣ ਜ਼ਮਾਨੇ ਦੇ ਬਦਲਣ ਦੇ ਨਾਲ-ਨਾਲ ਨਵੀਆਂ ਕਾਢਾਂ ਨੇ ਇਹ ਸਭ ਕੁੱਝ ਆਪਣੇ ਵਿਚ ਛੁਪਾ ਲਿਆ ਹੈ।ਚਰਖਾ ਕੱਤਦੀਆਂ ਮੁਟਿਆਰਾਂ ਦੇ ਸਮੂਹ ਨੂੰ ਵਿਆਕਰਣ ਅਤੇ ਸਾਹਿਤ ਵਿਚ ਤ੍ਰਿੰਝਣ ਦਾ ਨਾਂ ਦਿੱਤਾ ਜਾਂਦਾ ਹੈ।ਮੁਟਿਆਰਾਂ ਅਤੇ ਤ੍ਰਿੰਝਣ ਇਕ ਸਿੱਕੇ ਦੇ ਦੋ ਪਹਿਲੂ ਹੁੰਦੇ ਸਨ।ਦੋਵੇਂ ਇਕ-ਦੂਜੇ ਤੋਂ ਬਿਨਾ ਅਧੂਰੇ ਸਨ।
ਮੁਟਿਆਰਾਂ ਤ੍ਰਿੰਝਣ ਦੇ ਜ਼ਰੀਏ ਹੋਣ ਵਾਲੇ ਚੰਨ ਮਾਹੀ ਲਈ ਵੱਖ-ਵੱਖ ਤਰ੍ਹਾਂ ਦੇ ਸੁਪਨੇ ਸ਼ਿਰਜਦੀਆਂ ਹੋਈਆਂ ਚਰਖੇ ਤੰਦ ਪਾਉਂਦੀਆਂ ਸਨ।ਦੀਵੇ ਦੀ ਲੋਅ ਵਿਚ ਤ੍ਰਿੰਝਣ ਦਾ ਨਜ਼ਾਰਾ ਸੱਥਾਂ ਦੇ ਮੁਕਾਬਲੇ ਵੱਧ ਦਿਲਚਸਪ ਹੁੰਦਾ ਸੀ।ਚਰਖੇ ਦੀ ਘੂੰ-ਘੂੰ ਤ੍ਰਿਝਣ ਨੂੰ ਸੰਗੀਤ ਮਈ ਬਣਾਉਦੀ ਸੀ।ਮੁਟਿਆਰ ਦੇ ਮੁਕਲਾਵੇ ਜਾਣ ਲਈ ਤ੍ਰਿੰਝਣ ਜ਼ਰੀਏ ਵਿਛੋੜਾ ਇਉਂ ਸਿਰਜਿਆ ਹੈ:-
“ਜਿਸ ਪੱਤਣ ਅੱਜ ਪਾਣੀ ਲੰਘਦਾ ਫੇਰ ਨਾ ਲੰਘਦਾ ਭੱਲਕੇ,
ਬੇੜੀ ਦਾ ਪੂਰ ਤ੍ਰਿੰਝਣ ਦੀਆਂ ਕੁੜੀਆਂ ਸਦਾ ਨਾ ਬੈਠਣ ਰਲਕੇ''
ਕਿੱਕਲੀ ਤੋਂ ਬਾਅਦ ਤ੍ਰਿੰਝਣ ਦਾ ਰੁੱਖ ਕਰਦੀ ਮੁਟਿਆਰ ਆਪਣੇ ਲਈ ਦਾਜ ਵੀ ਇਕੱਠਾ ਕਰਦੀ ਸੀ।ਤ੍ਰਿੰਝਣ ਮੁਟਿਆਰਾਂ ਲਈ ਸਲੀਕੇ ਦਾ ਸੁਨੇਹਾ ਸੀ।ਤ੍ਰਿੰਝਣ ਹੱਸਦੀਆਂ ਵੱਸਦੀਆਂ ਮੁਟਿਆਰਾਂ ਦੀ ਪਨਾਹ ਹੁੰਦੀ ਸੀ।ਅੱਜ ਮੁਟਿਆਰਾਂ ਦਾ ਮੁੱਖ ਅਤੇ ਰੁੱਖ ਮੁੜਨ ਕਰਕੇ ਤ੍ਰਿੰਝਣ ਹਕੀਕਤ ਵਿਚ ਅਲੋਪ ਹੈ ਪਰ ਸਾਹਿਤ ਵਿਚ ਇਸ ਦੇ ਪਰਛਾਵੇਂ ਦਿਖਦੇ ਹਨ।ਮੁਟਿਆਰਾਂ ਦਾ ਰਾਹ ਤੱਕਦੀਆਂ ਤ੍ਰਿੰਝਣਾ ਆਪਣੇ ਅਤੀਤ ਨੂੰ ਝੂਰਦੀਆਂ ਹਨ।
ਸੁਖਪਾਲ ਸਿੰਘ ਗਿੱਲ
ਪਿੰਡ ਅਬਿਆਣਾ ਕਲਾਂ
ਫੋਨ:98781-11445
ਮਾਂ ਬੋਲੀ ਦਾ ਰੁਤਬਾ
NEXT STORY