ਜਲੰਧਰ/ਜੰਮੂ ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨ ਨੇ ਸਿੱਧੀਆਂ ਜੰਗਾਂ ਵਿਚ ਭਾਰਤ ਸਾਹਮਣੇ ਗੋਡੇ ਟੇਕਣ ਤੋਂ ਬਾਅਦ ਜਦੋਂ ਅੱਤਵਾਦ ਦੇ ਰੂਪ 'ਚ 'ਛਾਇਆ-ਯੁੱਧ' ਦੀ ਘਿਨਾਉਣੀ ਸਾਜ਼ਿਸ਼ ਰਚੀ ਤਾਂ ਇਸ ਨਾਲ ਭਾਰਤ ਦੇ ਸੂਬੇ ਜੰਮੂ-ਕਸ਼ਮੀਰ ਨੂੰ ਖਾਸ ਤੌਰ 'ਤੇ ਤਬਾਹ ਕਰਨ ਲਈ ਅੱਤਵਾਦੀਆਂ ਦੇ ਟੋਲੇ ਭੇਜਣੇ ਸ਼ੁਰੂ ਕੀਤੇ ਗਏ। ਪਿਛਲੇ ਤਿੰਨ ਦਹਾਕਿਆਂ ਦੌਰਾਨ ਬੇਦੋਸ਼ੇ ਲੋਕਾਂ ਦਾ ਇੰਨਾ ਜ਼ਿਆਦਾ ਖੂਨ ਡੁੱਲ੍ਹਿਆ ਕਿ ਸੰਸਾਰ ਦੇ ਲੋਕ ਪਾਕਿਸਤਾਨ ਦੀਆਂ ਨੀਤੀਆਂ ਅਤੇ ਕਰਤੂਤਾਂ ਨੂੰ ਲਾਹਨਤਾਂ ਪਾਉਣ ਲਈ ਮਜਬੂਰ ਹੋ ਗਏ।
ਇਸ ਦੇ ਨਾਲ ਹੀ ਪਾਕਿਸਤਾਨੀ ਸੁਰੱਖਿਆ ਦਸਤਿਆਂ ਨੇ ਸਰਹੱਦ ਪਾਰ ਤੋਂ ਬਿਨਾਂ ਕਾਰਨ ਗੋਲੀਬਾਰੀ ਕਰ ਕੇ ਕਈ ਮਾਵਾਂ ਦੇ ਪੁੱਤਰ ਖੋਹ ਲਏ ਅਤੇ ਅਨੇਕਾਂ ਘਰ ਉਜਾੜ ਦਿੱਤੇ। ਇਸ ਤਰ੍ਹਾਂ ਕਸ਼ਮੀਰ ਘਾਟੀ 'ਚੋਂ ਲੱਖਾਂ ਕਸ਼ਮੀਰੀ ਪੰਡਿਤ ਆਪਣੇ ਘਰ-ਘਾਟ ਛੱਡਣ ਲਈ ਮਜਬੂਰ ਹੋ ਗਏ ਅਤੇ ਦੂਜੇ ਪਾਸੇ ਜੰਮੂ ਦੇ ਸਰਹੱਦੀ ਖੇਤਰਾਂ 'ਚੋਂ ਵੀ ਹਜ਼ਾਰਾਂ ਪਰਿਵਾਰਾਂ ਨੂੰ ਪਲਾਇਨ ਕਰਨਾ ਪਿਆ।

ਇਹ ਸਿਲਸਿਲਾ ਅੱਜ ਵੀ ਜਾਰੀ ਹੈ ਅਤੇ ਇਸ ਦੇ ਨਾਲ ਹੀ ਜਾਰੀ ਹੈ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ-ਮੁਹਿੰਮ, ਜਿਸ ਅਧੀਨ ਆਪਣੇ ਘਰਾਂ 'ਚੋਂ ਉੱਜੜੇ ਅਤੇ ਗੋਲੀਬਾਰੀ ਕਾਰਨ ਬਰਬਾਦ ਹੋਏ ਪਰਿਵਾਰਾਂ ਦੇ ਜ਼ਖ਼ਮਾਂ 'ਤੇ ਮੱਲ੍ਹਮ ਲਾਉਣ ਲਈ ਸ਼੍ਰੀ ਵਿਜੇ ਕੁਮਾਰ ਚੋਪੜਾ ਦੀ ਛਤਰ-ਛਾਇਆ ਹੇਠ ਸੈਂਕੜੇ ਟਰੱਕਾਂ ਦੀ ਰਾਹਤ ਸਮੱਗਰੀ ਭਿਜਵਾਈ ਗਈ। ਰਾਹਤ ਸਮੱਗਰੀ ਭਿਜਵਾਉਣ ਦੇ ਇਸ ਮਹਾਨ ਅਤੇ ਪੁੰਨ ਦੇ ਕਾਰਜ ਵਿਚ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਸਾਧੂ ਸਮਾਜ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ। ਸੰਤਾਂ-ਮਹਾਪੁਰਸ਼ਾਂ ਨੇ ਜੰਮੂ-ਕਸ਼ਮੀਰ ਦੇ ਪੀੜਤਾਂ ਦਾ ਦਰਦ ਪਛਾਣਿਆ ਅਤੇ ਉਸ ਨੂੰ ਵੰਡਾਉਣ ਦਾ ਯਤਨ ਕੀਤਾ। ਇਸ ਸਿਲਸਿਲੇ ਵਿਚ ਦਰਬਾਰ ਬਾਵਾ ਲਾਲ ਦਿਆਲ ਜੀ ਧਿਆਨਪੁਰ ਦੇ ਮੌਜੂਦਾ ਗੱਦੀਨਸ਼ੀਨ 1008 ਮਹੰਤ ਸ਼੍ਰੀ ਰਾਮ ਸੁੰਦਰ ਦਾਸ ਜੀ ਦੀ ਕਿਰਪਾ ਸਦਕਾ ਦਰਜਨਾਂ ਟਰੱਕਾਂ ਦੀ ਸਮੱਗਰੀ ਭਿਜਵਾਈ ਜਾ ਚੁੱਕੀ ਹੈ ਅਤੇ ਭਵਿੱਖ ਵਿਚ ਹੋਰ ਵੀ ਭਿਜਵਾਉਣ ਦਾ ਮਹੰਤ ਜੀ ਅਤੇ ਉਨ੍ਹਾਂ ਦੇ ਪਰਮ ਸੇਵਕ ਜਗਦੀਸ਼ ਜੀ ਵਲੋਂ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਦੇ ਆਸ਼ੀਰਵਾਦ ਨਾਲ ਹੀ ਬੀਤੇ ਦਿਨੀਂ 476ਵੇਂ ਟਰੱਕ ਦੀ ਸਮੱਗਰੀ ਆਰ. ਐੱਸ. ਪੁਰਾ ਸੈਕਟਰ ਦੇ ਜ਼ੀਰੋ ਲਾਈਨ 'ਤੇ ਸਥਿਤ ਪਿੰਡ ਬੇਰਾ ਵਿਖੇ ਵੰਡੀ ਗਈ। ਇਸ ਪਿੰਡ ਦਾ ਕੋਈ ਘਰ ਅਜਿਹਾ ਨਹੀਂ, ਜਿਹੜਾ ਪਾਕਿਸਤਾਨੀ ਗੋਲੀਆਂ ਦੀ ਵਾਛੜ ਤੋਂ ਬਚਿਆ ਹੋਵੇ ਅਤੇ ਇਸ ਦੌਰਾਨ ਕਈ ਲੋਕਾਂ ਦੀਆਂ ਜਾਨਾਂ ਵੀ ਗਈਆਂ ਅਤੇ ਬਹੁਤ ਸਾਰੇ ਜ਼ਖ਼ਮੀ ਹੋ ਗਏ। ਪਿੰਡ ਵਾਸੀ 'ਮੌਤ ਦੇ ਸਾਏ' ਹੇਠ ਜੀਵਨ ਗੁਜ਼ਾਰਨ ਲਈ ਮਜਬੂਰ ਹਨ।
ਪਿੰਡ ਬੇਰਾ ਵਿਚ ਰਾਹਤ ਸਮੱਗਰੀ ਲੈਣ ਲਈ ਜੁੜੇ 400 ਦੇ ਕਰੀਬ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਮੁਹਿੰਮ ਦੇ ਮੋਹਰੀ ਲਾਇਨ ਜੇ. ਬੀ. ਸਿੰਘ ਚੌਧਰੀ ਅੰਬੈਸਡਰ ਆਫ ਗੁੱਡਵਿਲ ਨੇ ਕਿਹਾ ਕਿ ਕਾਰਗਿਲ ਦੀ ਜੰਗ ਤੋਂ ਬਾਅਦ ਦੋਹਾਂ ਦੇਸ਼ਾਂ ਦਰਮਿਆਨ ਹੋਏ ਗੋਲੀਬੰਦੀ ਦੇ ਸਮਝੌਤੇ ਨੂੰ ਪਾਕਿਸਤਾਨ ਨੇ ਹਜ਼ਾਰਾਂ ਵਾਰ ਤੋੜਿਆ ਹੈ। ਅਜਿਹਾ ਵੀ ਹੋਇਆ ਕਿ ਜਿਸ ਦਿਨ ਸੀਜ਼-ਫਾਇਰ (ਗੋਲੀਬੰਦੀ) ਬਾਰੇ ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਦਰਮਿਆਨ ਵਾਰਤਾ ਹੋਈ, ਪਾਕਿਸਤਾਨ ਨੇ ਉਸੇ ਦਿਨ ਹੀ ਗੋਲੀਬਾਰੀ ਕਰ ਦਿੱਤੀ। ਉਨ੍ਹਾਂ ਕਿਹਾ ਕਿ ਜਦੋਂ ਤਕ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ, ਇਸ ਇਲਾਕੇ ਦੇ ਲੋਕ ਸੁੱਖ-ਸ਼ਾਂਤੀ ਨਾਲ ਜੀਵਨ ਬਸਰ ਨਹੀਂ ਕਰ ਸਕਦੇ। ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਗੋਲੀਬਾਰੀ ਅਤੇ ਅੱਤਵਾਦ ਦੀ ਮਾਰ ਸਹਿਣ ਕਰਨ ਵਾਲੇ ਪਰਿਵਾਰਾਂ ਦੀ ਮਦਦ ਲਈ ਸਤਿਕਾਰਯੋਗ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੇ ਯਤਨਾਂ ਸਦਕਾ ਪਿਛਲੇ 20 ਸਾਲਾਂ ਤੋਂ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਅਧੀਨ ਕਰੋੜਾਂ ਰੁਪਏ ਦੀ ਸਮੱਗਰੀ ਲੋੜਵੰਦਾਂ ਨੂੰ ਵੰਡੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲੋੜਵੰਦਾਂ ਦਾ ਦਰਦ ਵੰਡਾਉਣ ਲਈ, ਦਾਨੀ ਸੱਜਣਾਂ ਦੇ ਸਹਿਯੋਗ ਸਦਕਾ, ਰਾਹਤ-ਵੰਡ ਕਾਫਲਾ ਲਗਾਤਾਰ ਯਤਨਸ਼ੀਲ ਹੈ।
ਬੇਰਾ ਵਿਚ ਰਾਹਤ ਵੰਡ ਆਯੋਜਨ ਦੀ ਦੇਖ-ਰੇਖ ਕਰ ਰਹੇ ਲਾਇਨਜ਼ ਕਲੱਬ ਸੁਚੇਤਗੜ੍ਹ 'ਸੇਵਾ' ਦੇ ਪ੍ਰਧਾਨ ਸ਼੍ਰੀ ਸੁਸ਼ੀਲ ਚੌਧਰੀ ਨੇ ਕਿਹਾ ਕਿ ਇਸ ਪਿੰਡ ਨੂੰ ਪਾਕਿਸਤਾਨੀ ਗੋਲੀਬਾਰੀ ਦੀ ਸਭ ਤੋਂ ਵੱਧ ਮਾਰ ਪਈ ਹੈ।
ਇਸ ਲਈ ਸਰਕਾਰ ਨੂੰ ਅਜਿਹੇ ਪਿੰਡਾਂ ਲਈ ਵਿਸ਼ੇਸ਼ ਸਹਾਇਤਾ-ਸਹੂਲਤਾਂ ਦਾ ਐਲਾਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸਮੱਗਰੀ ਦਾ ਟਰੱਕ ਭਿਜਵਾਉਣ ਲਈ ਸ਼੍ਰੀ ਵਿਜੇ ਕੁਮਾਰ ਚੋਪੜਾ ਅਤੇ ਮਹੰਤ ਸ਼੍ਰੀ ਰਾਮ ਸੁੰਦਰ ਦਾਸ ਜੀ ਦਾ ਧੰਨਵਾਦ ਕੀਤਾ। ਇਸ ਮੌਕੇ 'ਤੇ ਪਿੰਡ ਵਾਨਾ ਚੱਕ ਦੇ ਸਰਪੰਚ ਮਨੋਹਰ ਲਾਲ, ਬਿਸ਼ਨਾਹ ਦੇ ਕੁਲਦੀਪ ਗੁਪਤਾ, ਬੇਰਾ ਦੀ ਸਰਪੰਚ ਵਿਜੇ ਕੁਮਾਰੀ, ਪੰਚ ਯਸ਼ਪਾਲ, ਦਲਜੀਤ ਸਿੰਘ, ਵਿਜੇ ਸਿੰਘ ਅਤੇ ਸੁਰਜੀਤ ਸਿੰਘ ਵੀ ਮੌਜੂਦ ਸਨ।
ਸਮੱਗਰੀ ਦੀ ਵੰਡ ਲਈ ਦਰਬਾਰ ਸ਼੍ਰੀ ਧਿਆਨਪੁਰ ਦੇ ਪ੍ਰਮੁੱਖ ਸੇਵਾਦਾਰ ਸ਼੍ਰੀ ਜਗਦੀਸ਼ ਜੀ ਅਤੇ ਉਨ੍ਹਾਂ ਦੇ ਸਾਥੀ ਵੀ ਮੌਜੂਦ ਸਨ। ਰਾਹਤ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੇ ਮੈਂਬਰ ਬੇਰਾ ਤੋਂ ਇਲਾਵਾ ਅਬਦੁੱਲੀਆਂ, ਚੋਗਾ, ਰਾਏਪੁਰ, ਸ਼ਾਹਪੁਰ, ਫਤ੍ਹੇਪੁਰ ਕੈਂਪ, ਲਾਈਆਂ ਅਤੇ ਫਤਿਹਪੁਰ ਆਦਿ ਨਾਲ ਸਬੰਧਤ ਸਨ।

ਗੋਲੀਬਾਰੀ ਨੇ ਖਾ ਲਿਆ ਸੁਹਾਗ : ਸੰਧਿਆ ਦੇਵੀ
ਇਸ ਸਾਲ 20 ਜਨਵਰੀ ਨੂੰ ਪਾਕਿਸਤਾਨ ਵਲੋਂ ਕੀਤੀ ਗਈ ਭਾਰੀ ਫਾਇਰਿੰਗ ਵਿਚ ਸੰਧਿਆ ਦੇਵੀ ਦਾ ਸੁਹਾਗ ਉੱਜੜ ਗਿਆ। ਇਕ ਗੋਲਾ ਉਨ੍ਹਾਂ ਦੇ ਘਰ 'ਤੇ ਡਿੱਗਿਆ, ਜਿਸ ਵਿਚ ਉਸ ਦੇ ਪਤੀ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਪਤੀ ਸਹਾਰੇ ਹੀ ਘਰ ਦਾ ਚੁੱਲ੍ਹਾ ਬਲਦਾ ਸੀ, ਹੁਣ ਉਹ ਆਪਣੇ ਚਾਰ ਬੱਚਿਆਂ ਸਮੇਤ ਮੁਸ਼ਕਿਲ 'ਚ ਦਿਨ ਗੁਜ਼ਾਰ ਰਹੀ ਹੈ। ਪਹਿਲਾਂ ਉਹ ਵੀ ਪਿੰਡ ਛੱਡ ਕੇ ਚਲੀ ਗਈ ਸੀ ਪਰ ਕੁਝ ਦਿਨ ਪਹਿਲਾਂ ਘਰ ਦਾ ਮੋਹ ਫਿਰ ਵਾਪਸ ਲੈ ਆਇਆ।

ਫਾਇਰਿੰਗ 'ਚ ਮਾਂ ਮਾਰੀ ਗਈ : ਨਿਤਿਨ ਚੌਧਰੀ
ਪਿੰਡ ਬੇਰਾ ਦੇ ਨਿਤਿਨ ਚੌਧਰੀ ਨੇ ਦੱਸਿਆ ਕਿ ਮਈ ਵਿਚ ਪਾਕਿਸਤਾਨ ਵਲੋਂ ਵਾਰ-ਵਾਰ ਫਾਇਰਿੰਗ ਕੀਤੀ ਗਈ। 17 ਮਈ ਨੂੰ ਉਨ੍ਹਾਂ ਦੇ ਘਰ 'ਤੇ ਗੋਲਾ ਡਿੱਗਿਆ, ਜਿਸ ਵਿਚ ਉਸ ਦੀ ਮਾਂ ਕੌਸ਼ਲ ਕੁਮਾਰੀ ਮਾਰੀ ਗਈ। ਉਸ ਦਾ ਬਾਪ ਪਹਿਲਾਂ ਦਿਲ ਦਾ ਦੌਰਾ ਪੈਣ ਕਰਕੇ ਮਰ ਗਿਆ ਸੀ। ਹੁਣ ਉਹ ਦੋ ਭਰਾ 5-6 ਕਨਾਲ ਜ਼ਮੀਨ ਦੀ ਖੇਤੀ ਅਤੇ ਮਜ਼ਦੂਰੀ ਨਾਲ ਦਿਨ ਕੱਟ ਰਹੇ ਹਨ। ਹਾਲਾਤ ਖਰਾਬ ਹੋਣ ਕਰਕੇ ਕਈ ਵਾਰ ਤਾਂ ਫਸਲ ਵੀ ਬੀਜੀ ਨਹੀਂ ਜਾਂਦੀ।

ਮਾਤਾ-ਪਿਤਾ ਖੁੱਸ ਗਏ : ਅੰਕੁਸ਼ ਚੌਧਰੀ
ਇਸੇ ਪਿੰਡ ਦੇ ਅੰਕੁਸ਼ ਚੌਧਰੀ ਦੀ ਬਦਨਸੀਬੀ ਹੋਰ ਵੀ ਮਾੜੀ ਰਹੀ ਕਿਉਂਕਿ 17 ਮਈ ਦੀ ਹੀ ਫਾਇਰਿੰਗ 'ਚ ਉਸਦੇ ਮਾਤਾ-ਪਿਤਾ ਦੋਵੇਂ ਹੀ ਮਾਰੇ ਗਏ। ਪਿੰਡ ਵਾਲਿਆਂ ਨੇ ਲਾਸ਼ਾਂ ਰੱਖ ਕੇ ਧਰਨਾ ਵੀ ਲਾਇਆ ਕਿ ਪਾਕਿਸਤਾਨ ਨਾਲ ਆਰ-ਪਾਰ ਦੀ ਲੜਾਈ ਲੜੀ ਜਾਵੇ। ਉਸ ਦਾ ਛੋਟਾ ਭਰਾ ਫੌਜ ਵਿਚ ਭਰਤੀ ਹੋ ਗਿਆ ਹੈ ਅਤੇ ਉਹ ਖ਼ੁਦ ਦਿਹਾੜੀ-ਮਜ਼ਦੂਰੀ ਕਰ ਕੇ ਪੇਟ ਪਾਲਦਾ ਹੈ। ਉਸ ਨੇ ਕਿਹਾ ਕਿ ਸਰਹੱਦੀ ਪਿੰਡਾਂ ਦੇ ਹਾਲਾਤ ਬਹੁਤ ਖਰਾਬ ਹਨ।

ਅੱਤਵਾਦੀਆਂ ਵੱਢ 'ਤਾ ਪਤੀ ਦਾ ਗਲ : ਗੁਰਦੀਪ ਕੌਰ
ਪਿੰਡ ਕੋਟਲੀ ਮਿਰਜ਼ਿਆਂ ਦੀ ਗੁਰਦੀਪ ਕੌਰ ਦੀ ਮਾਂਗ ਦਾ ਸੰਧੂਰ ਅੱਤਵਾਦੀਆਂ ਨੇ ਉਜਾੜ ਦਿੱਤਾ। ਉਸ ਦਾ ਪਤੀ ਤਰਸੇਮ ਸਿੰਘ ਡਰਾਈਵਰ ਸ਼ਰਧਾਲੂਆਂ ਨੂੰ ਲੈ ਕੇ ਪੰਜਾਬ 'ਚ ਡੇਰਾ ਬਿਆਸ ਜਾ ਰਿਹਾ ਸੀ ਕਿ ਅੱਤਵਾਦੀਆਂ ਨੇ ਗੱਡੀ 'ਤੇ ਕਬਜ਼ਾ ਕਰ ਕੇ ਸਭ ਨੂੰ ਉਤਾਰ ਦਿੱਤਾ ਅਤੇ ਤਰਸੇਮ ਨੂੰ ਕਿਹਾ ਕਿ ਉਨ੍ਹਾਂ ਨੂੰ ਫੌਜੀ ਖੇਤਰ 'ਚ ਲੈ ਜਾਵੇ। ਉਹ ਦੋ ਘੰਟੇ ਗੱਡੀ ਇਧਰ-ਓਧਰ ਘੁਮਾਉਂਦਾ ਰਿਹਾ ਪਰ ਕਿਸੇ ਫੌਜੀ ਟਿਕਾਣੇ 'ਤੇ ਲੈ ਕੇ ਨਾ ਗਿਆ ਤਾਂ ਅੱਤਵਾਦੀਆਂ ਨੇ ਉਸ ਦਾ ਗਲ ਵੱਢ ਦਿੱਤਾ। ਸਰਕਾਰ ਨੂੰ ਇਸ ਬਹਾਦਰ ਦਾ ਵਿਸ਼ੇਸ਼ ਸਨਮਾਨ ਕਰਨਾ ਚਾਹੀਦਾ ਹੈ।
ਸਿਆਸਤ ਛੱਡਣ ਦੀ ਤੇਜਪ੍ਰਤਾਪ ਨੇ ਦਿੱਤੀ ਧਮਕੀ
NEXT STORY