ਧਰਤੀ ਦੇ ਸਭ ਤੋਂ ਹੇਠਲੇ ਪੱਧਰ 'ਤੇ ਸਥਿਤ ਦੇਸ਼ ਦੇ ਰੂਪ 'ਚ ਪ੍ਰਸਿੱਧ ਮਾਲਦੀਵ, ਜਲਵਾਯੂ ਤਬਦੀਲੀ ਦੀ ਵਜ੍ਹਾ ਨਾਲ ਵਧਦੇ ਸਮੁੰਦਰ ਦੇ ਜਲ ਪੱਧਰ ਦੇ ਖ਼ਤਰੇ ਦਰਮਿਆਨ ਆਪਣੀ ਹੋਂਦ ਬਚਾਉਣ ਲਈ ਸੰਘਰਸ਼ਸ਼ੀਲ ਹੈ।
ਸਮੁੰਦਰੀ ਤਲ ਤੋਂ ਔਸਤਨ ਡੇਢ ਮੀਟਰ ਦੀ ਉਚਾਈ 'ਤੇ ਸਥਿਤ ਮਾਲਦੀਵ 1200 ਟਾਪੂਆਂ ਦਾ ਸਮੂਹ ਹੈ। ਜੇ ਜਲਵਾਯੂ ਤਬਦੀਲੀ ਕਰਕੇ ਸਮੁੰਦਰ ਦੇ ਜਲ ਪੱਧਰ 'ਚ ਵਾਧੇ ਦਾ ਮੌਜੂਦਾ ਰੁਝਾਨ ਇਸੇ ਤੇਜ਼ੀ ਨਾਲ ਜਾਰੀ ਰਿਹਾ ਤਾਂ ਇਸ ਸਦੀ ਦੇ ਅੰਤ ਤੱਕ ਇਨ੍ਹਾਂ 'ਚ ਅਨੇਕ ਪ੍ਰਵਾਲ ਟਾਪੂ ਹਿੰਦ ਮਹਾਸਾਗਰ 'ਚ ਡੁੱਬ ਚੁੱਕੇ ਹੋਣਗੇ।
ਦੇਸ਼ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਾਸ਼ੀਦ ਨੇ ਇਕ ਵਾਰ ਸੁਝਾਅ ਦਿੱਤਾ ਸੀ ਕਿ ਦੇਸ਼ ਦੀ ਆਮਦਨ ਦੇ ਇਕ ਹਿੱਸੇ ਨੂੰ ਸ਼੍ਰੀਲੰਕਾ, ਭਾਰਤ ਜਾਂ ਆਸਟ੍ਰੇਲੀਆ ਦੇ ਕਰੀਬ ਕਿਸੇ ਨਵੇਂ ਸਥਾਨ ਨੂੰ ਵਸਣਯੋਗ ਬਣਾਉਣ 'ਚ ਇਸਤੇਮਾਲ ਕੀਤਾ ਜਾਏ।
ਪਿਛਲੇ ਵਰ੍ਹੇ ਪ੍ਰਸ਼ਾਂਤ ਮਹਾਸਾਗਰ ਦੇ ਟਾਪੂ ਕਿਰੀਬਾਤੀ ਦੇ ਇਕ ਵਿਅਕਤੀ ਨੇ ਨਿਊਜ਼ੀਲੈਂਡ ਵਿਚ ਯੂ. ਐੱਨ. ਰਿਫਿਊਜੀ ਕਨਵੈਨਸ਼ਨ ਤਹਿਤ ਇਸ ਆਧਾਰ 'ਤੇ ਸ਼ਰਨ ਮੰਗੀ ਸੀ ਕਿ ਸਮੁੰਦਰ ਦੇ ਵਧਦੇ ਜਲ ਪੱਧਰ ਨੇ ਉਸ ਦਾ ਘਰ ਮੁੜਨਾ ਨਾਮੁਮਕਿਨ ਬਣਾ ਦਿੱਤਾ ਹੈ। ਵੈਸੇ ਉਹ ਦੁਨੀਆ ਦਾ ਪ੍ਰਥਮ 'ਜਲਵਾਯੂ ਤਬਦੀਲੀ ਸ਼ਰਨਾਰਥੀ' ਨਹੀਂ ਬਣ ਸਕਿਆ ਕਿਉਂਕਿ ਇਹ ਬੇਨਤੀ ਖਾਰਿਜ ਕਰ ਦਿੱਤੀ ਗਈ।
ਇਸ ਫੈਸਲੇ ਦੇ ਬਾਵਜੂਦ ਵਧਦੇ ਜਲ ਪੱਧਰ ਦਾ ਖ਼ਤਰਾ ਇਕ ਸੱਚ ਹੈ। ਮਾਲਦੀਵ ਵਾਸੀ ਸਮੁੰਦਰ ਦੇ ਵਧਦੇ ਜਲ ਪੱਧਰ ਅਤੇ ਜਵਾਰ-ਭਾਟਿਆਂ ਤੋਂ ਉੱਠਦੇ ਖਤਰਿਆਂ ਕਰਕੇ ਕਾਫੀ ਫਿਕਰਮੰਦ ਹਨ, ਜੋ ਇਸ ਟਾਪੂ ਸਮੂਹ ਦੇ 3 ਲੱਖ ਨਿਵਾਸੀਆਂ ਨੂੰ ਹਮੇਸ਼ਾ ਲਈ ਵਾਤਾਵਰਣ ਸ਼ਰਨਾਰਥੀ ਬਣਾ ਸਕਦੇ ਹਨ। ਸਾਲ 2004 'ਚ ਹਿੰਦ ਮਹਾਸਾਗਰ 'ਚ ਉੱਠੀ ਸੁਨਾਮੀ ਨੇ ਇਥੇ ਕੁਝ ਟਾਪੂਆਂ ਨੂੰ ਪੂਰੀ ਤਰ੍ਹਾਂ ਡੋਬ ਦਿੱਤਾ ਸੀ ਪਰ ਕੁਝ ਦਿਨਾਂ ਪਿੱਛੋਂ ਜਲ ਪੱਧਰ ਪਹਿਲਾਂ ਵਾਲੀ ਥਾਂ ਪਰਤਣ 'ਤੇ ਉਹ ਦੁਬਾਰਾ ਦਿਖਾਈ ਦੇਣ ਲੱਗੇ।
ਉਦੋਂ ਉਨ੍ਹਾਂ ਟਾਪੂਆਂ 'ਤੇ ਰਹਿਣ ਵਾਲੇ ਹਜ਼ਾਰਾਂ ਲੋਕ ਉਥੇ ਪਰਤਣ ਦੀ ਥਾਂ ਰਾਜਧਾਨੀ ਮਾਲੇ ਅਤੇ ਦੂਜੇ ਸ਼ਹਿਰਾਂ 'ਚ ਵੱਸ ਗਏ।
...ਅੱਜ ਮਾਲੇ ਦੁਨੀਆ ਦਾ ਸਭ ਤੋਂ ਸੰਘਣਾ ਇਲਾਕਾ ਹੈ, ਜਿਥੇ ਦੋ ਵਰਗ ਕਿਲੋਮੀਟਰ ਵਿਚ 1 ਲੱਖ ਲੋਕ ਰਹਿੰਦੇ ਹਨ। ਅਰਥਾਤ ਉਥੇ ਕੂੜਾ ਤੱਕ ਸੁੱਟਣ ਲਈ ਥਾਂ ਨਹੀਂ ਬਚੀ। ਕੂੜੇ ਨੂੰ ਸਿੱਧਾ ਇਕ ਨੇੜਲੇ ਲੈਗੂਨ (ਸਮੁੰਦਰੀ ਝੀਲ) 'ਚ ਸੁੱਟ ਦਿੱਤਾ ਜਾਂਦਾ ਹੈ।
ਮਾਲੇ ਦੇ ਮੇਅਰ ਮੁਹੰਮਦ ਸ਼ਿਹਾਬ ਦੱਸਦੇ ਹਨ, ''ਤਿਲਾਫੂਸ਼ੀ ਪਹਿਲਾਂ ਇਕ ਪ੍ਰਵਾਲ ਚੱਟਾਨ ਸੀ ਪਰ 1990ਦੇ ਦਹਾਕੇ ਦੀ ਸ਼ੁਰੂਆਤ 'ਚ ਅਸੀਂ ਉਸ ਨੂੰ ਕੂੜਾ ਸੁੱਟਣ ਵਾਲੇ ਇਕ ਟਾਪੂ 'ਚ ਬਦਲ ਦਿੱਤਾ।''
ਅੱਜ ਇਹ ਟਾਪੂ ਅੰਗਰੇਜ਼ੀ ਦੇ ਅੱਖਰ ‘”’ ਦੇ ਆਕਾਰ 'ਚ ਫੈਲਦਾ ਹੋਇਆ ਇੰਨਾ ਵਿਸ਼ਾਲ ਹੋ ਗਿਆ ਹੈ ਕਿ ਇਥੇ ਇਕ ਉਦਯੋਗਿਕ ਇਲਾਕਾ ਵਿਕਸਿਤ ਹੋ ਚੁੱਕਾ ਹੈ, ਜਿਥੇ ਅਨੇਕ ਫੈਕਟਰੀਆਂ ਅਤੇ ਗੋਦਾਮ ਬਣ ਚੁੱਕੇ ਹਨ।
ਇਹ ਦੇਸ਼ ਆਪਣੇ ਸਭ ਤੋਂ ਵਧੇਰੇ ਭੂਮੀ ਸੁਧਾਰ ਅਤੇ ਸ਼ਹਿਰੀ ਵਿਕਾਸ ਪ੍ਰਾਜੈਕਟ ਉੱਤੇ ਵੀ ਕੰਮ ਸ਼ੁਰੂ ਕਰ ਚੁੱਕਾ ਹੈ। ਇਸ ਨੇ 188 ਹੈਕਟੇਅਰ ਭੂਮੀ ਦਾ ਸੁਧਾਰ ਕੀਤਾ ਹੈ, ਜਿਸ ਵਿਚ ਹੁਲਹੁਮੇਲ ਜ਼ਿਲਾ ਸ਼ਾਮਲ ਹੈ। ਜਿਵੇਂ-ਜਿਵੇਂ ਵੱਧ ਤੋਂ ਵੱਧ ਲੋਕ ਛੋਟੇ ਜੋਖ਼ਮ ਭਰੇ ਟਾਪੂਆਂ ਤੋਂ ਵੱਡੇ ਸੁਰੱਖਿਅਤ ਟਾਪੂਆਂ ਦਾ ਰੁਖ਼ ਕਰ ਰਹੇ ਹਨ, ਆਸ ਹੈ ਕਿ ਸਾਲ 2020 ਤੱਕ 60 ਹਜ਼ਾਰ ਲੋਕਾਂ ਨੂੰ ਇਥੇ ਰਹਿਣ ਲਈ ਥਾਂ ਅਤੇ ਕੰਮ ਮਿਲ ਜਾਏਗਾ।
ਸਥਾਨਕ ਵਾਤਾਵਰਣ ਦੇ ਰਾਖੇ ਅਲੀ ਰਿਲਵਾਨ ਅਨੁਸਾਰ ਹੁਲਹੁਮਾਲੇ ਕਈ ਸਥਾਨਾਂ 'ਤੇ ਮਾਲੇ ਨਾਲੋਂ ਵੀ ਵੱਧ ਕੁਦਰਤੀ ਜਾਪਦਾ ਹੈ।
ਜਲਵਾਯੂ ਤਬਦੀਲੀ 'ਤੇ ਸੰਯੁਕਤ ਰਾਸ਼ਟਰ ਦੀ ਤਾਜ਼ੀ ਰਿਪੋਰਟ ਅਨੁਸਾਰ ਇਸ ਸਦੀ ਦੇ ਅੰਤ ਤੱਕ ਸਮੁੰਦਰ ਦੇ ਜਲ ਦਾ ਪੱਧਰ 26 ਤੋਂ 82 ਸੈਂਟੀਮੀਟਰ ਤੱਕ ਵਧ ਜਾਏਗਾ। ਧਰਤੀ ਦੇ ਜਲਵਾਯੂ 'ਚ ਤਬਦੀਲੀ ਦੀ ਗਤੀ ਨੂੰ ਧੀਮਾ ਕਰਨ ਲਈ ਵੱਖ-ਵੱਖ ਸਿਫਾਰਿਸ਼ਾਂ ਪੇਸ਼ ਕੀਤੀਆਂ ਗਈਆਂ ਹਨ।
ਅੰਤਰਰਾਸ਼ਟਰੀ ਪੱਧਰ 'ਤੇ ਵੱਡੇ ਕਦਮ ਚੁੱਕਣ ਲਈ ਸੰਯੁਕਤ ਰਾਸ਼ਟਰ ਵਲੋਂ ਬਣਾਈਆਂ ਗਈਆਂ ਕਮੇਟੀਆਂ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਇਕਜੁੱਟ ਕਰਨ ਦਾ ਯਤਨ ਵੀ ਕੀਤਾ ਹੈ। ਇਨ੍ਹਾਂ ਯਤਨਾਂ ਦੀ ਬਦੌਲਤ ਕੁਝ ਸਾਲ ਪਹਿਲਾਂ ਹੀ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗੈਸਾਂ ਦੇ ਵਾਯੂਮੰਡਲ 'ਚ ਰਿਸਣ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਕੁਝ ਰਾਸਾਇਣਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਸੀ।
ਇਸੇ ਵਜ੍ਹਾ ਨਾਲ ਓਜ਼ੋਨ ਪਰਤ 'ਚ ਛੇਕ ਹੋਣ ਲੱਗੇ ਸਨ ਅਤੇ ਹਾਨੀਕਾਰਕ ਪਰਾਬੈਂਗਨੀ ਕਿਰਨਾਂ ਧਰਤੀ ਤਕ ਪਹੁੰਚਣ ਲੱਗੀਆਂ ਸਨ। ਇਨ੍ਹਾਂ ਯਤਨਾਂ ਨਾਲ ਓਜ਼ੋਨ ਪਰਤ 'ਚ ਕਾਫੀ ਸੁਧਾਰ ਹੋਇਆ ਹੈ ਅਤੇ ਪਰਾਬੈਂਗਨੀ ਕਿਰਨਾਂ ਦੇ ਪੱਧਰ 'ਚ ਵੀ ਕਾਫੀ ਕਮੀ ਦਰਜ ਕੀਤੀ ਗਈ ਹੈ। ਉਂਝ ਮਾਲਦੀਵ ਸਰਕਾਰ ਵੀ ਆਪਣੇ ਵਲੋਂ ਸਾਰੀਆਂ ਕੋਸ਼ਿਸ਼ਾਂ ਕਰ ਰਹੀ ਹੈ।
ਆਪਣੀ ਕਿਸਮਤ ਬਦਲਣ ਦੀ ਕੋਸ਼ਿਸ਼ ਦੇ ਅਧੀਨ ਮਾਲਦੀਵ ਸਰਕਾਰ ਨੇ ਡੱਚ ਐਗਰੀਕਲਚਰ ਫਰਮ 'ਡੱਚ ਡਾਕਲੈਂਡਸ ਇੰਟਰਨੈਸ਼ਨਲ' ਨਾਲ ਮਿਲ ਕੇ ਤੈਰਨ ਵਾਲੇ ਗੈਰ-ਕੁਦਰਤੀ ਟਾਪੂ ਤਿਆਰ ਕਰਨ ਦੇ ਪ੍ਰਾਜੈਕਟ 'ਤੇ ਵੀ ਕੰਮ ਸ਼ੁਰੂ ਕਰ ਦਿੱਤਾ ਹੈ।
ਸਮੁੰਦਰੀ ਤਲ ਨਾਲ ਤਾਰਾਂ ਦੇ ਜ਼ਰੀਏ ਬੱਝੇ ਇਹ ਟਾਪੂ ਸਮੁੰਦਰ 'ਤੇ ਤੈਰਦੇ ਰਹਿਣਗੇ, ਫਿਰ ਭਾਵੇਂ ਸਮੁੰਦਰ ਦੇ ਪਾਣੀ ਦਾ ਪੱਧਰ ਕਿੰਨਾ ਵੀ ਉੱਚਾ ਕਿਉਂ ਨਾ ਚਲਾ ਜਾਏ। 'ਓਸ਼ਨ ਫਲਾਵਰ ਡਿਵੈਲਪਮੈਂਟ' ਨਾਂ ਦੇ ਇਕ ਪ੍ਰਾਜੈਕਟ ਤਹਿਤ ਕੰਪਨੀ ਪਹਿਲਾਂ ਹੀ 185 ਵਿਸ਼ਾਲ ਵਾਟਰਫਰੰਟ ਵਿਲਾ, 40 ਲਗਜ਼ਰੀ ਮਕਾਨ ਵੇਚ ਚੁੱਕੀ ਹੈ।
ਕੰਪਨੀ ਦੇ ਅਧਿਕਾਰੀ ਜੈਸਪਰ ਮੁਲਡੇਰ ਕਹਿੰਦੇ ਹਨ, ''ਹਾਲੈਂਡ 'ਚ ਅਸੀਂ ਤੈਰਨ ਵਾਲੇ ਕਈ ਆਵਾਸ ਬਣਾਏ ਹਨ ਇਸ ਲਈ ਇਸ ਵਿਚ ਕੁਝ ਨਵਾਂ ਨਹੀਂ ਹੈ।''
ਇਸ ਸਾਲ ਤੈਰਨ ਵਾਲੇ ਨਿੱਜੀ ਟਾਪੂਆਂ ਦਾ ਨਿਰਮਾਣ ਵੀ ਸ਼ੁਰੂ ਕੀਤਾ ਜਾ ਚੁੱਕਾ ਹੈ, ਜੋ ਉੱਤਰੀ ਪ੍ਰਵਾਲ ਟਾਪੂਆਂ ਦੇ ਨਾਲ ਲੱਗਦੇ ਸਮੁੰਦਰ 'ਚ ਸਥਿਤ ਰਹਿਣਗੇ। ਉਂਝ ਯੋਜਨਾ ਇਕ ਤੈਰਦੇ ਹੋਏ ਗੋਲਫ ਕੋਰਸ ਅਤੇ ਹੋਟਲ ਨੂੰ ਤਿਆਰ ਕਰਨ ਦੀ ਵੀ ਹੈ।
ਬਿੱਲੀ ਅਤੇ ਅੰਧ-ਵਿਸ਼ਵਾਸ
NEXT STORY