ਅਥਰਵਵੇਦ 'ਚ ਕਿਹਾ ਗਿਆ ਹੈ ਕਿ 'ਯਤ੍ਰ ਨਾਰਯਸਤੂ ਪੂਜਯਨਤੇ, ਰਮੰਤੇ ਤਤ੍ਰ ਦੇਵਤਾ' ਭਾਵ ਜਿਥੇ ਔਰਤਾਂ ਦਾ ਸਤਿਕਾਰ ਹੁੰਦਾ ਹੈ, ਦੇਵਤਿਆਂ ਦਾ ਵੀ ਉਥੇ ਹੀ ਵਾਸ ਹੁੰਦੈ। ਪ੍ਰਾਚੀਨ ਕਾਲ 'ਚ ਔਰਤਾਂ ਦੀ ਸਥਿਤੀ ਬੇਹੱਦ ਸਤਿਕਾਰਯੋਗ ਅਤੇ ਬਰਾਬਰੀ ਵਾਲੀ ਸੀ ਅਤੇ ਇਸ ਗੱਲੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਹੌਲੀ-ਹੌਲੀ ਔਰਤਾਂ ਦੀ ਸਥਿਤੀ ਤਰਸਯੋਗ ਹੁੰਦੀ ਗਈ। ਦੇਵ-ਦੈਂਤਾਂ ਦੇ ਯੁੱਧ 'ਚ ਰਾਜਾ ਦਸ਼ਰਥ ਨੂੰ ਕਾਲ ਤੋਂ ਬਚਾ ਕੇ ਲਿਆਉਣ ਲਈ ਜਿਥੇ ਕੈਕਈ ਉਨ੍ਹਾਂ ਦੇ ਰੱਥ ਦੀ ਸਾਰਥੀ ਬਣ ਗਈ ਸੀ, ਉਸੇ ਦੇਸ਼ 'ਚ 2008 'ਚ ਅਦਾਲਤ ਦੇ ਹੁਕਤ ਤੋਂ ਬਾਅਦ ਬਹੁਤ ਜ਼ਿਆਦਾ ਮੁਸ਼ਕਿਲਾਂ ਪਿੱਛੋਂ ਹੁਣ ਕਿਤੇ ਜਾ ਕੇ ਔਰਤਾਂ ਨੂੰ ਫੌਜ 'ਚ ਸਥਾਈ ਕਮਿਸ਼ਨ ਮਿਲਣਾ ਸੰਭਵ ਹੋਇਆ ਹੈ, ਉਹ ਵੀ ਲੀਗਲ, ਇੰਟੈਲੀਜੈਂਸ ਅਤੇ ਸਪਲਾਈ ਬ੍ਰਾਂਚ 'ਚ। ਸੰਨ 2031 ਤੱਕ ਏਵੀਏਸ਼ਨ ਅਤੇ ਸਿਗਨਲ ਵਰਗੀਆਂ ਸਾਰੀਆਂ ਬ੍ਰਾਂਚਾਂ 'ਚ ਔਰਤਾਂ ਨੂੰ ਸਥਾਈ ਕਮੀਸ਼ਨ ਮਿਲਣ ਦੀ ਸੰਭਾਵਨਾ ਹੈ।
'ਚਮਕ ਉਠੀ ਸਨ ਸਤਾਵਨ ਮੇਂ, ਵੋ ਤਲਵਾਰ ਪੁਰਾਨੀ ਥੀ, ਖੂਬ ਲੜਾਈ ਮਰਦਾਨੀ, ਵੋ ਤੋ ਝਾਂਸੀ ਵਾਲੀ ਰਾਨੀ ਥੀ' ਸੁਭਦਰਾ ਕੁਮਾਰੀ ਚੌਹਾਨ ਦੀਆਂ ਇਨ੍ਹਾਂ ਸਤਰਾਂ ਤੋਂ ਜਿਸ ਦੇਸ਼ ਦਾ ਹਰ ਬੱਚਾ ਵਾਕਫ ਹੈ, ਉਸੇ ਦੇਸ਼ 'ਚ 12 ਲੱਖ ਦੀ ਸਮਰੱਥਾ ਵਾਲੀ ਥਲ ਸੈਨਾ 'ਚ ਸਿਰਫ 2250 ਔਰਤਾਂ ਹਨ। 99 ਹਜ਼ਾਰ ਦੀ ਸਮਰੱਥਾ ਵਾਲੀ ਸਮੁੰਦਰੀ ਸੈਨਾ 'ਚ ਸਿਰਫ 465 ਔਰਤਾਂ ਹੀ ਅਫਸਰ ਦੇ ਅਹੁਦੇ 'ਤੇ ਸੁਭਾਇਮਾਨ ਹਨ ਅਤੇ 1 ਲੱਖ 40 ਹਜ਼ਾਰ ਵਿਅਕਤੀਆਂ ਵਾਲੀ ਹਵਾਈ ਸੈਨਾ 'ਚ ਸਿਰਫ 1100 ਔਰਤਾਂ ਹਨ। ਅਮਰੀਕਾ ਦੇ ਰਾਸ਼ਟਰਪਤੀ ਦੇ ਗਾਰਡ ਆਫ ਆਨਰ ਦੀ ਅਗਵਾਈ ਪਹਿਲੀ ਵਾਰ ਭਾਰਤ 'ਚ ਕਿਸੇ ਮਹਿਲਾ ਅਧਿਕਾਰੀ ਵਲੋਂ ਕਰਵਾ ਕੇ ਗਣਤੰਤਰ ਦਿਵਸ ਦੀ ਪਰੇਡ 'ਚ ਔਰਤਾਂ ਨੂੰ ਸ਼ਾਮਲ ਕਰਕੇ ਔਰਤਾਂ ਦੇ ਸਸ਼ਕਤੀਕਰਨ ਦਾ ਸੰਕੇਤ ਦੇਣਾ ਚੰਗੀ ਗੱਲ ਤਾਂ ਹੈ ਪਰ ਇੰਨਾਂ ਕਾਫੀ ਨਹੀਂ ਹੈ। ਲੋੜ ਹੈ ਕਿ ਫੌਜ 'ਚ ਹੋਰ ਵਧੇਰੇ ਔਰਤਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ।
ਪ੍ਰਾਚੀਨ ਕਾਲ 'ਚ ਜਿੱਥੇ ਔਰਤਾਂ ਨੂੰ ਇੰਨੀ ਆਜ਼ਾਦੀ ਸੀ ਕਿ ਉਹ ਆਪਣਾ ਵਰ ਆਪ ਚੁਣਦੀਆਂ ਸਨ, ਉਥੇ ਅੱਜ ਦੇ ਸਮੇਂ 'ਚ ਇੰਝ ਕਰਨ ਵਾਲੀਆਂ ਕੁੜੀਆਂ ਦੀਆਂ ਆਨਰ ਕਿਲਿੰਗ ਵਰਗੀਆਂ ਵਾਰਦਾਤਾਂ ਆਮ ਹੀ ਕੰਨੀਂ ਪੈਂਦੀਆਂ ਰਹਿੰਦੀਆਂ ਹਨ।
ਕਰਨਾਟਕ ਦੀ ਇੰਦੂਜਾ ਪਿੱਲਈ ਜਦੋਂ ਆਪਣਾ ਮਨ ਚਾਹਿਆ ਜੀਵਨਸਾਥੀ ਪ੍ਰਾਪਤ ਕਰਨ ਲਈ ਵੈੱਬਸਾਈਟ ਬਣਾਉਂਦੀ ਹੈ ਤਾਂ ਦਿਨ 'ਚ ਢਾਈ ਲੱਖ ਲੋਕਾਂ ਵਲੋਂ ਉਸ ਦੀ ਵੈੱਬਸਾਈਟ ਨੂੰ ਦੇਖਿਆ ਜਾਣਾ ਇਹ ਜ਼ਾਹਿਰ ਕਰਦਾ ਹੈ ਕਿ ਕਿਸੇ ਕੁੜੀ ਵਲੋਂ ਆਜ਼ਾਦੀ ਨਾਲ ਆਪਣੀ ਇੱਛਾ ਜ਼ਾਹਿਰ ਕਰਨਾ ਅੱਜ ਵੀ ਭਾਰਤ ਵਾਸੀਆਂ ਲਈ ਕਿਸੇ ਹੈਰਾਨੀ ਤੋਂ ਘੱਟ ਨਹੀਂ। ਨਿਰਭਯਾ ਦੀ ਦਸਤਾਵੇਜ਼ੀ ਫ਼ਿਲਮ 'ਚ ਜਿਥੇ ਬੱਸ ਡਰਾਈਵਰ ਕੁੜੀ ਦੇ ਸਿਰ ਦੋਸ਼ ਮੜ੍ਹਦਾ ਨਜ਼ਰ ਆਉਂਦਾ ਹੈ, ਉਥੇ ਹੀ ਪੜ੍ਹਿਆ-ਲਿਖਿਆ ਵਕੀਲ ਏ. ਪੀ. ਸਿੰਘ ਵੀ ਪੀੜਤ ਕੁੜੀ ਨੂੰ ਦੋਸ਼ੀ ਠਹਿਰਾਉਂਦਿਆਂ ਜਨਤਕ ਤੌਰ 'ਤੇ ਕਹਿੰਦਾ ਹੈ ਕਿ ਉਸ ਦੀ ਭੈਣ ਜਾਂ ਧੀ ਆਪਣੇ ਕਿਸੇ ਦੋਸਤ ਨਾਲ ਸਾਢੇ ਅੱਠ ਵਜੇ ਤੋਂ ਬਾਅਦ ਘੁੰਮੇ ਤਾਂ ਉਹ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਅੱਗ ਦੇ ਹਵਾਲੇ ਕਰ ਦੇਵੇਗਾ। ਮਰਦ ਦੀ ਔਰਤ ਦੇ ਹੱਕਾਂ ਉੱਪਰ ਇਸ ਤਰ੍ਹਾਂ ਕੰਟਰੋਲ ਕਰਨ ਦੀ ਪ੍ਰਵਿਰਤੀ ਅਤੇ ਇਸ ਨੂੰ ਗਲਤ ਨਾ ਸਮਝਣ ਦੀ ਗਲਤੀ ਕਰਨਾ ਹੀ ਸਾਡੇ ਦੇਸ਼ 'ਚ ਹਰ ਸਾਲ 8 ਮਾਰਚ ਨੂੰ ਮਹਿਲਾ ਦਿਵਸ ਮਨਾਉਣ ਲਈ ਪ੍ਰੇਰਿਤ ਕਰਦਾ ਹੈ, ਨਹੀਂ ਤਾਂ ਔਰਤਾਂ ਦੇ ਨਾਂ 'ਤੇ ਇਕ ਦਿਨ ਮਨਾਉਣ ਦੀ ਲੋੜ ਹੀ ਨਹੀਂ ਸੀ।
ਮੀਨਾਕਸ਼ੀ ਉਨਿਆਲ
ਬਾਲੀਵੁੱਡ ਦੀਆਂ ਇਨ੍ਹਾਂ ਹਸੀਨਾਵਾਂ ਨੇ ਬਣਾਈ ਪੂਰੀ ਦੁਨੀਆ 'ਚ ਪਛਾਣ
NEXT STORY