ਮੇਹਟੀਆਣਾ, (ਸੰਜੀਵ)- ਥਾਣਾ ਮੇਹਟੀਆਣਾ ਅਧੀਨ ਇਲਾਕੇ ਅੰਦਰ ਚੋਰੀਆਂ, ਡਕੈਤੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ। ਪਿਛਲੇ ਕੁਝ ਸਮੇਂ ਤੋਂ ਇਲਾਕੇ ਵਿਚ ਚੋਰਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਹਨ। ਬੀਤੀ ਰਾਤ ਵੀ ਚੋਰਾਂ ਵੱਲੋਂ ਐੱਨ. ਆਰ. ਆਈ. ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਨ.ਆਰ.ਆਈ. ਸੁਰੇਸ਼ ਕੁਮਾਰ ਪੁੱਤਰ ਜਗਨ ਨਾਥ ਵਾਸੀ ਪਿੰਡ ਬੱਸੀ ਦੌਲਤ ਖਾਂ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਗੁਰਪਿਆਰੀ ਤੋਂ ਇਲਾਵਾ ਸਾਰਾ ਪਰਿਵਾਰ ਵਿਦੇਸ਼ ਵਿਚ ਰਹਿੰਦਾ ਹੈ। ਪਿਛਲੇ ਹਫਤੇ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ਸਬੰਧੀ ਵਤਨ ਪਰਤੇ ਸਨ। ਉਹ ਬੱਸੀ ਦੌਲਤ ਖਾਂ ਸਥਿਤ ਆਪਣੇ ਜੱਦੀ ਘਰ ਨੂੰ ਤਾਲੇ ਲਾ ਕੇ ਬੀਤੇ ਦਿਨੀਂ ਸਵੇਰੇ ਜੰਡਿਆਲਾ ਵਿਖੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਗਏ ਸਨ। ਰਾਤੀਂ ਜਦੋਂ ਕਰੀਬ 9.30 ਵਜੇ ਉਹ ਪਰਤੇ ਤਾਂ ਦੇਖਿਆ ਕਿ ਘਰ ਵਿਚ ਚੋਰੀ ਹੋ ਚੁੱਕੀ ਸੀ। ਜਦੋਂ ਉਨ੍ਹਾਂ ਸਟੋਰ ਅੰਦਰ ਜਾ ਕੇ ਦੇਖਿਆ ਤਾਂ ਚੋਰਾਂ ਨੇ ਅਲਮਾਰੀ ਦਾ ਦਰਵਾਜ਼ਾ ਤੋੜ ਕੇ ਲਾਕਰ ਵਿਚੋਂ ਸੋਨੇ ਦੇ ਗਹਿਣੇ, ਜਿਨ੍ਹਾਂ ਦੀ ਕੀਮਤ ਲਗਭਗ 15 ਲੱਖ ਰੁਪਏ ਬਣਦੀ ਹੈ ਅਤੇ ਵਿਦੇਸ਼ੀ ਕਰੰਸੀ ਸਮੇਤ ਭਾਰਤੀ ਕਰੰਸੀ ਕੁੱਲ ਪੌਣੇ 4 ਲੱਖ ਰੁਪਏ ਦੇ ਲਗਭਗ ਚੋਰੀ ਕਰ ਲਏ। ਅਨੁਮਾਨ ਹੈ ਕਿ ਚੋਰਾਂ ਨੇ ਘਰ ਦੀ ਪਿਛਲੀ ਕੰਧ ਟੱਪ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਐੱਨ. ਆਰ. ਆਈ. ਨੇ ਦੱਸਿਆ ਕਿ ਉਨ੍ਹਾਂ ਦਾ ਲਗਭਗ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਚੋਰ ਘਰ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਡੀ. ਵੀ. ਆਰ. ਰਿਕਾਰਡਰ ਵੀ ਚੋਰੀ ਕਰ ਕੇ ਲੈ ਗਏ।
ਵਰਣਨਯੋਗ ਹੈ ਕਿ 2 ਦਿਨ ਪਹਿਲਾਂ ਬੱਸੀ ਦੌਲਤ ਖਾਂ ਨੇੜਲੇ ਪਿੰਡ ਮੜੂਲੀ ਬ੍ਰਾਹਮਣਾਂ ਵਿਖੇ ਵੀ ਚੋਰਾਂ ਨੇ ਸਾਬਕਾ ਫੌਜੀ ਦੇ ਪਰਿਵਾਰ ਨੂੰ ਗੰਭੀਰ ਸੱਟਾਂ ਮਾਰ ਕੇ ਉਨ੍ਹਾਂ ਦੇ ਘਰੋਂ ਗਹਿਣੇ ਤੇ ਨਕਦੀ ਚੋਰੀ ਕਰ ਲਈ ਸੀ।
ਇਰਾਕ 'ਚ ਮਾਰੇ ਗਏ 39 ਭਾਰਤੀਆਂ ਦੀ ਸੂਚੀ ਜਾਰੀ
NEXT STORY