ਅੰਮ੍ਰਿਤਸਰ, (ਦਲਜੀਤ)- ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸੈਰ-ਸਪਾਟਾ ਵਿਭਾਗ ਛੇਤੀ ਹੀ ਪੰਜਾਬ ਦੇ ਲੋਕਾਂ ਅਤੇ ਪੰਜਾਬ ਸਰਕਾਰ ਦੀ ਕਮਾਈ ਦਾ ਵੱਡਾ ਸਰੋਤ ਬਣੇਗਾ ਤੇ ਪੰਜਾਬ ਘੁੰਮਣ-ਫਿਰਨ ਵਾਲੇ ਲੋਕਾਂ ਦੀ ਪਹਿਲੀ ਪਸੰਦ ਬਣ ਕੇ ਉਭਰੇਗਾ। ਇਹ ਪ੍ਰਗਟਾਵਾ ਉਨ੍ਹਾਂ ਗੁਰੂ ਨਾਨਕ ਦੇਵ ਹਸਪਤਾਲ ਵਿਖੇ 10 ਰੁਪਏ 'ਚ ਦੁਪਹਿਰ ਦਾ ਖਾਣਾ ਦੇਣ ਲਈ ਸ਼ੁਰੂ ਕੀਤੀ ਗਈ ਸਾਂਝੀ ਰਸੋਈ ਦੀ ਸ਼ੁਰੂਆਤ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਇਤਿਹਾਸ ਅਤੇ ਵਿਰਾਸਤ ਦਾ ਵੱਡਮੁੱਲਾ ਖਜ਼ਾਨਾ ਹੈ ਪਰ ਬਦਕਿਸਮਤੀ ਇਹ ਰਹੀ ਕਿ ਪਿਛਲੀ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਥੇ ਬੱਚਿਆਂ ਲਈ ਖੇਡ ਸਟੇਡੀਅਮ ਬਣਾਉਣਾ ਅਤੇ ਕੂੜੇ-ਕਰਕਟ ਦਾ ਸੁਚੱਜਾ ਪ੍ਰਬੰਧ ਕਰ ਕੇ ਸ਼ਹਿਰ ਨੂੰ ਸਾਫ-ਸੁਥਰਾ ਬਣਾਇਆ ਜਾਵੇਗਾ। ਸਾਂਝੀ ਰਸੋਈ ਦੀ ਗੱਲ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਇਸ ਦਾ ਮੁੱਖ ਉਦੇਸ਼ ਇਹ ਹੈ ਕਿ ਕੋਈ ਵੀ ਲੋੜਵੰਦ ਭੁੱਖਾ ਨਾ ਰਹੇ ਅਤੇ ਇਸ ਦੀ ਲਾਗਤ ਇੰਨੀ ਘੱਟ ਰੱਖੀ ਗਈ ਹੈ ਕਿ ਹਰ ਕੋਈ ਇਹ ਰਕਮ ਖਾਣੇ ਲਈ ਖਰਚ ਕਰ ਸਕੇ ਤੇ ਉਸ ਦੇ ਸਵੈਮਾਨ ਨੂੰ ਵੀ ਠੇਸ ਨਾ ਪੁੱਜੇ। ਇਸ ਮੌਕੇ ਮੈਡੀਕਲ ਸੁਪਰਡੈਂਟ ਡਾ. ਰਾਮ ਸਰੂਪ ਸ਼ਰਮਾ, ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਵਿਧਾਇਕ ਸੁਨੀਲ ਦੱਤੀ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ, ਐੱਸ. ਡੀ. ਐੱਮ. ਰਾਜੇਸ਼ ਸ਼ਰਮਾ, ਐੱਸ. ਡੀ. ਐੱਮ. ਰਜਤ ਓਬਰਾਏ, ਜੀ. ਏ. ਵਿਕਾਸ ਹੀਰਾ ਤੇ ਮੈਡਮ ਅਲਕਾ, ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ, ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ, ਅਵਤਾਰ ਸਿੰਘ ਟਰੱਕਾਂ ਵਾਲਾ, ਸ਼੍ਰੀਮਤੀ ਮਨਜੀਤ ਕੌਰ ਤੇ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।
ਕਾਂਗਰਸੀ ਤੇ ਅਕਾਲੀ ਇਕ ਦੂਜੇ ਨੂੰ ਠਹਿਰਾਉਣ ਲੱਗੇ ਦੋਸ਼ੀ
NEXT STORY