ਟੀ. ਵੀ. ਪ੍ਰੋਡਿਊਸਰੀ ਦਾ ਕੰਮ ਜਵਾਨੀ ’ਚ ਮੇਰਾ ਸਾਥੀ ਬਣਿਆ ਸੀ ਤੇ ਫਿਰ ਇਹ ਮੇਰੀ ਜਾਤ ਨਾਲ ਇੰਝ ਚਿੰਬੜ ਗਿਆ, ਜਿਵੇਂ ਮੇਰੇ ਵਜੂਦ ਦਾ ਹਿੱਸਾ ਹੋਵੇ। ਇਸ ਪ੍ਰੋਡਿਊਸਰੀ ਨੇ ਮੇਰੇ ਕੋਲੋਂ ਮੇਰੀਅਾਂ ਅੱਖਾਂ ਖੋਹ ਲਈਅਾਂ ਹਨ ਅਤੇ ਉਨ੍ਹਾਂ ਦੀ ਥਾਂ ਕੈਮਰੇ ਫਿੱਟ ਕਰ ਦਿੱਤੇ ਅਤੇ ਮੈਂ ਹਰ ਵੇਲੇ ਫਿਲਮਾਂ ਬਣਾਉਂਦਾ ਰਹਿੰਦਾ ਹਾਂ।
ਅਜਿਹੀ ਇਕ ਫਿਲਮ ਮੇਰੇ ਕੋਲੋਂ ਬਣੀ ਨਹੀਂ, ਸਗੋਂ ਧੱਕੇ ਨਾਲ ਬਣਵਾਈ ਗਈ। ਧੱਕੇ ਨਾਲ ਇਸ ਕਰਕੇ ਕਿ ਜੇ ਮੇਰੇ ਤੋਂ ਇਲਾਵਾ ਮੇਰੇ ਵਰਗਾ ਕੋਈ ਵੀ ਹੋਰ ਹੁੰਦਾ ਤਾਂ ਉਸ ਨੇ ਵੀ ਇਹ ਫਿਲਮ ਬਣਾਉਣੀ ਹੀ ਬਣਾਉਣੀ ਸੀ। ਇਹ ਫਿਲਮ ਸੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਰੱਖਣ ਵਾਲੇ ਦਿਨ ਸਿੱਖਾਂ ਦੀ ਹਾਲਤ ਬਾਰੇ। ਹਰ ਬੰਦਾ ਖੁਸ਼ ਵੀ ਹੁੰਦਾ ਹੈ ਅਤੇ ਦੂਜਿਅਾਂ ਨੂੰ ਖੁਸ਼ ਹੋਇਆ ਵੀ ਦੇਖਦਾ ਹੈ ਪਰ ਕਦੇ-ਕਦੇ ਇਹ ਖੁਸ਼ੀ ਇਤਿਹਾਸਿਕ ਵੀ ਬਣ ਜਾਂਦੀ ਹੈ। ਇਹੋ ਜਿਹੀ ਇਤਿਹਾਸਿਕ ਖੁਸ਼ੀ ਉਸ ਦਿਨ ਹਰ ਸਿੱਖ ਸ਼ਰਧਾਲੂ ਦੇ ਚਿਹਰੇ ’ਤੇ ਸੀ ਤੇ ਵੈਰਾਗ ਨਾਲ ਉਨ੍ਹਾਂ ਦੇ ਚਿਹਰੇ ਭਖ ਰਹੇ ਸਨ।
ਹਰ ਸਿੱਖ ਦੀ ਰੂਹ ਵਜੂਦ ’ਚੋਂ ਨਿਕਲ ਕੇ ਭੰਗੜਾ ਪਾਉਣਾ ਚਾਹੁੰਦੀ ਸੀ, ਬੁੱਢੇ-ਠੇਰੇ ਵੀ ਜਵਾਨ ਹੋ ਗਏ ਸਨ ਤੇ ਹਰ ਜਵਾਨ ਦਾ ਸੀਨਾ ਫਖ਼ਰ ਨਾਲ ਤਣ ਕੇ ਪਾਟਣ ਵਾਲਾ ਹੋ ਗਿਆ ਸੀ। ਪਿਛਲੇ 70 ਸਾਲਾਂ ਤੋਂ ਕਰੋੜਾਂ ਸਿੱਖ ਰੋਜ਼ਾਨਾ ਦੋ ਵੇਲੇ ਅਰਦਾਸ ਕਰਦੇ ਆਏ ਹਨ ਕਿ ਹੇ ਰੱਬਾ! ਸਾਨੂੰ ਸਾਡੇ ਤੋਂ ਵਿਛੜੇ ਗੁਰਦੁਆਰਿਅਾਂ ਦੇ ਦਰਸ਼ਨਾਂ ਦਾ ਮੌਕਾ ਮਿਲੇ।
ਇਹ ਅਰਦਾਸ ਵਾਹਗੇ ਦੇ ਦੂਜੇ ਪਾਸੇ ਰੋਕੇ ਅਤੇ ਡੱਕੇ ਹੋਏ ਸਿੱਖ ਹੀ ਨਹੀਂ ਕਰਦੇ ਆਏ, ਸਗੋਂ ਦੁਨੀਆ ਦੇ ਹਰ ਹਿੱਸੇ ’ਚ ਰਹਿੰਦੇ ਸਿੱਖਾਂ ਦੀ ਅਰਦਾਸ ਹੈ। ਹੋਰ ਤਾਂ ਹੋਰ ਪਾਕਿਸਤਾਨ ’ਚ ਰਹਿੰਦੇ ਸਿੱਖਾਂ ਦੀ ਅਰਦਾਸ ਦਾ ਵੀ ਇਹ ਹਿੱਸਾ ਹੈ ਤੇ ਜੇ ਇਸ ਅਰਦਾਸ ਨੂੰ ਸਿੱਖ ਮਜ਼ਹਬ ਦੀ ਇਬਾਦਤ ਦਾ ਲਾਜ਼ਮੀ ਹਿੱਸਾ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ।
ਕਈ ਮਜ਼ਹਬਾਂ ’ਚ ਉਸ ਮਜ਼ਹਬ ਨੂੰ ਮੰਨਣ ਵਾਲਿਅਾਂ ’ਤੇ ਆਈਅਾਂ ਮੁਸੀਬਤਾਂ ਨੂੰ ਯਾਦ ਕਰ ਕੇ ਰੋਣ ਅਤੇ ਵੈਣ ਪਾਉਣ ਦੀ ਮਜ਼ਹਬੀ ਰਸਮ ਹੈ। ਯਹੂਦੀ ਰਉਨ ਵਾਲੀ ਕੰਧ ਅੱਗੇ ਆ ਕੇ ਰੋਂਦੇ ਹਨ, ਸ਼ੀਆ ਕਰਬਲਾ ’ਚ ਨਬੀ ਪਾਕ ਦੇ ਖਾਨਦਾਨ ’ਤੇ ਕੀਤੇ ਗਏ ਜ਼ੁਲਮਾਂ ਨੂੰ ਚੇਤੇ ਕਰ ਕੇ ਰੋਂਦੇ ਹਨ, ਤਾਂ ਨਾਮਧਾਰੀ ਫਿਰਕੇ ਦੇ ਲੋਕ ਆਪਣੇ ਗੁਰੂ ਰਾਮ ਸਿੰਘ ਜੀ ਅਤੇ ਉਨ੍ਹਾਂ ਨੂੰ ਮੰਨਣ ਵਾਲਿਅਾਂ ’ਤੇ ਅੰਗਰੇਜ਼ਾਂ ਵਲੋਂ ਢਾਹੇ ਜ਼ੁਲਮਾਂ ਨੂੰ ਯਾਦ ਕਰ ਕੇ ਰੋਂਦੇ ਅਤੇ ਕੂਕਦੇ ਹਨ। ਇਸੇ ਵਜ੍ਹਾ ਕਰਕੇ ਉਨ੍ਹਾਂ ਨੂੰ ‘ਕੂਕੇ’ ਕਿਹਾ ਜਾਂਦਾ ਹੈ।
ਸਿੱਖਾਂ ’ਤੇ ਵੀ ਅਜਿਹੇ ਹੀ ਜ਼ੁਲਮ ਹੋਏ ਹਨ। ਇਨ੍ਹਾਂ ਦੀ ਇਕ ਸ਼ਕਲ ਔਰੰਗਜ਼ੇਬ ਦੇ ਰਾਜ ’ਚ ਸਿੱਖਾਂ ’ਤੇ ਢਾਹੇ ਗਏ ਜ਼ੁਲਮਾਂ ਦੇ ਰੂਪ ’ਚ ਹੈ। ਮੇਰੇ ਖਿਆਲ ਅਨੁਸਾਰ ਸਾਰੇ ਸਿੱਖਾਂ ਦੇ ਰੋਣ ਅਤੇ ਵੈਣ ਪਾਉਣ ਦੀ ਦੂਜੀ ਸੂਰਤ ਉਨ੍ਹਾਂ ਦੀਅਾਂ ਬੇਹੱਦ ਪਵਿੱਤਰ ਮਜ਼ਹਬੀ ਥਾਵਾਂ, ਜਿਵੇਂ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਤੇ ਪੰਜਾ ਸਾਹਿਬ ਤੋਂ ਵਿਛੜਨ ਦਾ ਦੁੱਖ ਹੈ। ਜਿਨ੍ਹਾਂ ਸਿੱਖਾਂ ਦੇ ਮੁਕੱਦਰ ਚੰਗੇ ਹੋਣ, ਉਹ ਪਾਕਿਸਤਾਨ ਜਾ ਕੇ ਇਨ੍ਹਾਂ ਪਵਿੱਤਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਆਉਂਦੇ ਹਨ, ਮੱਥਾ ਟੇਕ ਆਉਂਦੇ ਹਨ, ਜਦਕਿ ਬਾਕੀ ਵਿਚਾਰੇ ਸਾਰੀ ਜ਼ਿੰਦਗੀ ਤਰਸਦੇ ਰਹਿੰਦੇ ਹਨ। ਪਾਕਿਸਤਾਨ ’ਚ ਵੀ ਇਨ੍ਹਾਂ ਥਾਵਾਂ ਦੇ ਦਰਸ਼ਨ ਕਰਨ ’ਤੇ ਕਈ ਪਾਬੰਦੀਅਾਂ ਹੁੰਦੀਅਾਂ ਹਨ। ਜੇ ਕਦੇ ਉਹ ਨਨਕਾਣਾ ਸਾਹਿਬ ਜਾਂਦੇ ਹਨ ਤਾਂ ਉਨ੍ਹਾਂ ਨੂੰ ਕਿਸੇ ਹੋਰ ਥਾਂ ਜਾਣ ਦੀ ਇਜਾਜ਼ਤ ਨਹੀਂ ਹੁੰਦੀ। ਸਿੱਖਾਂ ਲਈ ਸਭ ਤੋਂ ਮੁਸ਼ਕਿਲ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਾ ਰਿਹਾ ਹੈ।
ਸਭ ਤੋਂ ਵੱਧ ਮੁਕੱਦਸ ਜਗ੍ਹਾ
ਨਨਕਾਣਾ ਸਾਹਿਬ ਮਗਰੋਂ ਸਿੱਖ ਧਰਮ ’ਚ ਸ਼ਾਇਦ ਕਰਤਾਰਪੁਰ ਸਾਹਿਬ ਹੀ ਸਭ ਤੋਂ ਵੱਧ ਮੁਕੱਦਸ, ਭਾਵ ਪਵਿੱਤਰ ਜਗ੍ਹਾ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਤੋਂ ਵੱਧ ਸਮੇਂ ਲਈ ਇਥੇ ਹੀ ਰਹੇ ਅਤੇ ਇਥੇ ਹੀ ਜੋਤੀ-ਜੋਤਿ ਸਮਾਏ। ਉਥੇ ਮੁਸਲਮਾਨਾਂ ਨੇ ਉਨ੍ਹਾਂ ਦੀ ਕਬਰ ਬਣਾਈ ਅਤੇ ਹਿੰਦੂਅਾਂ ਤੇ ਸਿੱਖਾਂ ਨੇ ਉਨ੍ਹਾਂ ਦਾ ਸਸਕਾਰ ਕੀਤਾ।
ਹੁਣ ਗੁਰਦੁਆਰਾ ਕਰਤਾਰਪੁਰ ਸਾਹਿਬ ਵਾਹਗਾ ਬਾਰਡਰ ਰਾਹੀਂ 100 ਤੋਂ ਵੱਧ ਮੀਲ ਦੂਰ ਹੈ। ਉਥੇ ਜਾਣ ਲਈ ਨਾ ਕੋਈ ਰੇਲ ਗੱਡੀ ਅਤੇ ਨਾ ਕੋਈ ਬੱਸ। ਇਸ ਤੋਂ ਇਲਾਵਾ ਉਥੇ ਦਰਸ਼ਨ ਕਰਨ ਲਈ ਜਾਣ ਵਾਸਤੇ ਖਾਸ ਪਰਮਿਟ ਦੀ ਲੋੜ ਵੀ ਪੈਂਦੀ ਹੋਵੇਗੀ। ਇਸ ਪਾਰੋਂ ਗਏ ਸਿੱਖ ਅਕਸਰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਬਿਨਾਂ ਹੀ ਮੁੜ ਆਉਂਦੇ ਸਨ। ਇਹ ਉਸੇ ਤਰ੍ਹਾਂ ਹੀ ਹੈ, ਜਿਸ ਤਰ੍ਹਾਂ ਮੁਸਲਮਾਨ ਮੱਕੇ ਜਾ ਕੇ ਹੱਜ ਕਰਨ ਮਗਰੋਂ ਮਦੀਨੇ ਨਾ ਜਾ ਸਕਣ।
ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦਾ ਇਕੋ ਹੀ ਤਰੀਕਾ ਸੀ ਕਿ ਸਿੱਖ ਹਿੰਦੋਸਤਾਨ ’ਚ ਬਾਰਡਰ ਦੇ ਦੂਜੇ ਪਾਸੇ ਖਲੋਅ ਕੇ 4 ਮੀਲ ਦੂਰੋਂ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਦੂਰਬੀਨ ਰਾਹੀਂ ਕਰ ਲੈਣ। ਇਥੇ ਫਿਰ ਮੁਸਲਮਾਨਾਂ ਦੀ ਮਿਸਾਲ ਦੇਣੀ ਪੈਂਦੀ ਹੈ ਕਿ ਜਿਵੇਂ ਮੁਸਲਮਾਨਾਂ ਨੂੰ ਮੱਕੇ ਅਤੇ ਮਦੀਨੇ ਤੋਂ 4 ਮੀਲ ਦੂਰ ਰੋਕ ਦਿੱਤਾ ਜਾਵੇ ਤੇ ਉਨ੍ਹਾਂ ਨੂੰ ਹੱਜ ਨਾ ਕਰਨ ਦਿੱਤਾ ਜਾਵੇ, ਨਾ ਰੋਜ਼ਾ ਰਸੂਲ ਦੀ ਜ਼ਿਆਰਤ ਕਰਨ ਦਿੱਤੀ ਜਾਵੇ।
ਹੁਣ ਜਦੋਂ ਪਾਕਿਸਤਾਨ ਸਰਕਾਰ ਨੇ 4 ਮੀਲ ਦਾ ਇਹ ਬਾਰਡਰ ਪਾਰ ਕਰ ਕੇ ਬਿਨਾਂ ਵੀਜ਼ੇ ਦੇ ਕਰਤਾਰਪੁਰ ਸਾਹਿਬ ਆ ਕੇ ਦਰਸ਼ਨ ਕਰਨ ਦੀ ਸਿੱਖਾਂ ਨੂੰ ਇਜਾਜ਼ਤ ਦੇਣ ਦਾ ਫੈਸਲਾ ਲਿਆ ਹੈ ਤਾਂ ਇਹ ਗੱਲ ਸਿੱਖ ਇਤਿਹਾਸ ’ਚ ਸੁਨਹਿਰੀ ਅੱਖਰਾਂ ’ਚ ਲਿਖੀ ਜਾਵੇਗੀ। ਪੂਰੀ ਦੁਨੀਆ ’ਚ ਵਸਦੇ ਸਿੱਖਾਂ ਲਈ ਇਹ ਦਿਨ ਕਿਸੇ ਈਦ ਜਾਂ ਦੀਵਾਲੀ ਤੋਂ ਘੱਟ ਨਹੀਂ ਹੋਵੇਗਾ।
ਹੁਣ ਜਦੋਂ ਇਨ੍ਹਾਂ ਖੁਸ਼ ਅਤੇ ਨਿਹਾਲ ਸਿੱਖਾਂ ਦੇ ਚਿਹਰੇ ਦੇਖ ਰਿਹਾ ਸੀ ਤਾਂ ਮੈਨੂੰ ਉਨ੍ਹਾਂ ਦੇ ਚਿਹਰਿਅਾਂ ਪਿੱਛੇ ਕੁਝ ਹੋਰ ਚਿਹਰੇ ਵੀ ਦਿਸੇ, ਜੋ ਉਦਾਸ ਤੇ ਮੁਰਝਾਏ ਹੋਏ ਸਨ। ਇੰਝ ਲੱਗਦਾ ਸੀ, ਜਿਵੇਂ ਉਨ੍ਹਾਂ ਦੇ ਹੰਝੂ ਖਰੀਂਡ ਬਣ ਗਏ ਹੋਣ। ਇਹ ਚਿਹਰੇ ਸਨ ਪੰਜਾਬੀ ਹਿੰਦੂਅਾਂ ਦੇ। ਇਨ੍ਹਾਂ ਚਿਹਰਿਅਾਂ ’ਚ ਹੀ ਇਕ ਚਿਹਰਾ ਸੀ ਕੁਲਦੀਪ ਨਈਅਰ ਦਾ, ਜੋ ‘ਲਾਹੌਰ-ਲਾਹੌਰ’ ਕਰਦਾ ਮਰ ਗਿਆ। ਉਸ ਨੇ ਮੁੜ ਲਾਹੌਰ ਜਾ ਕੇ ਵਸਣ ਦੀ ਤਾਂਘ ਆਪਣੀ ਰਾਖ ਨੂੰ ਰਾਵੀ ਦਰਿਆ ’ਚ ਮਿਲਾ ਕੇ ਪੂਰੀ ਕੀਤੀ।
ਇਨ੍ਹਾਂ ਚਿਹਰਿਅਾਂ ’ਚ ਹੀ ਬੁੱਢੇ ਮਲਹੋਤਰੇ ਦਾ ਚਿਹਰਾ ਵੀ ਸੀ, ਜਿਸ ਨੂੰ ਮੈਂ ਦਿੱਲੀ ’ਚ ਮਿਲਿਆ ਸੀ। ਉਹ ਹੜੱਪਾ ਦਾ ਜੰਮਪਲ ਸੀ ਅਤੇ ਠੇਠ ਜਾਂਗਲੀ ਪੰਜਾਬੀ ਬੋਲਦਾ ਸੀ। ਉਹ ਕਹਿੰਦਾ ਸੀ, ‘‘ਹੜੱਪੇ ਦੀ ਹਰ ਝਾੜੀ ਮੇਰੇ ਨਾਲ ਪਲੀ ਤੇ ਜਵਾਨ ਹੋਈ ਸੀ। ਉਹ ਝਾੜੀਅਾਂ ਹਾਲੇ ਵੀ ਮੇਰੇ ਨਾਲ ਖੇਡਦੀਅਾਂ ਤੇ ਮਸ਼ਕਰੀਅਾਂ ਕਰਦੀਅਾਂ ਹਨ। ਮੈਂ ਹਿੰਦੋਸਤਾਨ ਨਹੀਂ ਆਇਆ, ਮੈਂ ਤਾਂ ਹੜੱਪੇ ਹੀ ਰਹਿੰਦਾ ਹਾਂ।’’
ਇਹ ਕਹਿੰਦਿਅਾਂ ਉਸ ਦੀਅਾਂ ਬੁੱਢੀਅਾਂ ਅੱਖਾਂ ਨੇ ਸਾਉਣ ਦੀ ਝੜੀ ਲਾ ਦਿੱਤੀ। ਮੈਨੂੰ ਉਹ ਹਿੰਦੂ ਵੀ ਕਦੇ ਨਹੀਂ ਭੁੱਲਣਾ, ਜਿਸ ਨੇ ਮੈਨੂੰ ਕਿਹਾ, ‘‘ਸਿੱਖ ਤਾਂ ਯਾਤਰਾ ਰਾਹੀਂ ਆਪਣੇ ਦਾਦੇ-ਪੜਦਾਦੇ ਦਾ ਦੇਸ਼ ਦੇਖ ਆਉਂਦੇ ਹਨ ਪਰ ਮੇਰਾ ਕੀ ਕਸੂਰ, ਮੈਂ ਕਿਉਂ ਨਹੀਂ ਜਾ ਸਕਦਾ? ਮੇਰੇ ਦਾਦੇ-ਪੜਦਾਦੇ ਵੀ ਤਾਂ ਉਸੇ ਦੇਸ਼ ’ਚ ਜੰਮੇ-ਪਲੇ ਸਨ? ਸਿੱਖਾਂ ਦੀਅਾਂ ਤਾਂ ਥੋੜ੍ਹੀਅਾਂ ਜਿਹੀਅਾਂ ਪਵਿੱਤਰ ਥਾਵਾਂ ਹਨ, ਜਿਨ੍ਹਾਂ ਦੇ ਦਰਸ਼ਨਾਂ ਲਈ ਉਹ ਜਾਂਦੇ ਹਨ ਪਰ ਮੇਰੇ ਲਈ ਤਾਂ ਓਧਰਲਾ ਸਾਰਾ ਪੰਜਾਬ ਹੀ ਇਕ ਮੰਦਰ ਹੈ। ਮੇਰਾ ਰਾਮ ਤਾਂ ਉਥੇ ਜੰਮਿਆ ਸੀ। ਇਕ ਰਾਮ ਨਹੀਂ, ਸਗੋਂ ਸਾਰੇ ਦੇਵੀ-ਦੇਵਤੇ ਉਥੋਂ ਦੇ ਸਨ। ਹੜੱਪਾ ਅਤੇ ਮੋਹੰਜੋਦਾੜੋ ਤੋਂ ਲੈ ਕੇ 1947 ਤਕ ਮੇਰੀਅਾਂ ਕਿੰਨੇ ਹਜ਼ਾਰ ਪੀੜ੍ਹੀਅਾਂ ਇਸ ਮਿੱਟੀ ਦਾ ਹਿੱਸਾ ਹਨ।’’
1947 ਤੋਂ ਬਾਅਦ ਪਾਕਿਸਤਾਨ ’ਚ ਜੰਮਣ ਵਾਲੀਅਾਂ ਨਸਲਾਂ ਦੇ ਦਿਮਾਗ ’ਚ ਹਿੰਦੂ ਦੀ ਜੋ ਤਸਵੀਰ ਪਾਈ ਗਈ ਹੈ, ਇਸ ’ਚ ਉਸ ਦੇ ਸਿਰ ’ਤੇ ਬੋਦੀ ਹੈ, ਗਲੋਂ ਨੰਗਾ, ਥੱਲੇ ਲਾਂਗੜ (ਧੋਤੀ), ਇਕ ਹੱਥ ’ਚ ਪਿੱਤਲ ਦੀ ਗੜਵੀ ਅਤੇ ਦੂਜੇ ਹੱਥ ’ਚ ਇਕ ਛੁਰੀ ਹੈ, ਜੋ ਮੁਸਲਮਾਨ ਦੇ ਖੂਨ ਨਾਲ ਲਿੱਬੜੀ ਹੋਈ ਹੈ। ਉਹ ‘ਰਾਮ-ਰਾਮ’ ਕਰਦਾ ਮੰਦਰ ਵੱਲ ਜਾ ਰਿਹਾ ਹੈ।
ਪਾਕਿਸਤਾਨ ਦੇ ਜਿਹੜੇ ਲੋਕਾਂ ਦਾ ਕਿਸੇ ਜਿਊਂਦੇ-ਜਾਗਦੇ ਹਿੰਦੂ ਨਾਲ ਵਾਹ ਨਹੀਂ ਪਿਆ, ਉਹ ਸਮਝਦੇ ਹਨ ਕਿ ਹਿੰਦੂ ਕੋਈ ਇਨਸਾਨ ਦੀ ਸ਼ਕਲ ਨਹੀਂ, ਸਗੋਂ ਕੋਈ ਹੋਰ ਜੀਵ ਹੈ, ਉਹ ਬੁਜ਼ਦਿਲ ਅਤੇ ਡਰਾਕਲ ਹੈ ਪਰ ਇਹ ਕਸ਼ਮੀਰੀਅਾਂ ਨੂੰ ਗਾਜਰ-ਮੂਲੀ ਵਾਂਗ ਵੱਢ ਰਿਹਾ ਹੈ। ਹਿੰਦੋਸਤਾਨ ’ਚ ਜਿਸ ਵੀ ਮੁਸਲਮਾਨ ਦਾ ਕਤਲ ਹੁੰਦਾ ਹੈ, ਉਸ ਦਾ ਕਾਤਲ ਹਮੇਸ਼ਾ ਹਿੰਦੂ ਹੁੰਦਾ ਹੈ।
ਹੜੱਪਾ ਤੇ ਮੋਹੰਜੋਦਾੜੋ ਦੀਅਾਂ ਤਹਿਜ਼ੀਬਾਂ ਦਾ ਵਾਰਿਸ ਹਿੰਦੂ
ਮੈਂ ਅਕਸਰ ਸੋਚਦਾ ਹੁੰਦਾ ਸੀ ਕਿ ਇਹ ਉਹ ਹਿੰਦੂ ਸੀ, ਜੋ ਹੜੱਪਾ ਤੇ ਮੋਹੰਜੋਦਾੜੋ ਦੀਅਾਂ ਤਹਿਜ਼ੀਬਾਂ ਦਾ ਵਾਰਿਸ ਸੀ। ਕੀ ਇਹ ਸਾਰੇ ਇਤਿਹਾਸ ’ਚ ਮੁਸਲਮਾਨਾਂ ਦਾ ਖੂਨ ਹੀ ਪੀਂਦਾ ਰਿਹਾ? ਫਿਰ ਨਵੇਂ ਲਾਹੌਰ ਦਾ ਪਿਓ ਗੰਗਾ ਰਾਮ ਕੌਣ ਸੀ, ਜੋ ਕਰੋੜਾਂ ਇਨਸਾਨਾਂ ਦਾ ਰਹਿਬਰ ਸੀ। ਉਸ ਨੇ ਤਾਂ ਕਦੇ ਵੀ ਹਿੰਦੂ, ਸਿੱਖ, ਮੁਸਲਮਾਨ, ਈਸਾਈ ਦੀਅਾਂ ਵੰਡੀਅਾਂ ਨਹੀਂ ਪਾਈਅਾਂ। ਉਸ ਨੇ ਤਾਂ ਕਦੇ ਨਹੀਂ ਕਿਹਾ ਕਿ ਉਸ ਦੇ ਹਸਪਤਾਲ ’ਚ ਮੁਸਲਮਾਨ ਦਾ ਦਾਖਲ ਹੋਣਾ ਮਨ੍ਹਾ ਹੈ। ਉਸ ਦੇ ਪੁੰਨ ਦਾ ਲੰਗਰ ਤਾਂ ਹਾਲੇ ਵੀ ਚੱਲ ਰਿਹਾ ਹੈ। ਫਿਰ ਕੋਈ ਇਕ ਗੰਗਾ ਰਾਮ ਤਾਂ ਨਹੀਂ ਸੀ, ਥਾਂ-ਥਾਂ ਗੰਗਾ ਰਾਮ ਸਨ। ਹੜੱਪਾ ਤੇ ਮੋਹੰਜੋਦਾੜੋ ਤੋਂ ਲੈ ਕੇ ਖੌਰੇ ਕਿੰਨੇ ਗੰਗਾ ਰਾਮ ਹੋਏ ਹੋਣਗੇ?
ਮੇਰੇ ਖਿਆਲ ’ਚ 1947 ਦੀ ਵੰਡ ਦਾ ਸਭ ਤੋਂ ਵੱਡਾ ਮਜ਼ਲੂਮ ਪੰਜਾਬੀ ਹਿੰਦੂ ਹੈ। ਇਹ ਸ਼ਾਹ ਤੋਂ ਖਾਕਸ਼ਾਹ ਹੋ ਗਿਆ, ਅਰਬਾਂ-ਖ਼ਰਬਾਂ ਦੀਅਾਂ ਜਾਇਦਾਦਾਂ ਛੱਡ ਕੇ 3 ਕੱਪੜਿਅਾਂ ’ਚ ਘਰੋਂ-ਬੇਘਰ ਹੋ ਗਿਆ। ਇਹ ਹਿੰਦੂ 1947 ਦਾ ਕਤਲੇਆਮ ਕਰਨ ਵਾਲਿਅਾਂ ਦਾ ਹਿੱਸਾ ਨਹੀਂ ਸੀ ਪਰ ਖੁਦ ਜ਼ਰੂਰ ਕਤਲੇਆਮ ਦਾ ਹਿੱਸਾ ਬਣਿਆ। ਲੁੱਟ-ਪੁੱਟ ਹੋ ਕੇ ਹਿੰਦੋਸਤਾਨ ਪਹੁੰਚਿਆ ਤਾਂ ਕੋਈ ਓਦਰੀਅਾਂ ਬਾਹਾਂ ਉੁਸ ਨੂੰ ਗਲ਼ੇ ਲਾਉਣ ਲਈ ਮੌਜੂਦ ਨਹੀਂ ਸਨ। ਮੁਕਾਮੀ ਹਿੰਦੂ ਨੇ ਉਸ ਨੂੰ ਭਰਾ ਨਹੀਂ, ਸਗੋਂ ਸ਼ਰੀਕ ਸਮਝਿਆ।
ਸਾਰੀ ਪੰਜਾਬੀ ਕੌਮ ਨੂੰ ਕਰਤਾਰਪੁਰ ਸਾਹਿਬ ਦੇ ਗਲਿਆਰੇ ਲਈ ਲੱਖ-ਲੱਖ ਵਧਾਈਅਾਂ ਪਰ ਸਿਰਫ ਇਕੋ ਗਲਿਆਰਾ ਕਿਉਂ? ਪੰਜਾਬੀ ਹਿੰਦੂ ਲਈ ਗਲਿਆਰਾ ਕਿਉਂ ਨਹੀਂ? ਰਾਮ ਦੇ ਪੁੱਤਰ ਲੇਹਾ ਵਲੋਂ ਵਸਾਇਆ ਸ਼ਹਿਰ ਲਾਹੌਰ ਵੀ ਹਿੰਦੂ ਦਾ ਮੰਦਰ ਹੈ। ਇਸ ਤੋਂ ਇਲਾਵਾ ਪਾਕਿਸਤਾਨੀ ਸਮਾਜ ’ਚ ਸੈਂਕੜੇ, ਹਜ਼ਾਰਾਂ ਮੰਦਰ ਹਨ, ਜਿਨ੍ਹਾਂ ’ਚ ਪਤਾ ਨਹੀਂ ਕਿੰਨੇ ਮੰਦਰ ਇਤਿਹਾਸਕ ਅਤੇ ਮਹਾ-ਪਵਿੱਤਰ ਹਨ। ਉਨ੍ਹਾਂ ਦੇ ਦਰਸ਼ਨਾਂ ਦੇ ਚਾਹਵਾਨ ਹਿੰਦੂਅਾਂ ਲਈ ਗਲਿਆਰਾ ਕਿਉਂ ਨਹੀਂ?
ਸਿਰਫ ਕਰਜ਼ਾ ਮੁਆਫੀ ਨਾਲ ਨਹੀਂ ਹੋਣਾ ਕਿਸਾਨਾਂ ਦਾ ਭਲਾ
NEXT STORY