ਸਾਹਿਤ ਪ੍ਰੇਮੀ, ਵਿਗਿਆਨੀ, ਵਾਤਾਵਰਣ ਮਾਹਿਰ, ਸਮਾਜਿਕ ਵਰਕਰ ਅਤੇ ਸਿਆਸੀ ਆਗੂ, ਕੋਈ ਵੀ ਹੋਵੇ, ਹਿਮਾਲਿਆ ਪਰਬਤ ਲੜੀਆਂ ਸਾਰਿਆਂ ਦਾ ਮਨ ਮੋਹਣ ਅਤੇ ਇਕ ਤਰ੍ਹਾਂ ਦੀ ਆਤਮਿਕ ਸ਼ਾਂਤੀ ਪ੍ਰਦਾਨ ਕਰਨ ਲਈ ਕਾਫੀ ਹਨ। ਜਦੋਂ ਵੀ ਸ਼ਹਿਰ ਤੋਂ ਦੂਰ ਕਿਸੇ ਥਾਂ ’ਤੇ ਜਾਣ ਦੀ ਇੱਛਾ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਹਿਮਾਲਿਆ ਦੀ ਗੋਦ ’ਚ ਵਸੇ ਪਰਬਤੀ ਖੇਤਰਾਂ ਦੀ ਗੱਲ ਹੁੰਦੀ ਹੈ। ਕੁਦਰਤ ਦੀ ਇਹ ਅਨਮੋਲ ਵਿਰਾਸਤ ਨਾ ਸਿਰਫ ਸਾਡੇ ਦੇਸ਼ ਦੀ ਪਹਿਰੇਦਾਰ ਬਣ ਕੇ ਸਾਡੀ ਰੱਖਿਆ ਕਰਦੀ ਹੈ ਸਗੋਂ ਜੀਵਨ ਲਈ ਜ਼ਰੂਰੀ ਸਰੋਤਾਂ ਦੀ ਪੂਰਤੀ ਕਰਦੀ ਹੈ।
ਹਿਮਾਲਿਆ ਦਿਵਸ : ਕੁਝ ਸਾਲ ਪਹਿਲਾਂ ਉੱਤਰਾਖੰਡ ਸਰਕਾਰ ਨੇ 9 ਸਤੰਬਰ ਦਾ ਦਿਨ ਹਿਮਾਲਿਆ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ। ਉਦੋਂ ਤੋਂ ਹੁਣ ਤਕ ਹਰ ਸਾਲ ਗੋਸ਼ਟੀਆਂ ਅਤੇ ਸੰਕਲਪ ਪੱਤਰਾਂ ਦੇ ਆਯੋਜਨ ਨਾਲ ਆਪਣਾ ਫਰਜ਼ ਪੂਰਾ ਕਰ ਲਿਆ ਜਾਂਦਾ ਹੈ ਅਤੇ ਉਸ ਪਿੱਛੋਂ ਜਿਵੇਂ ਕਿ ਸਾਡੀ ਆਦਤ ਅਤੇ ਪ੍ਰੰਪਰਾ ਹੈ, ਇਸ ਨੂੰ ਭੁਲਾ ਦਿੱਤਾ ਜਾਂਦਾ ਹੈ ਅਤੇ ਅਸੀਂ ਹਿਮਾਲਿਆ ਦਾ ਘਾਣ, ਉਸ ਤੋਂ ਆਰਥਿਕ ਲਾਭ ਹਾਸਲ ਕਰਨ, ਕਾਰੋਬਾਰੀ ਸਰਗਰਮੀਆਂ ਦਾ ਸੰਚਾਲਨ ਕਰਨ ਅਤੇ ਜਿੰਨਾ ਹੋ ਸਕੇ ਉਸ ਦੇ ਸਰੂਪ ਅਤੇ ਖੂਬਸੂਰਤੀ ਨੂੰ ਵਿਗਾੜਨ ’ਚ ਲੱਗ ਜਾਂਦੇ ਹਾਂ। ਸਰਕਾਰ ਹੋਵੇ ਜਾਂ ਸਮਾਜ, ਉਸ ’ਤੇ ਅਦਾਲਤਾਂ ਦੀਆਂ ਟਿੱਪਣੀਆਂ ਦਾ ਕੋਈ ਅਸਰ ਨਹੀਂ ਹੁੰਦਾ। ਅਦਾਲਤਾਂ ਚੀਕ-ਚੀਕ ਕੇ ਕਹਿੰਦੀਆਂ ਹਨ ਕਿ ਇਸ ਖੇਤਰ ’ਚ ਜਿੰਨੀਆਂ ਵੀ ਆਫਤਾਂ ਆਉਂਦੀਆਂ ਹਨ, ਵਧੇਰੇ ਮਨੁੱਖ ਦੀਆਂ ਬਣਾਈਆਂ ਹਨ, ਉਸੇ ਦੀ ਕਾਰਗੁਜ਼ਾਰੀ ਹੈ, ਗਲਤ ਨੀਤੀਆਂ ਦਾ ਨਤੀਜਾ ਹੈ।
ਵਿਗਿਆਨਕ ਅਤੇ ਵਾਤਾਵਰਣ ਦੇ ਜਾਣਕਾਰ ਵਾਰ-ਵਾਰ ਸੁਚੇਤ ਕਰਦੇ ਹਨ ਕਿ ਜੇ ਇਸੇ ਤਰ੍ਹਾਂ ਕੁਦਰਤੀ ਨਿਯਮਾਂ ਦੀ ਅਣਦੇਖੀ ਕਰਦੇ ਹੋਏ ਜੰਗਲ ਤਬਾਹ ਹੁੰਦੇ ਰਹੇ, ਜੰਗਲਾਂ ਨੂੰ ਸਪਾਟ ਮੈਦਾਨ ਬਣਾਇਆ ਜਾਂਦਾ ਰਿਹਾ, ਨਦੀਆਂ ਨੂੰ ਨਾਲਿਆਂ ’ਚ ਬਦਲਿਆ ਜਾਂਦਾ ਰਿਹਾ, ਈਕੋ ਸੈਂਸੀਟਿਵ ਖੇਤਰਾਂ ’ਚ ਨਿਰਮਾਣ ਕਾਰਜ ਹੁੰਦਾ ਰਿਹਾ, ਸੈਲਾਨੀਆਂ ਲਈ ਸਹੀ ਪ੍ਰਬੰਧ ਕੀਤੇ ਬਿਨਾਂ ਵਿੰਗੇ-ਟੇਢੇ ਤਰੀਕਿਆਂ ਨਾਲ ਇਨ੍ਹਾਂ ਸਥਾਨਾਂ ’ਤੇ ਆਉਣਾ-ਜਾਣਾ ਲੱਗਿਆ ਰਿਹਾ, ਪ੍ਰਦੂਸ਼ਣ ਵਧਦਾ ਰਿਹਾ ਤੇ ਵਿਕਾਸ ਦੇ ਨਾਂ ’ਤੇ ਸ਼ੋਸ਼ਣ ਹੁੰਦਾ ਰਿਹਾ ਤਾਂ ਕੁਦਰਤੀ ਪ੍ਰਕੋਪ ਤੋਂ ਬਚਣਾ ਅਸੰਭਵ ਹੈ। ਇਹ ਧਿਆਨ ਦੇਣ ਦੀ ਗੱਲ ਹੈ ਕਿ ਮਨੁੱਖ ਦੀਆਂ ਗਲਤੀਆਂ ਨਾਲ ਹਿਮਾਲਿਆ ਪਰਬਤ ਤਾਂ ਆਪਣੀ ਜਗ੍ਹਾ ਖੜ੍ਹਾ ਰਹੇਗਾ ਪਰ ਉਹ ਸਾਡੇ ਸਾਰੇ ਮਨਸੂਬਿਆਂ ’ਤੇ ਪਾਣੀ ਵੀ ਫੇਰਦਾ ਰਹੇਗਾ।
ਪਿਛਲੇ ਸਾਲਾਂ ’ਚ ਲਗਾਤਾਰ ਇਨ੍ਹਾਂ ਪਰਬਤੀ ਸੂਬਿਆਂ ’ਚ ਹੜ੍ਹ ਆਉਂਦੇ ਰਹੇ ਹਨ। ਨਿਯਮਾਂ ਦੀ ਅਣਦੇਖੀ ਕਰ ਕੇ ਨਿਰਮਿਤ ਸੜਕਾਂ, ਪੁਲ, ਭਵਨ ਅਤੇ ਲੱਖਾਂ-ਕਰੋੜਾਂ ਦੀ ਲਾਗਤ ਨਾਲ ਬਣੇ ਊਰਜਾ ਪਲਾਂਟ ਇਸ ਤਰ੍ਹਾਂ ਵਹਿੰਦੇ ਦਿਸਦੇ ਹਨ ਜਿਵੇਂ ਕਿ ਉਹ ਸਿਰਫ ਖਿਡੌਣੇ ਹੋਣ, ਇਨ੍ਹਾਂ ਦੀ ਹੋਂਦ ਨੂੰ ਨਕਾਰਨਾ ਹੀ ਇਨ੍ਹਾਂ ਸਾਰੀਆਂ ਆਫਤਾਂ ਦਾ ਮੂਲ ਹੈ।
ਇਸ ਤੋਂ ਨਾਂਹ ਨਹੀਂ ਕੀਤੀ ਜਾ ਸਕਦੀ ਕਿ ਵਿਕਾਸ ਲਈ ਪਰਬਤੀ ਖੇਤਰਾਂ ’ਚ ਨਿਰਮਾਣ ਜ਼ਰੂਰੀ ਹੈ ਪਰ ਜੇ ਉਸ ਲਈ ਲੈਂਡਸਕੇਪ ਹੀ ਬਦਲ ਦੇਵਾਂਗੇ, ਬਨਸਪਤੀ ਨਸ਼ਟ ਕਰ ਦੇਵਾਂਗੇ, ਧਰਤੀ ਦੀ ਪਾਣੀ ਸੋਖਣ ਦੀ ਤਾਕਤ ਹੀ ਖਤਮ ਕਰ ਦੇਵਾਂਗੇ ਅਤੇ ਪਹਾੜਾਂ ਨੂੰ ਕੱਟ ਕੇ ਉਨ੍ਹਾਂ ਨੂੰ ਬਦਸੂਰਤ ਬਣਾ ਦੇਵਾਂਗੇ ਤਾਂ ਫਿਰ ਹਿਮਾਲਿਆ ਉਸ ਦਾ ਵਿਰੋਧ ਕਰਦੇ ਹੋਏ ਉਹ ਸਭ ਨਸ਼ਟ ਤਾਂ ਕਰੇਗਾ ਹੀ ਜੋ ਅਸੀਂ ਉਸ ਦੀ ਅਣਦੇਖੀ ਕਰਦੇ ਹੋਏ ਬਣਾਇਆ ਹੈ। ਇਸ ਦਾ ਅਰਥ ਇਹ ਹੈ ਕਿ ਅਸੀਂ ਹਿਮਾਲਿਆ ਦੀ ਰੱਖਿਆ ਕਰਨ ਦਾ ਦੰਭ ਨਾ ਭਰੀਏ ਸਗੋਂ ਉਸ ਨੂੰ ਆਪਣੇ ਢੰਗ ਨਾਲ ਸਾਡੀ ਹਿਫਾਜ਼ਤ ਕਰਨ ਦੇਈਏ।
ਇਨ੍ਹਾਂ ਹਿਮਾਲਿਆਈ ਸੂਬਿਆਂ ’ਚ ਪਿਛਲੇ ਕੁਝ ਸਮੇਂ ਤੋਂ ਖੇਤੀ ਅਤੇ ਜੰਗਲਾਂ ’ਚ ਬਹੁਤ ਤਬਦੀਲੀ ਆਈ ਹੈ। ਕਿਸਾਨ ਹੁਣ ਰਵਾਇਤੀ ਅਨਾਜ ਦੀ ਖੇਤੀ ਦੀ ਬਜਾਏ ਕੈਸ਼ ਕ੍ਰਾਪ ਦੀ ਪੈਦਾਵਾਰ ਕਰ ਰਹੇ ਹਨ। ਇਸ ਲਈ ਉਨ੍ਹਾਂ ਨੂੰ ਮੰਡੀ ਤਕ ਛੇਤੀ ਪਹੁੰਚਣ ਲਈ ਸੜਕਾਂ ਅਤੇ ਆਉਣ-ਜਾਣ ਦੇ ਸਾਧਨ ਚਾਹੀਦੇ ਹਨ।
ਹੋਇਆ ਇਹ ਕਿ ਇਸ ਲੋੜ ਨੂੰ ਪੂਰਾ ਤਾਂ ਕੀਤਾ ਗਿਆ ਪਰ ਉਸ ਨਾਲ ਜੋ ਮਲਬਾ ਨਿਕਲਿਆ, ਉਸ ਦੀ ਨਿਕਾਸੀ ਦਾ ਇੰਤਜ਼ਾਮ ਨਾ ਹੋਣ ਨਾਲ ਉਹ ਨਦੀਆਂ ’ਚ ਜਮ੍ਹਾਂ ਹੋ ਗਿਆ। ਨਤੀਜਾ ਇਹ ਹੋਇਆ ਕਿ ਮੀਂਹ ਪੈਂਦਿਆਂ ਹੀ ਨਦੀਆਂ ਉੱਛਲਣ ਲੱਗੀਆਂ ਅਤੇ ਹੜ੍ਹ ਨੇ ਪੂਰੇ ਇਲਾਕੇ ਨੂੰ ਤਹਿਸ-ਨਹਿਸ ਕਰ ਦਿੱਤਾ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਸੜਕ ਨਿਰਮਾਣ ਤੋਂ ਪਹਿਲਾਂ ਇਸ ਸਮੱਸਿਆ ਦਾ ਹੱਲ ਕਰਨ ਲਈ ਜ਼ਰੂਰੀ ਉਪਾਅ ਕਰ ਲਏ ਜਾਂਦੇ ਤਾਂ ਹਿਮਾਲਿਆ ਦੇ ਪ੍ਰਕੋਪ ਤੋਂ ਬਚਿਆ ਜਾ ਸਕਦਾ ਸੀ।
ਇਸੇ ਤਰ੍ਹਾਂ ਊਰਜਾ ਉਤਪਾਦਨ, ਸੀਮੈਂਟ ਉਦਯੋਗ ਅਤੇ ਦੂਜੇ ਕਾਰਜਾਂ ਲਈ ਜ਼ਮੀਨ ਦੀ ਵਰਤੋਂ ਕਰਨ ਤੋਂ ਪਹਿਲਾਂ ਵਾਤਾਵਰਣ ਸੰਤੁਲਨ ਦੇ ਪ੍ਰਬੰਧ ਲਾਜ਼ਮੀ ਹਨ। ਤਰੱਕੀ ਲਈ ਇਹ ਸਭ ਜ਼ਰੂਰੀ ਹੈ ਪਰ ਉਸ ਤੋਂ ਪਹਿਲਾਂ ਇਹ ਯਕੀਨੀ ਬਣਾਉਣਾ ਹੋਵੇਗਾ ਿਕ ਇਸ ਨਾਲ ਹਿਮਾਲਿਆ ਦਾ ਖਾਜਾ ਤਾਂ ਨਹੀਂ ਬਣਨਾ ਪਵੇਗਾ।
ਸਾਡੇ ਇੱਥੇ ਵਿਗਿਆਨ ਨੇ ਉਹ ਸਭ ਸਰੋਤ ਮੁਹੱਈਆ ਕਰਾ ਦਿੱਤੇ ਹਨ ਜਿਨ੍ਹਾਂ ਤੋਂ ਹਿਮਾਲਿਆ ਦੀ ਕੁਦਰਤ, ਉਸ ਦੇ ਕੁਦਰਤੀ ਨਿਯਮ ਅਤੇ ਉਸ ਦੇ ਢਾਂਚੇ ਨੂੰ ਅਾਸਾਨੀ ਨਾਲ ਸਮਝਿਆ ਜਾ ਸਕਦਾ ਹੈ। ਹਿਮਾਲਿਆ ’ਤੇ ਸੋਧ, ਖੋਜ, ਉਸ ਦੇ ਸਰੋਤਾਂ ਦੀ ਵਰਤੋਂ ਨੂੰ ਲੈ ਕੇ ਅਨੇਕਾਂ ਸਰਕਾਰੀ ਅਤੇ ਗੈਰ- ਸਰਕਾਰੀ ਸੰਸਥਾਨ ਕਾਰਜਸ਼ੀਲ ਹਨ। ਜੰਗਲ, ਜੰਗਲੀ ਜੀਵ, ਜੜ੍ਹੀ-ਬੂਟੀਆਂ, ਦਵਾਈਅਾਂ ਦੀ ਨਿਰਮਾਣ ਸਮੱਗਰੀ ਅਤੇ ਕੁਦਰਤੀ ਸੁਹੱਪਣ ਨੂੰ ਬਣਾਈ ਰੱਖਣ ’ਚ ਇਨ੍ਹਾਂ ਦਾ ਯੋਗਦਾਨ ਮਹੱਤਵਪੂਰਨ ਹੈ।
ਹਿਮਾਲਿਆ ਆਪਣੇ ਬੇਮਿਸਾਲ ਸੁਹੱਪਣ, ਮਨਮੋਹਣੇ ਦ੍ਰਿਸ਼ਾਂ ਅਤੇ ਕੁਦਰਤੀ ਰੰਗਤ ਲਈ ਪ੍ਰਸਿੱਧ ਹੈ। ਵਿਸ਼ਵ ’ਚ ਬਹੁਤ ਹੀ ਘੱਟ ਥਾਵਾਂ ਹੋਣਗੀਆਂ ਜੋ ਇਸ ਦੀ ਬਰਾਬਰੀ ਕਰ ਸਕਣ। ਨਦੀਆਂ ਦਾ ਜਲ ਹੋਵੇ, ਬਰਫ ਨਾਲ ਢਕੇ ਪਰਬਤਾਂ ਦੀ ਸ਼ੀਤਲਤਾ ਹੋਵੇ, ਧਰਮ ਅਤੇ ਆਸਥਾ ਸਥਾਨ ਹੋਣ, ਘੁੰਮਣ-ਫਿਰਨ ਦੀ ਥਾਂ ਹੋਵੇ, ਇੱਥੋਂ ਤੱਕ ਕਿ ਸਾਹਿਤਕਾਰਾਂ ਦਾ ਰਚਨਾ ਸਥਾਨ ਹੋਵੇ, ਹਿਮਾਲਿਆ ਨੇ ਆਪਣੀ ਵਿਸ਼ਾਲ ਛਾਤੀ ’ਚ ਸਭ ਕੁਝ ਸਮੇਟਿਆ ਹੋਇਆ ਹੈ।
ਇਹ ਸਾਡਾ ਪਾਲਣਹਾਰ ਵੀ ਹੈ। ਇਸ ਤੋਂ ਪ੍ਰਾਪਤ ਜਾਇਦਾਦ ਸਾਡੀ ਆਰਥਿਕ ਤਰੱਕੀ ਦਾ ਆਧਾਰ ਹੈ। ਉੱਤਰਾਖੰਡ, ਹਿਮਾਚਲ, ਜੰਮੂ-ਕਸ਼ਮੀਰ, ਅਰੁਣਾਚਲ, ਸਿੱਕਮ ਤੋਂ ਲੈ ਕੇ ਜਿੱਥੋਂ ਤੱਕ ਵੀ ਇਸ ਦਾ ਫੈਲਾਅ ਹੈ, ਇਹ ਸਾਡੀ ਰਖਵਾਲੀ ਕਰਦਾ ਹੈ। ਇਸ ਦੇ ਬਿਨਾਂ ਭਾਰਤ ਦੀ ਕਲਪਨਾ ਕਰਨਾ ਭਿਆਨਕ ਹੈ। ਜਦੋਂ ਅਜਿਹਾ ਹੈ ਤਾਂ ਇਸ ਦੇ ਆਦਰ, ਸਨਮਾਨ ’ਚ ਕਿਸੇ ਤਰ੍ਹਾਂ ਦੀ ਕੁਤਾਹੀ ਕਿਉਂ? ਹਿਮਾਲਿਆ ਦਿਵਸ ’ਤੇ ਇਹੀ ਵਿਚਾਰਨਯੋਗ ਸਵਾਲ ਹੈ।
ਪੂਰਨ ਚੰਦ ਸਰੀਨ
‘ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ’ ਨੇ 12 ਦਿਨਾਂ ’ਚ ਨਿਭਾਅ ਦਿੱਤਾ ਵਾਅਦਾ
NEXT STORY