ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਸਹਿ-ਪ੍ਰਧਾਨ ਦੇ ਜਲਾਵਤਨੀ ਤੋਂ ਵਾਪਿਸ ਆਉਣ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਖੁਸ਼ ਹਨ ਅਤੇ ਕੁਝ ਹੱਦ ਤਕ ਰਾਹਤ ਮਹਿਸੂਸ ਕਰ ਰਹੇ ਹਨ ਪਰ ਇਸ ਦੇ ਨਾਲ ਹੀ ਇਕ ਸ਼ਰਤ ਲਗਾ ਰਹੇ ਹਨ ਕਿ ਆਸਿਫ ਅਲੀ ਜ਼ਰਦਾਰੀ ਨੂੰ ਆਪਣੀ ਪਾਰਟੀ ਦੇ ਮਾਮਲੇ ਖ਼ੁਦ ਆਪਣੇ ਹੱਥਾਂ 'ਚ ਲੈਣੇ ਚਾਹੀਦੇ ਹਨ।
ਪਹਿਲੀ ਨਜ਼ਰੇ ਹੀ ਸ਼ਰੀਫ ਦੀ ਨਸੀਹਤ ਕੁਝ ਅਜੀਬ ਜਿਹੀ ਲੱਗਦੀ ਹੈ। ਜ਼ਰਦਾਰੀ ਨੇ ਆਪਣੀ ਪਾਰਟੀ ਕਿਵੇਂ ਚਲਾਉਣੀ ਹੈ, ਇਹ ਉਨ੍ਹਾਂ ਤੋਂ ਸਿਵਾਏ ਕਿਸੇ ਹੋਰ ਦੀ ਸਿਰਦਰਦੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦਾ ਬੇਟਾ ਬਿਲਾਵਲ ਭੁੱਟੋ ਸਿਆਸਤ ਵਿਚ ਆਪਣੀ ਮੁਕਾਬਲਤਨ ਥੋੜ੍ਹਚਿਰੀ ਸਰਗਰਮੀ ਦੌਰਾਨ ਹੀ ਸ਼ਰੀਫ ਭਰਾਵਾਂ ਦੇ ਮਜ਼ਬੂਤ ਆਲੋਚਕ ਵਜੋਂ ਉੱਭਰਿਆ ਹੈ। ਬਿਲਾਵਲ ਦੇ ਪਿਤਾ ਬਹੁਤ ਡਿਪਲੋਮੈਟਿਕ ਢੰਗ ਨਾਲ ਅਤੇ ਦੋਸਤੀ ਦੇ ਲਹਿਜੇ ਵਿਚ ਗੱਲ ਕਰਦੇ ਹਨ ਪਰ ਉਨ੍ਹਾਂ ਦੇ ਉਲਟ ਬਿਲਾਵਲ ਭੁੱਟੋ ਨੂੰ ਬੋਲਣ ਤੋਂ ਪਹਿਲਾਂ ਆਪਣੇ ਸ਼ਬਦਾਂ ਨੂੰ ਚੰਗੀ ਤਰ੍ਹਾਂ ਚਬਾਉਣ ਦੀ ਆਦਤ ਨਹੀਂ।
ਸੀਨੀਅਰ ਸ਼ਰੀਫ, ਭਾਵ ਨਵਾਜ਼ ਸ਼ਰੀਫ ਨੂੰ ਬਹੁਤ ਹੀ ਘੱਟ ਮੌਕਿਆਂ 'ਤੇ ਆਪਣੇ ਵਿਰੋਧੀਆਂ ਦੀ ਤਲਖੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਅਜਿਹਾ ਕਰਨ ਦੀ ਲੋੜ ਹੀ ਨਹੀਂ ਪੈਂਦੀ ਕਿਉਂਕਿ ਉਨ੍ਹਾਂ ਦੇ ਗ੍ਰਹਿ ਮੰਤਰੀ ਤੇ ਹੋਰ ਲੋਕ ਕਾਫੀ ਪ੍ਰਭਾਵਸ਼ਾਲੀ ਢੰਗ ਨਾਲ ਇਹ ਕੰਮ ਕਰ ਲੈਂਦੇ ਹਨ। ਇਸੇ ਤਰ੍ਹਾਂ ਜ਼ਰਦਾਰੀ ਨੇ ਵੀ ਕੌੜੀਆਂ ਗੱਲਾਂ ਕਰਨ ਦੀ ਜ਼ਿੰਮੇਵਾਰੀ ਆਪਣੇ ਬੇਟੇ ਨੂੰ ਸੌਂਪੀ ਹੋਈ ਹੈ, ਜੋ ਆਪਣੀ ਸਵ. ਮਾਂ ਅਤੇ ਨਾਨੇ ਵਾਂਗ ਚਟਕਾਰੇਦਾਰ ਟੋਟਕੇ ਘੜਨ ਦਾ ਖੂਬ ਮਜ਼ਾ ਲੈਂਦਾ ਹੈ।
ਸ਼ਰੀਫ ਭਰਾਵਾਂ ਨਾਲ ਆਪਣੇ ਰਿਸ਼ਤਿਆਂ ਤੋਂ ਇਲਾਵਾ ਪਾਰਟੀ ਅੰਦਰ ਜ਼ਰਦਾਰੀ ਨੂੰ ਕਾਫੀ ਮੁੱਦਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਚੋਣ ਵਰ੍ਹਾ ਵੀ ਦਸਤਕ ਦੇਣ ਹੀ ਵਾਲਾ ਹੈ। ਲਾਹੌਰ ਵਿਚ ਆਪਣੇ ਚਿਰਸਥਾਈ ਪੜਾਅ ਦੌਰਾਨ ਬਿਲਾਵਲ ਭੁੱਟੋ ਨੇ ਬੇਸ਼ੱਕ ਸਿਆਸੀ ਮਾਹੌਲ ਕਾਫੀ ਗਰਮਾ ਦਿੱਤਾ ਸੀ, ਫਿਰ ਵੀ ਉਨ੍ਹਾਂ ਦੀ ਪਾਰਟੀ ਦਾ ਪੱਛਮੀ ਪੰਜਾਬ ਵਿਚ ਬਹੁਤ ਬੁਰਾ ਹਾਲ ਹੋਇਆ ਹੈ, ਜਦਕਿ ਆਬਾਦੀ ਦੇ ਨਜ਼ਰੀਏ ਤੋਂ ਪਾਕਿਸਤਾਨ ਦਾ ਇਹ ਸਭ ਤੋਂ ਵੱਡਾ ਸੂਬਾ ਇਕ 'ਤਾਜ' ਦੀ ਹੈਸੀਅਤ ਰੱਖਦਾ ਹੈ।
ਜੋ ਵੀ ਪਾਰਟੀ ਸਹੀ ਅਰਥਾਂ ਵਿਚ ਕੇਂਦਰੀ ਪੱਧਰ 'ਤੇ ਸੱਤਾ ਵਿਚ ਆਉਂਦੀ ਹੈ, ਉਸ ਨੂੰ ਪੰਜਾਬ ਦੀਆਂ ਆਮ ਚੋਣਾਂ ਵਿਚ ਜ਼ਿਕਰਯੋਗ ਕਾਰਗੁਜ਼ਾਰੀ ਦਿਖਾਉਣੀ ਪੈਂਦੀ ਹੈ। ਇਥੋਂ ਤਕ ਕਿ 5 ਸਾਲਾਂ ਵਿਚ ਪਾਕਿਸਤਾਨ ਦੀ ਸੰਘੀ ਸਰਕਾਰ 'ਤੇ ਕਾਬਜ਼ ਰਹਿਣ ਅਤੇ ਸਿੰਧ ਸੂਬੇ ਵਿਚ ਸੂਬਾਈ ਸਰਕਾਰ ਚਲਾਉਣ ਦੇ ਬਾਵਜੂਦ 2013 ਦੀਆਂ ਚੋਣਾਂ ਵਿਚ ਪੀ. ਪੀ. ਪੀ. ਪੰਜਾਬ ਸੂਬੇ ਵਿਚ ਬੁਰੀ ਤਰ੍ਹਾਂ ਹਾਰ ਗਈ ਸੀ।
ਨਵਾਜ਼ ਸ਼ਰੀਫ ਨੇ 2008 ਤੋਂ ਸਿਰਫ ਸਖ਼ਤ ਮਿਹਨਤ, ਜ਼ਿੱਦ ਅਤੇ ਸਿਆਸੀ ਚਲਾਕੀਆਂ ਕਾਰਨ ਹੀ ਆਪਣੀ ਪਕੜ ਮਜ਼ਬੂਤ ਬਣਾਈ ਹੋਈ ਹੈ। ਸ਼ਰੀਫ ਭਰਾਵਾਂ ਨੂੰ ਉਨ੍ਹਾਂ ਦੇ ਗੜ੍ਹ 'ਚੋਂ ਖਦੇੜਨਾ ਸੌਖਾ ਨਹੀਂ। ਬੇਸ਼ੱਕ ਔਰੈਂਜ ਟ੍ਰੇਨ, ਮੈਟਰੋ ਬੱਸ, ਰਾਜਮਾਰਗ ਅਤੇ ਸੜਕ ਨੈੱਟਵਰਕ ਅਤੇ ਛੇਤੀ ਮੁਕੰਮਲ ਹੋਣ ਜਾ ਰਹੀਆਂ ਮੈਗਾ-ਬਿਜਲੀ ਯੋਜਨਾਵਾਂ ਵਿਚ ਪਾਰਦਰਸ਼ਿਤਾ ਦੀ ਘਾਟ ਨੂੰ ਆਧਾਰ ਬਣਾ ਕੇ ਵਿਰੋਧੀ ਧਿਰ ਨੇ ਖੂਬ ਹੰਗਾਮਾ ਕੀਤਾ ਹੈ, ਫਿਰ ਵੀ ਪੀ. ਐੱਮ. ਐੱਲ. (ਐੱਨ) ਨੂੰ ਉਮੀਦ ਹੈ ਕਿ ਇਨ੍ਹਾਂ ਯੋਜਨਾਵਾਂ ਨਾਲ ਉਨ੍ਹਾਂ ਨੂੰ ਵੋਟਾਂ ਤੇ ਸਮਰਥਨ ਦੇ ਰੂਪ 'ਚ ਕਾਫੀ ਫਾਇਦਾ ਹੋਵੇਗਾ।
ਕੁਝ ਵੀ ਹੋਵੇ, ਪਾਕਿਸਤਾਨੀ ਪੰਜਾਬ ਵਿਚ ਚੋਣ ਟੱਕਰ ਹੁਣ ਸਿਰਫ 2 ਖਿਡਾਰੀਆਂ ਵਿਚਾਲੇ ਨਹੀਂ ਹੋਵੇਗੀ। ਇਮਰਾਨ ਖਾਨ ਦੀ ਪਾਰਟੀ ਪੀ. ਟੀ. ਆਈ. (ਪਾਕਿਸਤਾਨ ਤਹਿਰੀਕੇ-ਇਨਸਾਫ) ਬਹੁਤ ਮਜ਼ਬੂਤ ਦਾਅਵੇਦਾਰ ਵਜੋਂ ਉੱਭਰੀ ਹੈ। 2013 ਦੀਆਂ ਚੋਣਾਂ ਤੋਂ ਬਾਅਦ ਇਸ ਨੇ ਪਹਿਲਾਂ ਹੀ ਦੂਜੀ ਸਭ ਤੋਂ ਵੱਡੀ ਪਾਰਟੀ ਵਜੋਂ ਪੀ. ਪੀ. ਪੀ. ਦਾ ਦਰਜਾ ਖੋਹ ਲਿਆ ਅਤੇ ਪੰਜਾਬ ਸੂਬੇ ਵਿਚ ਪੀ. ਐੱਮ. ਐੱਲ. (ਐੱਨ) ਤੋਂ ਬਾਅਦ ਦੂਜੇ ਨੰਬਰ 'ਤੇ ਇਸੇ ਨੇ ਵੋਟਾਂ ਹਾਸਿਲ ਕੀਤੀਆਂ ਸਨ। ਪੰਜਾਬ ਤੋਂ ਕੌਮੀ ਅਤੇ ਸੂਬਾਈ ਅਸੈਂਬਲੀ ਦੀਆਂ ਸੀਟਾਂ ਲਈ ਵੱਖ-ਵੱਖ ਉਪ-ਚੋਣਾਂ ਵਿਚ ਪੀ. ਪੀ. ਪੀ. ਦੀ ਕਾਫੀ ਦੁਰਗਤੀ ਹੋਈ ਅਤੇ ਇਹ ਤੀਜੇ ਨੰਬਰ 'ਤੇ ਵੀ ਬੜੀ ਮੁਸ਼ਕਿਲ ਨਾਲ ਪਹੁੰਚ ਸਕੀ ਹੈ।
ਹੁਣ ਅਗਲੀ ਤਿਕੋਣੀ ਚੋਣ ਜੰਗ ਵਿਚ ਪੀ. ਪੀ. ਪੀ. ਦੀ ਲੀਡਰਸ਼ਿਪ ਨੂੰ ਬਹੁਤ ਸਖ਼ਤ ਸੰਘਰਸ਼ ਕਰਨਾ ਪਵੇਗਾ। ਸਮਾਂ ਉਸ ਦੇ ਪੱਖ ਵਿਚ ਨਹੀਂ ਹੈ, ਵਿਰੋਧੀ ਤਾਂ ਪਹਿਲਾਂ ਹੀ ਤਕੜੀ ਟੱਕਰ ਦੇਣ ਲਈ ਲੱਕ ਬੰਨ੍ਹ ਰਹੇ ਹਨ। ਆਪਣੇ ਪੂਰੇ ਕੰਮਕਾਜ ਦੌਰਾਨ ਸ਼ਰੀਫ ਭਰਾ ਤਾਂ 12 ਮਹੀਨੇ ਹੀ ਚੋਣ ਮੁਹਿੰਮ 'ਤੇ ਰਹਿੰਦੇ ਹਨ। ਲੋਕਲ ਬਾਡੀਜ਼ ਦੇ ਮੁਖੀਆਂ ਦੀ ਚੋਣ ਵਿਚ ਤਕੜੀ ਜਿੱਤ ਦਰਜ ਕਰਨ ਕਰਕੇ ਉਹ ਕਾਫੀ ਉਤਸ਼ਾਹਿਤ ਹਨ। ਵਿਦੇਸ਼ ਤੋਂ ਪਰਤਣ ਪਿੱਛੋਂ ਜ਼ਰਦਾਰੀ ਤੋਂ ਇਹ ਉਮੀਦ ਨਹੀਂ ਕਿ ਉਹ ਸ਼ਰੀਫ ਭਰਾਵਾਂ ਵਿਰੁੱਧ ਪਹਿਲਾਂ ਵਰਗੀ ਦਇਆ ਭਾਵਨਾ ਅਪਣਾਉਣਗੇ, ਜੋ ਕਿ ਜਲਾਵਤਨੀ 'ਤੇ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਵਿਸ਼ੇਸ਼ ਪਛਾਣ ਬਣ ਚੁੱਕੀ ਸੀ। ਸੰਨ 2014 ਵਿਚ ਇਮਰਾਨ ਖਾਨ ਵਲੋਂ ਲਗਾਏ ਗਏ ਧਰਨੇ ਤੋਂ ਪੀ. ਐੱਮ. ਐੱਲ. (ਐੱਨ) ਸਰਕਾਰ ਨੂੰ ਸੁਰੱਖਿਅਤ ਬਚਾਉਣ ਦਾ ਸਿਹਰਾ ਸਹੀ ਅਰਥਾਂ ਵਿਚ ਪੀ. ਪੀ. ਪੀ. ਦੇ ਸਹਿ-ਪ੍ਰਧਾਨ ਨੂੰ ਹੀ ਜਾਂਦਾ ਹੈ।
ਅੱਜ ਜ਼ਰਦਾਰੀ ਮਹਿਸੂਸ ਕਰਦੇ ਹਨ ਕਿ ਜਨਰਲ ਰਾਹੀਲ ਸ਼ਰੀਫ ਦੇ ਤਹਿਤ ਫੌਜੀ ਲੀਡਰਸ਼ਿਪ ਨੇ ਜਦੋਂ ਉਨ੍ਹਾਂ ਵਿਰੁੱਧ ਸ਼ਿਕੰਜਾ ਕੱਸਿਆ ਸੀ ਤਾਂ ਨਵਾਜ਼ ਨੇ ਨਜ਼ਰਾਂ ਫੇਰ ਲਈਆਂ ਸਨ। ਜ਼ਰਦਾਰੀ ਦਾ ਇਹ ਮਹਿਸੂਸ ਕਰਨਾ ਸੁਭਾਵਿਕ ਹੈ ਕਿ ਨਵਾਜ਼ ਨੇ ਸੰਕਟ ਵਿਚ ਉਨ੍ਹਾਂ ਨੂੰ ਇਕੱਲੇ ਛੱਡ ਦਿੱਤਾ ਸੀ। ਲੰਮੇ ਸਮੇਂ ਤੋਂ ਲੰਡਨ ਵਿਚ ਰਹਿਣ ਦੇ ਬਾਵਜੂਦ ਉਥੇ ਉਨ੍ਹਾਂ ਨੇ ਆਪਣੀ ਹਾਰਟ ਸਰਜਰੀ ਕਰਵਾਉਣ ਦੌਰਾਨ ਸ਼ਰੀਫ ਨਾਲ ਮੁਲਾਕਾਤ ਨਾ ਕਰਕੇ ਆਪਣੀ ਨਾਰਾਜ਼ਗੀ ਦਾ ਸੰਕੇਤ ਦੇ ਦਿੱਤਾ ਸੀ। ਆਖਿਰ ਵਿੱਤ ਮੰਤਰੀ ਤੇ ਨਵਾਜ਼ ਸ਼ਰੀਫ ਦਾ ਸੱਜਾ ਹੱਥ ਸਮਝੇ ਜਾਂਦੇ ਇਸਹਾਕ ਡਾਰ ਨਾਲ ਮੁਲਾਕਾਤ ਕਰਨ ਅਤੇ ਮੌਲਾਨਾ ਫਜ਼ਲੁਰ ਰਹਿਮਾਨ ਨਾਲ ਮਿਲਣ ਤੋਂ ਬਾਅਦ ਰਿਸ਼ਤਿਆਂ ਵਿਚ ਕੁਝ ਨਿੱਘ ਆਇਆ, ਫਿਰ ਵੀ ਅੱਜ ਦੇ ਬਦਲੇ ਹੋਏ ਹਾਲਾਤ ਵਿਚ ਸ਼ਰੀਫ-ਜ਼ਰਦਾਰੀ ਵਿਚਾਲੇ ਪਹਿਲਾਂ ਵਰਗੇ ਚੰਗੇ ਸੰਬੰੰਧ ਹੁਣ ਨਹੀਂ ਬਣ ਸਕਣਗੇ।
ਤਕਨੀਕੀ ਤੌਰ 'ਤੇ ਨੇਤਾ ਚਾਹੇ ਕਤਲ ਕਰਕੇ ਵੀ ਸੁਰੱਖਿਅਤ ਬਚ ਜਾਣ ਪਰ ਸਿਆਸੀ ਤੌਰ 'ਤੇ 'ਪਨਾਮਾ ਗੇਟ' ਮਾਮਲੇ ਨੇ ਸ਼ਰੀਫ ਰੂਪੀ ਬ੍ਰਾਂਡ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ। ਫਿਰ ਵੀ ਪੀ. ਐੱਮ. ਐੱਲ. (ਐੱਨ) ਦਾ ਮੰਨਣਾ ਹੈ ਕਿ ਇਸ ਸਕੈਂਡਲ ਦੇ ਬਾਵਜੂਦ ਅਗਲੀਆਂ ਚੋਣਾਂ ਵਿਚ ਉਨ੍ਹਾਂ ਦੇ ਵੋਟ ਪ੍ਰਤੀਸ਼ਤ ਵਿਚ ਕੋਈ ਖਾਸ ਗਿਰਾਵਟ ਨਹੀਂ ਆਵੇਗੀ। ਕੁਝ ਵੀ ਹੋਵੇ, 'ਪਨਾਮਾ ਗੇਟ' ਜਾਂਚ ਨਾਲ ਵਿਰੋਧੀ ਧਿਰ ਨੂੰ ਕਿਸੇ ਇਕ ਮੁੱਦੇ 'ਤੇ ਇਕਜੁੱਟ ਹੋਣ ਦਾ ਮੌਕਾ ਨਹੀਂ ਮਿਲੇਗਾ। ਪੀ. ਪੀ. ਪੀ. ਅਤੇ ਪੀ. ਟੀ. ਆਈ. ਵਿਚਾਲੇ ਲੰਮੇ ਸਮੇਂ ਤੋਂ ਚੱਲ ਰਹੀ ਖਿੱਚੋਤਾਣ ਅਤੇ ਦੋਵੇਂ ਪਾਸਿਓਂ ਗਾਲੀ-ਗਲੋਚ ਹੋਣ ਦੇ ਬਾਵਜੂਦ ਇਕ ਕੰਮ-ਚਲਾਊ ਗੋਲੀਬੰਦੀ ਦੇਖਣ ਨੂੰ ਮਿਲ ਰਹੀ ਹੈ ਤੇ ਦੂਜੇ ਪਾਸੇ ਨਿਸਾਰ ਅਲੀ ਖਾਨ ਅਤੇ ਬਿਲਾਵਲ ਭੁੱਟੋ ਨੇ ਇਕ-ਦੂਜੇ 'ਤੇ ਹੱਲਾ ਬੋਲਣਾ ਵੀ ਜਾਰੀ ਰੱਖਿਆ ਹੋਇਆ ਹੈ। ਸ਼ਾਇਦ ਨਵਾਜ਼ ਸ਼ਰੀਫ ਤੋਂ ਆਪਣੇ ਹੰਕਾਰੀ ਗ੍ਰਹਿ ਮੰਤਰੀ ਦੀ ਲਗਾਮ ਨਹੀਂ ਕੱਸ ਹੋ ਰਹੀ। ਬੇਸ਼ੱਕ ਨਵਾਜ਼ ਸ਼ਰੀਫ ਜ਼ਰਦਾਰੀ ਨੂੰ ਇਹ ਚੇਤਾ ਕਰਵਾਉਂਦੇ ਰਹਿੰਦੇ ਹਨ ਕਿ ਰਾਸ਼ਟਰਪਤੀ ਦੇ ਅਹੁਦੇ ਦੀ ਉਨ੍ਹਾਂ ਦੀ ਮਿਆਦ ਪੂਰੀ ਹੋਣ 'ਤੇ ਉਨ੍ਹਾਂ ਨੇ ਕਿਸ ਤਰ੍ਹਾਂ ਉਨ੍ਹਾਂ (ਜ਼ਰਦਾਰੀ) ਨੂੰ ਵਧੀਆ ਢੰਗ ਨਾਲ ਵਿਦਾਈ ਦਿੱਤੀ ਸੀ, ਤਾਂ ਵੀ ਦੋਹਾਂ ਪ੍ਰਮੁੱਖ ਵਿਰੋਧੀਆਂ ਵਿਚਾਲੇ ਵਿਵਾਦ ਭੜਕਣਾ ਤੈਅ ਹੈ।
18 ਮਹੀਨੇ ਪਹਿਲਾਂ ਜ਼ਰਦਾਰੀ ਦੇ ਵਿਦਾ ਹੋਣ ਤੋਂ ਬਾਅਦ ਪਾਕਿਸਤਾਨ ਦੀ ਸਿਆਸਤ ਵਿਚ ਬਹੁਤ ਤਬਦੀਲੀ ਆ ਚੁੱਕੀ ਹੈ। ਜਨਰਲ ਰਾਹੀਲ ਸ਼ਰੀਫ ਨੂੰ ਸਫਲਤਾਪੂਰਵਕ ਰਿਟਾਇਰ ਕਰਕੇ ਨਵਾਜ਼ ਸ਼ਰੀਫ ਆਤਮ-ਵਿਸ਼ਵਾਸ ਨਾਲ ਭਰਪੂਰ ਹਨ ਕਿਉਂਕਿ ਘੱਟੋ-ਘੱਟ ਅਜੇ ਤਾਂ ਆਈ. ਐੱਸ. ਆਈ. ਤੇ ਫੌਜੀ ਲੀਡਰਸ਼ਿਪ ਦਾ ਉਨ੍ਹਾਂ ਵਿਰੁੱਧ ਸ਼ਿਕੰਜਾ ਕੁਝ ਢਿੱਲਾ ਹੈ। ਦੂਜੇ ਪਾਸੇ 'ਪਨਾਮਾ ਗੇਟ' ਮਾਮਲੇ ਦੀ ਜਾਂਚ ਵੀ ਕਿਸੇ ਪਾਸੇ ਨਹੀਂ ਲੱਗ ਰਹੀ। ਅਜਿਹੀ ਸਥਿਤੀ ਵਿਚ ਨਵਾਜ਼ ਸ਼ਰੀਫ ਆਪਣਾ ਅਸਲੀ ਰੰਗ ਦਿਖਾਉਣ ਲੱਗੇ ਹਨ ਅਤੇ ਸੀ. ਸੀ. ਆਈ. (ਕੌਂਸਲ ਆਫ ਕਾਮਨ ਇੰਟ੍ਰਸਟਸ) ਨੂੰ ਨਕਾਰਦਿਆਂ ਰੈਗੂਲੇਟਰੀ ਬਾਡੀਜ਼ ਨੂੰ ਖਤਮ ਕਰਨ ਦੀ ਬੇਮਿਸਾਲ ਦਲੇਰੀ ਦਿਖਾ ਰਹੇ ਹਨ।
ਸਪੱਸ਼ਟ ਹੈ ਕਿ ਉਨ੍ਹਾਂ ਦੀ ਸਰਕਾਰ ਆਪਣੇ ਰਾਹ ਵਿਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਹੀਂ ਦੇਖਣਾ ਚਾਹੁੰਦੀ। ਚੋਣਾਂ ਤੋਂ ਪਹਿਲਾਂ ਬਿਜਲੀ ਤੇ ਗੈਸ ਦੀਆਂ ਦਰਾਂ ਵਿਚ ਤਬਦੀਲੀ ਕਰਨ ਲਈ ਇਹ ਕੋਈ ਵੀ ਹੱਥਕੰਡਾ ਅਪਣਾ ਸਕਦੀ ਹੈ। ਜਦ ਰੈਗੂਲੇਟਰੀ ਬਾਡੀਜ਼ ਨੂੰ ਹੀ ਰਾਹ 'ਚੋਂ ਹਟਾ ਦਿੱਤਾ ਗਿਆ ਹੈ ਤਾਂ ਵੱਡੇ-ਵੱਡੇ ਸੌਦਿਆਂ ਵਿਚ ਪਾਰਦਰਸ਼ਿਤਾ ਕਿੱਥੋਂ ਆਵੇਗੀ? ਬਹੁਤ ਜ਼ਿਆਦਾ ਆਤਮ-ਵਿਸ਼ਵਾਸ ਨਾਲ ਭਰਪੂਰ ਨਵਾਜ਼ ਸ਼ਰੀਫ ਸ਼ਾਇਦ ਬਿਲਾਵਲ ਭੁੱਟੋ ਦੇ ਚਾਰ-ਸੂਤਰੀ ਅਲਟੀਮੇਟਮ 'ਤੇ ਬਹੁਤ ਹੀ ਸਖ਼ਤ ਸੌਦੇਬਾਜ਼ੀ ਕਰਨ ਤੋਂ ਨਹੀਂ ਖੁੰਝਣਗੇ। ਸਿਰਫ ਜ਼ਰਦਾਰੀ-ਬਿਲਾਵਲ ਹੀ ਨਹੀਂ, ਸਗੋਂ ਪੂਰੀ ਵਿਰੋਧੀ ਧਿਰ ਨੂੰ ਕਿਸੇ ਨਾ ਕਿਸੇ ਰੂਪ ਵਿਚ ਇਕਜੁੱਟ ਹੋ ਕੇ ਹੀ ਪੀ. ਐੱਮ. ਐੱਲ. (ਐੱਨ) ਦੀ ਤਾਕਤ ਦਾ ਸਾਹਮਣਾ ਕਰਨਾ ਪਵੇਗਾ।
ਅੱਜ ਸਮੇਂ ਅੱਗੇ ਝੁਕ ਗਏ ਹਨ 'ਟ੍ਰੈਜਿਡੀ ਕਿੰਗ'
NEXT STORY