ਕਾਂਗਰਸ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਸ਼ਾਇਦ ਆਪਣੀ ਪਾਰਟੀ ਦੀ ਦੁਚਿੱਤੀ ਵਾਲੀ ਸਥਿਤੀ ਨੂੰ ਖਤਮ ਕਰਦਿਆਂ 5 ਦਸੰਬਰ ਨੂੰ ਇਸ ਦੀ ਕਮਾਨ ਸੰਭਾਲ ਲੈਣਗੇ। 132 ਸਾਲ ਪੁਰਾਣੀ ਪਾਰਟੀ ਦੀ ਕਮਾਨ ਸੰਭਾਲਣ ਵਾਲੇ ਨਹਿਰੂ-ਗਾਂਧੀ ਪਰਿਵਾਰ ਦੇ ਉਹ 5ਵੇਂ ਮੈਂਬਰ ਹੋਣਗੇ।
ਕਾਂਗਰਸ ਦੇ ਰਣਨੀਤੀਕਾਰ ਇਸ ਗੱਲ ਤੋਂ ਬਹੁਤ ਖੁਸ਼ ਹਨ ਕਿ ਅਗਲੇ ਮਹੀਨੇ ਹੋਣ ਜਾ ਰਹੀਆਂ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਬਹੁਤ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ। ਅਜਿਹਾ ਲੱਗਦਾ ਹੈ ਕਿ ਰਾਹੁਲ ਨੇ ਆਪਣੀ ਝਿਜਕ ਤੋਂ ਪੱਲਾ ਛੁਡਾਉਂਦਿਆਂ ਹੁਣ ਜਨਤਕ ਅਕਸ 'ਚ ਜ਼ਿਆਦਾ ਖੁੱਲ੍ਹ ਕੇ ਬੋਲਣ ਦਾ ਗੁਣ ਵੀ ਜੋੜ ਲਿਆ ਹੈ।
ਇਸ ਵਾਰ ਉਹ ਕਾਫੀ ਬਿਹਤਰ ਢੰਗ ਨਾਲ ਚੋਣ ਮੁਹਿੰਮ ਚਲਾ ਰਹੇ ਹਨ ਅਤੇ ਭਾਜਪਾ 'ਤੇ ਹੱਲਾ ਬੋਲਣ ਲਈ ਉਨ੍ਹਾਂ ਨੇ ਜਿਸ ਤਰ੍ਹਾਂ ਦੇ ਮੁੱਦੇ ਚੁਣੇ ਹਨ ਅਤੇ ਜਿਸ ਤਰ੍ਹਾਂ ਭਾਸ਼ਣ ਦੇ ਰਹੇ ਹਨ, ਉਸ ਤੋਂ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਪਾਰਟੀ ਪ੍ਰਬੰਧਕਾਂ ਨੇ ਕਿੰਨੇ ਧਿਆਨ ਨਾਲ ਨਵੀਂ ਰਣਨੀਤੀ ਘੜੀ ਹੈ।
ਸਤੰਬਰ 'ਚ ਰਾਹੁਲ ਦੀ ਅਮਰੀਕਾ ਯਾਤਰਾ ਨੇ ਦਿਖਾ ਦਿੱਤਾ ਕਿ ਉਨ੍ਹਾਂ ਨੇ ਬਹੁਤ ਹੀ ਬਿਹਤਰੀਨ ਕੋਚਿੰਗ ਹਾਸਿਲ ਕੀਤੀ ਹੈ। 14 ਸਾਲਾਂ ਤਕ ਢਿੱਲ-ਮੱਠ ਦਿਖਾਉਣ ਤੋਂ ਬਾਅਦ ਰਾਹੁਲ ਗਾਂਧੀ ਨੇ ਅਮਰੀਕਾ 'ਚ ਐਲਾਨ ਕਰ ਦਿੱਤਾ ਕਿ ਉਹ ਕਾਂਗਰਸ ਵਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਬਣਨ ਲਈ ਤਿਆਰ ਹਨ। ਰਾਹੁਲ ਨੂੰ ਇਸ ਗੱਲ 'ਤੇ ਆਪਣੀ ਪਿੱਠ ਥਾਪੜਨ ਦਾ ਬਹਾਨਾ ਮਿਲ ਗਿਆ ਹੈ ਕਿ ਹੁਣ ਉਨ੍ਹਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ।
ਆਪਣੇ ਟਵੀਟਾਂ ਤੇ ਪ੍ਰਤੀਕਿਰਿਆਵਾਂ 'ਚ ਉਹ ਜਿਸ ਤਰ੍ਹਾਂ ਦੀ ਜ਼ਿੰਦਾਦਿਲੀ ਤੇ ਹਾਸੇ-ਮਜ਼ਾਕ ਦਾ ਪ੍ਰਦਰਸ਼ਨ ਕਰਦੇ ਹਨ, ਉਹ ਸੋਸ਼ਲ ਮੀਡੀਆ 'ਚ ਕਾਫੀ ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ, ਸ਼ਾਇਦ ਉਹ ਲੋਕਾਂ ਦੀ ਕਲਪਨਾ ਸ਼ਕਤੀ ਨੂੰ ਝੰਜੋੜਨ 'ਚ ਸਫਲ ਹੋ ਗਏ ਹਨ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਹ ਹੁਣ ਮੋਦੀ ਵਿਰੁੱਧ ਚੀਕਣ-ਚਿੱਲਾਉਣ ਵਾਲੇ ਆਲੋਚਕ ਮਾਤਰ ਨਹੀਂ ਰਹਿ ਗਏ, ਸਗੋਂ ਬਹੁਤ ਗੰਭੀਰ ਮੁੱਦਿਆਂ ਨੂੰ ਬੜੀ ਸੰਜੀਦਗੀ ਨਾਲ ਉਠਾਉਂਦੇ ਹਨ, ਚਾਹੇ ਇਹ ਮੁੱਦੇ ਸਿਆਸੀ ਹੋਣ ਜਾਂ ਆਰਥਿਕ।
ਜੀ. ਐੱਸ. ਟੀ. ਅਤੇ ਨੋਟਬੰਦੀ ਦੇ ਜਿਹੜੇ ਆਰਥਿਕ ਮੁੱਦੇ ਉਨ੍ਹਾਂ ਨੇ ਉਠਾਏ ਹਨ, ਉਹ ਬਹੁਤ ਅਹਿਮ ਹਨ ਕਿਉਂਕਿ ਇਹ ਵਪਾਰੀ ਵਰਗ, ਮੱਧਵਰਗ ਤੇ ਹੋਰਨਾਂ ਲੋਕਾਂ 'ਚ ਬੇਸੰਤੋਖੀ ਦਾ ਪ੍ਰਗਟਾਵਾ ਕਰਦੇ ਹਨ। ਜੋ ਲੋਕ ਉਨ੍ਹਾਂ ਨੂੰ ਹੁਣ ਤਕ 'ਪੱਪੂ' ਕਹਿ ਕੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਸਨ ਅਤੇ ਅਣਡਿੱਠ ਕਰਦੇ ਸਨ, ਉਹ ਹੁਣ ਉਨ੍ਹਾਂ ਪ੍ਰਤੀ ਨਵਾਂ ਰਵੱਈਆ ਅਪਣਾ ਰਹੇ ਹਨ। ਇਸ ਤੋਂ ਵੀ ਵੱਡੀ ਤਬਦੀਲੀ ਇਹ ਹੈ ਕਿ ਭਾਜਪਾ ਹੁਣ ਰਾਹੁਲ ਦਾ ਮਜ਼ਾਕ ਉਡਾਉਣ ਦੀ ਬਜਾਏ ਉਨ੍ਹਾਂ ਵਲੋਂ ਉਠਾਏ ਜਾਂਦੇ ਮੁੱਦਿਆਂ 'ਤੇ ਪ੍ਰਤੀਕਿਰਿਆ ਜ਼ਾਹਿਰ ਕਰ ਰਹੀ ਹੈ।
ਨਾ ਸਿਰਫ ਮੋਦੀ ਸਰਕਾਰ ਦੇ ਸੀਨੀਅਰ ਕੈਬਨਿਟ ਮੰਤਰੀਆਂ, ਸਗੋਂ ਖ਼ੁਦ ਮੋਦੀ ਤੇ ਅਮਿਤ ਸ਼ਾਹ ਨੇ ਵੀ ਅਰਥ ਵਿਵਸਥਾ ਅਤੇ ਹੋਰਨਾਂ ਮੁੱਦਿਆਂ 'ਤੇ ਰਾਹੁਲ ਦੇ ਦੋਸ਼ਾਂ 'ਤੇ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਕਾਂਗਰਸ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਹੈ :
''ਮੈਂ ਨਹੀਂ ਜਾਣਦਾ ਕਿ ਇਹ ਤਬਦੀਲੀ ਕਿਵੇਂ ਆਈ ਹੈ। ਪਹਿਲਾਂ ਅਸੀਂ ਬਹੁਤ ਸਾਰੀਆਂ ਅਖ਼ਬਾਰਾਂ ਤੇ ਟੀ. ਵੀ. ਚੈਨਲਾਂ ਨੂੰ ਅਪੀਲ ਕਰਦੇ ਸੀ ਕਿ ਸਾਨੂੰ ਵੀ ਕੁਝ ਜਗ੍ਹਾ ਦਿਓ ਪਰ ਉਨ੍ਹਾਂ ਨੇ ਕਦੇ ਵੀ ਅਜਿਹਾ ਨਹੀਂ ਕੀਤਾ ਪਰ ਅੱਜ ਹਰ ਕੋਈ ਆਪਣੇ ਤੌਰ 'ਤੇ ਰਾਹੁਲ ਦੀ ਮੀਡੀਆ ਕਵਰੇਜ ਕਰ ਰਿਹਾ ਹੈ ਤੇ ਕਾਂਗਰਸ ਨੂੰ ਕਾਫੀ ਅਹਿਮੀਅਤ ਮਿਲ ਰਹੀ ਹੈ।''
ਪਾਰਟੀ ਦੇ ਰਣਨੀਤੀਕਾਰਾਂ ਦਾ ਮੰਨਣਾ ਹੈ ਕਿ ਰਾਹੁਲ ਗਾਂਧੀ ਕੁਲਵਕਤੀ ਸਿਆਸਤਦਾਨ ਬਣਨ ਵੱਲ ਵਧ ਰਹੇ ਹਨ। ਕਾਂਗਰਸ ਕਾਰਜ ਕਮੇਟੀ ਦੇ ਇਕ ਮੈਂਬਰ ਦਾ ਦਾਅਵਾ ਹੈ ਕਿ ''ਇਕ ਵਾਰ ਰਾਹੁਲ ਦੇ ਪਾਰਟੀ ਪ੍ਰਧਾਨ ਬਣਨ ਦੀ ਦੇਰ ਹੈ, ਲੋਕਾਂ ਨੂੰ ਉਨ੍ਹਾਂ ਤਕ ਹੋਰ ਵੀ ਜ਼ਿਆਦਾ ਆਸਾਨ ਪਹੁੰਚ ਹਾਸਿਲ ਹੋ ਸਕਦੀ ਹੈ ਕਿਉਂਕਿ ਅਜਿਹਾ ਕਰ ਕੇ ਹੀ ਰਾਹੁਲ ਗਾਂਧੀ ਸਿਆਸਤ 'ਤੇ ਆਪਣੀ ਛਾਪ ਛੱਡ ਸਕਣਗੇ।''
ਪਰ ਜੇ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਰਾਹੁਲ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਨਹੀਂ ਦਿਖਾਉਂਦੇ ਤਾਂ ਸਭ ਕੀਤੇ-ਕਰਾਏ 'ਤੇ ਪਾਣੀ ਫਿਰ ਜਾਵੇਗਾ। ਅਜੇ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਰਾਹੁਲ ਦੀ ਪ੍ਰਧਾਨਗੀ ਹੇਠ ਕਾਂਗਰਸ ਦੀ ਕਾਰਗੁਜ਼ਾਰੀ 'ਚ ਹਾਂ-ਪੱਖੀ ਤਬਦੀਲੀ ਆਵੇਗੀ ਕਿਉਂਕਿ ਫਿਲਹਾਲ ਉਨ੍ਹਾਂ ਸਾਹਮਣੇ ਕਾਫੀ ਵੱਡੀਆਂ ਚੁਣੌਤੀਆਂ ਖੜ੍ਹੀਆਂ ਹਨ।
ਥੋੜ੍ਹਚਿਰੇ ਰੂਪ 'ਚ ਸ਼ਾਇਦ ਕੁਝ ਵੀ ਨਹੀਂ ਬਦਲੇਗਾ ਪਰ ਜੇ ਅੱਗੇ ਚੱਲ ਕੇ ਰਾਹੁਲ ਗਾਂਧੀ ਮੋਦੀ ਦੇ ਬਦਲ ਵਜੋਂ ਉੱਭਰਨ ਲਈ ਗੰਭੀਰ ਹੋਣਗੇ ਤਾਂ ਉਨ੍ਹਾਂ ਨੂੰ ਨਵੇਂ ਸਿਰਿਓਂ ਰਣਨੀਤੀ ਘੜਨੀ ਪਵੇਗੀ। ਸਿਰਫ ਮੋਦੀ ਨੂੰ ਬੁਰਾ-ਭਲਾ ਕਹਿਣ ਨਾਲ ਹੀ ਕੰਮ ਨਹੀਂ ਚੱਲੇਗਾ।
ਵਿਕਾਸ ਦੇ ਬਦਲਵੇਂ ਏਜੰਡੇ ਅਤੇ ਸਿਆਸੀ ਵਿਚਾਰ-ਵਟਾਂਦਰੇ ਦਾ ਨਵਾਂ ਮੁਹਾਵਰਾ ਪੇਸ਼ ਕਰਨ ਲਈ ਕੋਈ ਛੋਟਾ ਰਾਹ (ਸ਼ਾਰਟਕੱਟ) ਨਹੀਂ ਅਪਣਾਇਆ ਜਾ ਸਕਦਾ। ਪੰਚਮੜ੍ਹੀ ਚਿੰਤਨ ਕੈਂਪ ਅਤੇ ਸ਼ਿਮਲਾ ਚਿੰਤਨ ਕੈਂਪ ਨਾਲ ਅਤੀਤ 'ਚ ਕੁਝ ਨਵੇਂ ਵਿਚਾਰ ਸਾਹਮਣੇ ਆਏ ਸਨ। ਕਾਂਗਰਸ ਨੂੰ 2004 ਵਿਚ 'ਆਮ ਆਦਮੀ' ਦੀ ਧਾਰਨਾ ਚੇਤੇ ਆਈ ਅਤੇ ਇਸ ਦਾ ਉਸ ਨੂੰ ਖੂਬ ਲਾਭ ਮਿਲਿਆ। ਰਾਹੁਲ ਨੂੰ ਵੀ ਹੁਣ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ ਕੁਝ ਨਵੇਂ ਢੰਗ ਨਾਲ ਸੋਚਣਾ ਪਵੇਗਾ।
ਦੂਜੇ ਨੰਬਰ 'ਤੇ ਕਾਂਗਰਸ ਸੰਗਠਨ ਦਾ ਨਿਰਮਾਣ ਕਰਨਾ ਬੇਹੱਦ ਜ਼ਰੂਰੀ ਹੈ ਕਿਉਂਕਿ ਇਸ ਸਮੇਂ ਇਸ ਦਾ ਬੁਰਾ ਹਾਲ ਹੈ। ਮੰਦਭਾਗੀ ਗੱਲ ਇਹ ਹੈ ਕਿ ਮਾਂ-ਪੁੱਤਰ (ਸੋਨੀਆ-ਰਾਹੁਲ) ਨੇ ਆਪਣੀ ਲੀਡਰਸ਼ਿਪ ਦੇ ਕਈ ਵਰ੍ਹਿਆਂ ਦੌਰਾਨ ਸੰਗਠਨ ਦੇ ਸਬੰਧ ਵਿਚ ਕੋਈ ਪਹਿਲਕਦਮੀ ਨਹੀਂ ਕੀਤੀ। ਜਦੋਂ ਤਕ ਅਜਿਹਾ ਨਹੀਂ ਕੀਤਾ ਜਾਂਦਾ, ਕਾਂਗਰਸ ਦੁਬਾਰਾ ਸੱਤਾ ਵਿਚ ਆਉਣ ਦੀ ਉਮੀਦ ਨਹੀਂ ਕਰ ਸਕਦੀ। ਦੂਜੇ ਪਾਸੇ ਭਾਜਪਾ ਕੋਲ ਮਜ਼ਬੂਤ ਨੇਤਾ ਤੇ ਮਜ਼ਬੂਤ ਸੰਗਠਨ ਦੇ ਨਾਲ-ਨਾਲ ਸੰਘ ਪਰਿਵਾਰ ਦਾ ਸਮਰਥਨ ਵੀ ਹੈ ਤੇ ਇਸ ਕੋਲ ਅਥਾਹ ਵਿੱਤੀ ਸੋਮੇ ਵੀ ਹਨ।
ਤੀਜੀ ਗੱਲ ਇਹ ਕਿ ਕਾਂਗਰਸ ਪਾਰਟੀ ਨੂੰ ਨੇਤਾਵਾਂ ਦੇ ਦੂਜੇ ਪੱਧਰ (ਦੂਜੀ ਕਤਾਰ) ਦੀ ਲੋੜ ਹੈ। ਅਤੀਤ 'ਚ ਕਾਂਗਰਸ ਕੋਲ ਬੀ. ਸੀ. ਰਾਏ, ਸੰਜੀਵਾ ਰੈੱਡੀ, ਮੋਰਾਰਜੀ ਦੇਸਾਈ ਅਤੇ ਵਾਈ. ਬੀ. ਚਵਾਨ ਵਰਗੇ ਸੂਬਾਈ ਪੱਧਰ ਦੇ ਘਾਗ ਨੇਤਾ ਸਨ ਤੇ ਉਨ੍ਹਾਂ ਦੇ ਨਾਲ ਪੰ. ਨਹਿਰੂ, ਰਾਜਿੰਦਰ ਪ੍ਰਸਾਦ ਤੇ ਸਰਦਾਰ ਪਟੇਲ ਵਰਗੇ ਕੌਮੀ ਨੇਤਾ ਵੀ ਸਨ। ਅਸੁਰੱਖਿਆ ਦੀ ਭਾਵਨਾ ਤੋਂ ਪੀੜਤ ਇੰਦਰਾ ਗਾਂਧੀ ਨੇ ਸੂਬਿਆਂ ਵਿਚ ਆਪਣੇ ਕਠਪੁਤਲੀ ਨੇਤਾਵਾਂ ਨੂੰ ਅਹੁਦੇ ਸੌਂਪੇ ਅਤੇ ਉਸ ਤੋਂ ਬਾਅਦ ਅੱਜ ਤਕ ਉਹੀ ਸਿਲਸਿਲਾ ਚੱਲਦਾ ਆ ਰਿਹਾ ਹੈ।
ਚੌਥੀ ਗੱਲ ਇਹ ਹੈ ਕਿ ਪੁਰਾਣੇ ਤੇ ਨਵੇਂ ਖੂਨ ਦੇ ਮੇਲ ਨਾਲ ਨੇਤਾਵਾਂ ਦੀ ਇਕ ਬਿਹਤਰੀਨ ਟੀਮ ਖੜ੍ਹੀ ਕਰਨ ਦੀ ਲੋੜ ਹੈ। ਜਿਥੇ ਪੁਰਾਣੀ ਪੀੜ੍ਹੀ ਦੇ ਨੇਤਾ ਆਪਣਾ ਤਜਰਬਾ ਮੁਹੱਈਆ ਕਰਵਾਉਣਗੇ, ਉਥੇ ਹੀ ਨੌਜਵਾਨ ਨੇਤਾ ਜੋਸ਼ ਤੇ ਹਿੰਮਤ ਨਾਲ ਕੰਮ ਕਰਨਗੇ। ਜਯੋਤਿਰਾਦਿੱਤਿਆ ਸਿੰਧੀਆ, ਸਚਿਨ ਪਾਇਲਟ ਅਤੇ ਦੀਪੇਂਦਰ ਹੁੱਡਾ ਵਰਗੇ ਸਿਆਸੀ ਪਰਿਵਾਰਾਂ ਦੇ ਫਰਜੰਦ ਰਾਹੁਲ ਗਾਂਧੀ ਦੀ ਨੇੜਲੀ ਜੁੰਡਲੀ ਦਾ ਹਿੱਸਾ ਹਨ। ਕੁਲ ਮਿਲਾ ਕੇ ਹੋਰਨਾਂ ਲੋਕਾਂ ਨੂੰ ਵੀ ਅਹਿਮੀਅਤ ਦੇਣੀ ਜ਼ਰੂਰੀ ਹੈ।
ਪੰਜਵੀਂ ਗੱਲ ਇਹ ਹੈ ਕਿ ਪਾਰਟੀ ਨੂੰ ਆਮ ਲੋਕਾਂ ਨਾਲ ਸੰਪਰਕ ਬਣਾਉਣ ਦੇ ਸੂਤਰ ਮੁੜ ਲੱਭਣੇ ਪੈਣਗੇ। ਅਜਿਹਾ ਕਰਨ ਨਾਲ ਜਿਥੇ ਪਾਰਟੀ ਦੇ ਪੁਰਾਣੇ ਵੋਟਰ ਇਸ ਨਾਲ ਜੁੜੇ ਰਹਿਣਗੇ, ਉਥੇ ਹੀ ਨਵੇਂ ਵੀ ਇਸ ਵੱਲ ਆਕਰਸ਼ਿਤ ਹੋਣਗੇ। ਸਿਰਫ ਨਹਿਰੂ, ਇੰਦਰਾ ਤੇ ਰਾਜੀਵ ਗਾਂਧੀ ਦੇ ਗੁਣਗਾਨ ਕਰਨ ਨਾਲ ਪਾਰਟੀ ਨੂੰ ਕੋਈ ਸਹਾਇਤਾ ਮਿਲਣ ਵਾਲੀ ਨਹੀਂ ਕਿਉਂਕਿ ਵੋਟਰਾਂ ਦੀ ਨਵੀਂ ਪੀੜ੍ਹੀ ਉਨ੍ਹਾਂ ਬਾਰੇ ਬਹੁਤਾ ਕੁਝ ਨਹੀਂ ਜਾਣਦੀ। ਇਸ ਪੀੜ੍ਹੀ ਦੀਆਂ ਤਾਂ ਆਪਣੀਆਂ ਇੱਛਾਵਾਂ ਹਨ, ਜਿਨ੍ਹਾਂ ਨੂੰ ਉਹ ਸਾਕਾਰ ਹੁੰਦਿਆਂ ਦੇਖਣਾ ਚਾਹੁੰਦੀ ਹੈ।
ਛੇਵੀਂ ਗੱਲ ਇਹ ਹੈ ਕਿ ਪਾਰਟੀ ਨੂੰ ਜਾਤ 'ਤੇ ਆਧਾਰਿਤ ਇਕ ਵਧੀਆ ਗੱਠਜੋੜ ਬਣਾਉਣਾ ਪਵੇਗਾ। ਅਤੀਤ 'ਚ ਕਾਂਗਰਸ ਬ੍ਰਾਹਮਣਾਂ, ਦਲਿਤਾਂ, ਮੁਸਲਮਾਨਾਂ ਤੇ ਪੱਛੜੀਆਂ ਜਾਤਾਂ ਦੇ ਸਮਰਥਨ ਨਾਲ ਜਿੱਤ ਜਾਂਦੀ ਸੀ ਪਰ ਜਾਤ ਅਤੇ ਵਿਸ਼ੇਸ਼ ਪਛਾਣ ਦੇ ਆਧਾਰ 'ਤੇ ਪਾਰਟੀਆਂ ਦੇ ਉੱਭਰਨ ਨਾਲ ਇਹ ਲੋਕ ਕਾਂਗਰਸ ਤੋਂ ਦੂਰ ਚਲੇ ਗਏ ਹਨ। ਰਾਹੁਲ ਗਾਂਧੀ ਨੂੰ ਹੁਣ ਇਨ੍ਹਾਂ ਲੋਕਾਂ ਨੂੰ ਮੁੜ ਪਾਰਟੀ ਨਾਲ ਜੋੜਨ ਲਈ ਕੋਈ ਨਵੇਂ ਢੰਗ ਦੀ 'ਸੋਸ਼ਲ ਇੰਜੀਨੀਅਰਿੰਗ' ਤਿਆਰ ਕਰਨੀ ਪਵੇਗੀ।
ਸੱਤਵੇਂ ਨੰਬਰ 'ਤੇ ਕਾਂਗਰਸ ਨੂੰ ਭਰੋਸੇਯੋਗ ਗੱਠਜੋੜ ਬਣਾਉਣੇ ਪੈਣਗੇ। 2004 'ਚ ਸੋਨੀਆ ਗਾਂਧੀ ਯੂ. ਪੀ. ਏ. ਦਾ ਗਠਨ ਕਰਨ 'ਚ ਸਫਲ ਹੋ ਗਈ ਸੀ ਪਰ ਹੁਣ ਯੂ. ਪੀ. ਏ. ਸੁੰਗੜ ਰਿਹਾ ਹੈ। ਜੇ ਕਾਂਗਰਸ ਇਕੱਲੇ ਆਪਣੇ ਦਮ 'ਤੇ ਸੱਤਾ 'ਚ ਆਉਣਾ ਚਾਹੁੰਦੀ ਹੈ ਤਾਂ ਇਸ ਕੰਮ ਵਿਚ ਕੁਝ ਸਮਾਂ ਜ਼ਰੂਰ ਲੱਗੇਗਾ ਪਰ ਅਜਿਹਾ ਤਾਂ ਹੀ ਹੋ ਸਕੇਗਾ, ਜੇ ਭਾਜਪਾ ਨਾਲ ਲੜਨ ਲਈ ਇਹ ਗੱਠਜੋੜ ਦਾ ਸਹਾਰਾ ਲੈਂਦੀ ਹੈ।
ਆਖਿਰ ਮੋਦੀ 31 ਫੀਸਦੀ ਵੋਟ ਹਿੱਸੇਦਾਰੀ ਦੇ ਦਮ 'ਤੇ ਹੀ ਸੱਤਾ 'ਚ ਆਏ ਹਨ ਕਿਉਂਕਿ ਵਿਰੋਧੀ ਧੜੇ ਦੀਆਂ ਵੋਟਾਂ ਖਿੰਡਰੀਆਂ ਹੋਈਆਂ ਸਨ। ਹੁਣ ਕਾਂਗਰਸ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਵਿਰੋਧੀ ਧਿਰ ਦੀਆਂ ਵੋਟਾਂ ਇਕਜੁੱਟ ਰਹਿਣ।
ਅਜੇ ਇਹ ਦੇਖਣਾ ਬਾਕੀ ਹੈ ਕਿ ਨਹਿਰੂ-ਗਾਂਧੀ ਪਰਿਵਾਰ ਦੇ ਯੁਵਰਾਜ ਰਾਹੁਲ ਗਾਂਧੀ ਮੋਦੀ ਦੇ ਤਾਕਤਵਰ ਵਿਰੋਧੀ ਵਜੋਂ ਉੱਭਰਦੇ ਹਨ ਜਾਂ ਨਹੀਂ। ਉਨ੍ਹਾਂ ਨੂੰ ਸਿਆਸੀ ਤੇਜ਼-ਤਰਾਰੀ ਦੇ ਨਾਲ-ਨਾਲ ਮੋਦੀ ਦੀ ਲੀਡਰਸ਼ਿਪ ਸਮਰੱਥਾ ਦਾ ਮੁਕਾਬਲਾ ਕਰਨ ਲਈ ਦ੍ਰਿੜ੍ਹਤਾ ਅਤੇ ਸਮਰਥਨ ਭਾਵਨਾ ਵੀ ਦਰਸਾਉਣੀ ਪਵੇਗੀ। ਇਕ ਗੱਲ ਤਾਂ ਤੈਅ ਨਜ਼ਰ ਆ ਰਹੀ ਹੈ ਕਿ ਰਾਹੁਲ ਗਾਂਧੀ ਪਹਿਲੀ ਵਾਰ ਵਿਰੋਧੀ ਧਿਰ ਦੇ ਨੇਤਾ ਦੀ ਭੂਮਿਕਾ ਦਾ ਮਜ਼ਾ ਲੈ ਰਹੇ ਹਨ।
ਅੱਤਵਾਦੀਆਂ ਅਤੇ ਗੈਂਗਸਟਰਾਂ ਦੀ ਗ੍ਰਿਫਤਾਰੀ ਨਾਲ ਬਹਾਲ ਹੋਈ ਪੰਜਾਬ ਪੁਲਸ ਦੀ ਸਾਖ
NEXT STORY