ਕੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 2019 ਦੀਅਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਇਕ ਚੁਣੌਤੀ ਬਣ ਕੇ ਉੱਭਰਨਗੇ? ਉਹ ਅਜਿਹਾ ਕਰ ਸਕਦੇ ਹਨ, ਜੇ ਕਿਸਮਤ ਉਨ੍ਹਾਂ ਦਾ ਸਾਥ ਦਿੰਦੀ ਹੈ ਅਤੇ ਕਾਂਗਰਸ 5 ਸੂਬਿਅਾਂ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਮਿਜ਼ੋਰਮ ਅਤੇ ਤੇਲੰਗਾਨਾ ਦੀਅਾਂ ਚੱਲ ਰਹੀਅਾਂ ਵਿਧਾਨ ਸਭਾ ਚੋਣਾਂ ’ਚ ਆਪਣੀ ਸਥਿਤੀ ਸੁਧਾਰ ਲੈਂਦੀ ਹੈ। ਇਹ ਸੂਬੇ ਕੁਲ ਮਿਲਾ ਕੇ 83 ਲੋਕ ਸਭਾ ਸੀਟਾਂ ਬਣਾਉਂਦੇ ਹਨ।
2019 ਦੀਅਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਨ੍ਹਾਂ ਚੋਣਾਂ ਨੂੰ ‘ਸੈਮੀਫਾਈਨਲ’ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਇਹ ਇਸ ਗੱਲ ਦਾ ਵੀ ਸੰਕੇਤ ਦੇਣਗੀਅਾਂ ਕਿ ਭਾਜਪਾ ਕਿੱਥੇ ਖੜ੍ਹੀ ਹੈ? ਪਹਿਲੇ 3 ਸੂਬਿਅਾਂ ’ਚ ਭਾਜਪਾ ਦੀ ਸਰਕਾਰ ਹੈ, ਜਦਕਿ ਮਿਜ਼ੋਰਮ ’ਚ ਕਾਂਗਰਸ ਦੀ ਅਤੇ ਤੇਲੰਗਾਨਾ ’ਚ ਟੀ. ਆਰ. ਐੱਸ. ਦੀ ਸਰਕਾਰ ਹੈ। ਇਨ੍ਹਾਂ ਦੋਹਾਂ ਸੂਬਿਅਾਂ ’ਚ ਭਾਜਪਾ ਦੀ ਹਾਲਤ ਬਹੁਤ ਪਤਲੀ ਹੈ।
ਰਾਹੁਲ ਦੀ ਅਗਵਾਈ ਹੇਠ ਪਹਿਲੀਅਾਂ ‘ਮਿੰਨੀ ਆਮ ਚੋਣਾਂ’
ਕਾਂਗਰਸ ਦੇ ਨਾਲ-ਨਾਲ ਇਸ ਦੇ ਪ੍ਰਧਾਨ ਰਾਹੁਲ ਗਾਂਧੀ ਉੱਤੇ ਵੀ ਉੱਚੇ ਦਾਅ ਲੱਗੇ ਹੋਏ ਹਨ, ਜੋ ਕਿ ਬਹੁਤ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ। ਮਾਰਚ ’ਚ ਪਾਰਟੀ ਦੀ ਕਮਾਨ ਸੰਭਾਲਣ ਤੋਂ ਬਾਅਦ ਉਨ੍ਹਾਂ ਦੀ ਅਗਵਾਈ ਹੇਠ ਇਹ ਪਹਿਲੀਅਾਂ ਮਿੰਨੀ ਆਮ ਚੋਣਾਂ ਹੋਣਗੀਅਾਂ।
2014 ’ਚ ਸਿਰਫ 44 ਸੀਟਾਂ ਜਿੱਤ ਕੇ ਸਭ ਤੋਂ ਖਰਾਬ ਸਥਿਤੀ ’ਚ ਆਉਣ ਤੋਂ ਬਾਅਦ ਸੋਨੀਆ ਗਾਂਧੀ ਨੇ ਪ੍ਰਧਾਨਗੀ ਅਹੁਦਾ ਛੱਡ ਦਿੱਤਾ ਸੀ ਤੇ ਜੇ ਹੁਣ ਕਾਂਗਰਸ ਸੁਧਾਰ ਕਰ ਸਕੀ ਤਾਂ ਇਹ ਰਾਹੁਲ ਗਾਂਧੀ ਲਈ ਬਹੁਤ ਲਾਹੇ ਵਾਲੀ ਸਥਿਤੀ ਹੋਵੇਗੀ।
ਸ਼ੁਰੂ ’ਚ ਰਾਹੁਲ ਗਾਂਧੀ ਨੇ ਜ਼ਮੀਨੀ ਪੱਧਰ ਦੇ ਨੇਤਾਵਾਂ ਨੂੰ ਉਤਸ਼ਾਹਿਤ ਕਰਨ ਅਤੇ ਚੋਟੀ ਦੇ ਪੱਧਰ ’ਤੇ ਨਵੇਂ ਖੂਨ ਦਾ ਸੰਚਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਰਾਣੇ ਕਾਂਗਰਸੀਅਾਂ ਨੇ ਸਫਲਤਾਪੂਰਵਕ ਉਨ੍ਹਾਂ ਦਾ ਵਿਰੋਧ ਕੀਤਾ ਸੀ। ਉਪ-ਪ੍ਰਧਾਨ ਹੋਣ ਦੇ ਨਾਤੇ ਉਨ੍ਹਾਂ ਨੇ ਮਧੂਸੂਦਨ ਮਿਸਤਰੀ, ਸੀ. ਪੀ. ਜੋਸ਼ੀ ਤੇ ਮੋਹਨ ਪ੍ਰਕਾਸ਼ ਵਰਗੇ ਘੱਟ ਤਜਰਬੇਕਾਰ ਨੇਤਾਵਾਂ ਨਾਲ ਆਪਣਾ ਖ਼ੁਦ ਦਾ ਕੇਂਦਰੀ ਸਮੂਹ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਪ੍ਰਧਾਨ ਬਣ ਗਏ ਤਾਂ ਉਨ੍ਹਾਂ ਨੂੰ ਹਟਾ ਦਿੱਤਾ ਅਤੇ ਅਜ਼ਮਾਏ ਹੋਏ, ਭਰੋਸੇਯੋਗ ਪੁਰਾਣੇ ਨੇਤਾਵਾਂ ਵੱਲ ਮੁੜ ਗਏ। ਇਸ ਤੋਂ ਵੀ ਵਧ ਕੇ 2014 ਤੋਂ ਬਾਅਦ ਪਹਿਲੀ ਵਾਰ ਕਾਂਗਰਸ ਨੇ ਚੋਣਾਂ ਦੇ ਇਸ ਦੌਰ ’ਚ ਪੱਕੇ ਦਾਅਵੇਦਾਰ ਵਜੋਂ ਸ਼ੁਰੂਆਤ ਕੀਤੀ।
ਹੁਣ ਬਹੁਤ ਕੁਝ ਇਨ੍ਹਾਂ ਚੋਣਾਂ ਦੇ ਨਤੀਜਿਅਾਂ ’ਤੇ ਨਿਰਭਰ ਕਰਦਾ ਹੈ, ਜਿਵੇਂ ਕਿ 2014 ’ਚ ਛੱਤੀਸਗੜ੍ਹ ਵਿਚ ਭਾਜਪਾ ਨੇ ਸਾਰੀਅਾਂ 11, ਮੱਧ ਪ੍ਰਦੇਸ਼ ’ਚ 29 ’ਚੋਂ 26 ਅਤੇ ਰਾਜਸਥਾਨ ’ਚ ਸਾਰੀਅਾਂ 25 ਲੋਕ ਸਭਾ ਸੀਟਾਂ ਜਿੱਤੀਅਾਂ ਸਨ। ਭਾਜਪਾ ਦੀ ਜ਼ੋਰਦਾਰ ਜਿੱਤ ਨੂੰ ‘ਮੋਦੀ ਦਾ ਜਾਦੂ’ ਜਾਰੀ ਰਹਿਣ ਦੇ ਤੌਰ ’ਤੇ ਦੇਖਿਆ ਜਾਵੇਗਾ ਪਰ ਮੋਦੀ ਤੇ ਰਾਹੁਲ ਗਾਂਧੀ ਵਿਚਾਲੇ ਚੁਣੌਤੀ ਕਾਫੀ ਦਿਲਚਸਪ ਹੈ।
ਜਿੱਥੇ ਭਾਜਪਾ ਨੂੰ ਇਨ੍ਹਾਂ ਪੰਜਾਂ ਸੂਬਿਅਾਂ ’ਚ ਬਹੁਮਤ ਹਾਸਿਲ ਕਰਨਾ ਪਵੇਗਾ, ਉਥੇ ਹੀ ਕਾਂਗਰਸ ਨੂੰ ਮੁੜ ਲੀਹ ’ਤੇ ਲਿਆਉਣ ਲਈ ਰਾਹੁਲ ਗਾਂਧੀ ਨੂੰ ਸਿਰਫ ਇਕ ਸੂਬਾ ਜਿੱਤਣਾ ਪਵੇਗਾ। ਭਾਜਪਾ ਲਈ ਹਿੰਦੀ ਪੱਟੀ ’ਚ ਜਿੱਤ ਬਰਕਰਾਰ ਰੱਖਣਾ ਇਹ ਸੰਦੇਸ਼ ਦੇਣ ਲਈ ਮਹੱਤਵਪੂਰਨ ਹੈ ਕਿ 2019 ਤੋਂ ਪਹਿਲਾਂ ਇਸ ਦਾ ਆਧਾਰ ਕਾਇਮ ਹੈ।
ਕੋਈ ਲਹਿਰ ਨਹੀਂ
ਦਿਲਚਸਪ ਗੱਲ ਹੈ ਕਿ ਇਨ੍ਹਾਂ ਚੋਣਾਂ ’ਚ ਕੋਈ ਲਹਿਰ ਨਹੀਂ ਹੈ। ਸੂਬਿਅਾਂ ਦੇ ਮੁੱਖ ਮੰਤਰੀਅਾਂ ਨੂੰ ਗੰਭੀਰ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੱਦੇ ਵੀ ਘੱਟ ਜਾਂ ਜ਼ਿਆਦਾ ਸੂਬਿਅਾਂ ਨਾਲ ਹੀ ਸਬੰਧਤ ਹਨ ਪਰ ਕੁਲ ਮਿਲਾ ਕੇ ਬਿਜਲੀ, ਪਾਣੀ ਦੀ ਘਾਟ, ਜਨਜਾਤੀ ਭਲਾਈ, ਨਕਸਲਵਾਦ, ਸੱਤਾ ਵਿਰੋਧੀ ਲਹਿਰ, ਖੇਤੀਬਾੜੀ ਸੰਕਟ, ਪੈਟਰੋਲ-ਡੀਜ਼ਲ ਦੀਅਾਂ ਕੀਮਤਾਂ ’ਚ ਵਾਧਾ, ਰਾਫੇਲ, ਨੋਟਬੰਦੀ ਤੇ ਜੀ. ਐੱਸ. ਟੀ. ਦੇ ਮੁੱਦੇ ਵੀ ਛਾਏ ਹੋਏ ਹਨ।
ਹਾਲਾਂਕਿ ਰਾਜਸਥਾਨ ਤੇ ਤੇਲੰਗਾਨਾ ’ਚ ਚੋਣਾਂ ਅਜੇ ਹੋਣੀਅਾਂ ਹਨ ਪਰ ਚੋਣਾਵੀ ਤੇ ਸਿਆਸੀ ਪੰਡਿਤ ਭਾਜਪਾ ਦੇ ਪਤਨ ਤੋਂ ਲੈ ਕੇ ਕਾਂਗਰਸ ਦੀ ਜਿੱਤ ਤਕ ਚੋਣ ਨਤੀਜਿਅਾਂ ਦੇ ਵੱਖ-ਵੱਖ ਦ੍ਰਿਸ਼ਾਂ ਦੀ ਭਵਿੱਖਬਾਣੀ ਕਰ ਰਹੇ ਹਨ। ਸੀ-ਵੋਟਰ ਅਨੁਸਾਰ ਰਾਜਸਥਾਨ ’ਚ ਕਾਂਗਰਸ ਵੱਡੀ ਜਿੱਤ ਪ੍ਰਾਪਤ ਕਰ ਸਕਦੀ ਹੈ, ਤੇਲੰਗਾਨਾ ’ਚ ਵੀ ਜਿੱਤ ਸਕਦੀ ਹੈ ਤੇ ਸ਼ਾਇਦ ਘੱਟ ਫਰਕ ਨਾਲ ਮੱਧ ਪ੍ਰਦੇਸ਼ ’ਚ ਵੀ। ਇਥੋਂ ਤਕ ਕਿ ਛੱਤਸੀਗੜ੍ਹ ਤੇ ਤੇਲੰਗਾਨਾ ’ਚ ਕਾਂਗਰਸ ਨੂੰ ਨੇੜਲੀ ਟੱਕਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੱਟਾ ਬਾਜ਼ਾਰ, ਜਿਸ ’ਚ ਹਰ ਵਾਰ ਚੋਣਾਂ ਦੌਰਾਨ ਕਰੋੜਾਂ ਰੁਪਏ ਦੇ ਦਾਅ ਲੱਗਦੇ ਹਨ, ਰਾਜਸਥਾਨ ਵਿਚ ਕਾਂਗਰਸ ਦੀ ਜਿੱਤ ਅਤੇ ਮੱਧ ਪ੍ਰਦੇਸ਼, ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ’ਚ ਭਾਜਪਾ ਨਾਲ ਕਾਂਗਰਸ ਦੀ ਨੇੜਲੀ ਟੱਕਰ ਅਤੇ 50:50 ਦੇ ਮੌਕਿਅਾਂ ਦਾ ਅਨੁਮਾਨ ਲਾ ਰਿਹਾ ਹੈ।
ਕਾਂਗਰਸ ਲਈ ਬਿਹਤਰੀਨ ਸਥਿਤੀ ਰਹੀ ਤਾਂ ਇਹ 5-0 ਜਾਂ 4-0 ਨਾਲ ਜਿੱਤੇਗੀ। ਭਵਿੱਖਬਾਣੀਅਾਂ ਤੋਂ ਉਤਸ਼ਾਹਿਤ ਕਾਂਗਰਸ ’ਚ ਆਸ਼ਾਵਾਦੀਅਾਂ ਨੇ ਪਹਿਲਾਂ ਹੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਸਾਰੇ ਸੂਬਿਅਾਂ ’ਚ ਅਣਕਿਆਸੀ ਜਿੱਤ ਪ੍ਰਾਪਤ ਕਰ ਸਕਦੇ ਹਨ।
ਇਸ ਤੋਂ ਵੀ ਵਧ ਕੇ ਅਜਿਹੀ ਜਿੱਤ ਵਿਰੋਧੀ ਧਿਰ ’ਚ ਇਕ ਨਵੀਂ ਜਾਨ ਫੂਕੇਗੀ ਅਤੇ ਭਾਜਪਾ ਵਿਰੋਧੀ ਪਾਰਟੀਅਾਂ ਨੂੰ ਰਾਹੁਲ ਗਾਂਧੀ ਦੀ ਅਗਵਾਈ ਹੇਠ ਇਕਜੁੱਟ ਹੋਣ ਲਈ ਉਤਸ਼ਾਹਿਤ ਕਰੇਗੀ। ਵਿਰੋਧੀ ਧਿਰ ਦੀ ਏਕਤਾ ਲਈ 2019 ਦੀਅਾਂ ਚੋਣਾਂ ਤੋਂ ਪਹਿਲਾਂ ਯਤਨ ਉਂਝ ਵੀ ਜਾਰੀ ਹਨ।
ਕਾਂਗਰਸ ਪ੍ਰਧਾਨ ਦਾ ਨਵਾਂ ਅਵਤਾਰ
ਕੁਝ ਗੜਬੜੀਅਾਂ ਦੇ ਬਾਵਜੂਦ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਪ੍ਰਮੁੱਖ ਚੁਣੌਤੀ ਦੇਣ ਵਾਲੇ ਵਜੋਂ ਉੱਭਰੇ ਹਨ, ਜਿਵੇਂ ਕਿ ਹਾਲ ਹੀ ਦੇ ਕੁਝ ਸਰਵੇਖਣ ਦੱਸਦੇ ਹਨ ਕਿ ਮੋਦੀ ਨੂੰ ਚੁਣੌਤੀ ਦੇਣ ਵਾਲੇ ਵਜੋਂ ਰਾਹੁਲ ਗਾਂਧੀ ਦੀ ਮਾਨਤਾ ਵਧ ਰਹੀ ਹੈ। ਭਾਜਪਾ ਦੇ ਹਿੰਦੂਤਵ ਦਾ ਸਾਹਮਣਾ ਕਰਨ ਲਈ ਕਾਂਗਰਸ ਦੇ ਰਣਨੀਤੀਕਾਰ ਰਾਹੁਲ ਗਾਂਧੀ ਨੂੰ ਇਕ ਨਵੇਂ ਅਵਤਾਰ ’ਚ ਪੇਸ਼ ਕਰਨ ’ਚ ਰੁੱਝੇ ਹੋਏ ਹਨ।
ਇਕ ਨਰਮ ਹਿੰਦੂਤਵ ਅਪਣਾਉਂਦਿਅਾਂ ਰਾਹੁਲ ਗਾਂਧੀ ਇਕ ਤੋਂ ਬਾਅਦ ਇਕ ਮੰਦਰਾਂ ’ਚ ਜਾ ਰਹੇ ਹਨ ਤੇ ਖ਼ੁਦ ਨੂੰ ਭਗਵਾਨ ਸ਼ਿਵ ਦੇ ਭਗਤ ਵਜੋਂ ਪੇਸ਼ ਕਰ ਰਹੇ ਹਨ। ਕਾਂਗਰਸ ਨੇ ਉਨ੍ਹਾਂ ਨੂੰ ਇਕ ਜਨੇਊਧਾਰੀ ਤੇ ਸ਼ੁੱਧ ਕਸ਼ਮੀਰੀ ਬ੍ਰਾਹਮਣ ਐਲਾਨਿਆ ਹੈ। ਇਸ ਸਮੇਂ ਸਭ ਕੁਝ ਕਾਂਗਰਸ ਦੇ ਪੱਖ ’ਚ ਦਿਖਾਈ ਦਿੰਦਾ ਹੈ, ਜਿਵੇਂ ਕਿ ਤਿੰਨ ਸੂਬਿਅਾਂ ’ਚ ਸੱਤਾ ਵਿਰੋਧੀ ਲਹਿਰ, ਸਥਾਨਕ ਪੱਧਰ ਦੀ ਲੀਡਰਸ਼ਿਪ ਦਾ ਉੱਭਰਨਾ ਤੇ ਮੋਦੀ ਦੇ ਭਾਸ਼ਣਾਂ ਦਾ ਵਿਰੋਧ।
ਕਾਂਗਰਸ ਦੀ ਰਣਨੀਤੀ ਖੇਤੀ ਸੰਕਟ, ਬੇਰੋਜ਼ਗਾਰੀ ਤੇ 2014 ’ਚ ਮੋਦੀ ਵਲੋਂ ਕੀਤੇ ਗਏ ਚੋਣ ਵਾਅਦੇ ਪੂਰੇ ਨਾ ਹੋਣ ਵਰਗੇ ਮੁੱਦਿਅਾਂ ’ਤੇ ਭਾਜਪਾ ਨੂੰ ਘੇਰਨ ਦੀ ਹੈ। ਭਾਜਪਾ ਨੇ ਰਾਹੁਲ ਗਾਂਧੀ ਦੀ ਆਲੋਚਨਾ ਨੂੰ ਗੰਭੀਰਤਾ ਨਾਲ ਲੈਣਾ ਤੇ ਹਰੇਕ ਟਿੱਪਣੀ ਨਾਲ ਨਜਿੱਠਣਾ ਸ਼ੁਰੂ ਕਰ ਦਿੱਤਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਹਿੰਦੀ ਪੱਟੀ ’ਚ ਕਾਂਗਰਸ ਲਈ ਹਾਰ ਇਕ ਹੋਰ ਵੱਡਾ ਝਟਕਾ ਸਿੱਧ ਹੋਵੇਗੀ।
ਭਾਜਪਾ ਨੂੰ ਆਪਣਾ ਅਕਸ ਬਚਾਉਣ ਲਈ 3 ਵੱਡੇ ਸੂਬਿਅਾਂ ’ਚੋਂ ਘੱਟੋ-ਘੱਟ ਇਕ ਵਿਚ ਜਿੱਤਣਾ ਪਵੇਗਾ। ਪਾਰਟੀ ਲਈ ਸਭ ਤੋਂ ਖਰਾਬ ਸਥਿਤੀ ਇਨ੍ਹਾਂ ਤਿੰਨਾਂ ਸੂਬਿਅਾਂ ’ਚ ਹਾਰ ਨਾਲ ਹੋਵੇਗੀ ਕਿਉਂਕਿ ਇਸ ਦਾ 2019 ਦੀਅਾਂ ਲੋਕ ਸਭਾ ਚੋਣਾਂ ’ਤੇ ਵਿਆਪਕ ਅਸਰ ਪਵੇਗਾ। ਇਕ ਮਿਲਿਆ-ਜੁਲਿਆ ਨਤੀਜਾ ਦੋਹਾਂ ਪਾਰਟੀਅਾਂ ਲਈ ਅਕਸ ਬਚਾਉਣ ਵਾਲਾ ਸਿੱਧ ਹੋਵੇਗਾ ਤੇ ਇਸ ਨਾਲ 2019 ਦੀਅਾਂ ਆਮ ਚੋਣਾਂ ਦਾ ਸਵਾਲ ਖੁੱਲ੍ਹਾ ਰਹੇਗਾ।
ਕੀ ਰਾਜਪਾਲ ਕੇਂਦਰ ਦਾ ‘ਪਿੱਠੂ’ ਹੁੰਦਾ ਹੈ
NEXT STORY