ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)—ਲੱਖਾਂ ਲੋਕਾਂ ਦੀ ਇਹ ਆਸ ਅੱਜ ਦੀ ਨਹੀਂ, ਉਦੋਂ ਦੀ ਹੀ ਉਨ੍ਹਾਂ ਦੇ ਜ਼ਿਹਨ 'ਚ ਉੱਸਲਵੱਟੇ ਲੈ ਰਹੀ ਹੈ, ਜਦੋਂ ਭਾਰਤ ਦੀ ਵੰਡ ਹੋਈ ਸੀ। ਵੰਡ ਦੌਰਾਨ ਬਣੇ ਪਾਕਿਸਤਾਨ ਵਿਚ ਹਿੰਦੂਆਂ ਅਤੇ ਸਿੱਖਾਂ ਦੇ ਬਹੁਤ ਇਤਿਹਾਸਕ ਅਤੇ ਮਹਾਨ ਧਾਰਮਕ ਅਸਥਾਨ ਰਹਿ ਗਏ ਸਨ। ਇਨ੍ਹਾਂ ਦੇ ਦਰਸ਼ਨਾਂ ਦੀ ਤਾਂਘ ਤਾਂ ਪੂਰੇ ਸੰਸਾਰ 'ਚ ਵਸਦੇ ਦੋਹਾਂ ਭਾਈਚਾਰਿਆਂ ਦੇ ਅਣਗਿਣਤ ਲੋਕਾਂ ਦੇ ਮਨਾਂ 'ਚ ਪਲਸੇਟੇ ਮਾਰਦੀ ਰਹਿੰਦੀ ਹੈ ਪਰ ਜਿਹੜੇ ਪਾਕਿਸਤਾਨ ਵਾਲੇ ਇਲਾਕੇ 'ਚੋਂ ਉੱਜੜ ਕੇ ਭਾਰਤ ਆ ਗਏ ਸਨ, ਉਨ੍ਹਾਂ ਨੂੰ ਤਾਂ ਇਨ੍ਹਾਂ ਅਸਥਾਨਾਂ ਤੋਂ ਵਿਛੜਨ ਦਾ ਗ਼ਮ ਵੀ ਤੜਪਾਉਂਦਾ ਰਹਿੰਦਾ ਹੈ।
ਲੋਕਾਂ ਨੂੰ ਆਪਣੀ ਜਨਮ ਭੂਮੀ ਤੋਂ ਦੂਰ ਹੋਣ ਦੀ ਜਿੰਨੀ ਪੀੜ ਸੀ, ਉਸ ਨਾਲੋਂ ਕਿਤੇ ਜ਼ਿਆਦਾ ਡੂੰਘੀ ਚੀਸ ਆਪਣੇ ਗੁਰੂਆਂ, ਦੇਵਤਿਆਂ ਦੀ ਚਰਨ-ਛੋਹ ਧਰਤੀ ਨਾਲੋਂ ਤੋੜ ਦਿੱਤੇ ਜਾਣ ਦੀ ਸੀ। ਉਨ੍ਹਾਂ ਨੂੰ ਲੱਗਦਾ ਸੀ ਜਿਵੇਂ ਪੂਜਨੀਕ ਧਰਮ-ਸਥਾਨ ਉਨ੍ਹਾਂ ਤੋਂ ਖੋਹ ਲਏ ਗਏ ਹੋਣ। ਇਸੇ ਕਾਰਨ ਲੋਕ-ਮਨਾਂ 'ਚੋਂ ਹੂਕ ਉੱਠਦੀ ਸੀ–'ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ'। ਗਿਣਤੀ ਦੇ ਭਾਰਤੀ ਹਿੰਦੂ-ਸਿੱਖ ਹਰ ਸਾਲ ਖਾਸ ਮੌਕਿਆਂ 'ਤੇ ਵੀਜ਼ੇ ਲੈ ਕੇ ਪਾਕਿਸਤਾਨ 'ਚ ਸਿਜਦਾ ਕਰਨ ਜਾਂਦੇ ਹਨ, ਗੁਰੂ-ਘਰਾਂ 'ਚ ਨਤਮਸਤਕ ਹੁੰਦੇ ਹਨ ਅਤੇ ਅਰਦਾਸ ਵੀ ਕਰਦੇ ਹਨ ਕਿ ਪ੍ਰਮਾਤਮਾ 'ਵਿਛੜੇ ਅਸਥਾਨਾਂ' ਦੀ ਸੇਵਾ-ਸੰਭਾਲ ਅਤੇ ਦਰਸ਼ਨਾਂ ਦਾ ਦਾਨ ਉਨ੍ਹਾਂ ਨੂੰ ਬਖਸ਼ਣ।
ਪਿੰਡ ਬੋਹਲੀਆਂ 'ਚ ਵੰਡੀ ਰਾਹਤ-ਸਮੱਗਰੀ
ਪਿਛਲੇ ਦਿਨੀਂ ਅਜਨਾਲਾ ਨੇੜਲੇ ਪਿੰਡ ਬੋਹਲੀਆਂ ਵਿਚ ਲੋੜਵੰਦਾਂ ਨੂੰ 489ਵੇਂ ਟਰੱਕ ਦੀ ਰਾਹਤ-ਸਮੱਗਰੀ ਵੰਡਣ ਲਈ ਪੰਜਾਬ ਕੇਸਰੀ ਸਮੂਹ ਦੀ ਟੀਮ ਗਈ ਸੀ। ਉਸ ਦੌਰਾਨ ਇਲਾਕੇ ਦੇ ਬਹੁਤ ਸਾਰੇ ਪਿੰਡਾਂ 'ਚੋਂ ਲੰਘਣ ਅਤੇ ਉਨ੍ਹਾਂ ਨੂੰ ਵੇਖਣ ਦਾ ਮੌਕਾ ਮਿਲਿਆ। ਇਸ ਦੌਰਾਨ ਹੀ ਡੇਰਾ ਬਾਬਾ ਨਾਨਕ ਅਤੇ ਰਾਵੀ ਦਰਿਆ ਦੇ ਬੰਨ੍ਹ 'ਤੇ ਜਾਣ ਦਾ ਮੌਕਾ ਵੀ ਮਿਲਿਆ, ਜਿਥੋਂ ਨੇੜੇ ਹੀ ਪਾਕਿਸਤਾਨ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਕਰਤਾਰਪੁਰ ਸਾਹਿਬ ਸਥਿਤ ਹੈ।
ਜਦੋਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ 'ਲਾਂਘਾ' ਖੋਲ੍ਹੇ ਜਾਣ ਦੀਆਂ ਗੱਲਾਂ ਪਿਛਲੇ ਦਿਨੀਂ ਛਿੜੀਆਂ ਸਨ ਤਾਂ ਦੋਹੀਂ ਪਾਸੀਂ ਕੁਝ ਹਿਲਜੁਲ ਵੀ ਹੋਈ ਅਤੇ ਰੰਗ-ਬਿਰੰਗੇ 'ਬਿਆਨ ਅਤੇ ਲਾਰੇ' ਵੀ ਪਰੋਸੇ ਗਏ ਤਾਂ ਨਾਨਕ-ਨਾਮ ਲੇਵਾ ਸੰਗਤਾਂ ਦੇ ਮਨਾਂ 'ਚ ਦਰਸ਼ਨਾਂ ਲਈ ਮੇਲ੍ਹਦੀ ਇੱਛਾ ਬਲਵਾਨ ਹੋ ਗਈ। ਉਹ ਲਾਰਿਆਂ ਦੀ ਇਸ ਧੁੰਦ 'ਚੋਂ ਹੀ 'ਆਸ-ਕਿਰਨ' ਦੀ ਭਾਲ ਕਰਨ ਲੱਗੇ। ਜ਼ਿਕਰਯੋਗ ਗੱਲ ਇਹ ਵੀ ਹੈ ਕਿ ਇਨ੍ਹਾਂ ਸੰਗਤਾਂ 'ਚ ਸਿਰਫ ਸਿੱਖ ਹੀ ਨਹੀਂ, ਵੱਡੀ ਗਿਣਤੀ 'ਚ ਹਿੰਦੂ ਅਤੇ ਮੁਸਲਮਾਨ ਵੀ ਸ਼ਾਮਲ ਹਨ, ਜਿਹੜੇ ਪੂਰੇ ਅਦਬ ਨਾਲ ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਨੂੰ ਸਿਰ ਝੁਕਾਉਂਦੇ ਹਨ।
ਨਦੀਓਂ ਪਾਰ ਮਾਹੀ ਦਾ ਡੇਰਾ
ਡੇਰਾ ਬਾਬਾ ਨਾਨਕ ਦੀਆਂ ਕੰਧਾਂ ਨਾਲ ਖਹਿ ਕੇ ਵਗਦੀ ਹੈ ਰਾਵੀ ਅਤੇ ਉਸ ਦੇ ਪਾਰ ਹੈ ਉਹ ਅਸਥਾਨ, ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੱਖ-ਵੱਖ ਦੇਸ਼ਾਂ-ਦਿਸ਼ਾਵਾਂ 'ਚ ਚਾਰ ਉਦਾਸੀਆਂ ਕਰਨ ਉਪਰੰਤ 1522 ਵਿਚ ਚਰਨ ਪਾਏ ਸਨ ਅਤੇ ਫਿਰ ਚੋਲਾ ਤਿਆਗਣ ਤਕ ਲੱਗਭਗ ਸਾਢੇ 17 ਸਾਲ ਇਥੇ ਹੀ ਰਹੇ। ਗੁਰੂ ਸਾਹਿਬ ਨੇ ਇਸ ਸਮੇਂ ਦੌਰਾਨ ਖੇਤੀ ਕੀਤੀ ਅਤੇ ਇਥੇ ਹੀ ਨਾਮ ਜਪਣ, ਕਿਰਤ ਕਰਨ ਅਤੇ ਵੰਡ ਕੇ ਛਕਣ ਦਾ ਸੰਦੇਸ਼ ਦਿੱਤਾ।
ਸਵਾਲ ਇਹ ਹੈ ਕਿ ਕੀ ਸੱਚਮੁਚ ਇਹ ਲਾਂਘਾ ਖੁੱਲ੍ਹ ਜਾਵੇਗਾ ਅਤੇ ਸੰਗਤਾਂ ਗੁਰੂ-ਘਰ ਦੇ ਆਮ ਵਾਂਗ ਦਰਸ਼ਨ-ਦੀਦਾਰ ਕਰ ਸਕਣਗੀਆਂ? ਇਸ ਸਵਾਲ ਦਾ ਜਵਾਬ ਤਾਂ ਕਿਤੇ 'ਲਾਰਿਆਂ ਦੀ ਧੁੰਦ' ਵਿਚ ਹੀ ਛੁਪਿਆ ਹੋਇਆ ਹੈ।
ਸਰਹੱਦ ਦੇ ਪਾਰਲੇ ਪਾਸੇ ਵਾਲੇ ਲੋਕਾਂ ਦੇ ਬਿਆਨ ਆਪਸ ਵਿਚ ਮੇਲ ਨਹੀਂ ਖਾਂਦੇ ਅਤੇ ਮੇਲ ਇਧਰਲੇ ਲੋਕਾਂ ਦੇ ਵੀ ਨਹੀਂ ਖਾਂਦੇ। ਇਸੇ ਵਿਚੋਂ ਉਹ ਸ਼ੰਕੇ ਉਪਜਦੇ ਹਨ, ਜਿਹੜੇ ਲਾਰਿਆਂ ਦੀ ਧੁੰਦ ਨੂੰ ਹੋਰ ਗੂੜ੍ਹਾ ਹੀ ਕਰ ਰਹੇ ਹਨ। ਅਜਿਹੀ ਹਾਲਤ ਵਿਚ ਲੋਕਾਂ ਦੀਆਂ ਆਸਾਂ ਨੂੰ ਬੂਰ ਕਦੋਂ ਪਵੇਗਾ ਅਤੇ ਉਹ ਕਦੋਂ ਗੁਰਧਾਮਾਂ ਦੇ ਦੀਦਾਰ ਕਰ ਸਕਣਗੇ, ਇਸ ਦਾ ਜਵਾਬ 'ਧੁੰਦ' 'ਚੋਂ ਲੱਭਣਾ ਜ਼ਰਾ ਮੁਸ਼ਕਲ ਹੈ।
ਰਾਵੀ ਦੇ ਬੰਨ੍ਹ ਤੋਂ ਹੀ ਹੁੰਦੈ ਸਿਜਦਾ
ਲਾਂਘਾ ਕਦੋਂ ਖੁੱਲ੍ਹੇਗਾ, ਇਸ ਸਵਾਲ ਦੇ ਜਵਾਬ ਦੀ ਚਿੰਤਾ ਕੀਤੇ ਬਗੈਰ ਸਾਲ ਭਰ ਲੱਖਾਂ ਸੰਗਤਾਂ ਰਾਵੀ ਦੇ ਬੰਨ੍ਹ 'ਤੇ ਪਹੁੰਚਦੀਆਂ ਹਨ ਅਤੇ ਉਥੋਂ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਸਿਜਦਾ ਕਰ ਕੇ ਪਰਤ ਜਾਂਦੀਆਂ ਹਨ।
ਇਥੇ ਬੀ. ਐੱਸ. ਐੱਫ. ਵਾਲਿਆਂ ਦਾ ਸਖਤ ਪਹਿਰਾ ਹੈ, ਜਿਹੜੇ ਰਾਵੀ ਜਾਂ ਗੁਰਦੁਆਰਾ ਸਾਹਿਬ ਦੀ ਫੋਟੋ ਖਿੱਚਣ ਜਾਂ ਵੀਡੀਓ ਬਣਾਉਣ ਤੋਂ ਵੀ ਵਰਜਦੇ ਹਨ। ਬੰਨ੍ਹ ਤੋਂ ਪਿੱਛੇ ਸਥਿਤ ਖੇਤਰ 'ਚ ਸੰਗਤਾਂ ਲਈ ਇਕ ਵਿਸ਼ਰਾਮ-ਘਰ ਵੀ ਬਣਿਆ ਹੋਇਆ ਹੈ, ਜਿਥੇ 40-50 ਲੋਕ ਬੈਠ ਸਕਦੇ ਹਨ ਅਤੇ ਇਕ ਛੋਟਾ ਜਿਹਾ ਗੁਰਦੁਆਰਾ ਵੀ ਹੈ, ਜਿਥੇ ਹਰ ਵੇਲੇ ਲੰਗਰ ਚੱਲਦਾ ਰਹਿੰਦਾ ਹੈ।
ਉਥੇ ਘੁੰਮ ਰਹੇ ਇਕ ਨਿਹੰਗ ਸਿੰਘ ਨੇ ਦੱਸਿਆ ਕਿ ਜਦੋਂ ਵੀ ਸਮਾਂ ਮਿਲੇ, ਉਹ ਬੰਨ੍ਹ 'ਤੇ ਪੁੱਜ ਕੇ ਦੂਰੋਂ ਹੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲੈਂਦਾ ਹੈ। ਆਮ ਦਿਨਾਂ 'ਚ ਹਜ਼ਾਰ ਤਕ ਲੋਕ ਇਸ ਜਗ੍ਹਾ ਨੂੰ ਵੇਖਣ ਲਈ ਪੁੱਜਦੇ ਹਨ, ਜਦਕਿ ਛੁੱਟੀ ਵਾਲੇ ਦਿਨ ਗਿਣਤੀ ਦੁੱਗਣੀ-ਤਿੱਗਣੀ ਵੀ ਹੋ ਜਾਂਦੀ ਹੈ।
ਡੇਰਾ ਬਾਬਾ ਨਾਨਕ ਤੋਂ ਰਾਵੀ ਦੇ ਬੰਨ੍ਹ ਤਕ ਇਕ ਸਾਧਾਰਨ ਜਿਹੀ ਸੜਕ ਬਣੀ ਹੋਈ ਹੈ, ਜਿਸ 'ਤੇ ਸੰਗਤਾਂ ਵਲੋਂ ਇਕ ਸਵਾਗਤੀ ਗੇਟ ਬਣਾਇਆ ਹੋਇਆ ਹੈ।
ਸਰਕਾਰੀ ਪੱਧਰ 'ਤੇ ਇਸ ਜਗ੍ਹਾ ਕੀਤਾ ਗਿਆ ਕੋਈ ਪ੍ਰਬੰਧ ਜਾਂ ਹਰਕਤ ਤਕ ਕਿਤੇ ਨਹੀਂ ਰੜਕਦੀ। ਸਿਰਫ ਸੰਗਤਾਂ ਦਾ ਉਤਸ਼ਾਹ ਹੀ ਦਿਖਾਈ ਦਿੰਦਾ ਹੈ। ਹਾਂ, ਇਹ ਸੁਣਨ ਵਿਚ ਜ਼ਰੂਰ ਆਇਆ ਹੈ ਕਿ ਪਾਕਿਸਤਾਨ ਵਾਲੇ ਪਾਸੇ ਸੜਕ ਬਣਾਉਣ ਲਈ ਕੁਝ ਯਤਨ ਕੀਤੇ ਗਏ ਹਨ। ਇਸ ਤੋਂ ਇਲਾਵਾ ਦੋਹੀਂ ਪਾਸੀਂ ਚਰਚਿਆਂ ਦਾ ਬਾਜ਼ਾਰ ਜ਼ਰੂਰ ਗਰਮ ਹੈ।
ਮਿੱਟੀ 'ਚੋਂ ਨਸੀਬ ਫਰੋਲਦੇ ਲੋਕ
ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਕੰਢੇ ਪੰਜਾਬ ਦੇ ਸੈਂਕੜੇ ਪਿੰਡ ਸਥਿਤ ਹਨ ਅਤੇ ਇਥੇ ਰਹਿੰਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੀ ਹੈ। ਪਿੰਡਾਂ 'ਚ ਬਹੁਤੀ ਗਿਣਤੀ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਦੀ ਹੈ।
ਇਨ੍ਹਾਂ ਵਿਚੋਂ ਟਾਵੇਂ-ਟਾਵੇਂ ਨੌਜਵਾਨ ਹੀ ਚੰਗੇ ਪੜ੍ਹੇ-ਲਿਖੇ ਹਨ, ਬਾਕੀ ਤਾਂ ਕਾਲਜ ਦੇ ਬੂਹੇ ਤੋਂ ਪਿੱਛੇ ਰਹਿ ਗਏ। ਅਜਨਾਲੇ ਤੋਂ ਡੇਰਾ ਬਾਬਾ ਨਾਨਕ ਤਕ ਸਾਰੇ ਸਰਹੱਦੀ ਪਿੰਡਾਂ ਅਤੇ ਖੇਤਾਂ 'ਚ ਫਸਲਾਂ ਦੀ ਸਥਿਤੀ ਲੱਗਭਗ ਇਕੋ ਜਿਹੀ ਹੀ ਹੈ। ਖੇਤੀਬਾੜੀ ਜ਼ਿਆਦਾਤਰ ਕਣਕ-ਝੋਨੇ ਦੇ ਫਸਲੀ ਚੱਕਰ ਤਕ ਸੀਮਤ ਹੈ। ਕਿਸੇ-ਕਿਸੇ ਖੇਤ 'ਚ ਸਰ੍ਹੋਂ ਦੇ ਪੀਲੇ ਫੁੱਲ ਅਤੇ ਗੰਨੇ ਦਿਖਾਈ ਦਿੰਦੇ ਹਨ।
ਫਸਲਾਂ ਦੇ ਮਾਮਲੇ 'ਚ ਇਕ ਗੱਲ ਜ਼ਰੂਰ ਹੈਰਾਨੀਜਨਕ ਸੀ ਕਿ ਸਰਹੱਦੀ ਪੱਟੀ ਦਾ ਇਲਾਕਾ ਹੋਣ ਦੇ ਬਾਵਜੂਦ ਬਹੁਤੇ ਖੇਤਾਂ ਵਿਚ ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਾਏ ਬਗੈਰ ਕਣਕ ਅਤੇ ਹੋਰ ਫਸਲਾਂ ਬੀਜੀਆਂ ਹੋਈਆਂ ਸਨ। ਇਹ ਇਕ ਚੰਗਾ ਰੁਝਾਨ ਹੈ ਅਤੇ ਜੇ ਪੰਜਾਬ ਦੇ ਸਾਰੇ ਕਿਸਾਨ ਇਹ ਰਾਹ ਅਪਣਾ ਲੈਣ ਤਾਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਬਾਕੀ ਪੰਜਾਬ ਦੇ ਮੁਕਾਬਲੇ ਕੁਝ ਪੱਛੜੇ ਹੋਏ ਇਸ ਇਲਾਕੇ ਦੇ ਬਹੁ-ਪੱਖੀ ਵਿਕਾਸ ਲਈ ਸਰਕਾਰਾਂ ਨੂੰ ਖਾਸ ਯਤਨ ਅਮਲ ਵਿਚ ਲਿਆਉਣੇ ਚਾਹੀਦੇ ਹਨ।
94174-02327
ਭਾਰਤ ’ਚ ਆਈ. ਐੱਸ. ਆਈ. ਐੱਸ. ਦਾ ਫੈਲਦਾ ਜਾਲ
NEXT STORY