ਬਜ਼ੁਰਗ ਅਵਸਥਾ ਜੀਵਨ ਦਾ ਅਟੱਲ ਸੱਚ ਹੈ। ਜੋ ਅੱਜ ਜਵਾਨ ਹੈ, ਉਹ ਕੱਲ੍ਹ ਬੁੱਢਾ ਵੀ ਹੋਵੇਗਾ ਪਰ ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਨੌਜਵਾਨ ਪੀੜ੍ਹੀ ਆਪਣੇ ਬਜ਼ੁਰਗਾਂ ਨੂੰ ਬੇਧਿਆਨ ਕਰਨ ਲੱਗਦੀ ਹੈ ਅਤੇ ਉਨ੍ਹਾਂ ਨੂੰ ਬੇਸਹਾਰਾ ਛੱਡ ਦਿੰਦੀ ਹੈ। ਇਕ ਰਿਪੋਰਟ ਅਨੁਸਾਰ ਦੇਸ਼ ’ਚ ਜਿੰਨੀ ਤੇਜ਼ੀ ਨਾਲ ਬਜ਼ੁਰਗਾਂ ਦੀ ਗਿਣਤੀ ਵਧ ਰਹੀ ਹੈ, ਓਨੀ ਹੀ ਤੇਜ਼ੀ ਨਾਲ ਦੇਸ਼ ’ਚ ਬਜ਼ੁਰਗਾਂ ਦੀ ਬੇਧਿਆਨੀ ਵਧਣ ਕਾਰਨ ਔਲਾਦਾਂ ਵਲੋਂ ਠੁਕਰਾਏ ਗਏ ਬਜ਼ੁਰਗ ਬਿਰਧ ਆਸ਼ਰਮਾਂ ਦੀ ਸ਼ਰਨ ਲੈਣ ਲਈ ਮਜਬੂਰ ਹੋ ਰਹੇ ਹਨ।
ਹਾਲ ਹੀ ’ਚ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਸਥਿਤ ਬਿਰਧ ਆਸ਼ਰਮਾਂ ’ਚ ਰਹਿਣ ਵਾਲੇ ਘਰੋਂ ਕੱਢੇ ਹੋਏ ਬਜ਼ੁਰਗਾਂ ’ਚੋਂ 40 ਫ਼ੀਸਦੀ ਨੇ ਕਿਹਾ ਕਿ, ‘‘ਔਲਾਦ ਵਲੋਂ ਧਿਆਨ ਨਾ ਦੇਣ, ਇੱਛਾ ਅਨੁਸਾਰ ਭੋਜਨ ਨਾ ਦੇਣ ਅਤੇ ਹੋਰ ਲੋੜਾਂ ਪੂਰੀਆਂ ਨਾ ਕਰਨ ਕਾਰਨ ਉਹ ਬਿਰਧ ਆਸ਼ਰਮਾਂ ਦੀ ਸ਼ਰਨ ਲੈਣ ਲਈ ਮਜਬੂਰ ਹੋਏ ਹਨ।’’ ਕਈ ਬਜ਼ੁਰਗਾਂ ਨੇ ਪੁੱਤਰਾਂ-ਨੂੰਹਾਂ ਵਲੋਂ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਨ ਤਕ ਦੀਆਂ ਸ਼ਿਕਾਇਤਾਂ ਵੀ ਕੀਤੀਆਂ। ਅਜਿਹੇ ਮਾਹੌਲ ’ਚ ਜਲੰਧਰ ਦੇ ਇਕ ਪਰਿਵਾਰ ਨੇ ਆਪਣੀ 80 ਸਾਲਾ ਬਜ਼ੁਰਗ ਮਾਤਾ ਦਾ ਜਨਮ ਦਿਨ ਸਮਾਰੋਹ ਦੇ ਰੂਪ ’ਚ ਮਨਾਇਆ, ਜਿਸ ਵਿਚ ਉਨ੍ਹਾਂ ਨੇ ਨਾ ਸਿਰਫ ਸ਼ਹਿਰ ਦੇ ਮੰਨੇ-ਪ੍ਰਮੰਨੇ ਲੋਕਾਂ ਨੂੰ ਸੱਦਿਆ, ਸਗੋਂ ਬਜ਼ੁਰਗ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਵਿਦੇਸ਼ ’ਚ ਰਹਿਣ ਵਾਲਾ ਉਨ੍ਹਾਂ ਦਾ ਬੇਟਾ ਅਤੇ ਨੇੜਲੇ ਰਿਸ਼ਤੇਦਾਰ ਇਸ ਸਮਾਰੋਹ ’ਚ ਵਿਸ਼ੇਸ਼ ਰੂਪ ਨਾਲ ਪੁੱਜੇ।
ਅੱਜ ਜਦੋਂ ਕਿ ਔਲਾਦਾਂ ਆਪਣੇ ਬਜ਼ੁਰਗ ਮਾਤਾ-ਪਿਤਾ ਦੀ ਜਾਇਦਾਦ ਆਪਣੇ ਨਾਂ ਲਿਖਵਾ ਕੇ ਉਨ੍ਹਾਂ ਨੂੰ ਬਿਰਧ ਆਸ਼ਰਮਾਂ ’ਚ ਭਿਜਵਾ ਰਹੀਆਂ ਹਨ, ਉਕਤ ਪਰਿਵਾਰ ਵਲੋਂ ਆਪਣੀ ਬਜ਼ੁਰਗ ਮਾਤਾ ਦੇ 80ਵੇਂ ਜਨਮ ਦਿਨ ’ਤੇ ਸਮਾਰੋਹ ਦਾ ਆਯੋਜਨ ਪ੍ਰੇਰਣਾਦਾਇਕ ਹੈ। ਸਮਾਰੋਹ ’ਚ ਸੱਦੇ ਅਜਿਹੇ ਹੀ ਕੁਝ ਹੋਰਨਾਂ ਬਜ਼ੁਰਗਾਂ ਨਾਲ ਵੀ ਮੇਰੀ ਮੁਲਾਕਾਤ ਹੋਈ, ਜਿਨ੍ਹਾਂ ਨੇ ਘਰ ਜਾ ਕੇ ਆਪਣੇ ਬੱਚਿਆਂ ਨੂੰ ਦੱਸਿਆ ਹੋਵੇਗਾ। ਹੋਰਨਾਂ ਲੋਕਾਂ ਨੂੰ ਵੀ ਇਸ ਤਰ੍ਹਾਂ ਦੇ ਆਯੋਜਨ ਤੋਂ ਪ੍ਰੇਰਣਾ ਲੈਂਦਿਆਂ ਆਪਣੇ ਬਜ਼ੁਰਗਾਂ ਨੂੰ ਉਨ੍ਹਾਂ ਦੇ ਜੀਵਨ ਦੀ ਸ਼ਾਮ ’ਚ ਵਧੇਰੇ ਸਨਮਾਨ ਅਤੇ ਪਿਆਰ ਦੇਣਾ ਚਾਹੀਦਾ ਹੈ ਤਾਂ ਜੋ ਉਹ ਖੁਸ਼ੀ ਨਾਲ ਆਪਣੇ ਅੰਤਿਮ ਸਫਰ ਵੱਲ ਵਧ ਸਕਣ।
ਅਸਲੀ ਭਗਵਾਨ ਤਾਂ ਸਾਡੇ ਬਜ਼ੁਰਗ ਮਾਤਾ-ਪਿਤਾ ਹੀ ਹਨ। ਜੇ ਕੋਈ ਇਨ੍ਹਾਂ ਦੀ ਸੇਵਾ ਨਹੀਂ ਕਰਦਾ ਤਾਂ ਧਾਰਮਿਕ ਥਾਵਾਂ ’ਤੇ ਜਾ ਕੇ ਪੂਜਾ ਕਰਨ ਦਾ ਕੋਈ ਲਾਭ ਨਹੀਂ। ਮਾਤਾ-ਪਿਤਾ ਇਸ ਧਰਤੀ ’ਤੇ ਸਾਡੇ ਭਗਵਾਨ ਹਨ। ਉਨ੍ਹਾਂ ਦੀ ਸੇਵਾ ਤੋਂ ਵਧ ਕੇ ਕੁਝ ਹੋਰ ਨਹੀਂ।
–ਵਿਜੇ ਕੁਮਾਰ
ਅਦਾਲਤਾਂ ਸਵੇਰੇ 9.30 ਵਜੇ ਸ਼ੁਰੂ ਹੋਣ ਨਾਲ ਕੰਮ ’ਚ ਤੇਜ਼ੀ ਆਏਗੀ ਤੇ ਘਟੇਗਾ ਮੁਕੱਦਮਿਆਂ ਦਾ ਭਾਰ
NEXT STORY