ਦੇਸ਼ ਵਿਚ ਨਕਲੀ ਖਾਧ ਪਦਾਰਥ, ਦਵਾਈਆਂ, ਖਾਦਾਂ, ਕੀਟਨਾਸ਼ਕਾਂ, ਕਰੰਸੀ ਆਦਿ ਦੀਆਂ ਗੱਲਾਂ ਤਾਂ ਸੁਣੀਆਂ ਜਾਂਦੀਆਂ ਸਨ ਪਰ ਹੁਣ ਇਹ ਬੀਮਾਰੀ ਨਕਲੀ ਆਈ. ਏ. ਐੱਸ. ਤੇ ਆਈ. ਪੀ .ਐੱਸ. ਅਧਿਕਾਰੀਆਂ ਤੋਂ ਵੀ ਅੱਗੇ ਪ੍ਰਧਾਨ ਮੰਤਰੀ ਦਫਤਰ (ਪੀ. ਐੱਮ. ਓ.) ਦੇ ਨਕਲੀ ਅਧਿਕਾਰੀ ਅਤੇ ਨਕਲੀ ਹਵਾਈ ਫੌਜ ਅਧਿਕਾਰੀ ਤੱਕ ਪੁੱਜ ਗਈ ਹੈ।
16 ਮਾਰਚ, 2023 ਨੂੰ ਇਕ ਹਾਈ-ਪ੍ਰੋਫਾਈਲ ਮਾਮਲੇ ’ਚ ਜੰਮੂ-ਕਸ਼ਮੀਰ ਪੁਲਸ ਨੇ ਸ਼੍ਰੀਨਗਰ ’ਚ ਖੁਦ ਨੂੰ ਪ੍ਰਧਾਨ ਮੰਤਰੀ ਦਫਤਰ ਦਾ ਐਡੀਸ਼ਨਲ ਡਾਇਰੈਕਟਰ (ਰਣਨੀਤੀ ਤੇ ਮੁਹਿੰਮ) ਦੱਸਣ ਅਤੇ ਜਾਰੀ ਦਸਤਾਵੇਜ਼ਾਂ ਦੇ ਆਧਾਰ ’ਤੇ ਅਧਿਕਾਰਤ ਪ੍ਰੋਟੋਕਾਲ ਪ੍ਰਾਪਤ ਕਰਨ ਵਾਲੇ ‘ਕਿਰਨ ਭਾਈ ਪਟੇਲ’ ਨਾਂ ਦੇ ਵਿਅਕਤੀ ਨੂੰ ਫੜਿਆ ਸੀ।
ਇਸ ਵਿਅਕਤੀ ਨੇ ਮੱਧ ਕਸ਼ਮੀਰ ’ਚ ਕਈ ਥਾਵਾਂ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਉਸ ਨਾਲ ਐੱਸ. ਡੀ. ਐੱਮ. ਰੈਂਕ ਦਾ ਇਕ ਅਧਿਕਾਰੀ ਵੀ ਸੀ। ‘ਕਿਰਨ ਭਾਈ ਪਟੇਲ’ ’ਤੇ ਦੋਸ਼ ਹੈ ਕਿ ਉਸ ਨੇ ਪਹਿਲਾਂ ਵੀ ਧੋਖਾਧੜੀ ਦਾ ਸਹਾਰਾ ਲੈ ਕੇ ਲੋਕਾਂ ਨੂੰ ਠੱਗਿਆ ਸੀ। ਕਸ਼ਮੀਰ ਪੁਲਸ ਦੇ ਮੁਖੀ ਵਿਜੇ ਕੁਮਾਰ ਅਨੁਸਾਰ ਇਸ ਦੀ ‘ਸਕਿਓਰਿਟੀ ਕਵਰ’ ਪ੍ਰਦਾਨ ਕਰਨਾ ਫੀਲਡ ਅਫਸਰ ਪੱਧਰ ’ਤੇ ਹੋਈ ਇਕ ਭਿਆਨਕ ਭੁੱਲ ਸੀ।
ਅਤੇ ਹੁਣ 21 ਫਰਵਰੀ, 2024 ਨੂੰ ਦਿੱਲੀ ਕੈਂਟ ਸਥਿਤ ਹਵਾਈ ਫੌਜ ਸਟੇਸ਼ਨ ਦੇ ਗੇਟ ’ਤੇ ਪੁੱਜੇ ਵਿਨਾਇਕ ਚੱਢਾ ਨਾਂ ਦੇ ਵਿਅਕਤੀ ਨੂੰ ਫੜਿਆ ਗਿਆ ਹੈ, ਜੋ ਖੁਦ ਨੂੰ ਵਿੰਗ ਕਮਾਂਡਰ ਦੱਸ ਕੇ ਜਾਅਲੀ ਦਸਤਾਵੇਜ਼ਾਂ ਦੇ ਸਹਾਰੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਹਵਾਈ ਫੌਜ ਸਟੇਸ਼ਨ ਦਾ ਪਹਿਲਾ ਸੁਰੱਖਿਆ ਗੇਟ ਪਾਰ ਕਰਨ ’ਚ ਸਫਲ ਹੋ ਗਿਆ ਪਰ ਦੂਜੇ ਗੇਟ ’ਤੇ ਫੜਿਆ ਗਿਆ।
ਤਲਾਸ਼ੀ ਦੌਰਾਨ ਉਸ ਕੋਲੋਂ ਕਈ ਸਰੁੱਖਿਆ ਮੁਲਾਜ਼ਮਾਂ ਦੇ ਨਾਂ ’ਤੇ ਜਾਰੀ ਰਿਆਇਤੀ ਸ਼ਰਾਬ ਦੇ ਜਾਅਲੀ ਕਾਰਡ ਅਤੇ ਇਕ ਜਾਅਲੀ ਪਛਾਣ ਪੱਤਰ ਵੀ ਬਰਾਮਦ ਕੀਤਾ ਗਿਆ। ਦੋਸ਼ੀ ਨੂੰ ਜਾਅਲੀ ਦਸਤਾਵੇਜ਼ ਕਿੱਥੋਂ ਮਿਲੇ, ਇਸ ਦੀ ਜਾਂਚ ਦੌਰਾਨ ਪੁਲਸ ਨੇ ਸੁਲਤਾਨਪੁਰੀ ਤੋਂ ਇਕ ਵਿਅਕਤੀ ਨੂੰ ਫੜਿਆ ਹੈ।
ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਦੇਸ਼ ’ਚ ਜਾਅਲਸਾਜ਼ੀ ਕਿਸ ਤਰ੍ਹਾਂ ਵਧ ਰਹੀ ਹੈ। ਇਸ ਲਈ ਅਜਿਹੇ ਸਮਾਜ ਵਿਰੋਧੀ ਤੱਤਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਕਿ ਉਹ ਦੇਸ਼ ਅਤੇ ਸਮਾਜ ਨਾਲ ਧੋਖਾ ਨਾ ਕਰ ਸਕਣ ਅਤੇ ਦੂਜਿਆਂ ਨੂੰ ਸਬਕ ਮਿਲੇ। ਉਂਝ ਵੀ ਇਹ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ ਕਿਉਂਕਿ ਦੋਸ਼ੀ ਹਵਾਈ ਫੌਜ ਸਟੇਸ਼ਨ ਦਾ ਪਹਿਲਾ ਸੁਰੱਖਿਆ ਗੇਟ ਪਾਰ ਕਰਨ ’ਚ ਕਾਮਯਾਬ ਰਿਹਾ।
- ਵਿਜੇ ਕੁਮਾਰ
‘ਫੈਮਿਲੀ ਕੋਰਟ’ ਦਾ ਚੰਗਾ ਫ਼ੈਸਲਾ- ਕਮਾਊ ਪਤਨੀ ਦੇਵੇਗੀ ਬੇਰੋਜ਼ਗਾਰ ਪਤੀ ਨੂੰ ਗੁਜ਼ਾਰਾ ਭੱਤਾ
NEXT STORY