ਪਲਾਸਟਿਕ ਦੀ ਸਮੱਸਿਆ ਲਗਾਤਾਰ ਵਧ ਰਹੀ ਹੈ, ਜਿਸ ਕਾਰਣ ਪੂਰੀ ਦੁਨੀਆ ਪ੍ਰੇਸ਼ਾਨ ਹੈ। ਜ਼ਿਆਦਾ ਆਬਾਦੀ ਕਾਰਣ ਭਾਰਤ ਵਿਚ ਇਹ ਹੋਰ ਵੀ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ ਪਰ ਚੰਗੀ ਗੱਲ ਹੈ ਕਿ ਪਲਾਸਟਿਕ ਅਤੇ ਪ੍ਰਦੂਸ਼ਣ ਵਿਰੁੱਧ ਹੁਣ ਲੋਕਾਂ ’ਚ ਜਾਗਰੂਕਤਾ ਵਧ ਰਹੀ ਹੈ।
ਪਲਾਸਟਿਕ ਦੀ ਵਰਤੋਂ ’ਤੇ ਜੇਕਰ ਰੋਕ ਲਾਉਣੀ ਮੁਸ਼ਕਿਲ ਹੋ ਰਹੀ ਹੈ ਤਾਂ ਇਸ ਦਾ ਇਕ ਕਾਰਣ ਇਹ ਹੈ ਕਿ ਪਲਾਸਟਿਕ ਦੀਆਂ ਚੀਜ਼ਾਂ ਦੀ ਵਰਤੋਂ ਕਰਨਾ ਆਸਾਨ ਹੈ ਅਤੇ ਇਹ ਟਿਕਾਊ ਹੁੰਦੀਆਂ ਹਨ। ਹਾਲਾਂਕਿ ਹੁਣ ਪਲਾਸਟਿਕ ਦੀਆਂ ਚੀਜ਼ਾਂ ਤੋਂ ਬਚਣ ਲਈ ਨਵੇਂ ਬਦਲਾਂ ਦੀ ਭਾਲ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਅਜਿਹਾ ਹੀ ਇਕ ਅਨੋਖਾ ਬਦਲ ਐੱਮ. ਐੱਸਸੀ. ਦੇ ਇਕ ਵਿਦਿਆਰਥੀ ਨੇ ਲੱਭਿਆ ਹੈ। ਘਾਹ ਦੀ ਤੇਜ਼ੀ ਨਾਲ ਫੈਲਣ ਵਾਲੀ ‘ਪੋਥਾ’ ਨਾਂ ਦੀ ਇਕ ਕਿਸਮ ਨਾਲ ਉਸ ਨੇ ਬਾਇਓ-ਸਟ੍ਰਾਅ ਤਿਆਰ ਕਰਨ ਦਾ ਤਰੀਕਾ ਲੱਭਿਆ ਹੈ।
ਇਕ ਵਾਰ ਵਰਤੋਂ ਵਿਚ ਆਉਣ ਵਾਲੇ ਪਲਾਸਟਿਕ ਪਦਾਰਥਾਂ ਦੇ ਆਰਗੈਨਿਕ ਅਤੇ ਟਿਕਾਊ ਬਦਲ ਦੀ ਖੋਜ ਲਈ ਦੌੜ ਵਿਚਾਲੇ ਕੌਟਾਯਮ ਸਥਿਤ ਮਹਾਤਮਾ ਗਾਂਧੀ ਯੂਨੀਵਰਸਿਟੀ ਵਿਚ ਸਕੂਲ ਆਫ ਐਨਵਾਇਰਨਮੈਂਟਲ ਸਾਇੰਸਿਜ਼ ਦੇ ਦੂਜੇ ਸਾਲ ਦਾ ਵਿਦਿਆਰਥੀ ਸ਼ਿਜੋ ਜੌਏ ਹੁਣ ਇਸ ਮੁੱਦੇ ਦੇ ਜ਼ੀਰੋ-ਵੇਸਟ ਹੱਲ ਨੂੰ ਲੈ ਕੇ ਅੱਗੇ ਆਇਆ ਹੈ।
ਇਸ ਨੌਜਵਾਨ ਨੇ ਪਲਾਸਟਿਕ ਦੀਆਂ ਚੀਜ਼ਾਂ ਨੂੰ ਨਿਗਲ ਕੇ ਜਾਂ ਉਨ੍ਹਾਂ ਵਿਚ ਫਸ ਕੇ ਮਰਨ ਵਾਲੇ ਜਾਂ ਦਰਦਨਾਕ ਤਸੀਹੇ ਸਹਿਣ ਵਾਲੇ ਜਾਨਵਰਾਂ ਦੇ ਚਿੱਤਰ ਦੇਖ ਕੇ ਹੈਰਾਨ ਹੋਣ ਤੋਂ ਬਾਅਦ ਇਕ ਆਰਗੈਨਿਕ ਹੱਲ ਦੀ ਭਾਲ ਸ਼ੁਰੂ ਕੀਤੀ। 6 ਮਹੀਨਿਆਂ ਦੀ ਲੰਮੀ ਖੋਜ ਤੋਂ ਬਾਅਦ ਅਖੀਰ ਉਸ ਦੀ ਭਾਲ ਇਸ ਘਾਹ ਦੇ ਤਿਣਕਿਆਂ ’ਤੇ ਜਾ ਕੇ ਖਤਮ ਹੋਈ, ਜੋ ਉਸ ਨੇ ਬਾਂਸ ਦੇ ਡੰਡਲਾਂ ਤੋਂ ਸ਼ੁਰੂ ਕੀਤੀ ਸੀ ਅਤੇ ਯੂਨੀਵਰਸਿਟੀ ਦੇ ਆਪਣੇ ਅਧਿਆਪਕਾਂ ਦੇ ਮਾਰਗਦਰਸ਼ਨ ਵਿਚ ਆਪਣੇ ਪ੍ਰਯੋਗ ਦਾ ਦਾਇਰਾ ਹੋਰਨਾਂ ਬਦਲਾਂ ਤਕ ਵਧਾਇਆ।
ਜੌਏ ਨੇ ਦੱਸਿਆ ਕਿ ਇਸ ਘਾਹ ਦੇ ਤਿਣਕੇ ਵਿਚੋਂ ਖੋਖਲੇ ਹੁੰਦੇ ਹਨ ਅਤੇ ਡਿਸਟਿਲਡ ਪਾਣੀ ਦੇ ਨਾਲ ਸਫਾਈ ਅਤੇ ਇਕ ਵਿਸ਼ੇਸ਼ ਪ੍ਰਕਿਰਿਆ ਤੋਂ ਬਾਅਦ ਜੀਵਾਣੂਆਂ ਨੂੰ ਪਣਪਣ ਤੋਂ ਰੋਕਣ ਤੋਂ ਬਾਅਦ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਇਨ੍ਹਾਂ ਦੇ ਟਿਕਾਊਪਣ ਵਿਚ ਸੁਧਾਰ ਕਰਨ ਲਈ ਉਸ ਨੇ ਇਨ੍ਹਾਂ ਟ੍ਰੀਟਿਡ ਟਿਊਬਸ ਨੂੰ ਕੁਝ ਘੰਟਿਆਂ ਲਈ ਧੁੱਪ ਵਿਚ ਸੁਕਾਉਣ ਦਾ ਸੁਝਾਅ ਦਿੱਤਾ। ਉਸ ਨੇ ਦੱਸਿਆ ਕਿ ਜੇਕਰ ਇਨ੍ਹਾਂ ਦਾ ਇਲਾਜ ਅਤੇ ਭੰਡਾਰਨ ਚੰਗੀ ਤਰ੍ਹਾਂ ਕੀਤਾ ਜਾਵੇ ਤਾਂ ਇਨ੍ਹਾਂ ਦੀ ਸੈਲਫ ਲਾਈਫ 10 ਹਫਤਿਆਂ ਤਕ ਦੀ ਹੋ ਸਕਦੀ ਹੈ, ਜਿਨ੍ਹਾਂ ਨੂੰ ਪਲਾਸਟਿਕ ਦੇ ਸਟ੍ਰਾਅਜ਼ ਜਿੰਨੀ ਜਾਂ ਉਸ ਤੋਂ ਵੀ ਘੱਟ ਕੀਮਤ ’ਤੇ ਵੇਚਿਆ ਜਾ ਸਕਦਾ ਹੈ।
ਹੁਣ ਜੌਏ ਯੂਨੀਵਰਸਿਟੀ ਦੀ ਮਦਦ ਨਾਲ ਵਣਜੀ ਪੱਧਰ ’ਤੇ ਇਸ ਬਾਇਓ-ਸਟ੍ਰਾਅ ਦੇ ਉਤਪਾਦਨ ਬਾਰੇ ਸੋਚ ਰਿਹਾ ਹੈ। ਇਸ ਦੇ ਲਈ ਉਸ ਨੇ ਪੇਟੈਂਟ ਸੁਰੱਖਿਆ ਲਈ ਅਰਜ਼ੀ ਵੀ ਦਿੱਤੀ ਹੈ।
ਨਹੀਂ ਰੁਕ ਰਿਹਾ ਦੇਸ਼ ’ਚ ਨਕਲੀ ਨੋਟਾਂ ਦਾ ਘਿਨੌਣਾ ਕਾਰੋਬਾਰ
NEXT STORY