ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 18 ਅਗਸਤ, 2018 ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ ਅਤੇ ਆਮ ਚੋਣਾਂ ’ਚ ਲਗਭਗ 32 ਫੀਸਦੀ ਵੋਟਾਂ ਦੇ ਨਾਲ 149 ਸੀਟਾਂ ਹਾਸਲ ਕਰ ਕੇ ਉਹ ਇਕ ਪ੍ਰਸਿੱਧ ਨੇਤਾ ਦੇ ਨਾਤੇ ਸੱਤਾ ’ਚ ਆਏ ਸਨ ਪਰ ਅਜੇ ਉਨ੍ਹਾਂ ਦੇ ਸਿਆਸੀ ਮੈਚ ਦੀ ਅੱਧੀ ਪਾਰੀ ਵੀ ਪੂਰੀ ਨਹੀਂ ਹੋਈ ਹੈ ਅਤੇ ਉਨ੍ਹਾਂ ਦੇ ਸ਼ਾਸਨਕਾਲ ’ਚ ਪਾਕਿਸਤਾਨ ਸੜਣ ਲੱਗਾ ਹੈ ਅਤੇ ਸਿੰਧ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਅਤੇ ਗਿਲਗਿਤ ਬਾਲਿਤਸਤਾਨ,ਬਲੋਚਿਸਤਾਨ ਆਦਿ ਇਸ ਦੇ ਹੱਥੋਂ ਨਿਕਲਦੇ ਜਾ ਰਹੇ ਹਨ।
* 17 ਜਨਵਰੀ ਨੂੰ ਪਾਕਿਸਤਾਨੀ ਹਾਕਮਾਂ ਦੀਆਂ ਘਾਣਕਾਰੀ ਨੀਤੀਆਂ ਦਾ ਵਿਰੋਧ ਕਰਦੇ ਆ ਰਹੇ ਸਿੰਧ ਸੂਬੇ ਦੇ ‘ਜਮਸੌਰੋ’ ਜ਼ਿਲੇ ’ਚ ‘ਜੀਏ ਸਿੰਧ ਅੰਦੋਲਨ’ ਦੇ ਜਨਮਦਾਤਾ ਜੀ.ਐੱਮ. ਸਈਅਦ ਦੇ ਗ੍ਰਹਿ ਨਗਰ ’ਚ ਵਿਸ਼ਾਲ ਰੈਲੀ ਆਯੋਜਿਤ ਕੀਤੀ ਗਈ।
ਇਸ ਰੈਲੀ ’ਚ ਸਿੰਧ ਦੀ ਆਜ਼ਾਦੀ ਲਈ ਅਮਰੀਕਾ ਦੇ ਨਵੇਂ ਰਾਸ਼ਟਰਪਤੀ ‘ਜੋਅ ਬਾਈਡੇਨ’, ਸਾਊਦੀ ਅਰਬ ਦੇ ‘ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ’, ‘ਸੰਯੁਕਤ ਰਾਸ਼ਟਰ ਦੇ ਪ੍ਰਧਾਨ ‘ਏਂਟੋਨਿਓ ਗੁਟਾਰੇਸ’, ਜਰਮਨੀ ਦੀ ਚਾਂਸਲਰ ‘ਐਂਜੇਲਾ ਮਾਰਕੇਲ’, ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ‘ਜੇਸਿਡਾ ਆਰਡ੍ਰਨ’, ‘ਅਫਗਾਨਿਸਤਾਨ ਦੇ ਰਾਸ਼ਟਰਪਤੀ ‘ਅਸ਼ਰਫ ਗਨੀ’ ਤੋਂ ਇਲਾਵਾ ਭਾਰਤ ਦੇ ਪ੍ਰਧਾਨ ਮੰਤਰੀ ‘ਨਰਿੰਦਰ ਮੋਦੀ’ ਦਾ ਵੀ ਸਮਰਥਨ ਮੰਗਿਆ ਗਿਆ ਹੈ।
ਰੈਲੀ ’ਚ ਭਾਸ਼ਣ ਕਰਨ ਵਾਲਿਆਂ ਨੇ ਦਾਅਵਾ ਕੀਤਾ, ‘‘ਸਿੰਧ ਸੂਬਾ ਸਿੰਧੂ ਘਾਟੀ ਸੱਭਿਅਤਾ ਅਤੇ ਵੈਦਿਕ ਧਰਮ ਦਾ ਸਾਰ ਹੈ, ਜਿਸ ਨੂੰ ਨਾਜਾਇਜ਼ ਕਬਜ਼ਾ ਕਰਕੇ ਅੰਗਰੇਜ਼ ਹਾਕਮਾਂ ਨੇ 1947 ’ਚ ਭਾਰਤ ਤੋਂ ਜਾਂਦੇ-ਜਾਂਦੇ ਇਸਲਾਮਿਕ ਪਾਕਿਸਤਾਨ ਦੇ ਹੱਥਾਂ ’ਚ ਸੌਂਪ ਦਿੱਤਾ।’’
* ਇਸ ਤੋਂ ਪਹਿਲਾਂ 16 ਜਨਵਰੀ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ’ਚ ਚੀਨੀ ਫੌਜ ਵਲੋਂ 33 ਕਿਲੋਮੀਟਰ ਲੰਬੀ ਸੜਕ ਬਣਾਏ ਜਾਣ ਦੇ ਵਿਰੁੱਧ ਰੋਸ ਵਿਖਾਵਾ ਕਰ ਰਹੇ ਲੋਕਾਂ ਨੇ ਨਾ ਸਿਰਫ ਪੁਲਸ ’ਤੇ ਪਥਰਾਅ ਕੀਤਾ ਸਗੋਂ ਇਕ ਚੈੱਕਪੋਸਟ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ।
* 13 ਜਨਵਰੀ ਨੂੰ ਇਮਰਾਨ ਸਰਕਾਰ ਵਲੋਂ ਲੋਕਾਂ ਨੂੰ ਆਟੇ ’ਤੇ ਦਿੱਤੀ ਜਾਣ ਵਾਲੀ ‘ਸਬਸਿਡੀ’ ਖਤਮ ਕਰਨ ਦੇ ਵਿਰੁੱਧ ਪੀ.ਓ. ਕੇ. ਦੇ ਰਾਵਲਕੋਟ ’ਚ ਗੁੱਸੇ ’ਚ ਆਈ ਭੀੜ ਨੇ ਭਾਰੀ ਵਿਰੋਧ ਵਿਖਾਵਾ ਕੀਤਾ ਅਤੇ ਇਕ ਪੁਲਸ ਥਾਣੇ ਨੂੰ ਅੱਗ ਲਗਾ ਦਿੱਤੀ, ਜਿਸ ਨਾਲ ਪੁਲਸ ਦੀਆਂ ਕਈ ਗੱਡੀਆਂ ਸੜ ਕੇ ਸੁਆਹ ਹੋ ਗਈਆਂ। ਵਿਖਾਵਾਕਾਰੀਆਂ ’ਤੇ ਲਾਠੀਚਾਰਜ ਕਰਨ ਅਤੇ ਗੋਲੀਆਂ ਚਲਾਉਣ ਦੇ ਬਾਵਜੂਦ ਉਨ੍ਹਾਂ ਨੂੰ ਕਾਬੂ ਕਰਨ ’ਚ ਪੁਲਸ ਨੂੰ ਭਾਰੀ ਮੁਸ਼ੱਕਤ ਕਰਨੀ ਪਈ।
ਪਾਕਿਸਤਾਨ ਸਰਕਾਰ ਵਲੋਂ ਇਸ ਨੂੰ ਦੇਸ਼ ਦਾ ਪੰਜਵਾਂ ਸੂਬਾ ਐਲਾਨੇ ਜਾਣ ਦੇ ਵਿਰੁੱਧ ਵੀ ਭਾਰੀ ਰੋਸ ਪੈਦਾ ਹੋਇਆ ਹੈ। ਪੀ.ਓ.ਕੇ. ਦੇ ਨਾਲ-ਨਾਲ ਗਿਲਗਿਤ, ਬਾਲਿਤਸਤਾਨ ਆਦਿ ’ਚ ਸਰਕਾਰ ਵਿਰੋਧੀ ਰੋਸ ਵਿਖਾਵੇ ਹੋ ਰਹੇ ਹਨ ਪਰ ਪਾਕਿਸਤਾਨੀ ਮੀਡੀਆ ਇਸ ਦੀ ਕੋਈ ਖਬਰ ਨਹੀਂ ਦੇ ਰਿਹਾ।
ਇਕ ਜਲਾਵਤਨ ਮਨੁੱਖੀ ਅਧਿਕਾਰ ਵਰਕਰ ‘ਅਮਜਦ ਅਜੂਬ ਮਿਰਜ਼ਾ’ ਦੇ ਅਨੁਸਾਰ, ‘‘ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੀ ਚੁਣੀ ਸਰਕਾਰ ਇਸਲਾਮਾਬਾਦ ’ਚ ਬੈਠੀ ਹੈ, ਜਦਕਿ ਇਸ ਇਲਾਕੇ ਦੀ ਜਨਤਾ ਚੀਨੀ ਘੁਸਪੈਠ ਦੇ ਵਿਰੁੱਧ ਜੰਗ ਲੜ ਰਹੀ ਹੈ।
ਹਾਲਾਂਕਿ ਘੱਟਗਿਣਤੀਆਂ ਦੇ ਤਸ਼ੱਦਦ ਨੂੰ ਲੈ ਕੇ ਵਿਸ਼ਵ ਭਰ ’ਚ ਪਾਕਿਸਤਾਨ ਦੀ ਆਲੋਚਨਾ ਹੋ ਰਹੀ ਹੈ ਪਰ ਇਸ ਦੇ ਬਾਵਜੂਦ ਇਹ ਸਿਲਸਿਲਾ ਜਾਰੀ ਹੈ। ‘ਹਿਊਮਨ ਰਾਈਟਸ ਫੋਕਸ ਪਾਕਿਸਤਾਨ’ ਦੇ ਮੁਖੀ ‘ਨਾਵੇਦ ਵਾਲਟਰ’ ਦਾ ਕਹਿਣਾ ਹੈ ਕਿ :
‘‘ਪਾਕਿਸਤਾਨ ’ਚ ਈਸਾਈ, ਹਿੰਦੂ, ਸਿੱਖ, ਅਹਿਮਦੀਆ, ਸ਼ੀਆ ਅਤੇ ਹੋਰ ਘੱਟਗਿਣਤੀ ਭਾਈਚਾਰਿਆਂ ਦੀਆਂ ਲੜਕੀਆਂ ਦੇ ਅਗਵਾ ਦੇ ਨਵੇਂ ਅੰਕੜੇ ਇਕ ਦਿਨ ’ਚ 8 ਤੋਂ 10 ਮਾਮਲਿਆਂ ਤਕ ਪਹੁੰਚ ਗਏ ਹਨ ਅਤੇ ਉਨ੍ਹਾਂ ਦੇ ਜਬਰ-ਜ਼ਨਾਹ, ਜਬਰੀ ਧਰਮ ਪਰਿਵਰਤਨ ਅਤੇ ਮੁਸਲਮਾਨਾਂ ਦੇ ਨਾਲ ਵਿਆਹ ਅਤੇ ਹੱਤਿਆਵਾਂ ਰੋਕਣ ’ਚ ਅਧਿਕਾਰੀ ਅਸਫਲ ਹੋ ਰਹੇ ਹਨ।’’ ਹਾਲ ਹੀ ’ਚ ਜਾਰੀ ‘ਵਰਲਡ ਵਾਚ ਲਿਸਟ’ ਦੇ ਅਨੁਸਾਰ ਵਿਸ਼ਵ ’ਚ ਈਸਾਈਆਂ ਦਾ ਸਭ ਤੋਂ ਵੱਧ ਤਸ਼ੱਦਦ ਕਰਨ ਵਾਲੇ ਚੋਟੀ ਦੇ 5 ਦੇਸ਼ਾਂ ’ਚ ਪਾਕਿਸਤਾਨ ਦਾ ਨਾਂ ਸ਼ਾਮਲ ਹੋ ਗਿਆ ਹੈ।
ਪਾਕਿਸਤਾਨ ਸੀਨੇਟ ਦੇ ਉਪ ਪ੍ਰਧਾਨ ‘ਸਲੀਮ ਮਾਂਡਵੀਵਾਲਾ’ ਨੇ ਕਿਹਾ ਹੈ ਕਿ, ‘‘ਰਾਸ਼ਟਰੀ ਜਵਾਬਦੇਹੀ ਬਿਊਰੋ’ ਵਰਗੀਆਂ ਸਰਕਾਰੀ ਸੰਸਥਾਵਾਂ ਵਲੋਂ ਤਸ਼ੱਦਦ ਕੀਤੇ ਜਾਣ ਦੇ ਕਾਰਨ ਹੀ ਲੰਬੇ ਸਮੇਂ ਤਕ ਪਾਕਿਸਤਾਨ ਦੀ ਫੌਜ ਅਤੇ ਸਰਕਾਰ ਦੇ ਨਾਲ ਕੰਮ ਕਰਨ ਵਾਲੇ ਰਿਟਾਇਰਡ ਬ੍ਰਿਗੇਡੀਅਰ ‘ਅਸਦ ਮੁਨੀਰ’ ਨੇ ਪਿਛਲੇ ਦਿਨੀਂ ਖੁਦਕੁਸ਼ੀ ਕੀਤੀ ਹੈ।’’
ਇਮਰਾਨ ਦੇ ਸ਼ਾਸਨਕਾਲ ’ਚ ਪਾਕਿਸਤਾਨ ਦੀ ਆਰਥਿਕ ਹਾਲਤ ਵੀ ਪਤਲੀ ਹੋ ਗਈ ਹੈ। ਸਾਲ 2018 ’ਚ ਪਾਕਿਸਤਾਨ ਦੀ ਜੀ.ਡੀ.ਪੀ. 5 ਫੀਸਦੀ ਦਰ ਨਾਲ ਵਧ ਰਹੀ ਸੀ, ਜੋ 2020 ’ਚ ਡਿੱਗ ਕੇ 0.50 ਫੀਸਦੀ ’ਤੇ ਆ ਗਈ ਹੈ। ਇਸੇ ਦੌਰਾਨ ਪਾਕਿਸਤਾਨ ’ਚ ਮਹਿੰਗਾਈ ਦੀ ਦਰ ਨੇ 14.6 ਫੀਸਦੀ ਦਾ ਚੋਟੀ ਦਾ ਅੰਕੜਾ ਛੂਹ ਲਿਆ ਹੈ ਅਤੇ ਲੋਕ ਦਾਣੇ-ਦਾਣੇ ਨੂੰ ਮੋਹਤਾਜ ਹੋ ਗਏ ਹਨ।
ਵਿਦੇਸ਼ ਨੀਤੀ ਦੇ ਮਾਮਲੇ ’ਚ ਵੀ ਇਮਰਾਨ ਨੂੰ ਕਸ਼ਮੀਰ ਦੇ ਮਸਲੇ ’ਤੇ ਇਸਲਾਮੀ ਦੇਸ਼ਾਂ ਤਕ ਦਾ ਸਮਰਥਨ ਹਾਸਲ ਨਹੀਂ ਹੋ ਰਿਹਾ ਹੈ ਅਤੇ ਦੇਸ਼ ਦੇ ਅੰਦਰੂਨੀ ਹਾਲਾਤ ਵੀ ਉਨ੍ਹਾਂ ਦੇ ਕਾਬੂ ’ਚ ਨਹੀਂ ਹਨ। ਪਾਕਿਸਤਾਨ ਦੀ ਸੱਤਾ ’ਚ ਫੌਜ ਦਾ ਦਖਲ ਵਧਦਾ ਜਾ ਰਿਹਾ ਹੈ ਅਤੇ ਕ੍ਰਿਕਟ ਦੇ ਮਾਹਿਰ ਖਿਡਾਰੀ ਰਹੇ ਇਮਰਾਨ ਖਾਨ ਸਿਆਸਤ ਦੀ ਪਿੱਚ ’ਤੇ ਪੂਰੀ ਤਰ੍ਹਾਂ ਅਨਾੜੀ ਸਿੱਧ ਹੋ ਰਹੇ ਹਨ।
–ਵਿਜੇ ਕੁਮਾਰ
... ਹੁਣ ਦੁਨੀਆ ਦੀਆਂ ਨਜ਼ਰਾਂ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਤੇ ਉਨ੍ਹਾਂ ਦੀ ਕਾਰਜਸ਼ੈਲੀ ’ਤੇ ਹੋਣਗੀਆਂ
NEXT STORY