ਮਹਿਲਾ ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ''ਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।
ਇਹ ਉਹ ਦੋ ਟੀਮਾਂ ਹਨ ਜੋ ਪਿਛਲੇ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਆਹਮੋ-ਸਾਹਮਣੇ ਸਨ, ਜਿੱਥੇ ਕੰਗਾਰੂ ਟੀਮ, ਭਾਰਤ ਨੂੰ ਹਰਾ ਕੇ ਪੰਜਵੀਂ ਵਾਰ ਚੈਂਪੀਅਨ ਬਣੀ ਸੀ।
ਆਸਟ੍ਰੇਲੀਆ ਨੇ ਆਪਣੀ ਟੀਮ ''ਚ ਦੋ ਬਦਲਾਅ ਕੀਤੇ ਹਨ। ਕਿੰਗ ਅਤੇ ਸਦਰਲੈਂਡ ਦੀ ਜਗ੍ਹਾ ਜੋਨਾਸਨ ਅਤੇ ਹੀਲੀ ਨੂੰ ਟੀਮ ''ਚ ਜਗ੍ਹਾ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਭਾਰਤੀ ਟੀਮ ''ਚ ਤਿੰਨ ਬਦਲਾਅ ਕੀਤੇ ਗਏ ਹਨ। ਰਾਧਾ ਯਾਦਵ ਅਤੇ ਯਸਤਿਕਾ ਭਾਟੀਆ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੂਜਾ ਵਸਤਰਕਾਰ ਦੀ ਥਾਂ ਸਨੇਹ ਰਾਣਾ ਨੂੰ ਟੀਮ ''ਚ ਜਗ੍ਹਾ ਦਿੱਤੀ ਗਈ ਹੈ।
ਪੂਜਾ ਵਸਤਰਕਾਰ ਟੀਮ ਤੋਂ ਬਾਹਰ
ਪੂਜਾ ਵਸਤਰਕਾਰ ਨੂੰ ਗਲੇ ਦੀ ਇਨਫੈਕਸ਼ਨ ਕਾਰਨ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਹੈ। ਇਸ ਕਾਰਨ ਉਹ ਇਸ ਟੂਰਨਾਮੈਂਟ ਦੇ ਬਾਕੀ ਮੈਚ ਨਹੀਂ ਖੇਡ ਸਕੇਗੀ।
ਬੀਸੀਸੀਆਈ ਦੀ ਅਪੀਲ ’ਤੇ ਆਈਸੀਸੀ ਈਵੈਂਟ ਟੈਕਨੀਕਲ ਕਮੇਟੀ ਨੇ ਪੂਜਾ ਦੀ ਥਾਂ ਆਫ ਸਪਿਨ ਗੇਂਦਬਾਜ਼ ਸਨੇਹ ਰਾਣਾ ਨੂੰ ਟੀਮ ’ਚ ਸ਼ਾਮਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।
ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਟੀਮ ਇੰਡੀਆ
ਭਾਰਤੀ ਮਹਿਲਾ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ''ਚ ਪਹੁੰਚ ਗਈ ਹੈ।
ਭਾਰਤੀ ਟੀਮ ਨੇ ਆਪਣੇ ਗਰੁੱਪ ਮੈਚਾਂ ਵਿੱਚ ਪਾਕਿਸਤਾਨ, ਵੈਸਟਇੰਡੀਜ਼ ਅਤੇ ਆਇਰਲੈਂਡ ਨੂੰ ਹਰਾ ਕੇ ਛੇ ਅੰਕ ਹਾਸਲ ਕੀਤੇ।
ਇਸ ਦੇ ਨਾਲ ਹੀ ਟੀਮ ਇੰਡੀਆ ਨੂੰ ਰੋਮਾਂਚਕ ਮੈਚ ''ਚ ਇੰਗਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਭਾਰਤੀ ਟੀਮ ਗਰੁੱਪ-2 ''ਚ ਦੂਜੇ ਸਥਾਨ ''ਤੇ ਰਹੀ।
ਹੁਣ ਸੈਮੀਫਾਈਨਲ ''ਚ ਮਹਿਲਾ ਕ੍ਰਿਕਟ ਦਾ ਸਭ ਤੋਂ ਮਜ਼ਬੂਤ ਟੀਮ ਆਸਟ੍ਰੇਲੀਆ ਨਾਲ ਮੁਕਾਬਲਾ ਹੋ ਰਿਹਾ ਹੈ।
ਵੈਸੇ, ਟਰਾਫੀ ਜਿੱਤਣ ਲਈ ਫਾਈਨਲ ਵਿੱਚ ਪਹੁੰਚਣਾ ਜ਼ਰੂਰੀ ਹੈ, ਜੋ ਹੁਣ ਸਿਰਫ਼ ਇੱਕ ਕਦਮ ਦੂਰ ਹੈ।
ਪਰ ਫਾਈਨਲ ਵਿੱਚ ਪਹੁੰਚਣ ਲਈ ਹਰਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਟੀਮ ਨੂੰ ਪੰਜ ਵਾਰ ਦੀ ਚੈਂਪੀਅਨ ਕੰਗਾਰੂਆਂ ਦੀ ਚੁਣੌਤੀ ਨੂੰ ਪਾਰ ਕਰਨਾ ਹੋਵੇਗਾ, ਜੋ ਕਿ ਬਿਲਕੁਲ ਵੀ ਆਸਾਨ ਨਹੀਂ ਹੈ।
ਤਾਂ ਆਓ ਉਨ੍ਹਾਂ ਖਿਡਾਰੀਆਂ ਬਾਰੇ ਗੱਲ ਕਰੀਏ ਜਿਨ੍ਹਾਂ ਤੋਂ ਟੀਮ ਇੰਡੀਆ ਨੂੰ ਬਹੁਤ ਉਮੀਦਾਂ ਹਨ।
ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਟੀਮ ਇੰਡੀਆ
- ਭਾਰਤੀ ਮਹਿਲਾ ਟੀਮ 5ਵੀਂ ਵਾਰ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ''ਚ ਪਹੁੰਚੀ ਹੈ।
- ਸਭ ਤੋਂ ਪਹਿਲਾਂ 2009 ''ਚ ਭਾਰਤੀ ਮਹਿਲਾ ਟੀਮ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ''ਚ ਪਹੁੰਚੀ ਸੀ।
- 2010 ਅਤੇ 2018 ਵਿੱਚ ਸੈਮੀਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਸੀ।
- 2020 ਵਿੱਚ, ਟੀਮ ਫਾਈਨਲ ਵਿੱਚ ਆਸਟਰੇਲੀਆ ਤੋਂ ਹਾਰ ਗਈ ਸੀ।
ਹਰਮਨਪ੍ਰੀਤ ਨੇ ਬਣਾਇਆ ਰਿਕਾਰਡ ''ਤੇ ਬੱਲਾ ਖ਼ਾਮੋਸ਼
ਗੱਲ ਸਭ ਤੋਂ ਪਹਿਲਾਂ ਆਇਰਲੈਂਡ ਖ਼ਿਲਾਫ਼ ਮਿਲੀ ਜਿੱਤ ਦੌਰਾਨ ਬਣੇ ਉਸ ਰਿਕਾਰਡ ਦੀ ਜੋ ਮਹਿਲਾ ਕ੍ਰਿਕਟ ਵਿੱਚ ਭਾਰਤ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਬਣਾਇਆ।
ਹਰਮਨਪ੍ਰੀਤ ਕੌਰ ਨੇ 13 ਦੌੜਾਂ ਦੀ ਛੋਟੀ ਜਿਹੀ ਪਾਰੀ ਦੌਰਾਨ ਮਹਿਲਾ ਟੀ-20 ਕ੍ਰਿਕਟ ਵਿੱਚ ਆਪਣੀਆਂ 3 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ। ਉਹ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਹੈ।
ਮਹਿਲਾ ਟੀ-20 ਕ੍ਰਿਕਟ ''ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਨਿਊਜ਼ੀਲੈਂਡ ਦੀ ਸੂਜ਼ੀ ਬੇਟਸ ਦੇ ਨਾਂ ਹੈ। ਸੱਜੇ ਹੱਥ ਦੀ ਇਸ ਆਲਰਾਊਂਡਰ ਨੇ 143 ਅੰਤਰਰਾਸ਼ਟਰੀ ਟੀ-20 ਮੈਚਾਂ ''ਚ 3820 ਦੌੜਾਂ ਬਣਾਈਆਂ ਹਨ। ਇਸ ਟੀ-20 ਵਿਸ਼ਵ ਕੱਪ ''ਚ ਵੀ ਸੂਜ਼ੀ ਬੇਟਸ ਨੇ ਚਾਰ ਪਾਰੀਆਂ ''ਚ 137 ਦੌੜਾਂ ਬਣਾਈਆਂ ਹਨ।
ਆਸਟ੍ਰੇਲੀਆਈ ਟੀਮ ਦੀ ਕਪਤਾਨ ਮੇਗ ਲੈਨਿੰਗ 130 ਮੈਚਾਂ ''ਚ 3346 ਦੌੜਾਂ ਬਣਾ ਕੇ ਇਸ ਸੂਚੀ ''ਚ ਦੂਜੇ ਨੰਬਰ ''ਤੇ ਹੈ। ਦੂਜੇ ਪਾਸੇ ਹਰਮਨਪ੍ਰੀਤ ਕੌਰ ਤੋਂ ਬਿਲਕੁਲ ਉਪਰ ਵੈਸਟਇੰਡੀਜ਼ ਦੀ ਸਲਾਮੀ ਬੱਲੇਬਾਜ਼ ਸਟੈਫਨੀ ਟੇਲਰ ਹੈ, ਜਿਸ ਨੇ 113 ਮੈਚਾਂ ਵਿੱਚ 3166 ਦੌੜਾਂ ਬਣਾਈਆਂ ਹਨ।
ਹਰਮਨਪ੍ਰੀਤ ਕੌਰ ਨੇ ਤਿੰਨ ਹਜ਼ਾਰ ਦੌੜਾਂ ਬਣਾਈਆਂ ਹਨ, ਇਸ ਲਈ ਉਸ ਕੋਲ ਕਾਫੀ ਤਜਰਬਾ ਹੈ ਪਰ ਇਸ ਟੂਰਨਾਮੈਂਟ ਵਿੱਚ ਉਸ ਦਾ ਬੱਲਾ ਖ਼ਾਮੋਸ਼ ਹੀ ਚੱਲ ਰਿਹਾ ਹੈ।
ਹੁਣ ਤੱਕ ਉਸ ਨੇ ਸਿਰਫ਼ 16, 33, 4, 13 ਦੌੜਾਂ ਬਣਾਈਆਂ ਹਨ ਯਾਨੀ ਉਨ੍ਹਾਂ ਨੇ ਚਾਰ ਪਾਰੀਆਂ ਵਿੱਚ 16.50 ਦੀ ਔਸਤ ਨਾਲ ਕੁੱਲ 66 ਦੌੜਾਂ ਬਣਾਈਆਂ ਹਨ।
ਹਰਮਨਪ੍ਰੀਤ ਨੇ ਆਪਣੇ ਟੀ-20 ਕ੍ਰਿਕਟ ਕਰੀਅਰ ਦੇ 150 ਮੈਚਾਂ ਵਿੱਚ 27.83 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਪਰ ਇਸ ਵਿਸ਼ਵ ਕੱਪ ਵਿੱਚ ਬੱਲੇ ਨਾਲ ਉਨ੍ਹਾਂ ਦਾ ਪ੍ਰਦਰਸ਼ਨ ਔਸਤ ਤੋਂ ਘੱਟ ਹੈ।
ਹਰਮਨ ਭਾਰਤੀ ਟੀਮ ਦਾ ਮਜ਼ਬੂਤ ਆਧਾਰ ਰਿਹਾ ਹੈ ਅਤੇ ਸੈਮੀਫਾਈਨਲ ''ਚ ਉਨ੍ਹਾਂ ਦੇ ਆਪਣੇ ਜਾਣੇ-ਪਛਾਣੇ ਅੰਦਾਜ਼ ''ਚ ਧਮਾਕੇਦਾਰ ਬੱਲੇਬਾਜ਼ੀ ਦੀ ਟੀਮ ਨੂੰ ਬਹੁਤ ਲੋੜ ਹੈ।
ਆਇਰਲੈਂਡ ਨਾਲ ਮੈਚ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਟੀਮ ਇੰਡੀਆ ਨੂੰ ਸੈਮੀਫਾਈਨਲ ਤੋਂ ਪਹਿਲਾਂ ਵਧਦੇ ਡਾਟ ਬਾਲ ''ਤੇ ਕੰਮ ਕਰਨਾ ਹੋਵੇਗਾ।
ਆਇਰਲੈਂਡ ਖ਼ਿਲਾਫ਼ ਮੈਚ ਵਿੱਚ ਭਾਰਤ ਦੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਨੇ 155 ਦੇ ਸਟ੍ਰਾਈਕ ਰੇਟ ਨਾਲ 56 ਗੇਂਦਾਂ ਵਿੱਚ 9 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 87 ਦੌੜਾਂ ਬਣਾਈਆਂ।
ਇਹ ਸਮ੍ਰਿਤੀ ਦੇ ਟੀ-20 ਕਰੀਅਰ ਦਾ ਸਰਵੋਤਮ ਸਕੋਰ ਹੈ।
115 ਮੈਚਾਂ ''ਚ 2800 ਦੌੜਾਂ ਬਣਾਉਣ ਤੋਂ ਬਾਅਦ ਮੰਧਾਨਾ ਦਾ ਇਹ 22ਵਾਂ ਅਰਧ ਸੈਂਕੜਾ ਸੀ। ਉਸ ਨੇ ਇੰਗਲੈਂਡ ਖ਼ਿਲਾਫ਼ ਅਰਧ ਸੈਂਕੜਾ ਵੀ ਲਗਾਇਆ ਸੀ।
ਇਸ ਵਿਸ਼ਵ ਕੱਪ ਵਿੱਚ ਹੁਣ ਤੱਕ ਮੰਧਾਨਾ ਨੇ ਤਿੰਨ ਪਾਰੀਆਂ ਵਿੱਚ 149 ਦੌੜਾਂ ਬਣਾਈਆਂ ਹਨ, ਜੋ ਇਸ ਟੂਰਨਾਮੈਂਟ ਵਿੱਚ ਕਿਸੇ ਵੀ ਖਿਡਾਰੀ ਤੋਂ ਵੱਧ ਹਨ। ਯਾਨੀ ਮੰਧਾਨਾ ਹੁਣ ਇਸ ਵਿਸ਼ਵ ਕੱਪ ਦੀ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਬੱਲੇਬਾਜ਼ ਬਣ ਗਈ ਹੈ।
ਪਾਕਿਸਤਾਨ ਖ਼ਿਲਾਫ਼ ਪਹਿਲੇ ਮੈਚ ''ਚ ਸੱਟ ਕਾਰਨ ਟੀਮ ਤੋਂ ਬਾਹਰ ਰਹੀ ਮੰਧਾਨਾ ਤੋਂ ਸੈਮੀਫਾਈਨਲ ''ਚ ਇਕ ਵਾਰ ਫਿਰ ਭਾਰਤ ਨੂੰ ਤੇਜ਼ ਅਤੇ ਮਜ਼ਬੂਤ ਸ਼ੁਰੂਆਤ ਦਿਵਾਉਣ ਦੀ ਉਮੀਦ ਹੋਵੇਗੀ।
ਸ਼ੈਫਾਲੀ ਵਰਮਾ ਦਾ ਫਾਰਮ ''ਚ ਆਉਣਾ ਕਿੰਨਾ ਅਹਿਮ
ਸ਼ੈਫਾਲੀ ਵਰਮਾ ਉਨ੍ਹਾਂ ਕੁਝ ਗਿਣੇ-ਚੁਣੇ ਸਟਾਰ ਕ੍ਰਿਕਟਰਾਂ ''ਚੋਂ ਇਕ ਹੈ, ਜਿਨ੍ਹਾਂ ਕੋਲ ਇੰਨੀ ਛੋਟੀ ਉਮਰ ''ਚ ਬਤੌਰ ਕਪਤਾਨ ਵਿਸ਼ਵ ਕੱਪ ਜਿੱਤਣ ਦਾ ਤਜਰਬਾ ਹੈ। ਪਿਛਲੇ ਮਹੀਨੇ, ਉਨ੍ਹਾਂ ਨੇ ਭਾਰਤ ਲਈ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਜਿੱਤਿਆ ਸੀ।
ਉਹ ਟੀਮ ਵਿੱਚ ਸਲਾਮੀ ਬੱਲੇਬਾਜ਼ ਦੀ ਭੂਮਿਕਾ ਵਿੱਚ ਹੈ ਅਤੇ ਜਿੱਥੇ ਸਮ੍ਰਿਤੀ ਮੰਧਾਨਾ ਦਾ ਬੱਲਾ ਇੱਕ ਪਾਸਿਓਂ ਚੱਲ ਰਿਹਾ ਹੈ, ਉੱਥੇ ਸ਼ੈਫਾਲੀ ਦਾ ਬੱਲਾ ਵੱਡੇ ਸਕੋਰ ਲਈ ਤਰਸ ਰਿਹਾ ਹੈ।
ਸ਼ੈਫਾਲੀ ਦਾ ਫਾਰਮ ''ਚ ਆਉਣਾ ਬਹੁਤ ਜ਼ਰੂਰੀ ਹੈ। ਇਸ ਬੱਲੇਬਾਜ਼ ਕੋਲ ਗੇਂਦ ਨੂੰ ਹਿੱਟ ਕਰਨ ਦੀ ਕਾਬਲੀਅਤ ਹੈ ਜੋ ਟੀਮ ਦੇ ਬਹੁਤ ਘੱਟ ਖਿਡਾਰੀਆਂ ਕੋਲ ਹੈ।
ਆਪਣੇ ਪ੍ਰਦਰਸ਼ਨ ਦੇ ਬਲ ''ਤੇ ਸ਼ੈਫਾਲੀ 2020 ''ਚ ਆਈਸੀਸੀ ਕ੍ਰਿਕਟ ਰੈਂਕਿੰਗ ''ਚ ਵੀ ਸਿਖਰ ''ਤੇ ਪਹੁੰਚ ਗਈ ਹੈ, ਜਦਕਿ ਉਸੇ ਸਾਲ ਵਿਸ਼ਵ ਕੱਪ ''ਚ ਉਹ ਭਾਰਤ ਦੀ ਸਭ ਤੋਂ ਵੱਧ ਸਕੋਰਰ ਰਹੀ ਸੀ।
ਸਲਾਮੀ ਬੱਲੇਬਾਜ਼ ਦੇ ਤੌਰ ''ਤੇ ਮੰਧਾਨਾ ਅਤੇ ਸ਼ੈਫਾਲੀ ਦੀ ਜੋੜੀ ਕਿੰਨੀ ਖ਼ਤਰਨਾਕ ਹੋ ਸਕਦੀ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਨ੍ਹਾਂ ਦੋਵਾਂ ਨੇ ਦੋ ਸਾਲ ਪਹਿਲਾਂ ਟੈਸਟ ਕ੍ਰਿਕਟ ''ਚ ਓਪਨਿੰਗ ਸਾਂਝੇਦਾਰੀ ਦਾ ਰਿਕਾਰਡ ਬਣਾਇਆ ਸੀ।
ਅਜਿਹੇ ''ਚ ਸੈਮੀਫਾਈਨਲ ''ਚ ਇਸ ਜੋੜੀ ਤੋਂ ਮਜ਼ਬੂਤ ਸ਼ੁਰੂਆਤ ਦੀ ਉਮੀਦ ਹੈ।
ਰਿਚਾ ਘੋਸ਼ ਅਤੇ ਜੇਮਿਮਾ ਰੌਡਰਿਗਜ਼ ਨੇ ਮੱਧਕ੍ਰਮ ਨੂੰ ਸਜਾਇਆ
ਹੁਣ ਗੱਲ ਆਉਂਦੀ ਹੈ ਟੀਮ ਦੇ ਮੱਧਕ੍ਰਮ ਦੀ ਜਿੱਥੇ ਕਪਤਾਨ ਹਰਮਨਪ੍ਰੀਤ, ਜੇਮਿਮਾ ਰੌਡਰਿਗਜ਼ ਅਤੇ ਵਿਕਟਕੀਪਰ ਰਿਚਾ ਘੋਸ਼ ਦੇ ਮੋਢਿਆਂ ''ਤੇ ਹੈ।
ਹਰਮਨਪ੍ਰੀਤ ਬਾਰੇ ਪਹਿਲਾਂ ਹੀ ਉਪਰ ਗੱਲ ਹੋ ਚੁੱਕੀ ਹੈ।
ਪਾਕਿਸਤਾਨ ਖ਼ਿਲਾਫ਼ ਪਹਿਲੇ ਮੈਚ ਵਿੱਚ ਅਰਧ ਸੈਂਕੜਾ (ਨਾਬਾਦ 53 ਦੌੜਾਂ) ਖੇਡਣ ਵਾਲੀ ਜੇਮਿਮਾ ਪਲੇਅਰ ਆਫ਼ ਦਿ ਮੈਚ ਬਣੀ। ਹਾਲਾਂਕਿ ਬਾਅਦ ਦੇ ਤਿੰਨ ਮੈਚਾਂ ''ਚ ਉਸ ਦੇ ਬੱਲੇ ਨਾਲ 1, 13 ਅਤੇ 19 ਦੇ ਸਕੋਰ ਬਣੇ ਹਨ।
ਪੰਜ ਸਾਲ ਦੱਖਣੀ ਅਫਰੀਕਾ ''ਚ ਸਲਾਮੀ ਬੱਲੇਬਾਜ਼ ਵਜੋਂ ਪਹਿਲਾਂ ਟੀ-20 ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਜੇਮਿਮਾ ਪਹਿਲਾ ਵਿਕਟ ਡਿੱਗਣ ਤੋਂ ਬਾਅਦ ਪਿੱਚ ''ਤੇ ਆਉਂਦੀ ਹੈ, ਭਾਵ ਨੰਬਰ-3 ''ਤੇ ਬੱਲੇਬਾਜ਼ੀ ਕਰਦੀ ਹੈ।
ਇਹ ਸਥਿਤੀ ਕਿਸੇ ਵੀ ਟੀਮ ਲਈ ਬਹੁਤ ਮਹੱਤਵਪੂਰਨ ਹੁੰਦੀ ਹੈ ਜਿਸ ''ਤੇ ਕ੍ਰਿਕਟ ਜਗਤ ਦੇ ਇੱਕ ਤੋਂ ਇੱਕ ਬੱਲੇਬਾਜ਼ ਖੇਡ ਚੁੱਕੇ ਹਨ ਜਾਂ ਖੇਡ ਰਹੇ ਹਨ। ਇਸ ਲਈ ਜ਼ਰੂਰੀ ਹੈ ਕਿ ਸੈਮੀਫਾਈਨਲ ''ਚ ਉਨ੍ਹਾਂ ਦਾ ਬੱਲਾ ਠੋਸ ਪਾਰੀ ਖੇਡੇ।
ਦੂਜੇ ਪਾਸੇ ਰਿਚਾ ਘੋਸ਼ ਆਇਰਲੈਂਡ ਖ਼ਿਲਾਫ਼ ਖਾਤਾ ਵੀ ਨਹੀਂ ਖੋਲ੍ਹ ਸਕੀ ਪਰ ਇਸ ਤੋਂ ਪਹਿਲਾਂ ਤਿੰਨ ਮੈਚਾਂ ਵਿੱਚ ਉਨ੍ਹਾਂ ਨੇ ਨਾਬਾਦ ਰਹਿੰਦਿਆਂ ਹੋਇਆਂ 31, 44 ਅਤੇ 47 ਦੇ ਸਕੋਰ ਬਣਾਏ।
ਸਿਰਫ਼ 34 ਅੰਤਰਰਾਸ਼ਟਰੀ ਟੀ-20 ਮੈਚ ਖੇਡਣ ਵਾਲੀ ਰਿਚਾ ਹੌਲੀ-ਹੌਲੀ ਨਾ ਸਿਰਫ਼ ਇੱਕ ਭਰੋਸੇਮੰਦ ਬੱਲੇਬਾਜ਼ ਬਣ ਰਹੀ ਹੈ, ਸਗੋਂ ਮੈਚ ਦਾ ਰੁਖ਼ ਬਦਲਣ ਦੀ ਸਮਰੱਥਾ ਵੀ ਰੱਖਦੀ ਹੈ, ਜੋ ਇਸ ਤੇਜ਼ ਰਫ਼ਤਾਰ ਕ੍ਰਿਕਟ ਵਿੱਚ ਉਨ੍ਹਾਂ ਦੇ 135.55 ਦੇ ਸਟ੍ਰਾਈਕ ਰੇਟ ਤੋਂ ਵੀ ਦਿਖਾਈ ਦਿੰਦੀ।
ਰੇਣੂਕਾ ਸਿੰਘ ਠਾਕੁਰ ਦਾ ਕਦ
ਭਾਰਤੀ ਖਿਡਾਰਨ ਰੇਣੂਕਾ ਸਿੰਘ ਠਾਕੁਰ ਇਸ ਤਰ੍ਹਾਂ ਗੇਂਦਬਾਜ਼ੀ ਕਰ ਰਹੀ ਹੈ ਕਿ ਕ੍ਰਿਕਟ ''ਚ ਉਸ ਦਾ ਕਦ ਹੋਰ ਉੱਚਾ ਹੋ ਗਿਆ ਹੈ।
ਉਹ ਦੱਖਣੀ ਅਫਰੀਕਾ ਦੀਆਂ ਪਿੱਚਾਂ ''ਤੇ ਆਪਣੀਆਂ ਗੇਂਦਾਂ ਤੋਂ ਸਵਿੰਗ ਮਿਲ ਰਿਹਾ ਹੈ। ਉਹ ਵੱਡੇ ਤੋਂ ਵੱਡੇ ਬੱਲੇਬਾਜ਼ਾਂ ਨੂੰ ਛਕਾ ਰਹੀ ਹੈ ਤਾਂ ਵਿਕਟ ਵੀ ਲੈ ਰਹੀ ਹੈ।
ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਤੋਂ ਆਉਣ ਵਾਲੀ ਰੇਣੁਕਾ ਠਾਕੁਰ ਨੇ ਆਪਣੇ ਕਰੀਅਰ ''ਚ ਸਿਰਫ਼ 31 ਟੀ-20 ਮੈਚ ਖੇਡੇ ਹਨ ਅਤੇ ਇੰਨੀਆਂ ਹੀ ਵਿਕਟਾਂ ਲਈਆਂ ਹਨ।
ਜਦਕਿ ਰੇਣੁਕਾ ਨੇ ਇਸ ਵਿਸ਼ਵ ਕੱਪ ਦੇ ਪਹਿਲੇ ਚਾਰ ਮੈਚਾਂ ''ਚ ਸੱਤ ਵਿਕਟਾਂ ਲਈਆਂ ਹਨ। ਇੰਗਲੈਂਡ ਖ਼ਿਲਾਫ਼ ਮੈਚ ''ਚ ਉਨ੍ਹਾਂ ਨੇ 15 ਦੌੜਾਂ ਦੇ ਕੇ ਪੰਜ ਖਿਡਾਰੀਆਂ ਨੂੰ ਪੈਵੇਲੀਅਨ ਵਾਪਸ ਕਰ ਦਿੱਤਾ ਸੀ।
ਇਸ ਦੇ ਨਾਲ, ਉਹ ਭਾਰਤ ਲਈ ਟੀ-20 ਵਿਸ਼ਵ ਕੱਪ ਵਿੱਚ ਪੰਜ ਵਿਕਟਾਂ (ਮਹਿਲਾ ਜਾਂ ਪੁਰਸ਼) ਲੈਣ ਵਾਲੀ ਪਹਿਲੀ ਭਾਰਤੀ ਕ੍ਰਿਕਟਰ ਬਣ ਗਈ।
ਇਸ ਦੇ ਨਾਲ ਹੀ ਉਹ ਭਾਰਤ ਵੱਲੋਂ ਟੀ-20 ਕੱਪ ਵਿੱਚ (ਮਹਿਲਾ ਜਾਂ ਪੁਰਸ਼) ਪੰਜ ਵਿਕਟ ਲੈਣ ਵਾਲੀ ਪਹਿਲੀ ਭਾਰਤੀ ਕ੍ਰਿਕਟਰ ਬਣੀ ਹੈ।
ਮੱਧਮ ਤੇਜ਼ ਗੇਂਦਬਾਜ਼ ਪੂਜਾ ਵਸਰਾਕਰ ਨੇ ਇਸ ਟੂਰਨਾਮੈਂਟ ''ਚ ਹੁਣ ਤੱਕ ਸਿਰਫ਼ ਦੋ ਵਿਕਟਾਂ ਲਈਆਂ ਹਨ।
ਟੀਮ ''ਚ ਦੀਪਤੀ ਸ਼ਰਮਾ ਨਾਂ ਦੀ ਅਜਿਹੀ ਸਪਿਨਰ ਹੈ, ਜਿਨ੍ਹਾਂ ਨੇ ਇਸ ਟੂਰਨਾਮੈਂਟ ''ਚ ਆਪਣੀਆਂ 100 ਵਿਕਟਾਂ ਪੂਰੀਆਂ ਕਰ ਲਈਆਂ ਹਨ ਅਤੇ ਟੀਮ ਦੀ ਸਭ ਤੋਂ ਅਨੁਭਵੀ ਗੇਂਦਬਾਜ਼ ਹੈ। ਉਹ ਇਸ ਟੂਰਨਾਮੈਂਟ ਵਿੱਚ ਹੁਣ ਤੱਕ ਪੰਜ ਵਿਕਟਾਂ ਲੈ ਚੁੱਕੀ ਹੈ।
ਅਜਿਹੇ ''ਚ ਭਾਰਤੀ ਟੀਮ ਦੇ ਖਿਡਾਰੀਆਂ ਦੇ ਪ੍ਰਦਰਸ਼ਨ ''ਤੇ ਕਾਫੀ ਕੁਝ ਨਿਰਭਰ ਕਰੇਗਾ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

ਅਮ੍ਰਿਤਪਾਲ ਨੇ ਸਾਥੀਆਂ ਸਣੇ ਅਜਨਾਲਾ ਥਾਣੇ ਦਾ ਘੇਰਾਅ ਕੀਤਾ, ਕੀ ਹਨ ਹਾਲਾਤ
NEXT STORY