ਜਿਸ ਦਿਨ ਭਾਰਤ ਸਰਕਾਰ ਨੇ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸਰਵਿਸ ਉੱਤੇ ਰੋਕ ਲਾਈ, ਉਸੇ ਦਿਨ ਹੀ ਕੈਨੇਡਾ ਵੱਸਦੇ ਤਜਿੰਦਰ ਸਿੰਘ ਦੇ ਪਿਤਾ ਦੀ ਮੌਤ ਦਿੱਲੀ ਵਿੱਚ ਹੋਈ ਸੀ।
ਤਜਿੰਦਰ ਪਿਛਲੇ ਕਈ ਦਿਨਾਂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਭਾਰਤ ਵਿਚ ਆਪਣੇ ਘਰ ਨਹੀਂ ਆ ਸਕੇ ਹਨ।
ਉਨ੍ਹਾਂ ਦਾ ਮਾਮਲਾ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਕੇਸ ਕਾਰਨ ਦੋਵਾਂ ਮੁਲਕਾਂ ਵਿਚਾਲੇ ਪੈਦਾ ਹੋਏ ਤਣਾਅ ਦੇ ਆਮ ਲੋਕਾਂ ਉੱਤੇ ਪੈ ਰਹੇ ਅਸਰ ਦੀ ਸਟੀਕ ਮਿਸਾਲ ਹੈ।
ਬੀਤੇ 21 ਸਿਤੰਬਰ ਨੂੰ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਦੇਣ ਦੀ ਪ੍ਰਕਿਰਿਆ ਉੱਤੇ ਅਣਮਿੱਥੇ ਸਮੇਂ ਲਈ ਰੋਕ ਲਾ ਦਿੱਤੀ ਸੀ।
ਭਾਰਤ ਨੇ ਇਹ ਫੈਸਲਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸੰਸਦ ਵਿੱਚ ਭਾਰਤ ਦਾ ਨਾਂ ਹਰਦੀਪ ਸਿੰਘ ਨਿੱਝਰ ਕਤਲ ਕੇਸ ਨਾਲ ਜੋੜਨ ਤੋਂ ਬਾਅਦ ਲਿਆ ਸੀ।
ਹਰਦੀਪ ਸਿੰਘ ਖਾਲਿਸਤਾਨੀ ਸਮਰਥਕ ਤੇ ਕੈਨੇਡੀਅਨ ਨਾਗਰਿਕ ਸਨ। ਜਿਨ੍ਹਾਂ ਦਾ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਕਤਲ ਕਰ ਦਿੱਤਾ ਗਿਆ ਸੀ।
ਜਸਟਿਨ ਟਰੂਡੋ ਦੇ ਭਾਰਤ ਉੱਤੇ ਲਾਏ ਇਲਜ਼ਾਮਾਂ ਤੋਂ ਬਾਅਦ ਦੋਵਾਂ ਮੁਲਕਾਂ ਨੇ ਇੱਕ ਦੂਜੇ ਦੇ ਇੱਕ- ਇੱਕ ਸੀਨੀਅਰ ਡਿਪਲੋਮੇਟ ਨੂੰ ਵੀ ਆਪਣੇ ਮੁਲਕਾਂ ਤੋਂ ਬਾਹਰ ਭੇਜ ਦਿੱਤਾ ਸੀ, ਜਿਸ ਨਾਲ ਦੋਵਾਂ ਦੇ ਰਿਸ਼ਤਿਆਂ ਵਿੱਚ ਤਣਾਅ ਪੈਦਾ ਹੋ ਗਿਆ ਸੀ।
ਭਾਰਤ ਸਰਕਾਰ ਨੇ ਕਿਹਾ ਸੀ ਕਿ ਉਹ ਆਪਣੇ ਸਟਾਫ਼ ਦੀ ਸੁਰੱਖਿਆ ਲਈ ਚਿੰਤਤ ਹਨ। ਇਸ ਦੇ ਕਾਰਨ ਅਗਲੇ ਹੁਕਮਾਂ ਤੱਕ ਕੈਨੇਡੀਅਨ ਨਾਗਰਿਕਾਂ ਲਈ ਭਾਰਤੀ ਵੀਜ਼ਾ ’ਤੇ ਰੋਕ ਲਗਾਈ ਜਾਂਦੀ ਹੈ।
ਆਮ ਲੋਕਾਂ ਦੀਆਂ ਵਧੀਆਂ ਮੁਸ਼ਕਲਾਂ
ਬੀਬੀਸੀ ਪੰਜਾਬੀ ਦੀ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਸ ਨਾਲ ਨਾ ਸਿਰਫ਼ ਉਨ੍ਹਾਂ ਲੋਕਾਂ ਉੱਤੇ ਫ਼ਰਕ ਪਿਆ ਹੈ, ਜੋ ਮੂਲ ਰੂਪ ਵਿਚ ਕੈਨੇਡਾ ਦੇ ਨਾਗਰਿਕ ਹਨ ਅਤੇ ਕਿਸੇ ਕੰਮ ਵਜੋਂ ਜਾਂ ਸੈਰ-ਸਪਾਟੇ ਵਜੋਂ ਭਾਰਤ ਆਉਣਾ ਚਾਹੁੰਦੇ ਹਨ ਬਲਕਿ ਉਨ੍ਹਾਂ ਉੱਤੇ ਵੀ ਪਿਆ ਹੈ ਜੋ ਮੂਲ ਰੂਪ ਵਿਚ ਭਾਰਤੀ ਹਨ ਤੇ ਉਨ੍ਹਾਂ ਨੇ ਕੈਨੇਡਾ ਦੀ ਨਾਗਰਿਕਤਾ ਲੈ ਲਈ ਹੋਈ ਹੈ।ਪਰ ਉਨ੍ਹਾਂ ਦੇ ਪਰਿਵਾਰ ਅਤੇ ਰਿਸ਼ਤੇਦਾਰ ਭਾਰਤ ਵਿਚ ਹੀ ਹਨ।
ਕੈਨੇਡਾ ਦੇ ਬਰੈਂਪਟਨ ਵਿਚ ਰਹਿਣ ਵਾਲੇ 36 ਸਾਲਾ ਤਜਿੰਦਰ ਸਿੰਘ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪਿਤਾ ਦੀ ਮੌਤ ਦੀ ਖ਼ਬਰ ਪਿਛਲੇ ਵੀਰਵਾਰ ਯਾਨੀ 21 ਸਤੰਬਰ ਨੂੰ ਮਿਲੀ। ਉਸੇ ਦਿਨ ਹੀ ਭਾਰਤ ਸਰਕਾਰ ਨੇ ਵੀਜ਼ਾ ਦੇਣ ਉੱਤੇ ਰੋਕ ਲਾ ਦਿੱਤੀ ਸੀ।
ਤਜਿੰਦਰ ਨੇ ਕਿਹਾ, “ਮੈਂ ਫਿਰ ਵੀ ਵੀਜ਼ਾ ਸਰਵਿਸ ਦੇ ਦਫ਼ਤਰ ਗਿਆ, ਤੁਹਾਨੂੰ ਲਿਖਣਾ ਪੈਂਦਾ ਹੈ ਕਿ ਤੁਸੀਂ ਕਿਸ ਕਾਰਨ ਤੋਂ ਭਾਰਤ ਆਉਣਾ ਚਾਹੁੰਦੇ ਹੋ, ਮੈਂ ਉਸ ਦੇ ਵਿੱਚ ਕਾਰਨ ਲਿਖਿਆ ਪਰ ਮੇਰੀ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਗਿਆ ਕਿ ਮੈਂ ਭਾਰਤ ਨਹੀਂ ਜਾ ਸਕਦਾ, ਮੈਨੂੰ ਕਿਸੇ ਨੂੰ ਮਿਲਣ ਵੀ ਨਹੀਂ ਦਿੱਤਾ ਗਿਆ।”
ਉਹ ਅੱਗੇ ਦੱਸਦੇ ਹਨ ਕਿ “ਮੈਂ ਫਿਰ ਫ਼ੋਨ ਉੱਤੇ ਕੰਟੈਕਟ ਕੀਤਾ, ਤਾਂ ਉਨ੍ਹਾਂ ਨੇ ਮੈਨੂੰ ਈਮੇਲ ਆਈਡੀ ਦਿੱਤੀ। ਮੈਂ ਮੇਲ ਵੀ ਪਾਈ ਹੈ ਪਰ ਉਸ ਦਾ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ।”
ਮਾਂ ਕਰ ਰਹੀ ਇੰਤਜ਼ਾਰ
ਪੁੱਛਣ ਉੱਤੇ ਹੁਣ ਉਹ ਇਸ ਬਾਰੇ ਕੀ ਕਰ ਰਹੇ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਈਮੇਲ ਦੇ ਜਵਾਬ ਦਾ ਹੀ ਇੰਤਜ਼ਾਰ ਕਰ ਰਿਹਾ ਹਾਂ, ‘‘ਮੈਂ ਹਾਈ ਕਮਿਸ਼ਨ ਨੂੰ ਵੀ ਮੇਲ ਪਾਈ ਹੈ ਪਰ ਉੱਥੋਂ ਵੀ ਕੋਈ ਜਵਾਬ ਅਜੇ ਤੱਕ ਨਹੀਂ ਆਇਆ’’।
ਉਹ ਕਹਿੰਦੇ ਹਨ ਕਿ ਇਹ ਵੱਡੇ ਪੱਧਰ ਉੱਤੇ ਲਏ ਗਏ ਫ਼ੈਸਲੇ ਹਨ, ਜਿਸ ਉੱਤੇ ਨਾ ਤਾਂ ਕੋਈ ਸੰਸਥਾ ਕੁਝ ਕਰ ਸਕਦੀ ਹੈ, ਨਾ ਹੀ ਕੋਈ ਹੋਰ। ਸਿਰਫ਼ ਸਰਕਾਰਾਂ ਹੀ ਇਸ ਬਾਰੇ ਕੁਝ ਕਰ ਸਕਦੀਆਂ ਹਨ।
ਆਪਣੇ ਪਰਿਵਾਰ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਪੁਲਿਸ ਵਿਚ ਇੱਕ ਸੀਨੀਅਰ ਅਫ਼ਸਰ ਸਨ।
ਉਨ੍ਹਾਂ ਦੱਸਿਆ, “ਮੇਰੇ ਪਿਤਾ ਜੀ ਤੇ ਪਰਿਵਾਰ ਦਿੱਲੀ ਦੇ ਵਿੱਚ ਰਹਿੰਦੇ ਸੀ। ਮੇਰੀ ਮਾਤਾ ਦੇ ਪੇਕੇ ਪੰਜਾਬ ਦੇ ਲੁਧਿਆਣਾ ਵਿੱਚ ਹਨ, ਪਰ ਦਿੱਲੀ ਪੁਲਿਸ ਵਿਚ ਪਿਤਾ ਜੀ ਦੇ ਨੌਕਰੀ ਉੱਤੇ ਹੋਣ ਕਾਰਨ ਉਹ ਇੱਥੇ ਵਿਚ ਹੀ ਰਹੇ। ਉਹ ਡਿਪਟੀ ਕਮਿਸ਼ਨਰ ਆਫ ਪੁਲਿਸ ਯਾਨੀ ਡੀਸੀਪੀ ਦੀ ਪੋਸਟ ਤੋਂ ਉਹ ਸੇਵਾਮੁਕਤ ਹੋਏ ਸੀ।’’
ਉਨ੍ਹਾਂ ਦੱਸਿਆ, ‘‘ਦਿੱਲੀ ਵਿੱਚ ਮੇਰੀ ਮਾਤਾ ਜੀ ਹਨ ਤੇ ਦੋ ਭਰਾ ਵੀ ਹਨ। ਮਾਤਾ ਜੀ ਨਾਲ ਮੇਰੀ ਲਗਾਤਾਰ ਗੱਲਬਾਤ ਹੋ ਰਹੀ ਹੈ। ਦੋ ਤਿੰਨ ਦਿਨ ਉਨ੍ਹਾਂ ਦੀ ਵੀ ਤਬੀਅਤ ਖ਼ਰਾਬ ਰਹੀ। ਹਾਲਾਂਕਿ ਹੁਣ ਉਹ ਠੀਕ ਹਨ, ਉਹ ਵੀ ਲਗਾਤਾਰ ਇਹੀ ਪ੍ਰਸ਼ਨ ਕਰਦੇ ਹਨ ਕਿ ਵੀਜ਼ੇ ਦਾ ਬਣ ਰਿਹਾ ਹੈ ਤੇ ਕਦੋਂ ਘਰ ਆਉਗੇ।”
ਤਜਿੰਦਰ ਸਿੰਘ ਦੱਸਦੇ ਹਨ ਕਿ ਪਿਤਾ ਜੀ ਦੇ ਫੁੱਲ ਵਗ਼ੈਰਾ ਤਾਰ ਦਿੱਤੇ ਸੀ।
ਪਿਤਾ ਬਾਰੇ ਉਨ੍ਹਾਂ ਦੱਸਿਆ ਕਿ ਮੌਤ ਤੋਂ ਇੱਕ ਦਿਨ ਪਹਿਲਾਂ ਹੀ ਉਨ੍ਹਾਂ ਨਾਲ ਫ਼ੋਨ ਉੱਤੇ ਗੱਲ ਹੋਈ ਸੀ ਤੇ ਉਸ ਵੇਲੇ ਠੀਕ ਨਜ਼ਰ ਆ ਰਹੇ ਸੀ, ਪਰ ਅਚਾਨਕ ਹੀ ਉਸ ਦਿਨ ਦਿਲ ਦੇ ਦੌਰ ਕਾਰਨ ਉਨ੍ਹਾਂ ਦੀ 76 ਸਾਲ ਦੀ ਉਮਰ ਵਿਚ ਮੌਤ ਹੋ ਗਈ।
ਕਿਵੇਂ ਗਏ ਕੈਨੇਡਾ
ਆਪਣੇ ਬਾਰੇ ਗੱਲ ਕਰਦਿਆਂ ਤਜਿੰਦਰ ਸਿੰਘ ਨੇ ਦੱਸਿਆ ਕਿ ਮੈਂ ਸਾਲ 2018 ਵਿੱਚ ਕੈਨੇਡਾ ਆ ਗਿਆ ਸੀ। ਮੈਨੂੰ ਪੀਆਰ ਯਾਨੀ ਪਰਮਾਨੈਂਟ ਰੈਜ਼ੀਡੈਂਸੀ ਮਿਲ ਗਈ ਸੀ ਤੇ ਇੱਥੇ ਮੈਂ ਇੱਕ ਬੈਂਕ ਵਿਚ ਨੌਕਰੀ ਕਰਦਾ ਹਾਂ। ਜੇ ਮੇਰੇ ਕੋਲ ਪੀਆਰ ਹੀ ਹੁੰਦੀ ਤਾਂ ਮੇਰੇ ਕੋਲ ਇੰਡੀਅਨ ਪਾਸਪੋਰਟ ਹੀ ਹੋਣਾ ਸੀ ਤੇ ਕੋਈ ਸਮੱਸਿਆ ਨਹੀਂ ਆਉਣੀ ਸੀ ਕਿਉਂਕਿ ਸਿਰਫ਼ ਕੈਨੇਡਾ ਦੇ ਨਾਗਰਿਕਾਂ ਵਾਸਤੇ ਭਾਰਤ ਵੱਲੋਂ ਵੀਜ਼ਾ ਬੰਦ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਬਾਅਦ ਵਿੱਚ ਉਨ੍ਹਾਂ ਕੈਨੇਡਾ ਦੀ ਨਾਗਰਿਕਤਾ ਲੈ ਲਈ ਸੀ ਤੇ ਇੱਥੋਂ ਦਾ ਹੀ ਪਾਸਪੋਰਟ ਲੈ ਲਿਆ ਸੀ।
“ਮੇਰੀ ਪੀਆਰ ਸਾਲ 2020 ਦੇ ਵਿੱਚ ਖ਼ਤਮ ਹੋ ਰਹੀ ਸੀ ਤੇ ਮੈਂ ਉਸ ਤੋਂ ਕੁੱਝ ਮਹੀਨੇ ਪਹਿਲਾਂ ਹੀ ਪੀਆਰ ਨੂੰ ਰੱਦ ਕਰ ਕੇ ਇੱਥੋਂ ਦੀ ਨਾਗਰਿਕਤਾ ਅਪਲਾਈ ਕੀਤੀ ਸੀ। ਪਿਛਲੇ ਸਾਲ ਸਤੰਬਰ ਵਿੱਚ ਹੀ ਮੇਰਾ ਕੈਨੇਡਾ ਦਾ ਪਾਸਪੋਰਟ ਬਣਿਆ ਸੀ। ਹੁਣ ਮੈਂ ਓਸੀਆਈ (ਯਾਨੀ ਓਵਰਸੀਜ਼ ਸਿਟੀਜ਼ਨਸ਼ਿਪ ਆਫ਼ ਇੰਡੀਆ) ਵੀ ਨਹੀਂ ਲੈ ਸਕਿਆ ਸੀ। ਮੈਨੂੰ ਇਹ ਸੀ ਕਿ ਜਦੋਂ ਭਾਰਤ ਜਾਣਾ ਹੋਵੇਗਾ, ਉਸ ਵੇਲੇ ਲੈ ਲਵਾਂਗਾ।”
ਭਾਵੁਕ ਆਵਾਜ਼ ਵਿਚ ਤਜਿੰਦਰ ਕਹਿੰਦੇ ਹਨ, “ਇਹ ਅਜਿਹਾ ਮੌਕਾ ਹੈ, ਜਦੋਂ ਪਰਿਵਾਰ ਦੇ ਨਾਲ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਵੈਸੇ ਤਾਂ ਅਸੀਂ ਚਾਹੁੰਦੇ ਹਾਂ ਕਿ ਮੈਂ ਤੇ ਮੇਰੇ ਪਤਨੀ ਦੋਵੇਂ ਭਾਰਤ ਜਾ ਸਕੀਏ ਪਰ ਮੇਰਾ ਜਾਣਾ ਤਾਂ ਬਹੁਤ ਹੀ ਜ਼ਰੂਰੀ ਹੈ।”
ਆਖ਼ਰੀ ਵਾਰ ਉਹ ਪਿਛਲੀ ਸਾਲ ਅਪ੍ਰੈਲ ਦੇ ਮਹੀਨੇ ਭਾਰਤ ਆਏ ਸੀ ਤੇ ਬਾਅਦ ਵਿਚ ਫ਼ੋਨ ਉੱਤੇ ਹੀ ਪਰਿਵਾਰ ਦੇ ਨਾਲ ਸੰਪਰਕ ਵਿੱਚ ਰਹੇ ਹਨ।
‘ਸਿਰਫ਼ ਕਾਗ਼ਜ਼ਾਂ ਦੇ ਕੈਨੇਡਾ ਦੇ ਨਾਗਰਿਕ’
ਉਹ ਕਹਿੰਦੇ ਹਨ ਕਿ ਅਸੀਂ ਸਮਝ ਸਕਦੇ ਹਾਂ ਕਿ ਇਹ ਰਾਜਨੀਤਿਕ ਫ਼ੈਸਲੇ ਹਨ, ਤੇ ਕੋਈ ਇਸ ਦੇ ਬਾਰੇ ਵਿੱਚ ਕੁੱਝ ਨਹੀਂ ਕਰ ਸਕਦਾ।
“ਪਰ ਮੈਨੂੰ ਲੱਗਦਾ ਕਿ ਜਦੋਂ ਇਹ ਫ਼ੈਸਲੇ ਲਏ ਜਾਂਦੇ ਹਨ ਤਾਂ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਆਮ ਲੋਕਾਂ ਨੂੰ ਇਸ ਦੇ ਨਾਲ ਕੋਈ ਫ਼ਰਕ ਨਾ ਪਵੇ। ਤੁਸੀਂ ਦੇਸ਼ਾਂ ਵਿਚਾਲੇ ਭਾਵੇਂ ਕੋਈ ਵੀ ਫ਼ੈਸਲਾ ਲੈ ਲਵੋ ਜਿਵੇਂ ਵਪਾਰ ਬੰਦ ਕਰੋ ਜਾਂ ਕੋਈ ਹੋਰ ਪਾਲਿਸੀ ਜਾਂ ਨੀਤੀ ਵਿਚ ਬਦਲਾਅ ਕਰ ਲਵੋ, ਜਿਸ ਨਾਲ ਦੇਸ਼ਾਂ ਉੱਤੇ ਫ਼ਰਕ ਪੈਂਦਾ ਹੈ ਪਰ ਆਮ ਲੋਕਾਂ ਦੀ ਜ਼ਿੰਦਗੀ ਤਾਂ ਨਹੀਂ ਪ੍ਰਭਾਵਿਤ ਹੋਣੀ ਚਾਹੀਦੀ।”
ਉਹ ਅੱਗੇ ਕਹਿੰਦੇ ਹਨ ਕਿ “ਅਸੀਂ ਮੂਲ ਰੂਪ ਵਿੱਚ ਤਾਂ ਭਾਰਤੀ ਹਾਂ ਭਾਵੇਂ ਕਾਗ਼ਜ਼ਾਂ ਉੱਤੇ ਅਸੀਂ ਅੱਜ ਕੈਨੇਡਾ ਦੇ ਨਾਗਰਿਕ ਹੋ ਗਏ ਹਾਂ। ਸਾਡੀਆਂ ਕਦਰਾਂ ਕੀਮਤਾਂ, ਸਾਡਾ ਸੱਭਿਆਚਾਰ, ਸਾਡੀ ਭਾਸ਼ਾ ਤਾਂ ਸਭ ਭਾਰਤ ਦੀ ਹੀ ਹੈ ਤੇ ਰਹੇਗੀ।”
ਇਹ ਪੁੱਛੇ ਜਾਣ ਉੱਤੇ ਕਿ ਕੈਨੇਡਾ ਦੇ ਨਾਗਰਿਕ ਬਣਨ ਪਿੱਛੇ ਕੀ ਕਾਰਨ ਸੀ ਤਾਂ ਉਨ੍ਹਾਂ ਨੇ ਕਿਹਾ ਕਿ ਪੀ ਆਰ ਤੁਹਾਨੂੰ ਦੁਬਾਰਾ ਤੋਂ ਰੀਨਿਊ ਕਰਵਾਉਣੀ ਪੈਂਦੀ ਹੈ। ਅਸੀਂ ਸੋਚਿਆ ਕਿ ਹੁਣ ਇੱਥੇ ਤਾਂ ਰਹਿਣਾ ਹੀ ਹੈ ਤੇ ਇੱਕੋ ਵਾਰੀ ਇੱਥੋਂ ਦੀ ਨਾਗਰਿਕਤਾ ਲੈ ਲੈਂਦੇ ਹਾਂ। ਸਾਨੂੰ ਕੀ ਪਤਾ ਸੀ ਕਿ ਇਸ ਕਾਰਨ ਕੁੱਝ ਅਜਿਹੇ ਸਮੇਂ ਦਾ ਸਾਹਮਣਾ ਕਰਨਾ ਪਏਗਾ।”
ਕੈਨੇਡਾ ਵਿੱਚ ਭਾਰਤੀ ਭਾਈਚਾਰਾ
ਕੈਨੇਡਾ ਵਿੱਚ 18.6 ਲੱਖ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਰਹਿ ਰਹੇ ਹਨ। ਕਈ ਲੋਕ ਇਹ ਮੰਨਦੇ ਸੀ ਕਿ ਭਾਰਤ ਸਰਕਾਰ ਦੇ ਇਸ ਫ਼ੈਸਲੇ ਨਾਲ ਇਹਨਾਂ ਲੋਕਾਂ ਉੱਤੇ ਖ਼ਾਸ ਅਸਰ ਨਹੀਂ ਪਵੇਗਾ ਹਾਲਾਂਕਿ ਉੱਥੇ ਕੁਝ ਲੋਕ ਸ਼ੁਰੂ ਤੋਂ ਹੀ ਇਸ ਫ਼ੈਸਲੇ ਨੂੰ ਲੈ ਕੇ ਚਿੰਤਤ ਵੀ ਸਨ।
ਸੈਰ-ਸਪਾਟੇ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ 2021 ਵਿੱਚ 80 ਹਜ਼ਾਰ ਤੋਂ ਵੱਧ ਕੈਨੇਡੀਅਨ ਸੈਰ-ਸਪਾਟੇ ਲਈ ਭਾਰਤ ਆਏ ਸਨ।
ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਸੀ, “ਮਸਲਾ ਭਾਰਤ ਦੀ ਯਾਤਰਾ ਦਾ ਨਹੀਂ ਹੈ। ਜਿਨ੍ਹਾਂ ਕੋਲ ਕਾਨੂੰਨੀ ਵੀਜ਼ਾ ਅਤੇ ਓਸੀਆਈ ਵਰਗੇ ਹੋਰ ਕਿਸਮ ਦੇ ਦਸਤਾਵੇਜ਼ ਹਨ, ਉਹ ਇਸ ਪਾਬੰਦੀ ਤੋਂ ਬਾਅਦ ਵੀ ਭਾਰਤ ਆਉਣ ਦੇ ਯੋਗ ਹਨ।”
“ਪਰ ਅਸਲ ਮੁੱਦਾ ਹਿੰਸਾ ਨੂੰ ਭੜਕਾਉਣ ਵਾਲੇ ਅਤੇ ਸਾਡੇ ਕਮਿਸ਼ਨ ਅਤੇ ਕੌਂਸਲੇਟ ਦੇ ਕੰਮਕਾਜ ਵਿੱਚ ਰੁਕਾਵਟ ਪਾਉਣ ਵਾਲੇ ਮਾਹੌਲ ਦੀ ਸਿਰਜਣਾ ਦਾ ਹੈ।''''
ਅਰਿੰਦਮ ਬਾਗਚੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਕੈਨੇਡਾ ਵਿੱਚ ਭਾਰਤੀ ਕੂਟਨੀਤਕਾਂ ਨੂੰ ਮਿਲ ਰਹੀਆਂ ਧਮਕੀਆਂ ਕਾਰਨ ਉੱਥੇ ਅਸਥਾਈ ਤੌਰ ''ਤੇ ਵੀਜ਼ਾ ਅਰਜ਼ੀਆਂ ''ਤੇ ਰੋਕ ਲਗਾਉਣੀ ਪਈ ਹੈ।
ਉਨ੍ਹਾਂ ਨੇ ਕਿਹਾ, "ਅਸੀਂ ਇਸ ਦੀ ਲਗਾਤਾਰ ਸਮੀਖਿਆ ਕਰਦੇ ਰਹਾਂਗੇ। ਫ਼ਿਲਹਾਲ ਅਸਥਾਈ ਤੌਰ ''ਤੇ ਵੀਜ਼ਾ ਅਰਜ਼ੀਆਂ ''ਤੇ ਰੋਕ ਲਗਾਈ ਹੈ।"
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਹਰਦੀਪ ਸਿੰਘ ਨਿੱਝਰ ਬਾਰੇ ਕੈਨੇਡਾ ਤੇ ਅਮਰੀਕਾ ਦੀ ਖੂਫ਼ੀਆ ਸੂਚਨਾ ਕਿੰਨੀ ਭਰੋਸੇਯੋਗ ਹੈ, ਇਸ ਬਾਰੇ ਇਹ ਚਰਚਾ...
NEXT STORY