ਜਦੋਂ ਬੀਬੀਸੀ ਦੀ ਟੀਮ 2022 ਵਿੱਚ ਅਯੁੱਧਿਆ ਗਈ ਸੀ ਤਾਂ ਉੱਥੇ ਤਿੰਨ ਸੜਕਾਂ: ਰਾਮ ਮਾਰਗ, ਭਗਤੀ ਮਾਰਗ ਅਤੇ ਜਨਮ ਭੂਮੀ ਮਾਰਗ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਹੋ ਰਿਹਾ ਸੀ।
ਕੁਝ ਦੁਕਾਨਾਂ ਪੂਰੀ ਤਰ੍ਹਾਂ ਢਾਹੀਆਂ ਜਾ ਰਹੀਆਂ ਸਨ ਅਤੇ ਕਈ ਦੁਕਾਨਾਂ ਤੋੜ ਕੇ ਛੋਟੀਆਂ ਕੀਤੀਆਂ ਜਾ ਰਹੀਆਂ ਸਨ।
ਇਨ੍ਹਾਂ ਵਿੱਚੋਂ ਕਈ ਦੁਕਾਨਦਾਰ ਕਈ ਸਾਲਾਂ ਤੋਂ ਕਿਰਾਏ ’ਤੇ ਆਪਣੀਆਂ ਛੋਟੀਆਂ-ਮੋਟੀਆਂ ਦੁਕਾਨਾਂ ਚਲਾ ਰਹੇ ਸਨ। ਉਹ ਇਨ੍ਹਾਂ ਸੜਕਾਂ ਦੇ ਨਿਰਮਾਣ ਤੋਂ ਪਰੇਸ਼ਾਨ ਅਤੇ ਨਾਰਾਜ਼ ਸੀ। ਉਹ ਆਪਣੇ ਪਰਿਵਾਰ ਅਤੇ ਕਾਰੋਬਾਰ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਸਨ।
ਹੁਣ ਰਾਮ ਮੰਦਰ ਨੂੰ ਜਾਣ ਵਾਲੇ ਇਹ ਤਿੰਨੇ ਰਸਤੇ ਤਿਆਰ ਹਨ। ਅਯੁੱਧਿਆ ਦੇ ਬਾਜ਼ਾਰ ਸ਼ਰਧਾਲੂਆਂ ਲਈ ਸਜੇ ਹੋਏ ਹਨ। ਸੜਕਾਂ ਚੌੜੀਆਂ ਕਰਨ ਲਈ ਜਿਹੜੀਆਂ ਦੁਕਾਨਾਂ ਛੋਟੀਆਂ ਕੀਤੀਆਂ ਗਈਆਂ ਸਨ, ਉਨ੍ਹਾਂ ਵਿੱਚੋਂ ਬਹੁਤੀਆਂ ਤਿਆਰ ਹਨ।
ਅਸੀਂ ਇੱਕ ਵਾਰ ਫਿਰ ਉਨ੍ਹਾਂ ਦੁਕਾਨਦਾਰਾਂ ਨੂੰ ਮਿਲੇ ਜਿਨ੍ਹਾਂ ਨਾਲ ਅਸੀਂ 2022 ਵਿੱਚ ਗੱਲ ਕੀਤੀ ਸੀ। ਇਸ ਦੌਰਾਨ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਹੁਣ ਉਨ੍ਹਾਂ ਦੀ ਹਾਲਤ ਕਿਵੇਂ ਹੈ।
ਦੁਕਾਨਾਂ ਬਹੁਤ ਛੋਟੀਆਂ ਹੋ ਗਈਆਂ ਹਨ
2022 ਵਿੱਚ, ਜਦੋਂ ਅਸੀਂ ਗੈਸ ਅਤੇ ਹਾਰਡਵੇਅਰ ਕਾਰੋਬਾਰੀ ਅਭਿਸ਼ੇਕ ਕੁਮਾਰ ਕਸੇਰਾ ਨੂੰ ਮਿਲੇ ਸੀ ਤਾਂ ਰਾਮ ਮਾਰਗ ਨੂੰ ਚੌੜਾ ਕਰਨ ਲਈ ਉਨ੍ਹਾਂ ਦੀ ਦੁਕਾਨ ਦਾ ਕੁਝ ਹਿੱਸਾ ਵੀ ਤੋੜਿਆ ਜਾ ਰਿਹਾ ਸੀ।
ਅਭਿਸ਼ੇਕ ਨੇ ਉਦੋਂ ਕਿਹਾ ਸੀ ਕਿ ਉਹ ਸਿਰਫ ਇਹ ਜਾਣਨਾ ਚਾਹੁੰਦੇ ਹਨ, "ਰਾਮ ਮਾਰਗ ਲਈ ਜੋ ਜ਼ਮੀਨ ਲਈ ਜਾ ਰਹੀ ਹੈ, ਉਸ ਤੋਂ ਬਾਅਦ ਜੋ ਜ਼ਮੀਨ ਬਚ ਰਹੀ ਹੈ ਉਸ ਨੂੰ ਕੀ ਅਸੀਂ ਆਪਣੀ ਰੋਜ਼ੀ-ਰੋਟੀ ਚਲਾਉਣ ਲਈ ਲੈ ਸਕਦੇ ਹਾਂ ਜਾਂ ਨਹੀਂ?"
ਇੱਕ ਸਾਲ ਬਾਅਦ ਅਭਿਸ਼ੇਕ ਦੀ ਦੁਕਾਨ 10 ਗੁਣਾ 15 ਫੁੱਟ ਤੋਂ ਘਟ ਕੇ 10 ਗੁਣਾ 5 ਫੁੱਟ ਰਹਿ ਗਈ ਹੈ। ਉਹ ਖੁਸ਼ ਨੇ ਕਿ ਭਗਵਾਨ ਰਾਮ ਦਾ ਮੰਦਰ ਬਣ ਰਿਹਾ ਹੈ, ਪਰ ਇਸ ਗੱਲ ਦਾ ਵੀ ਦੁੱਖ ਹੈ ਕਿ ਦੁਕਾਨ ਛੋਟੀ ਹੋ ਗਈ ਹੈ।
ਅਭਿਸ਼ੇਕ ਦੇ ਪਿਤਾ ਨੇ ਇੰਨੇ ਸਾਲਾਂ ਤੱਕ ਇਸ ਦੁਕਾਨ ਦੀ ਮਦਦ ਨਾਲ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ। ਉਨ੍ਹਾਂ ਦੀ ਵੀ ਕੋਵਿਡ ਨਾਲ ਮੌਤ ਹੋ ਗਈ। ਹੁਣ ਸਿਰਫ ਅਭਿਸ਼ੇਕ ਹੀ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲ ਰਹੇ ਹਨ।
ਅਭਿਸ਼ੇਕ ਦਾ ਮੰਨਣਾ ਹੈ, "ਕੁਝ ਬਣਾਉਣ ਲਈ, ਕੁਝ ਵਿਕਾਸ ਜ਼ਰੂਰੀ ਹੈ। ਜੇਕਰ ਕੁਝ ਟੁੱਟ ਰਿਹਾ ਹੈ, ਤਾਂ ਅੱਗੇ ਬਣੇਗਾ ਵੀ। ਅਸੀਂ ਇਸ ਤੋਂ ਨਾਰਾਜ਼ ਸੀ ਪਰ ਅਸੀਂ ਯੋਗੀ ਜੀ ਦੇ ਕਾਰਜਕਾਲ ਤੋਂ ਬਹੁਤ ਖੁਸ਼ ਹਾਂ।"
ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਉਹ ਕਹਿੰਦੇ ਹਨ, "ਜੇ ਸਾਡਾ ਪਿਤਾ ਸੀ ਤਾਂ ਸਮਝੋ ਸਭ ਕੁਝ ਸੀ। ਜੇਕਰ ਪਿਤਾ ਜੀ ਇਹ ਨਿੱਕੀ ਜਿਹੀ ਦੁਕਾਨ ਦੇਖਦੇ ਤਾਂ ਉਂਝ ਹੀ ਮਰ ਜਾਂਦੇ। ਸ਼ੁਰੂ ਤੋਂ ਹੀ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ। ਜਿਸ ਖੇਤ ਨੂੰ ਉਨ੍ਹਾਂ ਨੇ ਸਿੰਜਿਆ ਅਤੇ ਵੱਡਾ ਕੀਤਾ, ਹੁਣ ਜਦੋਂ ਉਸਨੂੰ ਵੱਢਣ ਦਾ ਸਮਾਂ ਆਇਆ ਤਾਂ ਉਹ ਰਹੇ ਨਹੀਂ।"
ਸਰਕਾਰ ਤੋਂ ਅਜੇ ਵੀ ਨਾਰਾਜ਼ ਹਨ ਕਮਲਾ ਦੇਵੀ
ਨਵੰਬਰ 2022 ਵਿੱਚ ਕਮਲਾ ਦੇਵੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਕਿਰਾਏ ਦੀ ਦੁਕਾਨ ਵੀ ਟੁੱਟ ਰਹੀ ਸੀ। ਉਸ ਸਮੇਂ ਉਹ ਸਰਕਾਰ ਤੋਂ ਬਹੁਤ ਨਾਰਾਜ਼ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਮੁਆਵਜ਼ਾ ਨਹੀਂ ਚਾਹੀਦਾ, ਸਗੋਂ ਦੁਕਾਨ ਦੇ ਬਦਲੇ ਦੁਕਾਨ ਚਾਹੁੰਦੇ ਹਨ।
ਜਦੋਂ ਅਸੀਂ 2022 ਵਿੱਚ ਰਾਮਪਥ ਵਿਖੇ ਉਨ੍ਹਾਂ ਨੂੰ ਮਿਲੇ, ਤਾਂ ਉਸਨੇ ਸਾਨੂੰ ਪੁੱਛਿਆ, "ਅਸੀਂ ਕਿੱਥੇ ਜਾਈਏ? ਸਾਨੂੰ ਬੇਘਰ ਕੀਤਾ ਜਾ ਰਿਹਾ ਹੈ। ਇੱਕ ਲੱਖ ਰੁਪਏ (ਸਰਕਾਰੀ ਸਹਾਇਤਾ ਰਾਸ਼ੀ) ਵਿੱਚ ਕੀ ਹੁੰਦਾ ਹੈ? ਤੁਸੀਂ ਇੱਕ ਲੱਖ ਰੁਪਏ ਵਿੱਚ ਇੱਕ ਬੀਮ ਵੀ ਨਹੀਂ ਲਗਾ ਸਕਦੇ।''''
''''ਉਹ ਸਾਡੇ ਤੋਂ ਇੱਕ ਲੱਖ ਮਜ਼ਦੂਰੀ ਲੈਣਗੇ। ਅਸੀਂ ਪੈਸਿਆਂ ਦਾ ਕੀ ਕਰਾਂਗੇ? ਸਾਨੂੰ ਪੈਸੇ ਨਹੀਂ, ਦੁਕਾਨ ਚਾਹੀਦੀ ਹੈ।"
ਜਨਵਰੀ 2024 ਵਿੱਚ ਕਮਲਾ ਦੇਵੀ ਦੀ ਦੁਕਾਨ ਵੀ ਟੁੱਟ ਕੇ ਛੋਟੀ ਹੋ ਗਈ। ਹਾਲਾਂਕਿ ਦੁਕਾਨ ਮਾਲਕ ਨਾਲ ਝਗੜਾ ਹੋਣ ਕਾਰਨ ਉਹ ਅਜੇ ਤੱਕ ਇਸ ਨੂੰ ਬਣਵਾ ਨਹੀਂ ਸਕੇ। ਉਨ੍ਹਾਂ ਨੂੰ ਪ੍ਰਸ਼ਾਸਨ ਤੋਂ 1 ਲੱਖ ਰੁਪਏ ਦੀ ਸਹਾਇਤਾ ਵੀ ਮਿਲੀ ਪਰ ਇਸ ਨਾਲ ਉਨ੍ਹਾਂ ਦਾ ਗੁੱਸਾ ਦੂਰ ਨਹੀਂ ਹੋਇਆ।
ਉਹ ਕਹਿੰਦੀ ਹੈ, "ਅਸੀਂ ਅਜੇ ਵੀ ਬਹੁਤ ਨਾਰਾਜ਼ ਹਾਂ। ਸਾਡੇ ਕੋਲ ਰਹਿਣ ਲਈ ਕੋਈ ਥਾਂ ਨਹੀਂ ਹੈ। ਖਾਣੇ ਦੇ ਮੁਹਤਾਜ ਹਾਂ। ਆਏ ਦਿਨ ਬੋਹਣੀ ਨਹੀਂ ਹੁੰਦੀ। ਨਾ ਮਰ ਸਕਦੇ ਹਾਂ ਅਤੇ ਨਾ ਹੀ ਜਿਉਂ ਸਕਦੇ ਹਾਂ।"
ਮੈਂ ਕਮਲਾ ਦੇਵੀ ਨੂੰ ਕਹਿੰਦਾ ਹਾਂ ਕਿ ਹੁਣ ਜਦੋਂ ਰਾਮ ਮੰਦਰ ਬਣ ਗਿਆ ਹੈ ਤਾਂ ਅਯੁੱਧਿਆ ਵਿੱਚ ਉਸ ਦੀ ਖੁਸ਼ੀ ਦਿਖਾਈ ਦੇ ਰਹੀ ਹੈ। ਮੇਰੇ ਅਜਿਹਾ ਕਹਿਣ ’ਤੇ ਉਹ ਕਹਿੰਦੇ ਹਨ, "ਮੰਦਰ ਬਣਨ ਦੀ ਸਾਨੂੰ ਬਹੁਤ ਖੁਸ਼ੀ ਹੈ। ਕਿਉਂਕਿ ਅਸੀਂ ਵੀ ਸੋਚਦੇ ਸੀ ਕਿ ਇੱਕ ਸਮਾਂ ਆਵੇਗਾ।''''
''''ਭਗਵਾਨ ਆਉਣਗੇ ਅਤੇ ਵਿਰਾਜਮਾਨ ਹੋਣਗੇ। ਪਰ ਰਾਮ ਨੇ ਮੋਦੀ ਜਾਂ ਯੋਗੀ ਨੂੰ ਇਹ ਨਹੀਂ ਕਿਹਾ ਸੀ ਕਿ ਜੇਕਰ ਅਸੀਂ ਆਏ ਤਾਂ ਜਨਤਾ ਨੂੰ ਬੇਘਰ ਕਰ ਦੇਣਾ। ਇਹ ਤਾਂ ਰਾਮ ਨੇ ਨਹੀਂ ਕਿਹਾ ਸੀ? ਰਾਮ ਨੇ ਕਿਹਾ ਸੀ ਕਿ ਅਸੀਂ ਆਵਾਂਗੇ, ਜਨਤਾ ਸਾਡੇ ਤੋਂ ਮਗਰ ਸੁਖੀ ਵਸੇਗੀ।''''
ਕੁਝ ਦੁਕਾਨਾਂ ਵਿਵਾਦ ਕਾਰਨ ਨਹੀਂ ਬਣ ਸਕੀਆਂ
ਦਰਅਸਲ ਅਯੁੱਧਿਆ ਦੇ ਬਾਬੂ ਬਾਜ਼ਾਰ ''ਚ ਰਾਮ ਮਾਰਗ ''ਤੇ ਦੁਕਾਨਦਾਰ ਕਈ ਸਾਲਾਂ ਤੋਂ ਕਈ ਪੀੜ੍ਹੀਆਂ ਤੋਂ ਕਿਰਾਏ ''ਤੇ ਦੁਕਾਨਾਂ ਚਲਾ ਰਹੇ ਹਨ। ਇਸ ਸਮੇਂ ਉਨ੍ਹਾਂ ਦਾ ਆਪਣੇ ਦੁਕਾਨ ਮਾਲਕ ਅਯੁੱਧਿਆ ਦੇ ਰਾਜਾ ਨਾਲ ਵਿਵਾਦ ਚੱਲ ਰਿਹਾ ਹੈ।
ਅਯੁੱਧਿਆ ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਇਨ੍ਹਾਂ ਦੁਕਾਨਦਾਰਾਂ ਅਤੇ ਦੁਕਾਨ ਮਾਲਕ ਵਿਚਾਲੇ ਚੱਲ ਰਹੇ ਵਿਵਾਦ ਦੇ ਬਾਵਜੂਦ ਦੁਕਾਨਦਾਰਾਂ ਨੂੰ ਉਥੋਂ ਨਹੀਂ ਹਟਾਇਆ ਗਿਆ। ਦੁਕਾਨਾਂ ਚੱਲ ਰਹੀਆਂ ਹਨ ਅਤੇ ਲੋਕਾਂ ਦੀ ਰੋਜ਼ੀ-ਰੋਟੀ ''ਤੇ ਕੋਈ ਅਸਰ ਨਹੀਂ ਪਿਆ ਹੈ।
ਪ੍ਰਸ਼ਾਸਨ ਅਨੁਸਾਰ ਉਨ੍ਹਾਂ ਨੇ ਇਨ੍ਹਾਂ ਕਿਰਾਏਦਾਰ ਦੁਕਾਨਦਾਰਾਂ ਦੀ ਰਾਜਾ ਅਯੁੱਧਿਆ ਨਾਲ ਗੱਲਬਾਤ ਕਰਵਾ ਕੇ ਇਨ੍ਹਾਂ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਕੋਈ ਹੱਲ ਨਹੀਂ ਨਿਕਲਿਆ।
ਉਨ੍ਹਾਂ ਦੀਆਂ ਦੁਕਾਨਾਂ ਅਜੇ ਵੀ ਟੁੱਟੀਆਂ ਪਈਆਂ ਹਨ। ਪ੍ਰਸ਼ਾਸਨ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੇ ਇਨ੍ਹਾਂ ਦੁਕਾਨਾਂ ਦੀ ਬਾਹਰੋਂ ਮੁਰੰਮਤ ਕਰਵਾਉਣ ਦੀ ਪੇਸ਼ਕਸ਼ ਕੀਤੀ ਹੈ ਪਰ ਦੁਕਾਨਦਾਰਾਂ ਅਤੇ ਦੁਕਾਨ ਮਾਲਕ ਦੇ ਵਿਵਾਦ ਕਾਰਨ ਅਜਿਹਾ ਨਹੀਂ ਹੋ ਸਕਿਆ।
ਸਰਕਾਰ ਦਾ ਦਾਅਵਾ ਹੈ ਕਿ ਪ੍ਰਭਾਵਿਤ ਦੁਕਾਨਦਾਰਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ।
ਅਯੁੱਧਿਆ ਵਿੱਚ ਤਿੰਨ ਮਾਰਗਾਂ ਦੇ ਨਿਰਮਾਣ ਦਾ ਪ੍ਰੋਜੈਕਟ
ਅਯੁੱਧਿਆ ''ਚ ਰਾਮ ਮੰਦਰ ਦੇ ਨਿਰਮਾਣ ਦੇ ਨਾਲ-ਨਾਲ 2022 ਤੋਂ ਅਯੁੱਧਿਆ ਨੂੰ ਧਾਰਮਿਕ ਸੈਲਾਨੀ ਕੇਂਦਰ ਬਣਾਉਣ ਦਾ ਕੰਮ ਵੀ ਚੱਲ ਰਿਹਾ ਹੈ।
ਜਿਸ ਵਿੱਚ 13 ਕਿਲੋਮੀਟਰ ਲੰਬੇ ਰਾਮ ਮਾਰਗ, 800 ਮੀਟਰ ਲੰਬੇ ਭਗਤੀ ਮਾਰਗ ਅਤੇ 800 ਮੀਟਰ ਲੰਬੇ ਜਨਮ ਭੂਮੀ ਮਾਰਗ ਨੂੰ ਚੌੜਾ ਕਰਨ ਦਾ ਕੰਮ ਕੀਤਾ ਗਿਆ ਹੈ।
ਰਾਮ ਮੰਦਰ ਨੂੰ ਜਾਣ ਵਾਲੀਆਂ ਇਨ੍ਹਾਂ ਸੜਕਾਂ ਨੂੰ ਚੌੜਾ ਕਰਨ ਲਈ ਇਨ੍ਹਾਂ ''ਤੇ ਪਹਿਲਾਂ ਤੋਂ ਮੌਜੂਦ ਕਈ ਸੌ ਦੁਕਾਨਾਂ ਦੇ ਕੁਝ ਹਿੱਸੇ ਨੂੰ ਢਾਹ ਦਿੱਤਾ ਗਿਆ ਅਤੇ ਕੁਝ ਦੁਕਾਨਾਂ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ।
ਅਯੁੱਧਿਆ ਦੇ ਕਾਰੋਬਾਰੀ ਆਗੂਆਂ ਮੁਤਾਬਕ ਇਨ੍ਹਾਂ ਸੜਕਾਂ ਦੇ ਨਿਰਮਾਣ ਕਾਰਨ ਕੁੱਲ 4700 ਲੋਕ ਪ੍ਰਭਾਵਿਤ ਹੋਏ ਹਨ।
ਵਪਾਰੀ ਆਗੂ 2022 ਤੱਕ ਪ੍ਰਭਾਵਿਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਬਿਹਤਰ ਮੁਆਵਜ਼ਾ, ਬਚੀਆਂ ਦੁਕਾਨਾਂ ਦੀ ਮੁੜ ਉਸਾਰੀ ਅਤੇ ਪੂਰੀ ਤਰ੍ਹਾਂ ਉਜਾੜੇ ਗਏ ਦੁਕਾਨਦਾਰਾਂ ਨੂੰ ਸਰਕਾਰ ਵੱਲੋਂ ਬਣਾਈਆਂ ਗਈਆਂ ਨਵੀਆਂ ਦੁਕਾਨਾਂ ਅਲਾਟ ਕਰਨ ਦੀ ਮੰਗ ਕਰ ਰਹੇ ਹਨ।
ਭਗਵਤ ਪ੍ਰਸਾਦ ਪਹਾੜੀ ਦਾ ਦੁੱਖ
ਭਾਗਵਤ ਪ੍ਰਸਾਦ ਪਹਾੜੀ ਅਤੇ ਉਨ੍ਹਾਂ ਦਾ ਪਰਿਵਾਰ 1985 ਤੋਂ ਰਾਮ ਲੱਲਾ ਵਿਰਾਜਮਾਨ ਦੇ ਕੱਪੜੇ ਸਿਉਂ ਰਿਹਾ ਹੈ। ਉਸ ਸਮੇਂ ਰਾਮ ਲੱਲਾ ਬਾਬਰੀ ਮਸਜਿਦ ਦੇ ਗੁੰਬਦ ਦੇ ਹੇਠਾਂ ਹੁੰਦੇ ਸੀ।
ਪਹਿਲਾਂ ਉਨ੍ਹਾਂ ਨੂੰ ਕੇਂਦਰ ਸਰਕਾਰ ਤੋਂ ਵੀ ਰਾਮ ਲੱਲਾ ਦੇ ਕੱਪੜੇ ਸਿਉਣ ਦੇ ਆਰਡਰ ਮਿਲਦੇ ਸਨ। ਪਰ ਹੁਣ ਸਭ ਤੋਂ ਵੱਧ ਆਰਡਰ ਦਰਸ਼ਨ ਕਰਨ ਵਾਲੇ ਸ਼ਰਧਾਲੂ ਦਿੰਦੇ ਹਨ।
ਨਵੰਬਰ 2022 ਵਿੱਚ, ਰਾਮਪਥ ਨੂੰ ਚੌੜਾ ਕਰਨ ਲਈ, ਉਨ੍ਹਾਂ ਦੀਆਂ ਕਿਰਾਏ ਦੀਆਂ 3 ਦੁਕਾਨਾਂ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ ਗਿਆ ਸੀ। ਹੁਣ ਉਹ ਬਹੁਤ ਖੁਸ਼ ਹੈ ਕਿ ਬਾਲ ਸਰੂਪ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਣ ਜਾ ਰਹੀ ਹੈ। ਉਨ੍ਹਾਂ ਨੂੰ ਆਪਣੀਆਂ ਦੁਕਾਨਾਂ ਦੇ ਢਹਿ ਜਾਣ ਦਾ ਦੁੱਖ ਵੀ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਰਾਮ ਮਾਰਗ ''ਤੇ ਮੇਰੀਆਂ ਤਿੰਨ ਦੁਕਾਨਾਂ ਸਨ ਅਤੇ ਉਨ੍ਹਾਂ ਦਾ ਮੈਨੂੰ 3 ਲੱਖ ਰੁਪਏ ਦਾ ਮੁਆਵਜ਼ਾ ਮਿਲਿਆ। ਸਰਕਾਰ ਨੇ ਦੋ ਦੁਕਾਨਾਂ ਅਲਾਟ ਕੀਤੀਆਂ ਹਨ। ਇਹ 35 ਲੱਖ ਰੁਪਏ ਬਣ ਰਿਹਾ ਹੈ।''''
''''ਨੁਕਸਾਨ ਤਾਂ ਸਾਨੂੰ ਬਹੁਤ ਲੱਗਿਆ ਪਰ ਖੁਸ਼ੀ ਇਸ ਗੱਲ ਦੀ ਹੈ ਕਿ ਰਾਮ ਲੱਲਾ ਨੂੰ ਬਿਠਾਉਣ ਵਿੱਚ ਕਿੰਨੀਆਂ ਜਾਨਾਂ ਚਲੀਆਂ ਗਈਆਂ, ਮੰਦਰ ਬਣਾਉਣ ਲਈ ਬਹੁਤ ਸੰਘਰਸ਼ ਹੋਇਆ। ਸਾਡੇ ਯੋਗੀ ਅਤੇ ਮੋਦੀ ਜੀ ਮਿਹਨਤੀ ਲੋਕ ਹਨ। ਉਨ੍ਹਾਂ ਨੂੰ ਅਵਤਾਰ ਪੁਰਸ਼ ਮੰਨਿਆ ਜਾ ਸਕਦਾ ਹੈ, ਉਨ੍ਹਾਂ ਦੇ ਕਾਰਜਕਾਲ ਦੌਰਾਨ ਭਗਵਾਨ ਰਾਮ ਦਾ ਵਿਸ਼ਾਲ ਮੰਦਰ ਬਣ ਰਿਹਾ ਹੈ। ਸਾਨੂੰ ਸਭ ਤੋਂ ਵੱਧ ਖੁਸ਼ੀ ਹਾਂ।"
ਅੰਤ ਵਿੱਚ ਉਹ ਕਹਿੰਦੇ ਹਨ, "ਪਰ ਜੋ ਦਾਲ-ਫੁਲਕੇ ਦਾ ਸਹਾਰਾ ਹੈ ਖਤਮ ਹੋ ਗਿਆ ਇਕਦਮ ਹੈ।"
ਨਵੀਆਂ ਦੁਕਾਨਾਂ ਲੀਜ਼ ਅਤੇ ਬੈਂਕ ਕਰਜ਼ਿਆਂ ''ਤੇ ਉਪਲਬਧ ਹਨ
ਭਾਗਵਤ ਪ੍ਰਸਾਦ ਸਰਕਾਰ ਦੁਆਰਾ ਅਲਾਟ ਹੋਈਆਂ ਦੋ ਨਵੀਆਂ ਦੁਕਾਨਾਂ ਦੇ ਹੁਕਮ ਦਿਖਾਉਂਦੇ ਹਨ। ਪਰ ਹੁਣ ਉਹ ਲੱਖਾਂ ਰੁਪਏ ਦੀਆਂ ਇਨ੍ਹਾਂ ਦੁਕਾਨਾਂ ਨੂੰ 30 ਸਾਲਾਂ ਲਈ ਲੀਜ਼ ''ਤੇ ਲੈਣ ਲਈ ਬੈਂਕ ਕਰਜ਼ਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।
ਅਯੁੱਧਿਆ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਭਗਵਤ ਪ੍ਰਸਾਦ ਪਹਾੜੀ ਵਰਗੇ 212 ਕਿਰਾਏਦਾਰ ਦੁਕਾਨਦਾਰ, ਜਿਨ੍ਹਾਂ ਦੀਆਂ ਸਾਰੀਆਂ ਦੁਕਾਨਾਂ ਸੜਕ ਨਿਰਮਾਣ ਦੌਰਾਨ ਢਾਹ ਦਿੱਤੀਆਂ ਗਈਆਂ ਸਨ, ਨੂੰ ਪ੍ਰਸ਼ਾਸਨ ਵੱਲੋਂ ਨਵੀਆਂ ਦੁਕਾਨਾਂ ਅਲਾਟ ਕੀਤੀਆਂ ਗਈਆਂ ਹਨ।
ਪ੍ਰਸ਼ਾਸਨ ਮੁਤਾਬਕ ਇਨ੍ਹਾਂ ਕਿਰਾਏਦਾਰਾਂ ਨੇ ਦੁਕਾਨਾਂ ਦੀ ਬਜ਼ਾਰ ਕੀਮਤ ਨਹੀਂ ਸਗੋਂ ਬੁਨਿਆਦੀ ਕੀਮਤ ਦੇਣੀ ਪੈਂਦੀ ਹੈ।
ਮਿਸਾਲ ਵਜੋਂ ਦੁਕਾਨਾਂ ਦੀ ਕੀਮਤ 50 ਤੋਂ 60 ਲੱਖ ਹੈ ਪਰ ਆਧਾਰ ਕੀਮਤ ਦੇ ਹਿਸਾਬ ਨਾਲ ਕੁਝ ਦੁਕਾਨਾਂ ਦੀ ਸ਼ੁਰੂਆਤੀ ਕੀਮਤ ਸਿਰਫ 13-14 ਲੱਖ ਰੁਪਏ ਹੀ ਹੈ।
ਸਰਕਾਰ ਦਾ ਕਹਿਣਾ ਹੈ ਕਿ ਜਿਨ੍ਹਾਂ ਦੁਕਾਨਦਾਰਾਂ ਨੂੰ ਅਲਾਟਮੈਂਟ ਪੱਤਰ ਦਿੱਤੇ ਗਏ ਹਨ, ਸਰਕਾਰ ਉਨ੍ਹਾਂ ਨੂੰ ਕਰਜ਼ਾ ਲੈਣ ਲਈ ਵੀ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਨੂੰ ਬੈਂਕ ਤੋਂ ਕਰਜ਼ਾ ਦਿਵਾਉਣ ਲਈ ਪੂਰੀ ਸਹਾਇਤਾ ਕੀਤੀ ਜਾ ਰਹੀ ਹੈ।
ਪ੍ਰਸ਼ਾਸਨ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਇਹ ਦੁਕਾਨ 30 ਸਾਲ ਦੀ ਲੀਜ਼ ''ਤੇ ਦਿੱਤੀ ਜਾ ਰਹੀ ਹੈ ਤਾਂ 30 ਸਾਲ ਬਾਅਦ ਫ਼ੀਸ ਦੇ ਕੇ ਲੀਜ਼ ਨੂੰ ਆਸਾਨੀ ਨਾਲ ਵਧਾਇਆ ਜਾ ਸਕੇਗਾ ਅਤੇ ਲੀਜ਼ ਵਧ ਜਾਵੇਗੀ। ਜਦਕਿ ਉਜੜੇ ਹੋਏ ਵਪਾਰੀ ਚਾਹੁੰਦੇ ਹਨ ਕਿ ਇਹ ਦੁਕਾਨ ਉਨ੍ਹਾਂ ਨੂੰ ਹਮੇਸ਼ਾ ਲਈ ਵੇਚ ਦਿੱਤੀ ਜਾਵੇ।
ਅਯੁੱਧਿਆ ਵਿੱਚ, ਦੁਕਾਨ ਦੇ ਮਾਲਕ, ਦੁਕਾਨ ਦੇ ਕਬਜ਼ੇਦਾਰ, ਦੁਕਾਨ ਬਣਵਾਉਣ ਵਾਲੇ ਅਤੇ ਕਿਰਾਏ ''ਤੇ ਦੁਕਾਨ ਚਲਾਉਣ ਵਾਲੇ, ਸਾਰੇ ਦੁਕਾਨ ''ਤੇ ਆਪਣਾ ਹੱਕ ਜਤਾਉਂਦੇ ਹਨ। ਇਸ ਕਾਰਨ ਅਯੁੱਧਿਆ ਵਿੱਚ ਵਿਕਾਸ ਕਾਰਜਾਂ ਲਈ ਜ਼ਮੀਨ ਐਕੁਆਇਰ ਕਰਨਾ ਬਹੁਤ ਚੁਣੌਤੀਪੂਰਨ ਕੰਮ ਹੈ।
ਇਹ ਦੁਕਾਨਦਾਰ ਵੀ ਦਹਾਕਿਆਂ ਤੋਂ ਇਥੇ ਹੀ ਵਸੇ ਹੋਏ ਹਨ। ਸ਼ਹਿਰ ਦੇ ਵਿਕਾਸ ਨਾਲ ਉਨ੍ਹਾਂ ਦਾ ਭਵਿੱਖ ਅਤੇ ਉਮੀਦਾਂ ਵੀ ਜੁੜੀਆਂ ਹੋਈਆਂ ਹਨ। ਅਯੁੱਧਿਆ ਵਿੱਚ ਰਾਮ ਮੰਦਰ ਬਣਨ ਦੀ ਖੁਸ਼ੀ ਉਨ੍ਹਾਂ ਵਿੱਚ ਵੀ ਦਿਖਾਈ ਦੇ ਰਹੀ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਚਿੰਗ ਸੈਂਟਰਾਂ ''ਚ ਦਾਖ਼ਲਾ ਨਾ ਦੇਣ ਬਾਰੇ ਮੰਤਰਾਲੇ ਦੀਆਂ ਕੀ...
NEXT STORY