12 ਦਸੰਬਰ, 2024 ਨੂੰ ‘ਕੇਂਦਰੀ ਸੜਕ ਆਵਾਜਾਈ ਅਤੇ ਰਾਸ਼ਟਰੀ ਰਾਜਮਾਰਗ ਮੰਤਰੀ’ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਸੀ ਕਿ ‘‘ਦੁਨੀਆ ’ਚ ਸੜਕ ਹਾਦਸਿਆਂ ਨੂੰ ਲੈ ਕੇ ਸਭ ਤੋਂ ਖਰਾਬ ਰਿਕਾਰਡ ਸਾਡਾ ਹੈ ਅਤੇ ਜਦੋਂ ਵੀ ਮੈਂ ਕਿਸੇ ਕੌਮਾਂਤਰੀ ਕਾਨਫਰੰਸ ’ਚ ਸ਼ਾਮਲ ਹੋਣ ਲਈ ਜਾਂਦਾ ਹਾਂ ਅਤੇ ਉੱਥੇ ਸੜਕ ਹਾਦਸਿਆਂ ਨੂੰ ਲੈ ਕੇ ਗੱਲ ਹੁੰਦੀ ਹੈ ਤਾਂ ਮੈਂ ਆਪਣਾ ਚਿਹਰਾ ਲੁਕੋਣ ਦੀ ਕੋਸ਼ਿਸ਼ ਕਰਦਾ ਹਾਂ।’’
‘‘ਸਵੀਡਨ ਸੜਕ ਹਾਦਸਿਆਂ ਨੂੰ ਜ਼ੀਰੋ ’ਤੇ ਲੈ ਆਇਆ ਹੈ। ਜਦੋਂ ਮੈਂ ਆਪਣੇ ਮੰਤਰਾਲਾ ਦਾ ਜ਼ਿੰਮਾ ਸੰਭਾਲਿਆ ਸੀ ਤਾਂ 2024 ਤੱਕ ਸੜਕ ਹਾਦਸਿਆਂ ਅਤੇ ਇਨ੍ਹਾਂ ’ਚ ਮੌਤਾਂ ਨੂੰ 50 ਫੀਸਦੀ ਘੱਟ ਕਰਨ ਦਾ ਟੀਚਾ ਰੱਖਿਆ ਸੀ ਪਰ ਸੜਕ ਹਾਦਸੇ ਘੱਟ ਕਰਨੇ ਤਾਂ ਦੂਰ, ਇਹ ਵਧਦੇ ਹੀ ਜਾ ਰਹੇ ਹਨ।’’
ਉਂਝ ਤਾਂ ਕਿਸੇ ਹਾਦਸੇ ’ਚ ਇਕ ਮੌਤ ਦਾ ਹੋਣਾ ਵੀ ਦੁਖਦਾਈ ਹੁੰਦਾ ਹੈ ਪਰ ਇੱਥੇ ਤਾਂ ਸੜਕ ਹਾਦਸਿਆਂ ’ਚ ਇਕ ਹੀ ਝਟਕੇ ’ਚ ਪੂਰੇ ਦੇ ਪੂਰੇ ਪਰਿਵਾਰ ਤਬਾਹ ਹੋਣ ਕਾਰਨ ਘਰ ਖਾਲੀ ਹੋ ਰਹੇ ਹਨ, ਜੋ ਸਿਰਫ 10 ਦਿਨਾਂ ’ਚ ਸਾਹਮਣੇ ਆਈਆਂ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 8 ਅਪ੍ਰੈਲ ਨੂੰ ‘ਗਯਾ’ (ਬਿਹਾਰ) ਦੇ ਵਜ਼ੀਰਗੰਜ ’ਚ ਇਕ ਤੇਜ਼ ਰਫਤਾਰ ਕਾਰ ਇਕ ਡਿਵਾਈਡਰ ਨਾਲ ਟਕਰਾਅ ਕੇ ਤਲਾਬ ’ਚ ਡਿੱਗ ਪਈ ਜਿਸ ਨਾਲ ਉਸ ’ਚ ਸਵਾਰ ਪਤੀ-ਪਤਨੀ ਅਤੇ ਉਨ੍ਹਾਂ ਦੇ 2 ਬੇਟਿਆਂ ਦੀ ਮੌਤ ਹੋ ਗਈ।
* 8 ਅਪ੍ਰੈਲ ਨੂੰ ‘ਨੇਲਾਮੰਗਲਾ’ (ਕਰਨਾਟਕ) ’ਚ ਇਕ ਤੇਜ਼ ਰਫਤਾਰ ਕਾਰ ਇਕ ਡਿਵਾਈਡਰ ਨਾਲ ਟਕਰਾਅ ਕੇ ਉਲਟ ਜਾਣ ਕਾਰਨ ਉਸ ’ਚ ਸਵਾਰ ਗੋਪਾਲ, ਉਨ੍ਹਾਂ ਦੀ ਪਤਨੀ ‘ਸ਼ਸ਼ੀਕਲਾ’ ਅਤੇ ਬੇਟੀ ‘ਦੀਪਾ’ ਦੀ ਮੌਤ ਹੋ ਗਈ।
* 13 ਅਪ੍ਰੈਲ ਨੂੰ ਸਵੇਰ ਵੇਲੇ ਜੈਪੁਰ ਦੇ ‘ਦੌਸਾ’ ਨੇੜੇ ਇਕ ਟਰੱਕ ਅਤੇ ਕਾਰ ਦਰਮਿਆਨ ਭਿਆਨਕ ਟੱਕਰ ਦੇ ਨਤੀਜੇ ਵਜੋਂ ਕਾਰ ’ਚ ਸਵਾਰ ‘ਖਾਟੂਸ਼ਿਆਮ ਮੰਦਰ’ ਦੇ ਦਰਸ਼ਨਾਂ ਨੂੰ ਜਾ ਰਹੇ ਲਖਨਊ ਦੇ ਇਕ ਹੀ ਪਰਿਵਾਰ ਦੇ 5 ਮੈਂਬਰਾਂ ‘ਅਭਿਸ਼ੇਕ’, ਉਨ੍ਹਾਂ ਦੀ ਪਤਨੀ ‘ਪ੍ਰਿਯਾਂਸ਼ੀ’, ਬੇਟੀ ‘ਸ਼੍ਰੀ’ ਅਤੇ ਬਿਰਧ ਮਾਤਾ-ਪਿਤਾ ‘ਸਤਯ ਪ੍ਰਕਾਸ਼’ ਅਤੇ ‘ਰਾਮਾ ਦੇਵੀ’ ਦੀ ਮੌਤ ਹੋ ਗਈ।
* 15 ਅਪ੍ਰੈਲ ਨੂੰ ‘ਬਹਿਰਾਈਚ’ (ਉੱਤਰ ਪ੍ਰਦੇਸ਼) ’ਚ ਇਕ ਤੇਜ਼ ਰਫਤਾਰ ਬੱਸ ਅਤੇ ਆਟੋ ’ਚ ਟੱਕਰ ਦੇ ਸਿੱਟੇ ਵਜੋਂ ਇਕ ਰਿਸ਼ਤੇਦਾਰ ਦੇ ਘਰ ‘ਵਲੀਮਾ’ (ਵਿਆਹ ਦੀ ਦਾਅਵਤ) ’ਚ ਸ਼ਾਮਲ ਹੋਣ ਜਾ ਰਹੇ ਇਕ ਹੀ ਪਰਿਵਾਰ ਦੇ 5 ਮੈਂਬਰਾਂ ‘ਮਰੀਅਮ’, ‘ਅਮਜਦ’, ‘ਮੁੰਨੀ’, ‘ਅਜੀਮ’ ਅਤੇ ‘ਫਹਦ’ ਦੀ ਮੌਤ ਹੋ ਗਈ।
* 15 ਅਪ੍ਰੈਲ ਨੂੰ ਹੀ ‘ਕੋਟਾ’ (ਰਾਜਸਥਾਨ) ਦੇ ‘ਸੁਲਤਾਨਪੁਰ’ ਥਾਣਾ ਇਲਾਕੇ ’ਚ ਇਕ ਤੇਜ਼ ਰਫਤਾਰ ਕਾਰ ਨੇ ਸਾਹਮਣਿਓਂ ਆ ਰਹੇ ਮੋਟਰਸਾਈਕਲ ਨੂੰ ਟੱਕਰ ਮਾਰ ਿਦੱਤੀ, ਜਿਸ ਨਾਲ ਮੋਟਰਸਾਈਕਲ ’ਤੇ ਜਾ ਰਹੇ ‘ਲਿਆਕਤ’, ਉਸ ਦੀ ਪਤਨੀ ‘ਸਿਤਾਰਾ’, ਬੇਟੇ ‘ਲਾਇਕ’ ਅਤੇ ਭਤੀਜੀ ‘ਜ਼ੋਇਆ’ ਸਮੇਤ 4 ਲੋਕਾਂ ਦੀ ਜਾਨ ਚਲੀ ਗਈ।
* 17 ਅਪ੍ਰੈਲ ਨੂੰ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ‘ਨਕੋਦਰ’ ਜਾ ਰਹੇ ‘ਸੁਨੀਲ ਗੁਪਤਾ’ ਅਤੇ ਉਨ੍ਹਾਂ ਦੀ ਪਤਨੀ ‘ਰਵੀਨਾ ਗੁਪਤਾ’ ਦੇ ਮੋਟਰਸਾਈਕਲ ਨੂੰ ਪਿੰਡ ‘ਬਾਦਸ਼ਾਹਪੁਰ’ ਦੇ ਨੇੜੇ ਇਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਦੋਵਾਂ ਦੀ ਜਾਨ ਚਲੀ ਗਈ।
* 17 ਅਪ੍ਰੈਲ ਨੂੰ ਹੀ ‘ਅਸ਼ੋਕ ਨਗਰ’ (ਮੱਧ ਪ੍ਰਦੇਸ਼) ’ਚ ਬੈਂਕ ਤੋਂ ਰੁਪਏ ਕਢਵਾ ਕੇ ਆ ਰਹੇ 2 ਚਚੇਰੇ ਭਰਾਵਾਂ ਦੇ ਮੋਟਰਸਾਈਕਲ ਨੂੰ ਇਕ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਦੋਵਾਂ ਭਰਾਵਾਂ ਦੀ ਮੌਤ ਹੋ ਗਈ।
* ਅਤੇ ਹੁਣ 18 ਅਪ੍ਰੈਲ ਨੂੰ ‘ਛਤਰਪੁਰ’ (ਮੱਧ ਪ੍ਰਦੇਸ਼) ਦੇ ‘ਓਕਟਾ ਪੁਰਵਾ’ ਪਿੰਡ ’ਚ ਇਕ ਤੇਜ਼ ਰਫਤਾਰ ਟਰੱਕ ਵਲੋਂ ਟੱਕਰ ਮਾਰਨ ਨਾਲ ਇਕ ਮੋਟਰਸਾਈਕਲ ਸਵਾਰ ਅਤੇ ਉਸ ਦੇ 2 ਬੱਚਿਆਂ ਦੀ ਦਰਦਨਾਕ ਮੌਤ ਹੋ ਗਈ।
* 18 ਅਪ੍ਰੈਲ ਨੂੰ ਹੀ ‘ਪੰਚਮਹਿਲ’ (ਗੁਜਰਾਤ) ਜ਼ਿਲੇ ’ਚ ਇਕ ਟਰੱਕ ਡਰਾਈਵਰ ਵਲੋਂ ਟੱਕਰ ਮਾਰ ਦੇਣ ਨਾਲ ਇਕ ਮੋਟਰਸਾਈਕਲ ’ਤੇ ਸਵਾਰ 4 ਭਰਾਵਾਂ ਦੀ ਮੌਤ ਹੋ ਗਈ।
ਸਾਡੇ ਦੇਸ਼ ’ਚ ਵਾਹਨਾਂ ਦੀ ਰਫਤਾਰ ’ਚ ਵਾਧੇ ਨਾਲ ਹਾਦਸਿਆਂ ’ਚ ਵਾਧਾ ਹੋ ਰਿਹਾ ਹੈ। ਇਸ ਦਾ ਵੱਡਾ ਕਾਰਨ ਸੜਕਾਂ ’ਚ ਟੋਏ, ਹੈੱਡ ਲਾਈਟਾਂ ਦਾ ਅੱਧਾ ਕਾਲਾ ਨਾ ਹੋਣਾ, ਸ਼ਹਿਰੀ, ਪੇਂਡੂ ਸੜਕਾਂ ਜਾਂ ਸੂਬਾਈ ਅਤੇ ਰਾਸ਼ਟਰੀ ਰਾਜਮਾਰਗਾਂ ਲਈ ਬਰਾਬਰ ਸਪੀਡ ਲਿਮਿਟ ਮਿੱਥੀ ਨਾ ਹੋਣਾ, ਵਾਹਨ ਚਾਲਕਾਂ ਵਲੋਂ ਸ਼ਰਾਬ ਪੀ ਕੇ, ਮੋਬਾਈਲ ’ਤੇ ਗੱਲ ਕਰਦਿਆਂ ਅਤੇ ਬਿਨਾਂ ਆਰਾਮ ਕੀਤੇ ਲੰਮੇ ਸਮੇਂ ਤੱਕ ਵਾਹਨ ਚਲਾਉਣਾ ਆਦਿ ਪ੍ਰਮੁੱਖ ਹਨ।
ਇਸ ਲਈ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੈ। ਲੋਕਾਂ ਨੂੰ ਡਰਾਈਵਿੰਗ ਲਾਈਸੰਸ ਜਾਰੀ ਕਰਨ ’ਚ ਬਹੁਤ ਬੇਨਿਯਮੀਆਂ ਹੁੰਦੀਆਂ ਹਨ। ਰਿਸ਼ਵਤ ਦੇ ਜ਼ੋਰ ’ਤੇ ਲੋਕ ਬਾਕਾਇਦਾ ਡਰਾਈਵਿੰਗ ਟੈਸਟ ਦਿੱਤੇ ਬਿਨਾਂ ਹੀ ਡਰਾਈਵਿੰਗ ਲਾਈਸੰਸ ਹਾਸਲ ਕਰ ਰਹੇ ਹਨ।
ਇਸ ਲਈ, ਇਸ ਸੰਬੰਧ ’ਚ ਲਾਪਰਵਾਹੀ ਵਰਤਣ ਵਾਲੇ ਟ੍ਰੈਫਿਕ ਪੁਲਸ ਦੇ ਸਟਾਫ ਅਤੇ ਲਾਪਰਵਾਹ ਵਾਹਨ ਡਰਾਈਵਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਨਾਲ-ਨਾਲ ਲੋਕਾਂ ਵਲੋਂ ਵਾਹਨ ਚਲਾਉਣ ’ਚ ਸਾਵਧਾਨੀ ਵਰਤਣ ਦੀ ਲੋੜ ਹੈ।
–ਵਿਜੇ ਕੁਮਾਰ
ਰਾਸ਼ਟਰੀ ਸਿੱਖਿਆ ਨੀਤੀ : ਵਿਸ਼ਵਵਿਆਪੀ ਸੋਚ ਦੇ ਨਾਲ ਮੇਲ ਖਾਂਦੀ ਹੈ ਇਹ
NEXT STORY