ਆਰ. ਦੱਤਾ
ਪੱਛਮੀ ਬੰਗਾਲ ’ਚ ਅੱਜਕਲ ਸਿਹਤ ਦੀ ਰਾਜਨੀਤੀ ਚੱਲ ਰਹੀ ਹੈ। ਕੋਲਕਾਤਾ ’ਚ ਵਿਕਟੋਰੀਆ ਮੈਮੋਰੀਅਲ ਕੋਲ ਬਣੇ ਛੋਟੇ-ਛੋਟੇ ਰਸਤਿਆਂ ’ਤੇ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਟ੍ਰੈਕ ਸੂਟ ’ਚ ਅੱਜਕਲ ਦੌੜ ਲਾਉਂਦੇ ਨਜ਼ਰ ਆਉਂਦੇ ਹਨ। ਅਜਿਹਾ ਉਨ੍ਹਾਂ ਨੇ ਸੂਬੇ ਦੀ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੀ ਰਾਜ ਮੰਤਰੀ ਚੰਦ੍ਰਿਮਾ ਭੱਟਾਚਾਰੀਆ ਦੇ ਕਹਿਣ ’ਤੇ ਕੀਤਾ ਹੈ। ਚੰਦ੍ਰਿਮਾ ਨੇ ਰਾਜਪਾਲ ਨੂੰ ਸਲਾਹ ਦਿੱਤੀ ਹੈ ਕਿ ਉਹ ਹੈਲੀਕਾਪਟਰ ਦੀ ਜ਼ਿਆਦਾ ਵਰਤੋਂ ਕਰਨ ਦੀ ਬਜਾਏ ਮੁੱਖ ਮੰਤਰੀ ਮਮਤਾ ਬੈਨਰਜੀ ਵਾਂਗ 15-20 ਕਿਲੋਮੀਟਰ ਪੈਦਲ ਚੱਲਿਆ ਕਰਨ। ਵਰਣਨਯੋਗ ਹੈ ਕਿ ਧਨਖੜ ਦੇ ਮੁਰਸ਼ਿਦਾਬਾਦ ਜ਼ਿਲੇ ’ਚ 16 ਨਵੰਬਰ ਨੂੰ ਇਕ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਹੈਲੀਕਾਪਟਰ ਲਈ ਅਰਜ਼ੀ ਦੇਣ ’ਤੇ ਇਹ ਮਾਮਲਾ ਗਰਮਾਇਆ ਸੀ। ਸੂਬੇ ਨੇ ਉਨ੍ਹਾਂ ਦੀ ਅਰਜ਼ੀ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਸੀ ਕਿ ਉਹ ਕਰਦਾਤਿਆਂ ਦੇ ਪੈਸੇ ਦੀ ਦੁਰਵਰਤੋਂ ਨਾ ਕਰਨ ਅਤੇ ਇਸ ਨੂੰ ਬਚਾਉਣ। ਇਸ ਤੋਂ ਬਾਅਦ ਧਨਖੜ ਨੇ ਜਨਤਕ ਤੌਰ ’ਤੇ ਮੀਡੀਆ ਸਾਹਮਣੇ ਨਿਕਲਦੇ ਹੋਏ 600 ਕਿਲੋਮੀਟਰ ਦਾ ਲੰਬਾ ਸਫਰ ਸੜਕ ਰਾਹੀਂ ਤਹਿ ਕੀਤਾ। ਰਾਜਪਾਲ ਨੇ ਸੜਕਾਂ ਦੀ ਬਦਤਰ ਹਾਲਤ ਲਈ ਤ੍ਰਿਣਮੂਲ ਕਾਂਗਰਸ ਨੂੰ ਲੰਮੇ ਹੱਥੀਂ ਲਿਆ।
ਭੱਟਾਚਾਰੀਆ ਨੇ ਇਸ ਤੋਂ ਬਾਅਦ ਹੀ ਰਾਜਪਾਲ ਨੂੰ ਕਿਹਾ ਸੀ ਕਿ ਸਰੀਰ ਦੀ ਫਿੱਟਨੈੱਸ ਲਈ ਪੈਦਲ ਚੱਲਣਾ ਲਾਹੇਵੰਦ ਹੈ। ਇਸ ਤੋਂ ਬਾਅਦ ਭੱਟਾਚਾਰੀਆ ਮਮਤਾ ਬੈਨਰਜੀ ਦੀਆਂ ਅੱਖਾਂ ਦਾ ਸਿਤਾਰਾ ਬਣ ਗਈ। ਰਾਜਪਾਲ ਧਨਖੜ ਅਤੇ ਮਮਤਾ ਵਿਚਾਲੇ ਸੰਵਿਧਾਨ ਦਿਵਸ ਦੇ ਪ੍ਰੋਗਰਾਮ ਨੂੰ ਲੈ ਕੇ ਠਣ ਗਈ ਸੀ। ਰਾਜਪਾਲ ਜਗਦੀਪ ਧਨਖੜ ਅਤੇ ਮਮਤਾ ਬੈਨਰਜੀ ’ਚ ਇਕ ਤਾਜ਼ਾ ਵਿਵਾਦ 26 ਨਵੰਬਰ ਨੂੰ ਮਨਾਏ ਗਏ ਸੰਵਿਧਾਨ ਦਿਵਸ ਨੂੰ ਲੈ ਕੇ ਉਸ ਸਮੇਂ ਉਪਜਿਆ, ਜਦੋਂ ਰਾਜ ਭਵਨ ’ਚ ਇਸ ਪ੍ਰੋਗਰਾਮ ਲਈ ਰਾਜਨੇਤਾਵਾਂ ਅਤੇ ਵਿਦੇਸ਼ੀ ਵਿਸ਼ੇਸ਼ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ। ਉਥੇ ਹੀ ਇਸ ਦਿਨ ਪੱਛਮੀ ਬੰਗਾਲ ਵਿਧਾਨ ਸਭਾ ’ਚ ਰਾਜਪਾਲ ਨੂੰ ਸੰਵਿਧਾਨ ਦਿਵਸ ’ਤੇ ਸੰਬੋਧਨ ਲਈ ਸੱਦਾ ਦਿੱਤਾ ਗਿਆ ਸੀ।
ਧਨਖੜ ਆਪਣੀ ਪਤਨੀ ਸੁਦੇਸ਼ ਨਾਲ ਜੌਗਿੰਗ ਕਰਦੇ ਨਜ਼ਰ ਆਏ। 15 ਮਿੰਟ ਦੀ ਵਾਕ ਦੌਰਾਨ ਰਾਜਪਾਲ ਨੂੰ ਫੋਟੋਗ੍ਰਾਫਰਾਂ ਦੀ ਅਪੀਲ ’ਤੇ ਚਿੱਤਰ ਖਿਚਵਾਉਣ ਲਈ ਕਿੰਨੀ ਵਾਰ ਰੁਕਣਾ ਪਿਆ। ਰਾਜ ਭਵਨ ਦੇ ਟਵਿਟਰ ਅਕਾਊਂਟ ’ਤੇ ਰਾਜਪਾਲ ਦੇ ਚਿੱਤਰਾਂ ਦੀ ਭਰਮਾਰ ਹੋ ਗਈ। ਇੰਨਾ ਹੀ ਸਮਾਂ ਮਮਤਾ ਬੈਨਰਜੀ ਟ੍ਰੈਡਮਿੱਲ ’ਤੇ ਦੌੜਨ ’ਚ ਲਾ ਦਿੰਦੀ ਹੈ। ਰਾਜਪਾਲ ਵੀ ਮਮਤਾ ਵਾਂਗ ਆਪਣੀ ਸਿਹਤ ਪ੍ਰਤੀ ਚਿੰਤਤ ਦਿਖਾਈ ਦਿੰਦੇ ਹਨ।
ਇਸ ਦੌਰਾਨ ਪਤਾ ਲੱਗਾ ਹੈ ਕਿ ਧਨਖੜ ਨੇ ਭੱਟਾਚਾਰੀਆ ਨੂੰ ਆਪਣੇ ਕੰਮ ’ਤੇ ਧਿਆਨ ਦੇਣ ਲਈ ਇਹ ਵੀ ਕਿਹਾ ਕਿ ਉਹ ਲੈਕਚਰ ਦੇਣ ਦੀ ਬਜਾਏ ਆਪਣੇ ਵਿਭਾਗ ’ਚ ਪੈਂਡਿੰਗ ਪਈਆਂ ਫਾਈਲਾਂ ਨੂੰ ਨਿਪਟਾਉਣ। ਇਸ ਗੱਲ ਨੂੰ ਲੈ ਕੇ ਵਿਵਾਦ ਉਸ ਸਮੇਂ ਵਧ ਗਿਆ, ਜਦੋਂ ਮਮਤਾ ਨੇ ਰਾਜਪਾਲ ਦਾ ਨਾਂ ਲਏ ਬਿਨਾਂ ਉਨ੍ਹਾਂ ਨੂੰ ਭਾਜਪਾ ਦਾ ‘ਮੁੱਖ ਪੱਤਰ’ ਕਹਿ ਦਿੱਤਾ। ਸਿਆਸੀ ਪੰਡਿਤਾਂ ਦਾ ਕਹਿਣਾ ਹੈ ਕਿ ਇਸ ਵਿਵਾਦ ਨੇ ਸਰਕਾਰ ਨੂੰ ਸ਼ਰਮਸਾਰ ਕਰ ਦਿੱਤਾ। ਰਾਜਪਾਲ ਪਿੱਛੇ ਹਟਣ ਵਾਲੇ ਨਹੀਂ ਹਨ। ਇਕ ਸੀਨੀਅਰ ਨੌਕਰਸ਼ਾਹ ਅਨੁਸਾਰ ਉਹ ਸਿਹਤ ਸਿੱਖਿਆ ਅਤੇ ਕਾਨੂੰਨ ਵਿਵਸਥਾ ਦੇ ਮਾਮਲਿਆਂ ਨੂੰ ਲੈ ਕੇ ਮਮਤਾ ’ਤੇ ਭੜਕੇ। ਸੂਬਾਈ ਸਰਕਾਰ ਵੀ ਇਹੀ ਚਾਹੁੰਦੀ ਹੈ ਕਿ ਰਾਜਪਾਲ ਅਜਿਹੇ ਮਾਮਲਿਆਂ ਨੂੰ ਲੈ ਕੇ ਹੋਰ ਜ਼ਿਆਦਾ ਭੜਕਣ ਤਾਂ ਕਿ ਲੋਕਾਂ ’ਚ ਉਨ੍ਹਾਂ ਦੀ ਨਕਾਰਾਤਮਕ ਦਿੱਖ ਉੱਭਰ ਕੇ ਸਾਹਮਣੇ ਆਏ। ਲੋਕ ਪਹਿਲਾਂ ਹੀ ਰਾਜਪਾਲ ਦੀ ਉਸ ਗੱਲ ਨੂੰ ਲੈ ਕੇ ਹੈਰਾਨ ਹਨ, ਜਿਸ ’ਚ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਸੂਬੇ ’ਚ ਆਪਣੇ ਤਿੰਨ ਮਹੀਨਿਆਂ ਦੇ ਸਟੇਅ ਦੌਰਾਨ ਉਨ੍ਹਾਂ ਨੇ ਇਕ ਹਜ਼ਾਰ ਕਿਤਾਬਾਂ ਪੜ੍ਹ ਲਈਆਂ। ਤ੍ਰਿਣਮੂਲ ਨੇਤਾਵਾਂ ਨੂੰ ਇਹ ਵੀ ਡਰ ਸਤਾ ਰਿਹਾ ਹੈ ਕਿ ਜਿਸ ਤਰ੍ਹਾਂ ਰਾਜਪਾਲ ਆਪਣੇ ਆਪ ਨੂੰ ਪੇਸ਼ ਕਰ ਰਹੇ ਹਨ, ਉਸ ਨਾਲ ਉਹ ਮਮਤਾ ਲਈ ਮੁਸੀਬਤ ਨਾ ਬਣ ਜਾਣ।
ਫੌਜੀਆਂ ਲਈ ਆ ਗਿਆ ਲੋਹੇ ਦਾ ਸੂਟ!
NEXT STORY