ਇਸ ਨੂੰ ਜਨਤਾ ਨੂੰ ਦਿੱਤਾ ਗਿਆ ਲਾਲਚ ਕਹੋ, ਲੋਕਾਂ ਦੀ ਮਜਬੂਰੀ ਕਹੋ ਜਾਂ ਅਸੰਵੇਦਨਸ਼ੀਲਤਾ ਦਾ ਮਾਹੌਲ ਕਹੋ। ਹਿਮਾਚਲ ਵਰਗਾ ਛੋਟਾ ਜਿਹਾ ਰਾਜ ਅੱਜ ਅਜਿਹੇ ਦਰਦ ਵਿਚੋਂ ਗੁਜ਼ਰ ਰਿਹਾ ਹੈ, ਜਿਸ ਦਾ ਇਲਾਜ ਨਾ ਤਾਂ ਕਾਂਗਰਸ ਅਤੇ ਨਾ ਹੀ ਭਾਜਪਾ ਕੋਲ ਹੈ। ਇਹ ਸਿਆਸੀ ਖੇਡ ਸਿਰਫ ਜਨਤਾ ਦੀਆਂ ਭਾਵਨਾਵਾਂ ਨਾਲ ਖੇਡੀ ਜਾ ਰਹੀ ਹੈ। ਰਾਜ ਦੇ ਲੋਕ ਹਰ ਪਾਸਿਓਂ ਪਰੇਸ਼ਾਨ ਹਨ। ਲੋਕਾਂ ਦੇ ਅੰਦਰ ਸੁਲਗ ਰਹੀ ਅੱਗ ਜਵਾਲਾਮੁਖੀ ਫਟਣ ਦੀ ਉਡੀਕ ਕਰ ਰਹੀ ਹੈ।
ਹਾਲਾਂਕਿ ਭਾਜਪਾ ਹਾਈਕਮਾਂਡ ਹਿਮਾਚਲ ਨੂੰ ਆਪਣਾ ਘਰ ਮੰਨਦੀ ਹੈ। ਇੱਥੇ ਨਾ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਰਾਜ ਨੂੰ ਆਪਣਾ ਮੰਨਦੇ ਹਨ, ਸਗੋਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਵੀ ‘ਪ੍ਰੀਨੀ’ ਭਾਵ ਮਨਾਲੀ ਵਿਚ ਇਕ ਘਰ ਹੈ। ਜਦੋਂ ਕਿ ਗਾਂਧੀ ਪਰਿਵਾਰ ਨੇ ਖੁਦ ਸ਼ਿਮਲਾ ਨੂੰ ਆਪਣਾ ਨਿਵਾਸ ਸਥਾਨ ਬਣਾਇਆ ਹੈ। ਇਸ ਦੇ ਬਾਵਜੂਦ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ, ਹਿਮਾਚਲ ਪ੍ਰਦੇਸ਼ ਨਾ ਸਿਰਫ਼ ਦੋਵਾਂ ਪਾਰਟੀਆਂ ਲਈ ਇਕ ਚੁਣੌਤੀ ਬਣ ਕੇ ਉੱਭਰਿਆ ਹੈ, ਸਗੋਂ ਉਨ੍ਹਾਂ ਦੇ ਰਵੱਈਏ, ਵਿਵਹਾਰ ਅਤੇ ਕੰਮਕਾਜ ’ਤੇ ਵੀ ਸਵਾਲ ਖੜ੍ਹੇ ਕਰਦਾ ਹੈ।
ਯਾਦ ਰੱਖੋ ਕਿ ਸਾਲ 2022 ਵਿਚ ਕਾਂਗਰਸ ਨੇ ਸੱਤਾ ਵਿਚ ਵਾਪਸੀ ਲਈ ਤਿੰਨ ਵੱਡੇ ਵਾਅਦੇ ਕੀਤੇ ਸਨ। ਪਹਿਲਾ, ਸਾਰਿਆਂ ਨੂੰ ਪੈਨਸ਼ਨ ਦੇਣਾ, ਦੂਜਾ ਔਰਤਾਂ ਦੇ ਖਾਤਿਆਂ ਵਿਚ ਸਿੱਧੇ 1500 ਰੁਪਏ ਪ੍ਰਤੀ ਮਹੀਨਾ ਟ੍ਰਾਂਸਫਰ ਕਰਨਾ ਅਤੇ ਤੀਜਾ ਵੱਡੇ ਪੱਧਰ ’ਤੇ ਨੌਕਰੀਆਂ ਪ੍ਰਦਾਨ ਕਰਨਾ। ਦੂਜੇ ਪਾਸੇ ਅੰਦਰੂਨੀ ਕਲੇਸ਼ਾਂ ਅਤੇ ਟਿਕਟਾਂ ਦੀ ਵੰਡ ਕਾਰਨ ਭਾਜਪਾ ਦੇ ਹੱਥੋਂ ਬਾਜ਼ੀ ਨਿਕਲ ਗਈ। ਭਾਜਪਾ ਕਾਂਗਰਸ ਦੇ ਵਾਅਦਿਆਂ ਦਾ ਕੋਈ ਠੋਸ ਜਵਾਬ ਨਹੀਂ ਦੇ ਸਕੀ। ਹੁਣ ਰਾਜ ਵਿਚ ਕਾਂਗਰਸ ਅਤੇ ਭਾਜਪਾ ਦੋਵਾਂ ਵਿਚ ਲੋਕਾਂ ਦਾ ਵਿਸ਼ਵਾਸ ਕਈ ਕਾਰਨਾਂ ਕਰ ਕੇ ਡਗਮਗਾ ਰਿਹਾ ਹੈ।
ਆਓ ਪਹਿਲਾਂ ਕਾਂਗਰਸ ਬਾਰੇ ਗੱਲ ਕਰੀਏ। 2023 ਤੋਂ ਬਾਅਦ ਹਾਲਾਤ ਅਜਿਹੇ ਬਣ ਗਏ ਹਨ ਕਿ ਹਿਮਾਚਲ ਦੇ ਲੋਕ ਕੇਂਦਰ ਅਤੇ ਰਾਜ ਵਿਚ ਕ੍ਰਮਵਾਰ ਭਾਜਪਾ ਅਤੇ ਕਾਂਗਰਸ ਸਰਕਾਰਾਂ ਦੇ ਸੱਤਾ ਵਿਚ ਹੋਣ ਦਾ ਖਮਿਆਜ਼ਾ ਭੁਗਤ ਰਹੇ ਹਨ। ਕਾਂਗਰਸ ਸਰਕਾਰ ਕੋਲ ਖਾਲੀ ਖਜ਼ਾਨਾ ਹੈ ਅਤੇ ਸੀਮਤ ਸਰੋਤ ਹਨ। ਅਜਿਹੀ ਸਥਿਤੀ ਵਿਚ ਇਹ ਪੈਨਸ਼ਨ, ਤਰੱਕੀ ਅਤੇ ਵਿਕਾਸ ਕਾਰਜਾਂ ਲਈ ਵੀ ਸੰਘਰਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਧੜਿਆਂ ਵਿਚ ਵੰਡੀ ਕਾਂਗਰਸ ਅਤੇ ਇਸਦੀ ਕੈਬਨਿਟ ਟੀਮ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਅੰਦਰ-ਖਾਤੇ ਪੂਰਾ ਸਮਰਥਨ ਨਹੀਂ ਦੇ ਰਹੀ ਹੈ।
ਕਈ ਮੰਤਰੀਆਂ ਨੇ ਅਸੰਤੁਸ਼ਟੀ ਦਾ ਸੰਕੇਤ ਦਿੱਤਾ ਹੈ, ਜਿਸ ਕਾਰਨ ਸੁੱਖੂ ਨੂੰ ‘ਮੁਕਤ ਹੱਥ’ ਨਾਲ ਕੰਮ ਕਰਨ ਵਿਚ ਵੀ ਮੁਸ਼ਕਲ ਆ ਰਹੀ ਹੈ। ਪੂਰੇ ਰਾਜ ਵਿਚ ਔਰਤਾਂ ਨੂੰ ਅਜੇ ਤੱਕ 1500 ਰੁਪਏ ਦੀ ਸਹਾਇਤਾ ਰਾਸ਼ੀ ਨਹੀਂ ਮਿਲੀ ਹੈ, ਨਾ ਹੀ ਬੇਰੋਜ਼ਗਾਰ ਨੌਜਵਾਨਾਂ ਨੂੰ ਵਾਅਦੇ ਅਨੁਸਾਰ ਨੌਕਰੀਆਂ ਦਿੱਤੀਆਂ ਗਈਆਂ ਹਨ। ਹਾਂ, ‘ਸਿਸਟਮ ਬਦਲਾਅ' ਦੇ ਨਾਮ ’ਤੇ ਪੈਸੇ ਬਚਾਉਣ ਲਈ ਰੈਸ਼ਨੇਲਾਈਜ਼ੇਸ਼ਨ ਕੀਤੀ ਗਈ ਸੀ, ਜਿਸ ਕਾਰਨ ਕਈ ਸੰਸਥਾਵਾਂ ਬੰਦ ਕਰ ਦਿੱਤੀਆਂ ਗਈਆਂ। ਇਨ੍ਹਾਂ ‘ਕਿਫਾਇਤੀ ਫਾਰਮੂਲਿਆਂ’ ਨੇ ਜਨਤਾ ਦੀ ਨਾਰਾਜ਼ਗੀ ਮੁੱਲ ਲੈ ਲਈ, ਭਾਵੇਂ ਇਸ ਨੂੰ ‘ਸਿਸਟਮ ਬਦਲਾਅ’ ਕਿਹਾ ਗਿਆ ਹੋਵੇ।
ਇਹ ਧਿਆਨ ਦੇਣ ਯੋਗ ਹੈ ਕਿ ਅਜਿਹਾ ਨਹੀਂ ਹੈ ਕਿ ਪਿਛਲੇ 50 ਸਾਲਾਂ ਵਿਚ ਹਿਮਾਚਲ ਵਿਚ ਕੋਈ ਵਿਕਾਸ ਨਹੀਂ ਹੋਇਆ। ਹਰ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ, ਰਾਜ ਨੇ ਨਵੇਂ ਪ੍ਰਯੋਗ ਕੀਤੇ ਅਤੇ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹਿਆ। ਡਾ. ਵਾਈ.ਐੱਸ. ਪਰਮਾਰ ਨੇ ਹਿਮਾਚਲ ਨੂੰ ਪੂਰੇ ਰਾਜ ਦਾ ਦਰਜਾ ਨਾ ਮਿਲਣ ਦੇ ਵਿਰੋਧ ਵਿਚ ਆਪਣੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ। ਉਨ੍ਹਾਂ ਦੀ ਅਗਵਾਈ ਵਿਚ ਪੰਜਾਬ ਦੇ ਬਹੁਤ ਸਾਰੇ ਖੇਤਰਾਂ ਨੂੰ ਹਿਮਾਚਲ ਵਿਚ ਮਿਲਾ ਕੇ ਇਸ ਨੂੰ ਭਾਰਤ ਦਾ ਅਠਾਰਵਾਂ ਰਾਜ ਬਣਾਇਆ ਗਿਆ। ਸ਼ਾਂਤਾ ਕੁਮਾਰ ਨੇ ਰਾਜ ਦੇ ਹਰ ਘਰ ਨੂੰ ਪਾਣੀ ਪਹੁੰਚਾਉਣ ਦਾ ਕੰਮ ਕੀਤਾ।
ਵੀਰਭੱਦਰ ਸਿੰਘ ਨੇ ਸੜਕਾਂ, ਸੰਸਥਾਵਾਂ ਅਤੇ ਨੌਕਰੀਆਂ ਦਾ ਪਿਟਾਰਾ ਖੋਲ੍ਹਿਆ। ਪ੍ਰੇਮ ਕੁਮਾਰ ਧੂਮਲ ਨੇ ਪਣ-ਬਿਜਲੀ ਪ੍ਰਾਜੈਕਟ ਸ਼ੁਰੂ ਕੀਤੇ, ਵੱਡੇ ਕਾਲਜ ਅਤੇ ਯੂਨੀਵਰਸਿਟੀਆਂ ਸਥਾਪਤ ਕੀਤੀਆਂ ਅਤੇ ਹਰ ਪਿੰਡ ਤੱਕ ਸੜਕਾਂ ਦਾ ਜਾਲ ਵਿਛਾਇਆ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸੈਰ-ਸਪਾਟੇ ਨੂੰ ਖੰਭ ਦਿੱਤੇ, ਹੈਲੀਪੈਡ ਬਣਾਏ ਅਤੇ ਨਵੇਂ ਸੰਸਥਾਨ ਖੋਲ੍ਹੇ। ਸੁਖਵਿੰਦਰ ਸਿੰਘ ਸੁੱਖੂ ਨੇ ਗਰੀਬ ਕਲਿਆਣਾ ਯੋਜਨਾਵਾਂ ਨੂੰ ਅੱਗੇ ਵਧਾਇਆ। ਹੁਣ ਗੱਲ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਦੀ। ਦਰਦ ਅਤੇ ਪੀੜ ਦੇ ਇਸ ਮਾਹੌਲ ਵਿਚ ਭਾਜਪਾ ਨੇ ਵੀ ਰਾਹਤ ਦੇਣ ਦੀ ਬਜਾਏ ਇਸ ਨੂੰ ਇਕ ਸਿਆਸੀ ਮੁੱਦਾ ਬਣਾਇਆ। ਕੁਝ ਨੇਤਾਵਾਂ ਨੇ ਮਦਦਗਾਰ ਰਵੱਈਆ ਦਿਖਾਇਆ, ਜਦੋਂ ਕਿ ਕੁਝ ਨੇ ਹਾਸੋਹੀਣੇ ਲਹਿਜੇ ਵਿਚ ਕਿਹਾ ਕਿ ਜਦ ਲੋਕਾਂ ਨੇ ਰਾਜ ਵਿਚ ਕਾਂਗਰਸ ਨੂੰ ਚੁਣਿਆ ਤਾਂ ਹੁਣ ਉਹੀ ਭੁਗਤਨਗੇ ਵੀ। ਕਾਂਗਰਸ ਬਰਸਾਤੀ ਹੜ੍ਹਾਂ ਤੋਂ ਵੀ ਰਾਹਤ ਨਹੀਂ ਦੇ ਸਕੀ।
ਅਜਿਹੇ ਬਿਆਨ ਦੇ ਕੇ ਕਾਂਗਰਸ ਨੂੰ ਤਾਅਨੇ ਮਾਰਨਾ ਭਾਜਪਾ ਦੀ ਰਣਨੀਤੀ ਬਣ ਗਈ ਹੈ। ਉਦਾਹਰਣ ਵਜੋਂ, ਭਾਜਪਾ ਨੇਤਾ ਕੰਗਨਾ ਰਣੌਤ ਨੂੰ ਦੇਖੋ। ਉਹ ਕਹਿੰਦੀ ਹੈ, ‘‘ਮੈਂ ਕੀ ਕਰ ਸਕਦੀ ਹਾਂ?’’ ਦੁੱਖ ਦੀ ਇਸ ਘੜੀ ਵਿਚ ਭਾਰਤੀ ਜਨਤਾ ਪਾਰਟੀ ਦੇ ਵੱਖ-ਵੱਖ ਧੜੇ ਵੱਖ-ਵੱਖ ਪੱਧਰਾਂ ’ਤੇ ਸਰਗਰਮ ਦਿਖਾਈ ਦੇ ਰਹੇ ਹਨ। ਹਰਸ਼ ਮਹਾਜਨ, ਜੋ ਕਿ ਕਾਂਗਰਸ ਤੋਂ ਕੱਢੇ ਗਏ ਨੇਤਾ ਹਨ, ਪਹਿਲਾਂ ਜਗਤ ਪ੍ਰਕਾਸ਼ ਨੱਡਾ ਨਾਲ ਜਾਂਦੇ ਹਨ। ਫਿਰ ਸੰਸਦ ਮੈਂਬਰਾਂ ਨੂੰ ਬੁਲਾਇਆ ਜਾਂਦਾ ਹੈ, ਜੋ ਦਿੱਲੀ ਵਿਚ ਕੇਂਦਰੀ ਨੇਤਾਵਾਂ ਨੂੰ ਮਿਲਦੇ ਹਨ। ਜੈਰਾਮ ਠਾਕੁਰ, ਅਨੁਰਾਗ ਠਾਕੁਰ, ਕੰਗਨਾ ਰਣੌਤ, ਸਿਕੰਦਰ ਕੁਮਾਰ, ਇੰਦੂ ਗੋਸਵਾਮੀ, ਸਾਰਿਆਂ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਇਸ ਸੰਦੇਸ਼ ਨਾਲ ਪ੍ਰਚਾਰੀਆਂ ਜਾਂਦੀਆਂ ਹਨ ਕਿ ਉਹ ਰਾਹਤ ਲਈ ਪੈਸੇ ਅਤੇ ਮਦਦ ਮੰਗ ਰਹੇ ਹਨ। ਸੰਵੇਦਨਸ਼ੀਲਤਾ ਨਾਲ ਵਿਕਾਸ ਦਾ ਇਕ ਨਵਾਂ ਅਧਿਆਏ ਲਿਖਣ ਲਈ ਇੱਥੋਂ ਦੇ ਨੇਤਾਵਾਂ ਵਿਚ ਜੋ ਸਦਭਾਵਨਾ ਹੋਣੀ ਚਾਹੀਦੀ ਹੈ, ਉਹ ਇਸ ਸਮੇਂ ਦਿਖਾਈ ਨਹੀਂ ਦੇ ਰਹੀ ਹੈ। ਇਹ ਸਥਿਤੀ ਇਕ ਚੱਕਰ ਵਾਂਗ ਦੁਹਰਾਈ ਜਾ ਰਹੀ ਹੈ, ਜਿਵੇਂ ਕਿ ਗੁਆਂਢੀ ਰਾਜ ਪੰਜਾਬ ਵਿਚ ਦੇਖਿਆ ਗਿਆ। ਸ਼ਾਇਦ ਇਹੀ ਕਾਰਨ ਹੈ ਕਿ ਹਿਮਾਚਲ ਵਿਚ ਸੇਬ ਵਰਗੇ ਮੁੱਦਿਆਂ ’ਤੇ ਮਾਕਪਾ ਦੇ ਹੌਸਲੇ ਇਨ੍ਹੀਂ ਦਿਨੀਂ ਬਹੁਤ ਬੁਲੰਦ ਹਨ।
- ਡਾ. ਰਚਨਾ ਗੁਪਤਾ
ਦੇਸ਼ ਵਿਚ ਨਿਆਂ ਦੀ ਪ੍ਰੀਖਿਆ : ਕਦੋਂ ਤੱਕ ਡਰ ਕੇ ਜੀਵਾਂਗੇ
NEXT STORY