ਦੇਸ਼ ’ਚ 19 ਅਪ੍ਰੈਲ ਤੋਂ ਲੋਕ ਸਭਾ ਚੋਣਾਂ ਦਾ ਐਲਾਨ ਹੋਣ ਦੇ ਨਾਲ ਹੀ ਸਿਆਸੀ ਪਾਰਟੀਆਂ ਦੀਆਂ ਸਿਆਸੀ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਜਿੱਥੇ ਸੱਤਾ ਧਿਰ ਇਨ੍ਹਾਂ ਚੋਣਾਂ ’ਚ 400 ਤੋਂ ਪਾਰ ਦੀ ਯੋਜਨਾ ਬਣਾ ਕੇ ਚੋਣਾਂ ਦੀ ਰਣਨੀਤੀ ’ਤੇ ਸਰਗਰਮ ਹੈ, ਉਥੇ ਹੀ ਵਿਰੋਧੀ ਧਿਰ ਪਹਿਲਾਂ ਨਾਲੋਂ ਵੱਧ ਸੀਟਾਂ ਲੈ ਕੇ ਸੱਤਾ ਧਿਰ ਨੂੰ ਧੋਬੀ ਪਟਕਾ ਮਾਰਨ ਦੀ ਰਣਨੀਤੀ ਬਣਾ ਰਹੀ ਹੈ।
ਉਂਝ ਤਾਂ ਵਿਰੋਧੀ ਧਿਰ ਨੂੰ ਵੀ ਪਤਾ ਹੈ ਕਿ ਜਿਥੇ ਸੱਤਾ ਧਿਰ ਸੱਤਾ ਦੀ ਤਾਕਤ ’ਤੇ ਵਿਰੋਧੀ ਧਿਰ ਨੂੰ ਤੋੜਨ ਦੀ ਹਰ ਕੋਸ਼ਿਸ਼ ਕਰ ਰਹੀ ਹੈ, ਉਸ ਨੂੰ ਸੱਤਾ ਤੋਂ ਫਿਲਹਾਲ ਹਟਾਉਣਾ ਸੌਖਾ ਨਹੀਂ ਹੈ, ਫਿਰ ਵੀ ਵਿਰੋਧੀ ਧਿਰ ਆਪਣੀ ਬਚੀ ਤਾਕਤ ’ਤੇ ਪਹਿਲਾਂ ਨਾਲੋਂ ਵੱਧ ਸੀਟਾਂ ਹਾਸਲ ਕਰਨ ਦੀ ਭਰਪੂਰ ਕੋਸ਼ਿਸ਼ ’ਚ ਲੱਗੀ ਹੈ।
ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਨੂੰ ਉਸ ਸਮੇਂ ਜ਼ੋਰਦਾਰ ਝਟਕਾ ਲੱਗਾ ਜਦੋਂ ਵਿਰੋਧੀ ਧਿਰ ਦੀ ਏਕਤਾ ਦੇ ਸੂਤਰਧਾਰ ਨੇ ਸੱਤਾ ਧਿਰ ਨਾਲ ਹੱਥ ਮਿਲਾ ਲਿਆ। ਜਾਂਚ ਏਜੰਸੀਆਂ ਤੋਂ ਬਚਣ ਲਈ ਕਈ ਸੂਬਿਆਂ ’ਚ ਵਿਰੋਧੀ ਧਿਰ ਦੇ ਨੇਤਾ ਵਿਰੋਧੀ ਧਿਰ ਦਾ ਸਾਥ ਛੱਡ ਦੇ ਸੱਤਾ ਧਿਰ ਨਾਲ ਹੱਥ ਮਿਲਾਉਣ ਜਾ ਰਹੇ ਹਨ। ਜੋ ਹੱਥ ਨਹੀਂ ਮਿਲਾ ਸਕੇ ਉਹ ਜਾਂਚ ਏਜੰਸੀਆਂ ਦੇ ਘੇਰੇ ’ਚ ਕੈਦ ਹੁੰਦੇ ਜਾ ਰਹੇ ਹਨ।
ਜਾਂਚ ਏਜੰਸੀਆਂ ਦੀ ਕਾਰਵਾਈ ਨੂੰ ਦੇਸ਼ ਦੀ ਜਨਤਾ ਤਿੱਖੀ ਨਜ਼ਰ ਨਾਲ ਦੇਖ ਰਹੀ ਹੈ। ਸੱਤਾ ਧਿਰ ਇਸ ਨੂੰ ਕਾਨੂੰਨੀ ਕਾਰਵਾਈ ਦੱਸ ਕੇ ਨਿਰਪੱਖ ਬਣਨ ਦੀ ਭੂਮਿਕਾ ਨਿਭਾਅ ਰਹੀ ਹੈ ਪਰ ਜਾਂਚ ਏਜੰਸੀਆਂ ਦੀ ਇਕਪਾਸੜ ਵਿਰੋਧੀ ਧਿਰ ਵਿਰੁੱਧ ਕਾਰਵਾਈ ਅਤੇ ਜਾਂਚ ਦੇ ਘੇਰੇ ’ਚ ਆਏ ਵਿਰੋਧੀ ਪਾਰਟੀ ਦੇ ਨੇਤਾ ਦਾ ਸੱਤਾ ਧਿਰ ਵੱਲ ਵਧਦੇ ਹੀ ਕਦਮ ਜਾਂਚ ਘੇਰੇ ਤੋਂ ਵੱਖ ਹੋ ਜਾਣ ਨਾਲ ਸੱਤਾ ਧਿਰ ’ਤੇ ਕਈ ਸਵਾਲ ਖੜ੍ਹੇ ਕਰਦਾ ਹੈ। ਇਸ ਤਰ੍ਹਾਂ ਦਾ ਸਲੂਕ ਲੋਕ ਸਭਾ ਚੋਣਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਜਾਂਚ ਏਜੰਸੀਆਂ ਨਿਰਪੱਖ ਹੁੰਦਿਆਂ ਹੋਇਆਂ ਵੀ ਸੱਤਾ ਧਿਰ ਦੇ ਅਸਰ ਤੋਂ ਖੁਦ ਨੂੰ ਵੱਖ ਨਹੀਂ ਕਰ ਸਕਣਗੀਆਂ, ਇਹ ਵੀ ਸੱਚਾਈ ਹੈ। ਮੌਜੂਦਾ ਸਮੇਂ ਦੇਸ਼ ਵਿਚ ਜਾਂਚ ਏਜੰਸੀਆਂ ਦੀ ਸਿਰਫ ਵਿਰੋਧੀ ਧਿਰ ਦੇ ਨੇਤਾਵਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਸੱਤਾ ਧਿਰ ਦੇ ਪ੍ਰਭਾਵ ਨੂੰ ਸਾਫ-ਸਾਫ ਦਰਸਾ ਰਹੀ ਹੈ, ਜਿਸ ਦਾ ਉਲਟ ਅਸਰ ਚੋਣਾਂ ’ਤੇ ਪੈਣਾ ਸੁਭਾਵਿਕ ਹੈ।
ਇਸ ਤਰ੍ਹਾਂ ਦੇ ਵਰਤਾਰੇ ’ਚ ਦਿੱਲੀ, ਬਿਹਾਰ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਹੋਰਨਾਂ ਸੂਬਿਆਂ ’ਚ ਸੱਤਾ ਧਿਰ ਦੇ ਚੋਣਾਂ ਦੇ ਸਮੀਕਰਨ ’ਤੇ ਉਲਟ ਅਸਰ ਪੈ ਸਕਦਾ ਹੈ। ਲੋਕ ਸਭਾ ਚੋਣਾਂ ’ਚ ਸੱਤਾ ਧਿਰ ਨੂੰ 400 ਪਾਰ ਦੀਆਂ ਸੀਟਾਂ ਨਹੀਂ ਆਉਂਦੀਆਂ ਅਤੇ ਵਿਰੋਧੀ ਧਿਰ ਦੀਆਂ ਸੀਟਾਂ ਪਹਿਲਾਂ ਨਾਲੋਂ ਵਧ ਜਾਂਦੀਆਂ ਹਨ ਤਾਂ ਬੇਸ਼ੱਕ ਸੱਤਾ ਤਬਦੀਲੀ ਨਾ ਹੋਵੇ ਪਰ ਇਸ ਤਰ੍ਹਾਂ ਦਾ ਵਰਤਾਰਾ ਸੱਤਾ ਧਿਰ ਨੂੰ ਜਿੱਤਦੇ ਹੋਏ ਵੀ ਹਾਰ ’ਚ ਦਰਸਾ ਸਕਦਾ ਹੈ।
ਇਸ ਤਰ੍ਹਾਂ ਦੇ ਹਾਲਾਤ ’ਚ ਸੱਤਾ ਧਿਰ ਦੀ ਲੀਡਰਸ਼ਿਪ ’ਚ ਉਭਰਦਾ ਹੰਕਾਰ, ਵਿਰੋਧੀ ਧਿਰ ਨੂੰ ਕਮਜ਼ੋਰ ਕਰਨ ’ਚ ਸੱਤਾ ਦੀ ਤਾਕਤ ਦੀ ਦੁਰਵਰਤੋਂ, ਜਨਤਾ ਵੱਲੋਂ ਚੁਣੀ ਸਰਕਾਰ ਨੂੰ ਡੇਗਣ ਦੀ ਸਿਆਸਤ, ਖੁਦ ਨੂੰ ਸਹੀ ਠਹਿਰਾਉਣਾ ਅਤੇ ਵਿਰੋਧੀ ਧਿਰ ਨੂੰ ਗਲਤ ਦੱਸਣਾ, ਵਿਰੋਧੀ ਧਿਰ ਦੀ ਸਰਕਾਰ ਵੱਲੋਂ ਜਨਤਾ ਨੂੰ ਦਿੱਤੀਆਂ ਜਾ ਰਹੀਆਂ ਰਾਹਤ ਦੀਆਂ ਰਿਓੜੀਆਂ ਅਤੇ ਖੁਦ ਦੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਰਾਹਤ ਦਾ ਵਿਖਿਆਨ ਕਰਨਾ।
ਆਮ ਜਨਤਾ ’ਤੇ ਟੈਕਸ ਦਾ ਭਾਰ ਵਧਾਉਂਦੇ ਜਾਣਾ, ਵਿਰੋਧੀ ਧਿਰ ਵਿਚ ਡਰ ਪੈਦਾ ਕਰਨਾ, ਦੇਸ਼ ’ਤੇ ਕਰਜ਼ੇ ਦਾ ਭਾਰ ਲੱਦੀ ਜਾਣਾ, ਫਿਰਕੂਪੁਣੇ ਨੂੰ ਸ਼ਹਿ ਦੇਣੀ, ਕਹਿਣੀ ਤੇ ਕਰਨੀ ’ਚ ਫਰਕ ਦਾ ਵਧਣਾ ਆਦਿ ਅਜਿਹੇ ਕਾਰਨ ਹਨ ਜੋ ਸੱਤਾ ਧਿਰ ਦੀਆਂ ਵੋਟਾਂ ’ਤੇ ਉਲਟ ਅਸਰ ਪਾ ਸਕਦੇ ਹਨ।
ਇਤਿਹਾਸ ਗਵਾਹ ਹੈ, ਸੱਤਾ ਧਿਰ ਨੇ ਜਦੋਂ-ਜਦੋਂ ਸੱਤਾ ਦੇ ਨਸ਼ੇ ’ਚ ਆ ਕੇ ਸੱਤਾ ਦੀ ਤਾਕਤ ਦੀ ਦੁਰਵਰਤੋਂ ਕੀਤੀ, ਨਤੀਜੇ ਉਲਟ ਰਹੇ ਹਨ। ਉਭਰਦੇ ਸਿਆਸੀ ਹਾਲਾਤ ’ਚ ਲੋਕ ਸਭਾ ਚੋਣਾਂ ’ਚ ਕਿਤੇ ਉਲਟੀ ਗੰਗਾ ਨਾ ਵਹਿ ਜਾਵੇ, ਕੁਝ ਕਿਹਾ ਨਹੀਂ ਜਾ ਸਕਦਾ।
ਡਾ. ਭਰਤ ਮਿਸ਼ਰ ਪ੍ਰਾਚੀ
ਪਾਕਿਸਤਾਨ ਦੀ ਸਰਕਾਰ ਨੇ ਲਾਈ ‘ਰੈੱਡ ਕਾਰਪੈੱਟ’ ਦੀ ਵਰਤੋਂ ’ਤੇ ਰੋਕ!
NEXT STORY