ਹੋਂਦ ’ਚ ਆਉਣ ਦੇ ਸਮੇਂ ਤੋਂ ਹੀ ਪਾਕਿਸਤਾਨ ਦੇ ਸ਼ਾਸਕਾਂ ਨੇ ਆਪਣਾ ਭਾਰਤ-ਵਿਰੋਧੀ ਏਜੰਡਾ ਜਾਰੀ ਰੱਖਿਆ ਹੋਇਆ ਹੈ ਅਤੇ ਭਾਰਤ ’ਚ ਡਰੱਗਜ਼ ਅਤੇ ਹਥਿਆਰ ਭੇਜਣ ਲਈ ਪਾਕਿਸਤਾਨ ਦੇ ਸ਼ਾਸਕ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ।
ਭਾਰਤੀ ਸੁਰੱਖਿਆ ਏਜੰਸੀਆਂ ਅਨੁਸਾਰ, ਪਾਕਿਸਤਾਨ ਦੇ ਸਮੱਗਲਰ ਹੁਣ ਲਾਈਵ ਵੀਡੀਓ ਫੀਡ ਅਤੇ ਸੈਟੇਲਾਈਟ ਤਕਨੀਕ ਨਾਲ ਲੈਸ ਅਤਿ-ਆਧੁਨਿਕ ਡ੍ਰੋਨਾਂ ਦੀ ਵਰਤੋਂ ਕਰ ਰਹੇ ਹਨ ਅਤੇ ਇਨ੍ਹਾਂ ਨੂੰ ਟ੍ਰੈਕ ਕਰਨਾ ਮੁਸ਼ਕਲ ਹੋ ਰਿਹਾ ਹੈ।
ਇਹ ਡ੍ਰੋਨ ਭਾਰਤੀ ਸਰਹੱਦ ਦੇ ਕਾਫ਼ੀ ਅੰਦਰ ਤੱਕ ਘੁਸਪੈਠ ਕਰ ਕੇ ਹਥਿਆਰ ਅਤੇ ਡਰੱਗਜ਼ ਸੁੱਟ ਰਹੇ ਹਨ। ਜਾਂਚ ਏਜੰਸੀਆਂ ਮੁਤਾਬਕ ਇਹ ਸਰਹੱਦ ਦੀ ਸੁਰੱਖਿਆ ਲਈ ਵੀ ਇਕ ਗੰਭੀਰ ਚੁਣੌਤੀ ਹੈ।
ਪਿਛਲੇ ਸਾਲ ਸਰਹੱਦੀ ਸੁਰੱਖਿਆ ਬਲਾਂ ਨੇ ਪਾਕਿਸਤਾਨ ਵੱਲੋਂ ਭਾਰਤੀ ਸਰਹੱਦ ’ਚ ਭੇਜੇ ਗਏ 272 ਡ੍ਰੋਨ ਡੇਗ ਲਏ। ਇਨ੍ਹਾਂ ਡ੍ਰੋਨਾਂ ਰਾਹੀਂ ਭੇਜੀ ਗਈ 367 ਕਿੱਲੋ ਤੋਂ ਵੱਧ ਹੈਰੋਇਨ ਅਤੇ ਵੱਡੀ ਗਿਣਤੀ ’ਚ ਹਥਿਆਰ ਵੀ ਬਰਾਮਦ ਕੀਤੇ ਗਏ ਅਤੇ ਇਹ ਸਿਲਸਿਲਾ 2026 ’ਚ ਵੀ ਜਾਰੀ ਹੈ, ਜਿਸ ਦੀਆਂ ਪਿਛਲੇ 2 ਮਹੀਨਿਆਂ ਦੀਆਂ ਕੁਝ ਘਟਨਾਵਾਂ ਹੇਠ ਦਰਜ ਹਨ :
* 7 ਮਈ ਨੂੰ ਰਾਜਸਥਾਨ ਪੁਲਸ ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਚਲਾਈ ਵਿਸ਼ੇਸ਼ ਮੁਹਿੰਮ ’ਚ ਸ਼੍ਰੀਗੰਗਾਨਗਰ ਤੋਂ ਪੰਜਾਬ ਦੇ ਫ਼ਾਜ਼ਿਲਕਾ ਨਾਲ ਸਬੰਧ ਰੱਖਣ ਵਾਲੇ 2 ਸਮੱਗਲਰਾਂ ਨੂੰ ਹਥਿਆਰਾਂ ਅਤੇ 10 ਕਰੋੜ ਰੁਪਏ ਮੁੱਲ ਦੀ ਡਰੱਗਜ਼ ਦੇ ਨਾਲ ਗ੍ਰਿਫ਼ਤਾਰ ਕੀਤਾ। ਇਹ ਹਥਿਆਰ ਅਤੇ ਡਰੱਗਜ਼ ਪਾਕਿਸਤਾਨ ਦੇ ਸਮੱਗਲਰਾਂ ਵੱਲੋਂ ਜੀ. ਪੀ. ਐੱਸ. ਨਾਲ ਆਪ੍ਰੇਟ ਹੋਣ ਵਾਲੇ ਡ੍ਰੋਨਾਂ ਰਾਹੀਂ ਭਾਰਤ ਭੇਜੇ ਗਏ ਸਨ।
* 24 ਮਈ ਨੂੰ ਪੰਜਾਬ ਪੁਲਸ ਨੇ ਫ਼ਿਰੋਜ਼ਪੁਰ ’ਚ ਗ੍ਰਿਫ਼ਤਾਰ ਕੀਤੇ ਗਏ 4 ਸਮੱਗਲਰਾਂ ਕੋਲੋਂ ਅਜਿਹਾ ਹੀ ਇਕ ਡ੍ਰੋਨ ਜ਼ਬਤ ਕਰਨ ਤੋਂ ਇਲਾਵਾ ਉਨ੍ਹਾਂ ਤੋਂ 19.5 ਲੱਖ ਰੁਪਏ ਦੀ ਡਰੱਗ ਮਨੀ ਅਤੇ 28.12 ਕਿੱਲੋ ਹੈਰੋਇਨ ਜ਼ਬਤ ਕੀਤੀ।
* 20 ਜੂਨ ਨੂੰ ਬੀ. ਐੱਸ. ਐੱਫ. ਨੇ ਅਜਨਾਲਾ (ਪੰਜਾਬ) ਸੈਕਟਰ ’ਚ ਪਾਕਿਸਤਾਨ ਵੱਲੋਂ ਡ੍ਰੋਨ ਰਾਹੀਂ ਭੇਜੀ ਗਈ 1 ਏ. ਕੇ. ਰਾਈਫ਼ਲ, 25 ਪਿਸਤੌਲ, ਪਿਸਤੌਲ ਦੇ 47 ਮੈਗਜ਼ੀਨ ਅਤੇ ਬੁਲੇਟ ਪਰੂਫ਼ ਜੈਕੇਟਾਂ ਬਰਾਮਦ ਕੀਤੀਆਂ। ਪੁਲਸ ਨੇ ਇਸ ਸਿਲਸਿਲੇ ’ਚ ਅਜਨਾਲਾ ਸੈਕਟਰ ਦੇ ਪਿੰਡ ‘ਹਰਾਰਖਾਨ’ ਤੋਂ ਇਕ ਭਾਰਤੀ ਸਮੱਗਲਰ ਨੂੰ ਵੀ ਗ੍ਰਿਫ਼ਤਾਰ ਕੀਤਾ।
* 25 ਜੂਨ ਨੂੰ ‘ਤਰਨਤਾਰਨ’ (ਪੰਜਾਬ) ’ਚ ਬੀ. ਐੱਸ. ਐੱਫ. ਨੇ ਪਿੰਡ ‘ਡੱਲ’ ਦੇ ਖੇਤਾਂ ’ਚੋਂ ਇਕ ਪਾਕਿਸਤਾਨੀ ਡ੍ਰੋਨ ਅਤੇ 485 ਗ੍ਰਾਮ ਹੈਰੋਇਨ ਬਰਾਮਦ ਕੀਤੀ।
* 27 ਜੂਨ ਨੂੰ ‘ਸ਼੍ਰੀਗੰਗਾਨਗਰ’ (ਰਾਜਸਥਾਨ) ’ਚ ਭਾਰਤ-ਪਾਕਿਸਤਾਨ ਸਰਹੱਦ ’ਤੇ ਪੁਲਸ ਨੇ ‘ਆਪ੍ਰੇਸ਼ਨ ਸੀਮਾ ਸੰਕਲਪ’ ਦੇ ਤਹਿਤ ਇਕ ਔਰਤ ਸਮੇਤ 3 ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰ ਕੇ ਪਾਕਿਸਤਾਨ ਤੋਂ ਡ੍ਰੋਨ ਰਾਹੀਂ ਭੇਜੀ ਗਈ ਅੰਤਰਰਾਸ਼ਟਰੀ ਬਾਜ਼ਾਰ ’ਚ ਲਗਭਗ 52 ਕਰੋੜ ਰੁਪਏ ਦੀ ਕੀਮਤ ਦੀ 10 ਕਿੱਲੋ 419 ਗ੍ਰਾਮ ਹੈਰੋਇਨ ਜ਼ਬਤ ਕੀਤੀ।
* 28 ਜੂਨ ਨੂੰ ਥਾਣਾ ‘ਅਜਨਾਲਾ’ (ਪੰਜਾਬ) ਦੀ ਪੁਲਸ ਨੇ ਇਕ ਹਥਿਆਰ ਸਮੱਗਲਰ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਡ੍ਰੋਨ ਰਾਹੀਂ ਭੇਜੇ ਗਏ 3 ਵਿਦੇਸ਼ੀ ਪਿਸਤੌਲ, 3 ਮੈਗਜ਼ੀਨ ਅਤੇ 15 ਕਾਰਤੂਸ ਬਰਾਮਦ ਕੀਤੇ।
* 1 ਜੁਲਾਈ ਨੂੰ ‘ਅੰਮ੍ਰਿਤਸਰ’ ’ਚ ਪੁਲਸ ਨੇ ਡ੍ਰੋਨ ਰਾਹੀਂ ਸਰਹੱਦ ਪਾਰੋਂ ਆਏ ਹਥਿਆਰਾਂ ਦੀ ਸਪਲਾਈ ਕਰਨ ਵਾਲੇ 2 ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 7 ਵਿਦੇਸ਼ੀ ਪਿਸਤੌਲ, 7 ਮੈਗਜ਼ੀਨ ਅਤੇ 40 ਕਾਰਤੂਸ ਬਰਾਮਦ ਕੀਤੇ। ਇਸ ਮਾਮਲੇ ’ਚ ਇਕ ਨਸ਼ਾ ਛੁਡਾਊ ਕੇਂਦਰ ਦੇ ਸੰਚਾਲਕ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
* 4 ਜੁਲਾਈ ਨੂੰ ਬੀ. ਐੱਸ. ਐੱਫ. ਅੰਮ੍ਰਿਤਸਰ ਦੀ ਟੀਮ ਨੇ ਪਿੰਡ ‘ਨੇਸ਼ਟਾ’ ਦੇ ਇਲਾਕੇ ’ਚ ਡ੍ਰੋਨ ਦੁਆਰਾ ਸੁੱਟੀ ਗਈ 60 ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ।
ਪੰਜਾਬ ਅਤੇ ਰਾਜਸਥਾਨ ਸਰਹੱਦ ’ਤੇ ਸਾਹਮਣੇ ਆਏ ਸਮੱਗਲਿੰਗ ਦੇ ਇਨ੍ਹਾਂ ਮਾਮਲਿਆਂ ਤੋਂ ਸਪੱਸ਼ਟ ਹੈ ਕਿ ਪਾਕਿਸਤਾਨ ਦੇ ਸ਼ਾਸਕ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆਉਣ ਵਾਲੇ ਅਤੇ ਆਪਣੀਆਂ ਘਰੇਲੂ ਸਮੱਸਿਆਵਾਂ ਵੱਲੋਂ ਅੱਖਾਂ ਮੀਟ ਕੇ ਭਾਰਤ ਨਾਲ ਸ਼ਾਂਤੀ ਅਤੇ ਸੁਖਾਵੇਂ ਮਾਹੌਲ ਬਣਾਉਣ ਦੀ ਬਜਾਏ, ਦੋਵਾਂ ਦੇਸ਼ਾਂ ਵਿਚਾਲੇ ਨਫ਼ਰਤ ਫੈਲਾਉਣ ’ਚ ਲੱਗੇ ਹੋਏ ਹਨ।
ਇਸ ਨੂੰ ਦੇਖਦਿਆਂ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੂੰ ਹੋਰ ਜ਼ਿਆਦਾ ਮੁਸਤੈਦ ਹੋ ਕੇ ਸਰਹੱਦ ’ਤੇ ਐਂਟੀ-ਡ੍ਰੋਨ ਸਿਸਟਮ ਮਜ਼ਬੂਤ ਕਰ ਕੇ ਸਮੱਗਲਿੰਗ ਦੇ ਮਾਮਲਿਆਂ ’ਤੇ ਕਾਬੂ ਪਾਉਣਾ ਹੋਵੇਗਾ। ਅਜਿਹੇ ਯਤਨਾਂ ਨਾਲ ਹੀ ਅਸੀਂ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਾਹਨਤ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਖ਼ਤਰੇ ਕਾਰਨ ਹੋਣ ਵਾਲੀ ਹਿੰਸਾ ਤੋਂ ਮੁਕਤ ਕਰਨ ’ਚ ਕੁਝ ਹੱਦ ਤੱਕ ਸਫ਼ਲ ਹੋ ਸਕਦੇ ਹਾਂ।
–ਵਿਜੇ ਕੁਮਾਰ
ਭਾਰਤ ’ਚ ਲਗਾਤਾਰ ਵਧ ਰਹੀ ਆਵਾਰਾ ਕੁੱਤਿਆਂ ਦੀ ਸਮੱਸਿਆ!
NEXT STORY