2024 ਦੀ ਅਮਰੀਕੀ ਰਾਸ਼ਟਰਪਤੀ ਚੋਣ ਬੜੀ ਹੀ ਦਿਲਚਸਪ ਹੋਣ ਵਾਲੀ ਹੈ ਕਿਉਂਕਿ ਰਾਸ਼ਟਰੀ ਸਰਵੇਖਣਾਂ ’ਚ ਕਮਲਾ ਹੈਰਿਸ ਅਤੇ ਡੋਨਾਲਡ ਟਰੰਪ ਦੇ ਪੱਖ ਅਤੇ ਵਿਰੋਧ ’ਚ ਕੁਝ ਅੰਕਾਂ ਦਾ ਫਰਕ ਹੈ। ਮਾਹੌਲ ਬਦਲਦਾ ਰਹਿੰਦਾ ਹੈ, ਸੰਤੁਲਨ ਬਦਲਦਾ ਰਹਿੰਦਾ ਹੈ, ਭਵਿੱਖਬਾਣੀਆਂ ਦੀ ਤਾਂ ਗੱਲ ਹੀ ਛੱਡੋ।
ਇਸ ਅਨਿਸ਼ਚਿਤ ਦ੍ਰਿਸ਼ ’ਚ ਭਾਰਤੀ ਅਮਰੀਕੀਆਂ ਦਾ 4.4 ਮਿਲੀਅਨ ਦਾ ਤੇਜ਼ੀ ਨਾਲ ਵਧਦਾ ਹੋਇਆ ਪ੍ਰਵਾਸੀ ਸਮੂਹ ਹੈ, ਜਿਸ ’ਚ 2.1 ਮਿਲੀਅਨ ਪਾਤਰ ਵੋਟਰ ਹਨ। ਸਿਆਸੀ ਰਣਨੀਤੀਕਾਰਾਂ ਦਾ ਕਹਿਣਾ ਹੈ ਕਿ ਭਾਰਤੀ-ਅਮਰੀਕੀ ਖਾਸ ਤੌਰ ’ਤੇ ਸਵਿੰਗ ਸੂਬਿਆਂ ’ਚ ਫਰਕ ਲਿਆ ਸਕਦੇ ਹਨ। ਉਹ ਦਹਾਕਿਆਂ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਤੀ ਵਫਾਦਾਰ ਰਹੇ ਹਨ ਅਤੇ ਉਨ੍ਹਾਂ ਨੇ 2016 ’ਚ ਹਿਲੇਰੀ ਕਲਿੰਟਨ ਅਤੇ 2020 ’ਚ ਜੋਅ ਬਾਈਡੇਨ ਨੂੰ ਵੱਡੇ ਬਹੁਮਤ (65 ਫੀਸਦੀ) ਨਾਲ ਵੋਟਾਂ ਪਾਈਆਂ ਸਨ। ਹੈਰਿਸ ਇਸ ਸਫਲਤਾ ਨੂੰ ਮੁੜ ਤੋਂ ਦੁਹਰਾਉਣ ਦੀ ਆਸ ਰੱਖਦੀ ਹੈ।
ਟਰੰਪ ਨੇ ਹੈਰਿਸ ਦੇ ਭਾਰਤੀ ਨਾਂ ਦਾ ਮਜ਼ਾਕ ਉਡਾਇਆ ਹੈ। ਉਨ੍ਹਾਂ ਨੇ ਜਾਣਬੁੱਝ ਕੇ ਉਸ ਦੀ ਵਰਤੋਂ ਇਹ ਦਿਖਾਉਣ ਲਈ ਕੀਤੀ ਹੈ ਕਿ ਉਹ ਇਕ ਸੱਚੀ ਅਮਰੀਕੀ ਨਹੀਂ ਹੈ। ਦੂਜੇ ਪਾਸੇ ਕਮਲਾ ਹੈਰਿਸ ਨੇ ਹਰ ਮਹੱਤਵਪੂਰਨ ਮੌਕੇ ’ਤੇ ਆਪਣੀ ਮਾਂ ਸ਼ਿਆਮਲਾ ਗੋਪਾਲਨ ਦਾ ਜ਼ਿਕਰ ਕੀਤਾ, ਜਦੋਂ ਉਨ੍ਹਾਂ ਨੇ ਨਾਮਜ਼ਦਗੀ ਜਿੱਤੀ ਸੀ ਪਰ ਹਾਲ ਹੀ ’ਚ ਉਹ ਆਪਣੀ ਭਾਰਤੀਅਤਾ ਨੂੰ ਉਜਾਗਰ ਨਹੀਂ ਕਰ ਰਹੀ ਕਿਉਂਕਿ ਹੁਣ ਪੋਲ ਦਿਖਾ ਰਹੇ ਹਨ ਕਿ ਟਰੰਪ ਅਸ਼ਵੇਤ ਅਤੇ ਲੈਟਿਨ ਮਰਦ ਵੋਟਾਂ ਦਾ ਇਕ ਫੀਸਦੀ ਖਿੱਚ ਰਹੇ ਹਨ। ਕਮਲਾ ਨੇ ਦੋਸ਼ਾਂ ਅਤੇ ਨਿਰਾਦਰਾਂ ਤੋਂ ਇਕ ਸਨਮਾਨਜਨਕ ਦੂਰੀ ਬਣਾਈ ਹੋਈ ਹੈ।
ਦਰਾਮਦ ਫੀਸ ਨੂੰ ਲੈ ਕੇ ਲੰਬੇ ਸਮੇਂ ਤੋਂ ਡੋਨਾਲਡ ਟਰੰਪ ਦੇ ਨਿਸ਼ਾਨੇ ’ਤੇ ਭਾਰਤ ਆਇਆ ਹੋਇਆ ਹੈ। ਉਹ ਭਾਰਤ ਨੂੰ ਸਭ ਤੋਂ ਵੱਧ ਦਰਾਮਦ ਫੀਸ ਦੇਣ ਵਾਲਾ ਦੇਸ਼ ਦੱਸ ਕੇ ‘ਟੈਰਿਫ ਕਿੰਗ’ ਦਾ ਤਮਗਾ ਵੀ ਦੇ ਚੁੱਕੇ ਹਨ। ਹੁਣ ਇਕ ਵਾਰ ਫਿਰ ਉਨ੍ਹਾਂ ਨੇ ਕਿਹਾ ਹੈ ਕਿ ਸੱਤਾ ’ਚ ਆਉਣ ’ਤੇ ਉਹ ਇਸ ਦਾ ਜਵਾਬ ਦੇਣਗੇ। ਭਾਵ ਭਾਰਤ ਤੋਂ ਅਮਰੀਕਾ ਜਾਣ ਵਾਲੀਆਂ ਵਸਤੂਆਂ ’ਤੇ ਦਰਾਮਦ ਫੀਸ ਲਾਉਣਗੇ। ਟਰੰਪ ਦੇ ਉਲਟ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਦਾ ਰੁਖ ਦਰਾਮਦ ਫੀਸ ਨੂੰ ਲੈ ਕੇ ਨਰਮ ਹੈ।
ਟਰੰਪ ਦਾ ਕਹਿਣਾ ਹੈ ਕਿ ‘‘ਭਾਰਤ ਦੇ ਨਾਲ ਸਾਡੇ ਬੜੇ ਚੰਗੇ ਸਬੰਧ ਹਨ। ਮੇਰੇ ਵੀ ਹਨ। ਖਾਸ ਕਰ ਕੇ ਨੇਤਾ (ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਦੇ ਨਾਲ। ਉਨ੍ਹਾਂ ਨੇ ਬੜਾ ਵਧੀਆ ਕੰਮ ਕੀਤਾ ਹੈ ਪਰ ਭਾਰਤ ਕਾਫੀ ਫੀਸ ਲੈਂਦਾ ਹੈ ਜੋ ਮੈਨੂੰ ਪਸੰਦ ਨਹੀਂ ਹੈ।’’
ਟਰੰਪ ਦੇ ਸਰਪ੍ਰਸਤਵਾਦੀ ਨਜ਼ਰੀਏ ਦੇ ਕਾਰਨ ਭਾਰਤ ਨੂੰ ਆਪਣੀਆਂ ਬਰਾਮਦ ਅਤੇ ਦਰਾਮਦ ਨੀਤੀਆਂ ਨੂੰ ਮੁੜ ਤੋਂ ਦੇਖਣ ਦੀ ਲੋੜ ਪੈ ਸਕਦੀ ਹੈ। ਇਸ ਨਾਲ ਭਾਰਤੀ ਉਦਯੋਗਾਂ ’ਤੇ ਦਬਾਅ ਵਧ ਸਕਦਾ ਹੈ ਖਾਸ ਕਰ ਕੇ ਉਨ੍ਹਾਂ ਖੇਤਰਾਂ ’ਚ ਜੋ ਅਮਰੀਕਾ ’ਤੇ ਨਿਰਭਰ ਹਨ। ਟਰੰਪ ਅਤੇ ਮੋਦੀ ਦਰਮਿਆਨ ਚੰਗੇ ਸੰਬੰਧ ਹੋਣ ਦੇ ਬਾਵਜੂਦ ਟਰੰਪ ਦੀਆਂ ਵਪਾਰ ਨੀਤੀਆਂ ਨਾਲ ਭਾਰਤ ਦੀ ਆਰਥਿਕ ਸਥਿਤੀ ਪ੍ਰਭਾਵਿਤ ਹੋ ਸਕਦੀ ਹੈ।
ਟਰੰਪ ਨੇ ਕਿਹਾ ਹੈ ਕਿ ਸੱਤਾ ’ਚ ਆਉਣ ’ਤੇ ਉਹ ‘ਜੈਸੇ ਕੋ ਤੈਸਾ’ ਟੈਕਸ ਸਿਸਟਮ ਲਾਉਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ‘‘ਅਸੀਂ ਅਸਲ ’ਚ ਬਿਲਕੁਲ ਟੈਕਸ ਨਹੀਂ ਲੈਂਦੇ। ਚੀਨ ਸਾਡੇ ਕੋਲੋਂ 200 ਫੀਸਦੀ ਟੈਰਿਫ ਲੈਂਦਾ ਹੈ, ਬ੍ਰਾਜ਼ੀਲ ਵੀ ਸਾਡੇ ਕੋਲੋਂ ਬੜੀ ਵੱਧ ਫੀਸ ਲੈਂਦਾ ਹੈ ਅਤੇ ਸਭ ਤੋਂ ਵੱਧ ਟੈਰਿਫ ਵਸੂਲਣ ਵਾਲਾ ਦੇਸ਼ ਭਾਰਤ ਹੈ।’’
ਟਰੰਪ ਦੇ ਅਨੁਸਾਰ, ‘‘ਭਾਰਤ ਚਾਹੁੰਦਾ ਹੈ ਕਿ ਕੰਪਨੀਆਂ ਉਥੇ ਜਾਣ ਅਤੇ ਆਪਣਾ ਪਲਾਂਟ ਲਗਾ ਕੇ ਉਥੇ ਹੀ ਉਤਪਾਦਨ ਕਰਨ। ਅਜਿਹਾ ਕਰਨ ’ਤੇ ਉਹ ਉਤਪਾਦਾਂ ’ਤੇ ਜ਼ਿਆਦਾ ਫੀਸ ਨਹੀਂ ਲਗਾਉਂਦਾ ਹੈ। ਹਾਰਲੇ ਡੇਵਿਡਸਨ ਵਾਲੇ ਭਾਰਤ ਗਏ ਅਤੇ ਉਥੇ ਪਲਾਂਟ ਲਗਾਇਆ। ਹੁਣ ਉਹ ਆਸਾਨੀ ਨਾਲ ਭਾਰਤ ’ਚ ਵਪਾਰ ਕਰ ਰਹੇ ਹਨ। ਮੈਨੂੰ ਇਹ ਪਸੰਦ ਨਹੀਂ ਆਇਆ।’’
ਟਰੰਪ ਨੇ ਮੋਦੀ ਦੀ ਪ੍ਰਸ਼ੰਸਾ ਦੇ ਤੁਰੰਤ ਬਾਅਦ ਭਾਰਤ ਦੇ ਵਿਰੁੱਧ ਬਹੁਤ ਕੁਝ ਬੋਲਿਆ ਹੈ। ਅਸਲ ’ਚ ਚੋਣਾਂ ਦੌਰਾਨ ਸਿਆਸਤਦਾਨ ਜੋ ਭਾਸ਼ਣ ਦਿੰਦੇ ਹਨ, ਉਨ੍ਹਾਂ ਨੂੰ ਤਾਂ ਉਹ ਭੁੱਲ ਜਾਂਦੇ ਹਨ ਪਰ ਉਨ੍ਹਾਂ ਦੀਆਂ ਕਹੀਆਂ ਗਈਆਂ ਗੱਲਾਂ ਕਿਤੇ ਨਾ ਕਿਤੇ ਜਨਤਾ ਦੇ ਦਿਮਾਗ ’ਚ ਰਹਿ ਜਾਂਦੀਆਂ ਹਨ। ਸਿਆਸੀ ਆਬਜ਼ਰਵਰਾਂ ਦੇ ਅਨੁਸਾਰ ਆਖਿਰ ਡੋਨਾਲਡ ਟਰੰਪ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਦਾ ਭਾਵ ਕੀ ਹੈ ?
ਕੀ ਟਰੰਪ ਇਸ ਲਈ ਭਾਰਤ ਦੇ ਵਿਰੁੱਧ ਬੋਲ ਰਹੇ ਹਨ ਕਿਉਂਕਿ ਕਮਲਾ ਹੈਰਿਸ ਦੀਆਂ ਜੜ੍ਹਾਂ ਭਾਰਤ ’ਚ ਹਨ ਪਰ ਜਦ ਤੱਕ ਕਿਸੇ ਉਮੀਦਵਾਰ ਦੇ ਪੱਕੇ ਵੋਟਰ ਉਸ ਬਿਆਨ ਨਾਲ ਜੁੜਦੇ ਨਹੀਂ, ਉਦੋਂ ਤੱਕ ਕੁਝ ਵੀ ਬੋਲ ਦੇਣ ਨਾਲ ਕੋਈ ਲਾਭ ਨਹੀਂ ਹੁੰਦਾ।
ਭਾਰਤ ਦੇ ਸੰਬੰਧ ’ਚ ਟਰੰਪ ਦੀਆਂ ਉਲਟੀਆਂ-ਪੁਲਟੀਆਂ ਗੱਲਾਂ ਦਾ ਭਾਵ ਇਹ ਹੈ ਕਿ ਉਹ ਆਪਣੇ ਦੱਖਣਪੰਥੀ ਸਮਰਥਕਾਂ ਦੇ ਮਨ ’ਚ ਭਾਰਤੀਆਂ ਦੇ ਸਬੰਧ ’ਚ ਨਫਰਤ ਫੈਲਾਅ ਰਹੇ ਹਨ ਅਤੇ ਅਮਰੀਕਾ ’ਚ ਭਾਰਤੀਆਂ ਦਾ ਦਬਦਬਾ ਹੈ।
ਅਮਰੀਕਾ ਦੀਆਂ ਚੋਟੀ ਦੀਆਂ 18 ਕੰਪਨੀਆਂ ਦੇ ਸੀ. ਈ. ਓ. ਭਾਰਤੀ ਹਨ ਅਤੇ ਕਮਾਈ ’ਚ ਭਾਰਤੀ ਅਮਰੀਕਾ ’ਚ ਨੰਬਰ 2 ਹਨ। ਇਕ ਔਸਤ ਅਮਰੀਕੀ ਉਥੇ ਓਨੀ ਕਮਾਈ ਨਹੀਂ ਕਰਦਾ ਜਿੰਨੀ ਭਾਰਤੀ ਕਰਦੇ ਹਨ। ਇਸ ਲਈ ਅਮਰੀਕਾ ’ਚ ਅਮੀਰ-ਗਰੀਬ ਦੀ ਵੰਡ ’ਚ ਭਾਰਤੀ ਅਮੀਰਾਂ ਦੀ ਸ਼੍ਰੇਣੀ ’ਚ ਆ ਰਹੇ ਹਨ, ਨਾ ਕਿ ਗਰੀਬਾਂ ਦੀ ਸ਼੍ਰੇਣੀ ’ਚ।
ਜੇਕਰ ਇਹ ਨਫਰਤ ਡੋਨਾਲਡ ਟਰੰਪ ਦੇ ਦਿਮਾਗ ’ਚ ਕਿਸੇ ਕੋਨੇ ’ਚ ਰਹਿ ਜਾਂਦੀ ਹੈ ਤਾਂ ਕੀ ਉਥੇ ਭਾਰਤੀਆਂ ਨਾਲ ਉਸੇ ਤਰ੍ਹਾਂ ਦਾ ਸਲੂਕ ਕੀਤਾ ਜਾਵੇਗਾ ਜਿਸ ਤਰ੍ਹਾਂ ਦਾ ਸਲੂਕ ਉਹ ਨਾਜਾਇਜ਼ ਤੌਰ ’ਤੇ ਅਮਰੀਕਾ ’ਚ ਆਉਣ ਵਾਲੇ ਮੈਕਸੀਕਨਾਂ ਦੇ ਨਾਲ ਕਰਦੇ ਹਨ? ਜਿਨ੍ਹਾਂ ਨੂੰ ਦੇਸ਼ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਉਨ੍ਹਾਂ ਨੂੰ ਹੋਰ ਢੰਗ ਨਾਲ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ।
-ਵਿਜੇ ਕੁਮਾਰ
ਗਰੀਬ ਕੈਦੀਆਂ ਦੀ ਰਿਹਾਈ ਛੇਤੀਂ ਅਤੇ ਮੁਕੱਦਮੇ ਘੱਟ ਹੋਣ
NEXT STORY