ਹਾਲਾਂਕਿ ਪੁਲਸ ਵਿਭਾਗ ’ਤੇ ਲੋਕਾਂ ਦੀ ਸੁਰੱਖਿਆ ਦਾ ਜ਼ਿੰਮਾ ਹੋਣ ਦੇ ਨਾਤੇ ਪੁਲਸ ਮੁਲਾਜ਼ਮਾਂ ਤੋਂ ਅਨੁਸ਼ਾਸਿਤ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਪਰ ਅੱਜ ਦੇਸ਼ ’ਚ ਚੰਦ ਪੁਲਸ ਮੁਲਾਜ਼ਮ ਆਪਣੇ ਗਲਤ ਕਾਰਿਆਂ ਨਾਲ ਵਿਭਾਗ ਨੂੰ ਬਦਨਾਮ ਕਰ ਰਹੇ ਹਨ।
ਅਜਿਹੇ ਹੀ ਇਕ ਮਾਮਲੇ ’ਚ ਗੁਜਰਾਤ ਕੈਡਰ ਦੇ ਬਰਖਾਸਤ ਪੁਲਸ ਅਧਿਕਾਰੀ ਸੰਜੀਵ ਭੱਟ ਨੂੰ ਗੁਜਰਾਤ ਦੇ ਬਨਾਸਕਾਂਠਾ ਪਾਲਨਪੁਰ ਅਦਾਲਤ ਦੇ ਐਡੀਸ਼ਨਲ ਸੈਸ਼ਨ ਜੱਜ ‘ਜਤਿਨ ਨਟਵਰ ਲਾਲ ਠੱਕਰ’ ਨੇ, ਇਕ ਹੋਟਲ ’ਚ ਠਹਿਰੇ ਰਾਜਸਥਾਨ ਦੇ ਇਕ ਵਕੀਲ ਨੂੰ ਡਰੱਗਜ਼ ਬਰਾਮਦਗੀ ਦੇ 1996 ਦੇ ਝੂਠੇ ਕੇਸ ’ਚ ਫਸਾਉਣ ਦਾ ਦੋਸ਼ੀ ਠਹਿਰਾਉਂਦੇ ਹੋਏ 28 ਮਾਰਚ, 2024 ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਕਿਹਾ ਕਿ ਭੱਟ ਨੇ ਆਪਣੇ ਅਹੁਦੇ ਅਤੇ ਤਾਕਤ ਦੀ ਅਣਉਚਿਤ ਵਰਤੋਂ ਕੀਤੀ ਅਤੇ ਉਸ ਦੇ ਅਧੀਨ ਅਧਿਕਾਰੀ ਉਸ ਦੇ ਹੁਕਮਾਂ ’ਤੇ ਕੰਮ ਕਰਦੇ ਸਨ।
ਇਹੀ ਨਹੀਂ, 30 ਸਾਲ ਪਹਿਲਾਂ 1990 ’ਚ ਜਾਮਨਗਰ ’ਚ ਹੋਏ ਦੰਗਿਆਂ ’ਚ ਭੱਟ ਨੇ ਲਗਭਗ 100 ਲੋਕਾਂ ਨੂੰ ਹਿਰਾਸਤ ’ਚ ਲਿਆ ਸੀ, ਜਿਨ੍ਹਾਂ ’ਚੋਂ ਇਕ ਦੀ ਮੌਤ ਹਿਰਾਸਤ ’ਚ ਤਸ਼ੱਦਦ ਦੇ ਸਿੱਟੇ ਵਜੋਂ ਹੋ ਗਈ ਸੀ। ਇਸ ਮਾਮਲੇ ’ਚ 20 ਜੂਨ, 2019 ਨੂੰ ਜਾਮਨਗਰ ਦੀ ਇਕ ਅਦਾਲਤ ਨੇ ਸੰਜੀਵ ਭੱਟ ਅਤੇ ਇਕ ਹੋਰ ਪੁਲਸ ਅਧਿਕਾਰੀ ਪ੍ਰਵੀਨ ਸਿੰਘ ਝਾਲਾ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਇਸ ਦੋਸ਼ ’ਚ ਸੰਜੀਵ ਭੱਟ ਨੂੰ 2011 ’ਚ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਪਿੱਛੋਂ ਉਹ ਬਿਨਾਂ ਦੱਸਿਆਂ ਡਿਊਟੀ ਤੋਂ ਗੈਰ-ਹਾਜ਼ਰ ਰਿਹਾ। ਇਸ ਦੌਰਾਨ ਉਸ ਨੇ ਸਰਕਾਰੀ ਗੱਡੀ ਦੀ ਦੁਰਵਰਤੋਂ ਵੀ ਕੀਤੀ ਅਤੇ ਉਸ ਨੂੰ 2015 ’ਚ ਬਰਖਾਸਤ ਕਰ ਦਿੱਤਾ ਗਿਆ। ਉਸ ਸਮੇਂ ਉਹ ਬਨਾਸਕਾਂਠਾ ਜ਼ਿਲ੍ਹੇ ਦਾ ਪੁਲਸ ਮੁਖੀ ਸੀ। ਇਸੇ ਸਾਲ ਜਨਵਰੀ ’ਚ ਹਾਈਕੋਰਟ ਨੇ ਉਸ ਵਲੋਂ ਹੇਠਲੀ ਅਦਾਲਤ ਦੇ ਫੈਸਲੇ ਵਿਰੁੱਧ ਕੀਤੀ ਗਈ ਅਪੀਲ ਨੂੰ ਰੱਦ ਕਰ ਦਿੱਤਾ ਸੀ।
ਆਪਣੀ ਡਿਊਟੀ ਨੂੰ ਸਹੀ ਢੰਗ ਨਾਲ ਅੰਜਾਮ ਦੇਣ ਲਈ ਕਿਸੇ ਵੀ ਅਧਿਕਾਰੀ ਦਾ ਕਿਸੇ ਪੱਖਪਾਤ ਤੋਂ ਮੁਕਤ ਹੋ ਕੇ ਨਿਰਪੱਖ ਤੌਰ ’ਤੇ ਕੰਮ ਕਰਨਾ ਪਹਿਲੀ ਸ਼ਰਤ ਹੈ। ਇੰਨੇ ਉੱਚੇ ਰੁਤਬੇ ਦੇ ਪੁਲਸ ਅਧਿਕਾਰੀ ਦਾ ਇਸ ਤਰ੍ਹਾਂ ਲਾਪ੍ਰਵਾਹੀ ਭਰਿਆ ਅਤੇ ਗਲਤ ਆਚਰਣ ਇਤਰਾਜ਼ਯੋਗ ਅਤੇ ਸਜ਼ਾਯੋਗ ਹੋਣ ਦੇ ਨਾਲ-ਨਾਲ ਸੁਰੱਖਿਆ ਵਿਵਸਥਾ ਲਈ ਵੀ ਖਤਰਾ ਸਿੱਧ ਹੋ ਸਕਦਾ ਹੈ। ਇਸ ਲਿਹਾਜ਼ ਨਾਲ ਅਦਾਲਤ ਦਾ ਫੈਸਲਾ ਜਾਇਜ਼ ਹੀ ਮੰਨਿਆ ਜਾਵੇਗਾ।
-ਵਿਜੇ ਕੁਮਾਰ
ਦੱਖਣੀ ਕੋਰੀਆ ’ਚ ਘੱਟ ਆਬਾਦੀ ਦਾ ਸੰਕਟ ‘ਜ਼ਿਆਦਾ ਬੱਚੇ ਪੈਦਾ ਕਰੋ ਇਨਾਮ ਲਓ’
NEXT STORY