-ਦਰਬਾਰਾ ਸਿੰਘ ਕਾਹਲੋਂ
ਪਿਛਲੇ ਦਿਨੀਂ ਪੰਜਾਬ ਅੰਦਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੂਰੀ ਤੈਸ਼ ਵਿਚ ਆਉਂਦੇ ਹੋਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਫਰਾਡ ਸਿਆਸਤਦਾਨ ਗਰਦਾਨਿਆ। ਨਵਜੋਤ ਸਿੱਧੂ ਉਹੀ ਸਿਆਸਤਦਾਨ ਹਨ ਜੋ ਕਦੇ ਮਰਹੂਮ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ, ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ‘ਪਿਤਾ’ ਕਹਿ ਕੇ ਸੰਬੋਧਨ ਕਰਦੇ ਰਹੇ ਹਨ।
ਸਿਆਸਤਦਾਨ ਇਸ ਧਰਤੀ ਦੇ ਭਾਵੇਂ ਪੂਰਬ ਜਾਂ ਪੱਛਮ, ਉੱਤਰ ਜਾਂ ਦੱਖਣ ਦੇਸ਼ਾਂ ਵਿਚ ਵਿਚਰਦੇ ਹੋਣ, ਬਾਰੇ ਕਦੇ ਡਾ. ਸੈਮੂਅਲ ਜਾਹਨਸਨ ਨੇ ਕਿਹਾ ਸੀ, ‘‘ਦੇਸ਼ਭਗਤੀ ਬਦਮਾਸ਼ਾਂ (ਸਿਆਸਤਦਾਨਾਂ) ਦੀ ਆਖਰੀ ਪਨਾਹਗਾਹ ਹੁੰਦੀ ਹੈ।’’ ਪਰ ਡਾ. ਬਰਨਾਰਡ ਸ਼ਾਅ ਨੇ ਇਸ ਨੂੰ ਸਹੀ ਕਰਦੇ ਹੋਏ ਕੁਝ ਇਵੇਂ ਲਿਖਿਆ, ‘‘ਰਾਜਨੀਤੀ ਬਦਮਾਸ਼ਾਂ (ਸਿਆਸਤਦਾਨਾਂ) ਦੀ ਆਖਰੀ ਪਨਾਹਗਾਹ ਹੁੰਦੀ ਹੈ।’’ ਇਸ ਵਿਚ ਸਮਾਂ ਤਬਦੀਲ ਕਰਕੇ ਹੋਰ ਸਟੀਕ ਬਦਲਾਅ ਕਰਦਿਆਂ ਐਂਡਰਿਊ ਲਿਖਦੇ ਹਨ ਕਿ ਜੇਕਰ ਉਹ ਦੋਵੇਂ ਆਲੋਚਕ ਅੱਜ ਜ਼ਿੰਦਾ ਹੁੰਦੇ ਹਨ ਤਾਂ ਉਹ ਸ਼ਬਦ ‘ਆਖਰੀ’ ਦੀ ਥਾਂ ‘ਪਹਿਲੀ’ ਲਿਖਣ ਨੂੰ ਤਰਜੀਹ ਦਿੰਦੇ।
ਹਕੀਕਤ ਇਹ ਹੈ ਕਿ ਜਦੋਂ ਨਵਜੋਤ ਸਿੰਘ ਤੈਸ਼ ਵਿਚ ਉਂਗਲ ਉਠਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੂੰ ਫਰਾਡ ਸਿਆਸਤਦਾਨ ਗਰਦਾਨਦੇ ਹਨ, ਉਸੇ ਵਕਤ ਚਾਰ ਉਂਗਲਾਂ ਆਪਣੇ ਵੱਲ ਤਣਦੇ ਆਪਣੇ ਆਪ ਨੂੰ ਵੀ ਉਸੇ ਸੂਚੀ ਵਿਚ ਦਰਜ ਐਲਾਨਦੇ ਹਨ।
ਦਰਅਸਲ ਲੋਕਤੰਤਰੀ ਵਿਵਸਥਾਵਾਂ ਵਿਚ ਵਿਚਰਦੇ ਸਾਡੇ ਵੋਟਰ ਅਤੇ ਆਮ ਲੋਕ ਇਨ੍ਹਾਂ ਸਿਆਸਤਦਾਨਾਂ ਨੂੰ ਪਛਾਣਨ ਅਤੇ ਚੁਣਨ ਵਿਚ ਵੱਡੀ ਭੁੱਲ ਕਰਦੇ ਹਨ। ਸੱਤਾ ਵਿਚ ਆ ਕੇ ਉਹ ਤਾਂ ਨਹੀਂ ਬਦਲਦੇ ਪਰ ਸਾਡੇ ਵੋਟਰਾਂ ਅਤੇ ਲੋਕਾਂ ਦਾ ਨਜ਼ਰੀਆ ਜ਼ਰੂਰ ਬਦਲ ਜਾਂਦਾ ਹੈ ਇਸ ਕਰਕੇ ਉਹ ਇਨ੍ਹਾਂ ਦੇ ਧੋਖਿਆਂ, ਫਰਾਡਾਂ, ਜਾਅਲਸਾਜ਼ੀਆਂ, ਲਾਲੀਪਾਪਾਂ, ਝੂਠੇ ਵਾਅਦਿਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਫਰਾਡੀ ਅਤੇ ਅਪਰਾਧੀ ਹੋਣ ਦੇ ਬਾਵਜੂਦ ਚੋਣਾਂ ਵੇਲੇ ਉਨ੍ਹਾਂ ਦੇ ਦਰਾਂ ’ਤੇ ਵੋਟਾਂ ਦੀ ਭੀਖ ਮੰਗਣ ਵਾਲੇ, ਵੋਟਾਂ ਪੈਣ ਤੋਂ ਬਾਅਦ ਚੁਣੇ ਜਾਣ ’ਤੇ ਰਾਜੇ ਤਾਨਾਸ਼ਾਹ, ਲੁਟੇਰੇ, ਜਾਬਰ ਬਣ ਬੈਠਦੇ ਹਨ। ਟੈਲੀਫੋਨ ਚੁੱਕਣਾ ਤਾਂ ਦੂਰ, ਆਪਣੇ ਦੁਆਲੇ ਸੰਗੀਨਾਂ ਨਾਲ ਲੈਸ ਸੁਰੱਖਿਆ ਘੇਰਾ ਬਣਾ ਕੇ ਨੇੜੇ ਨਹੀਂ ਢੁੱਕਣ ਦਿੰਦੇ।
ਸੰਨ 2019 ਵਿਚ ਭਾਰਤੀ ਪਾਰਲੀਮੈਂਟ ਵਿਚ ਚੁਣੇ ਗਏ 539 ਲੋਕ ਸਭਾ ਮੈਂਬਰਾਂ ਵਿਚੋਂ 43 ਪ੍ਰਤੀਸ਼ਤ ਅਪਰਾਧਿਕ ਦੋਸ਼ਾਂ ਵਿਚ ਸ਼ਾਮਿਲ ਸਨ। ਭਾਜਪਾ ਦੇ 116 ਭਾਵ 39 ਫੀਸਦੀ, ਕਾਂਗਰਸ ਦੇ 29, ਜੇ. ਡੀ. ਯੂ. ਦੇ 13 (81 ਫੀਸਦੀ), ਡੀ. ਐੱਮ. ਕੇ. ਦੇ 10 (43 ਫੀਸਦੀ), ਟੀ. ਐੱਮ. ਸੀ. ਦੇ 9 (41 ਫੀਸਦੀ) ਆਦਿ। ਸਤੰਬਰ 2020 ਵਿਚ ਸੁਪਰੀਮ ਕੋਰਟ ਵਿਚ ਪੇਸ਼ ਰਿਪੋਰਟ ਅਨੁਸਾਰ 22 ਸੂਬਿਆਂ ਦੇ 2556 ਸੰਸਦ ਮੈਂਬਰ ਅਤੇ ਵਿਧਾਇਕ ਅਪਰਾਧੀ ਕੇਸਾਂ ਵਿਚ ਲਿਪਤ ਸਨ। ਜੇਕਰ ਇਨ੍ਹਾਂ ਵਿਚ ਸੇਵਾਮੁਕਤਾਂ ਨੂੰ ਸ਼ਾਮਿਲ ਕੀਤਾ ਜਾਵੇ ਤਾਂ ਗਿਣਤੀ 4442 ਸੀ। 26 ਮਾਰਚ, 2021 ਦੇ ਇਕ ਵੇਰਵੇ ਅਨੁਸਾਰ ਦੇਸ਼ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ’ਤੇ 3095 ਅਪਰਾਧਿਕ ਕੇਸ ਚੱਲ ਰਹੇ ਸਨ। ਇਨ੍ਹਾਂ ਵਿਚੋਂ 68 ਫੀਸਦੀ ਸਿਰਫ ਉੱਤਰ ਪ੍ਰਦੇਸ਼ ਨਾਲ ਸਬੰਧਤ ਸਨ। ਇਹ ਗਿਣਤੀ ਲਗਾਤਾਰ ਵਧ ਰਹੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਕੋਲ ਉਨ੍ਹਾਂ ਮੌਜੂਦਾ ਸੰਸਦਾਂ ਮੈਂਬਰਾਂ, ਵਿਧਾਇਕਾਂ ਅਤੇ ਮੰਤਰੀਆਂ ਆਦਿ ਦਾ ਰਿਕਾਰਡ ਮੌਜੂਦ ਹੈ ਜੋ ਸੂਬੇ ਵਿਚ ਰੇਤ-ਬੱਜਰੀ, ਸ਼ਰਾਬ, ਨਸ਼ੀਲੇ ਪਦਾਰਥਾਂ, ਟਰਾਂਸਪੋਰਟ, ਜੇਲ, ਕੇਬਲ ਜਾਂ ਹੋਰ ਮਾਫੀਆ ਸਬੰਧਤ ਅਪਰਾਧਿਕ ਸਰਗਰਮੀਆਂ ਵਿਚ ਸ਼ਾਮਿਲ ਸਨ।
ਇਵੇਂ ਹੀ ਅਮਰੀਕਾ, ਕੈਨੇਡਾ, ਯੂ. ਕੇ., ਜਰਮਨੀ, ਫਰਾਂਸ, ਇਟਲੀ ਆਦਿ ਪੱਛਮੀ, ਲਾਤੀਨੀ ਅਮਰੀਕਾ, ਅਫਰੀਕਾ ਅਤੇ ਏਸ਼ੀਆਈ ਲੋਕਤੰਤਰੀ ਦੇਸ਼ਾਂ ਤੋਂ ਇਲਾਵਾ ਰੂਸ, ਚੀਨ ਅਤੇ ਅਰਬ ਦੇਸ਼ਾਂ ਦੇ ਸਿਆਸਤਦਾਨਾਂ ਦਾ ਲੋਕਤੰਤਰੀ ਵਿਵਸਥਾ ਵਿਚ ਇਹੀ ਵਰਤਾਰਾ ਵੇਖਣ ਨੂੰ ਮਿਲਦਾ ਹੈ। ਚੋਣਾਂ ਤੋਂ ਪਹਿਲਾਂ ਲੋਕ-ਲੁਭਾਊ ਪ੍ਰੋਗਰਾਮਾਂ ਰਾਹੀਂ, ਇਲਾਕਾਈ, ਧਰਮ, ਜਾਤ, ਰੰਗ ਭੇਦਭਾਵ ਰਾਹੀਂ ਜਨਤਕ ਵੰਡਾਂ, ਹਿੰਸਾ ਅਤੇ ਨਫਰਤ ਰਾਹੀਂ ਭੜਕਾ ਕੇ ਸੱਤਾ ਖਾਤਰ ਵੋਟ ਪ੍ਰਾਪਤ ਕਰਨਾ। ਆਰਥਿਕ, ਨਿਆਇਕ ਅਤੇ ਸਮਾਜਿਕ ਬੇਇਨਸਾਫੀ ਜਾਣ-ਬੁੱਝ ਕੇ ਜਾਰੀ ਰੱਖਣਾ।
ਅਸੀਂ ਕੈਨੇਡਾ ਦੇ ਸਭ ਵੱਡੇ, ਅਮੀਰ ਅਤੇ ਪ੍ਰਭਾਵਸ਼ਾਲੀ ਸੂਬੇ ਓਂਟਾਰੀਓ ਅਤੇ ਭਾਰਤ ਦੀ ਖੜਗਭੁਜਾ ਅਤੇ ਅੰਨ ਭੰਡਾਰ ਸੂਬੇ ਪੰਜਾਬ ਦੀ ਮਿਸਾਲ ਪੇਸ਼ ਕਰਦੇ ਹਾਂ। ਦੋਵੇਂ ਸਰਹੱਦੀ ਸੂਬੇ ਹਨ। ਓਂਟਾਰੀਓ ਦੀ ਸਰਹੱਦ ਅਮਰੀਕਾ ਅਤੇ ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ ਹੈ। ਦੋਹਾਂ ਵਿਚ ਨਸ਼ੀਲੇ ਪਦਾਰਥਾਂ ਅਤੇ ਹੋਰ ਵਸਤਾਂ ਦੀ ਸਮੱਗਲਿੰਗ ਧੜੱਲੇ ਨਾਲ ਹੁੰਦੀ ਹੈ। ਪੰਜਾਬ ਵਿਚ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਵਾਰੋ-ਵਾਰੀ ਰਾਜ ਚਲਾਉਂਦੇ ਰਹੇ ਹਨ, ਹੁਣ ਆਮ ਆਦਮੀ ਪਾਰਟੀ ਤੀਜੀ ਧਿਰ ਵਜੋਂ ਅੰਗੜਾਈ ਲੈ ਰਹੀ ਹੈ। ਓਂਟਾਰੀਓ ਵਿਚ ਅਕਸਰ ਲਿਬਰਲ ਅਤੇ ਕੰਜ਼ਰਵੇਟਿਵ ਵਾਰੋ-ਵਾਰੀ ਸ਼ਾਸਨ ਚਲਾਉਂਦੇ ਰਹੇ ਹਨ, ਹੁਣ ਪਿਛਲੇ ਕੁਝ ਸਮੇਂ ਤੋਂ ਤੀਜੀ ਧਿਰ ਐੱਨ. ਡੀ. ਪੀ. ਪੈਰ ਜਮਾ ਰਹੀ ਹੈ। ਪੰਜਾਬ ਵਿਚ ਵਿਧਾਨ ਸਭਾ ਚੋਣਾਂ ਫਰਵਰੀ-ਮਾਰਚ 2022 ਵਿਚ ਜਦਕਿ ਓਂਟਾਰੀਓ ਪ੍ਰੋਵਿੰਸ਼ੀਅਲ ਅਸੈਂਬਲੀ ਚੋਣਾਂ 2 ਜੂਨ, 2022 ਨੂੰ ਹੋਣ ਜਾ ਰਹੀਆਂ ਹਨ।
29 ਸਤੰਬਰ ਤੋਂ 3 ਅਕਤੂਬਰ ਦਰਮਿਆਨ ਐਂਗੁਸ ਰੀਡ ਸੰਸਥਾ ਵਲੋਂ ਕੀਤੇ ਗਏ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਓਂਟਾਰੀਓ ਰਾਜ ਦੇ ਮੁੱਖ ਮੰਤਰੀ ਡਗਫੋਰਡ ਦੀ ਸਰਕਾਰ ਦੀ ਸਮੁੱਚੀ ਕਾਰਗੁਜ਼ਾਰੀ, ਉਸ ਵਲੋਂ ਸਿਹਤ ਅਤੇ ਆਰਥਿਕ ਮੁਹਾਜਾਂ ’ਤੇ ਕੀਤੇ ਕੰਮਾਂ ਤੋਂ ਲੋਕ ਸੰਤੁਸ਼ਟ ਨਹੀਂ ਹਨ। ਉਨ੍ਹਾਂ ਦੀ ਨਿੱਜੀ ਅਤੇ ਉਨ੍ਹਾਂ ਦੀ ਸਰਕਾਰ ਦਾ ਹਰਮਨਿਪਅਾਰਤਾ ਦਾ ਗ੍ਰਾਫ ਬਹੁਤ ਹੇਠਾਂ ਆ ਗਿਆ ਹੈ। ਇਸ ਤੋਂ ਘਬਰਾਏ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਲੋਕਤੰਤਰੀ ਦੇਸ਼ਾਂ ਦੇ ਵੇਖਣ ਵਿਚ ਆਉਂਦੇ ਮੌਕਾਪ੍ਰਸਤ, ਲੋਕ-ਲੁਭਾਊ, ਲੋਕਾਂ ਵਿਚ ਵੰਡ-ਪਾਊ, ਸਰਹੱਦ ਪਾਰੋਂ ਦੇਸ਼ ਅਤੇ ਰਾਜ ਵਿਰੋਧੀ ਸਰਗਰਮੀਆਂ ਸਬੰਧੀ ਵਾ-ਵੇਲਾ ਖੜ੍ਹਾ ਕਰਨ ਆਦਿ ਵਰਗੇ ਅਨੈਤਿਕ ਅਤੇ ਗੈਰ-ਜ਼ਿੰਮੇਵਾਰਾਨਾ ਹੱਥਕੰਡਿਆਂ ’ਤੇ ਉਤਰ ਪੈਂਦੇ ਹਨ।
ਵਧਦੀ ਮਹਿੰਗਾਈ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ ਕਰਕੇ 3 ਲੋਕ ਸਭਾ, 29 ਵਿਧਾਨ ਸਭਾ ਸਬੰਧੀ ਉਪ-ਚੋਣਾਂ ਵਿਚ ਭਾਜਪਾ ਦੀ ਨਿਰਾਸ਼ਾਜਨਕ ਕਾਰਗੁਜ਼ਾਰੀ ਕਰਕੇ ਅਗਲੇ ਸਾਲ ਸ਼ੁਰੂ ਵਿਚ 5 ਸੂਬਾ ਵਿਧਾਨ ਸਭਾ ਦੀਆਂ ਚੋਣਾਂ ਸਨਮੁੱਖ ਕੇਂਦਰ ਅੰਦਰ ਸ਼੍ਰੀ ਨਰਿੰਦਰ ਮੋਦੀ ਸਰਕਾਰ ਨੇ ਪੈਟਰੋਲ ਤੋਂ 5 ਅਤੇ ਡੀਜ਼ਲ ਤੋਂ 10 ਰੁਪਏ ਲਿਟਰ ਐਕਸਾਈਜ਼ ਡਿਊਟੀ ਘਟਾਈ। ਘਰੇਲੂ ਗੈਸ ਸਿਲੰਡਰ ਤੋਂ ਘਟਾਉਣਾ ਸ਼ਾਇਦ ਭੁੱਲ ਗਏ। ਭਾਜਪਾ ਦੀਆਂ ਹਰਿਆਣਾ, ਹਿਮਾਚਲ ਸਰਕਾਰਾਂ ਅਤੇ ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਪੈਟਰੋਲ-ਡੀਜ਼ਲ ’ਤੇ 7 ਰੁਪਏ ਲਿਟਰ ਕਰੀਬ ਵੈਟ ਘਟਾਇਆ। ਬਾਕੀ ਸਰਕਾਰਾਂ ਪੰਜਾਬ ਸਮੇਤ ਘਟਾ ਰਹੀਆਂ ਹਨ। ਪੰਜਾਬ ਅੰਦਰ ਚਰਨਜੀਤ ਸਿੰਘ ਚੰਨੀ ਦੀ ਕਾਂਗਰਸ ਸਰਕਾਰ ਸੰਨ 2017 ਵਿਧਾਨ ਸਭਾ ਚੋਣਾਂ ਵਾਲੇ ਸਹੁੰ ਚੁੱਕ ਵਾਅਦੇ ਭੁੱਲ ਕੇ ਬਿਜਲੀ-ਪਾਣੀ ਬਿੱਲਾਂ ਅਤੇ ਰੇਟਾਂ ਦੇ ਲਾਲੀਪਾਪ ਵੰਡ ਰਹੀ ਹੈ। ਇਕ ਸਾਲ ਤੋਂ ਚੱਲ ਰਿਹਾ ਕਿਸਾਨੀ ਸੰਘਰਸ਼ ਜਿਸ ਵਿਚ 750 ਦੇ ਕਰੀਬ ਕਿਸਾਨ ਆਹੂਤੀ ਦੇ ਚੁੱਕੇ ਹਨ, ਦੇ ਖਾਤਮੇ ਲਈ ਕੁਝ ਨਹੀਂ ਕੀਤਾ। ਖੇਤੀ ਕਾਨੂੰਨ ਰੱਦ ਕਰਨ, ਬੀ. ਐੱਸ. ਐੱਫ. ਦੇ 15 ਤੋਂ 50 ਕਿਲੋਮੀਟਰ ਦਖਲ ਵਿਰੁੱਧ ਮਤਾ ਪਾਸ ਕਰਨ ਨਾਲ ਉਵੇਂ ਮਸਲੇ ਹੱਲ ਨਹੀਂ ਹੋਣੇ ਜਿਵੇਂ ਪਾਣੀਆਂ ਦੇ ਸਮਝੌਤੇ ਸੰਨ 2004 ਵਿਚ ਰੱਦ ਕਰਨ ਨਾਲ ਸਤਲੁਜ-ਯਮੁਨਾ ਲਿੰਕ ਨਹਿਰ ਦਾ ਮਾਮਲਾ ਹੱਲ ਨਹੀਂ ਹੋਇਆ। ਪੰਜਾਬ ਦੇ ਲੋਕ ਜਾਗ੍ਰਿਤ ਹੋ ਚੁੱਕੇ ਹਨ। ਹੁਣ ਮੂਰਖ ਬਣਨ ਵਾਲੇ ਨਹੀਂ।
ਕਿਸੇ ਅਜੂਬੇ ਤੋਂ ਘੱਟ ਨਹੀਂ ਅਮਰੀਕਾ ਦਾ ਸ਼ਹਿਰ ਸਿਆਟਲ, ‘ਮਿਊਜ਼ੀਅਮ ਆਫ ਫਲਾਈਟ’ ਹੈ ਆਕਰਸ਼ਨ ਦਾ ਮੁੱਖ ਕੇਂਦਰ
NEXT STORY