‘ਪਹਿਲਾ ਸੁਖ ਨਿਰੋਗੀ ਕਾਇਆ’ ਜਿਸ ਸਮੇਂ ਇਹ ਕਹਾਵਤ ਬਣੀ ਸੀ ਤਦ ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿ ਮਨ ਵੀ ਕਦੀ ਰੋਗੀ ਹੋ ਸਕਦਾ ਹੈ ਪਰ ਅੱਜ ਦੀ ਕੌੜੀ ਸੱਚਾਈ ਇਹ ਹੈ ਕਿ ਵਿਸ਼ਵ ਭਰ ’ਚ ਜ਼ਿਆਦਾਤਰ ਲੋਕ ਡਿਪ੍ਰੈਸ਼ਨ ਜਾਂ ਉਦਾਸੀ ਤੋਂ ਪੀੜਤ ਹਨ।
ਇੱਥੇ ਇਹ ਸਮਝਣਾ ਜ਼ਰੂਰੀ ਹੈ ਕਿ ਉਦਾਸੀ ਜਾਂ ਡਿਪ੍ਰੈਸ਼ਨ ਕਿਸੇ ਵਿਅਕਤੀ ਦੀ ਸਿਰਫ ਇਕ ਮਾਨਸਿਕ ਸਥਿਤੀ ਨਹੀਂ ਹੈ ਸਗੋਂ ਇਹ ਇਕ ਅਜਿਹੀ ਗੰਭੀਰ ਬੀਮਾਰੀ ਹੈ ਜੋ ਉਸ ਦੀ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ। ਚਿੰਤਾ ਦਾ ਵਿਸ਼ਾ ਇਹ ਹੈ ਕਿ ਅੱਜ ਦੇ ਸਮੇਂ ’ਚ ਕੀ ਬੱਚੇ, ਕੀ ਨੌਜਵਾਨ ਅਤੇ ਕੀ ਬਜ਼ੁਰਗ, ਹਰ ਉਮਰ ਵਰਗ ਦੇ ਲੋਕ ਉਦਾਸੀ ਦਾ ਸ਼ਿਕਾਰ ਹੋ ਰਹੇ ਹਨ। ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ’ਚ ਜਿੱਥੇ ਭੌਤਿਕਵਾਦ ਹਾਵੀ ਹੈ, ਮਾਨਸਿਕ ਤਣਾਅ ਸਾਡੇ ’ਚੋਂ ਜ਼ਿਆਦਾਤਰ ਲੋਕਾਂ ਦੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਗਿਆ ਹੈ।
ਕਿਉਂਕਿ ਉਦਾਸੀ ਵਿਅਕਤੀ ਦੀ ਸ਼ਖਸੀਅਤ ’ਤੇ ਵੀ ਨਕਾਰਾਤਮਕ ਪ੍ਰਭਾਵ ਪਾਉਂਦੀ ਹੈ, ਲੋੜ ਇਸ ਗੱਲ ਦੀ ਹੈ ਕਿ ਅੱਜ ਅਸੀਂ ਇਸ ਗੱਲ ਪ੍ਰਤੀ ਜਾਗਰੂਕ ਬਣੀਏ ਕਿ ਸਿਹਤ ਦਾ ਮਤਲਬ ਸਿਰਫ ਤਨ ਤੋਂ ਸਿਹਤਮੰਦ ਹੋਣ ਨਾਲ ਨਹੀਂ ਹੈ, ਮਨ ਦਾ ਸਿਹਤਮੰਦ ਹੋਣਾ ਵੀ ਜ਼ਰੂਰੀ ਹੈ।
ਪਰ ਉਦਾਸੀ ਦੇ ਵਿਸ਼ੇ ’ਚ ਜਾਣਨ ਤੋਂ ਵੱਧ ਉਸ ਨੂੰ ਸਵੀਕਾਰ ਕਰਨਾ ਵੱਧ ਅਹਿਮ ਹੁੰਦਾ ਹੈ। ਮਾਨਸਿਕ ਸਿਹਤ ਦੇ ਵਿਸ਼ੇ ’ਚ ਜਾਣਕਾਰੀ ਹੋਣ ਦੇ ਬਾਵਜੂਦ ਕਿਸੇ ਲਈ ਵੀ ਇਹ ਸਵੀਕਾਰ ਕਰਨਾ ਮੁਸ਼ਕਲ ਹੁੰਦਾ ਹੈ ਕਿ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੈ।
ਇਹੀ ਕਾਰਨ ਹੈ ਕਿ ਕਿਸੇ ਦੀ ਬਣਾਵਟੀ ਮੁਸਕਾਨ ਪਿੱਛੇ, ਕਿਸੇ ਦੀ ਸਫਲਤਾ ਦੇ ਭੌਤਿਕ ਦਿਖਾਵੇ ਪਿੱਛੇ, ਤਾਂ ਕਿਸੇ ਦੇ ਕੰਮ ’ਚ ਡੁੱਬੇ ਰਹਿਣ ਦੀ ਆਦਤ ਦੇ ਪਿੱਛੇ ਇਕ ਉਦਾਸੀ ਨਾਲ ਭਰਿਆ ਮਨ ਲੁਕਿਆ ਹੁੰਦਾ ਹੈ, ਇਹ ਜਾਣਨਾ ਉਨ੍ਹਾਂ ਦੇ ਆਪਣਿਆਂ ਲਈ ਵੀ ਸੌਖਾ ਨਹੀਂ ਹੁੰਦਾ।
ਕਿਉਂਕਿ ਅਸੀਂ ਇਕ ਅਜਿਹੇ ਸਮਾਜ ’ਚ ਜੀਅ ਰਹੇ ਹਾਂ ਜੋ ਅਕਸਰ ਕਮਜ਼ੋਰੀਆਂ ਨੂੰ ਨਕਾਰਦਾ ਹੈ। ਸ਼ਾਇਦ ਇਸ ਲਈ ਇਸ ਨੂੰ ਜਨਤਕ ਤੌਰ ’ਤੇ ਤਾਂ ਛੱਡੋ, ਨਿੱਜੀ ਤੌਰ ’ਤੇ ਮੰਨਣ ਤੋਂ ਵੀ ਬਚਦੇ ਹਨ।
ਅੰਕੜਿਆਂ ਦੀ ਗੱਲ ਕਰੀਏ ਤਾਂ ਭਾਰਤ ’ਚ ਤਕਰੀਬਨ 56 ਮਿਲੀਅਨ (5 ਕਰੋੜ 60 ਲੱਖ) ਲੋਕ ਉਦਾਸੀ ਤੋਂ ਪ੍ਰਭਾਵਿਤ ਹਨ ਅਤੇ ਪ੍ਰੇਸ਼ਾਨ ਕਰਨ ਵਾਲਾ ਤੱਥ ਇਹ ਹੈ ਕਿ ਇਹ ਅੰਕੜਾ ਲਗਾਤਾਰ ਵਧ ਰਿਹਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੀ ਰਿਪੋਰਟ ਅਨੁਸਾਰ ਹਰ ਛੇ ’ਚੋਂ ਇਕ ਭਾਰਤੀ ਜ਼ਿੰਦਗੀ ’ਚ ਕਿਸੇ ਨਾ ਕਿਸੇ ਮੋੜ ’ਤੇ ਉਦਾਸੀ ਦਾ ਸ਼ਿਕਾਰ ਹੁੰਦਾ ਹੈ ਪਰ ਫਿਰ ਵੀ ਉਦਾਸੀ ਪ੍ਰਤੀ ਲੋਕਾਂ ’ਚ ਜਾਗਰੂਕਤਾ ਜਾਂ ਫਿਰ ਕਹੀਏ ਇਸ ਨੂੰ ਸਵੀਕਾਰ ਕਰਨ ਦੀ ਘਾਟ ਹੈ।
ਭਾਰਤ ’ਚ ਉਦਾਸੀ ਦੇ ਮਾਮਲੇ ਮੁੱਖ ਤੌਰ ’ਤੇ ਨੌਜਵਾਨਾਂ ਅਤੇ ਕੰਮਕਾਜੀ ਵਰਗ ’ਚ ਵਧਦੇ ਜਾ ਰਹੇ ਹਨ। ਇਕ ਰਿਪੋਰਟ ਮੁਤਾਬਕ 15 ਤੋਂ 29 ਸਾਲ ਦੇ ਦਰਮਿਆਨ 15 ਫੀਸਦੀ ਭਾਰਤੀ ਉਦਾਸੀ ਤੋਂ ਪ੍ਰਭਾਵਿਤ ਹਨ। ਦਰਅਸਲ ਅੱਲ੍ਹੜ ਉਮਰ ਅਤੇ ਨੌਜਵਾਨ ਅਵਸਥਾ ਦੀ ਉਮਰ ’ਚ ਅਸਫਲਤਾ ਦਾ ਡਰ ਅਤੇ ਭਵਿੱਖ ਨੂੰ ਲੈ ਕੇ ਅਸੁਰੱਖਿਆ ਦੀ ਭਾਵਨਾ ਆਪਣੇ ਸਿਖਰ ’ਤੇ ਹੁੰਦੀ ਹੈ ਕਿਉਂਕਿ ਕਰੀਅਰ ਦੀਆਂ ਚੁਣੌਤੀਆਂ, ਮੁਕਾਬਲੇ ਦੀਆਂ ਪ੍ਰੀਖਿਆਵਾਂ ਦਾ ਤਣਾਅ ਅਤੇ ਮਾਤਾ-ਪਿਤਾ ਦੀਆਂ ਆਸਾਂ ’ਤੇ ਖਰਾ ਉਤਰਨ ਦਾ ਦਬਾਅ ਅਤੇ ਸਮਾਜ ’ਚ ਵੱਡੇ ਪੱਧਰ ’ਤੇ ਸਫਲਤਾਵਾਂ ਦੀਆਂ ਗੁੰਝਲਦਾਰ ਪਰਿਭਾਸ਼ਾਵਾਂ ਉਨ੍ਹਾਂ ਨੂੰ ਉਦਾਸੀ ਵੱਲ ਧੱਕ ਰਹੀਆਂ ਹਨ।
ਆਰਥਿਕ ਅਸੁਰੱਖਿਆ ਅਤੇ ਬੇਰੁਜ਼ਗਾਰੀ ਵੀ ਉਦਾਸੀ ਦੇ ਮੁੱਖ ਕਾਰਨਾਂ ’ਚੋਂ ਇਕ ਹਨ। ਅੰਕੜੇ ਦੱਸਦੇ ਹਨ ਕਿ 60 ਫੀਸਦੀ ਲੋਕ ਆਪਣੀ ਆਰਥਿਕ ਸਥਿਤੀ ਨੂੰ ਮਾਨਸਿਕ ਸਿਹਤ ਲਈ ਵੱਡੀ ਚੁਣੌਤੀ ਮੰਨਦੇ ਹਨ।
ਅੱਜ ਦੇ ਦੌਰ ’ਚ ਉਦਾਸੀ ਦਾ ਇਕ ਹੋਰ ਪ੍ਰਮੁੱਖ ਕਾਰਨ ਸਮਾਜਿਕ ਨਾਮਨਜ਼ੂਰੀ ਅਤੇ ਇਕੱਲਤਾ ਹੈ। ਸੋਸ਼ਲ ਮੀਡੀਆ ਦੇ ਵਧਦੇ ਪ੍ਰਭਾਵ ਨੇ ਲੋਕਾਂ ਨੂੰ ਅਸਲ ਜੀਵਨ ’ਚ ਇਕ-ਦੂਜੇ ਤੋਂ ਹੋਰ ਵੱਧ ਦੂਰ ਕਰ ਦਿੱਤਾ ਹੈ। ਅੱਜ-ਕੱਲ੍ਹ ਸੋਸ਼ਲ ਮੀਡੀਆ ’ਤੇ ਦਿਖਾਏ ਜਾਣ ਵਾਲੇ ਜੀਵਨ ਦੀ ਚਮਕ-ਦਮਕ ਅਤੇ ਦੂਜਿਆਂ ਦੀ ਸਫਲਤਾ ਦੀ ਤੁਲਨਾ ਕਰਨ ਨਾਲ ਕਈ ਲੋਕ ਖੁਦ ਨੂੰ ਹੀਣ ਮਹਿਸੂਸ ਕਰਨ ਲੱਗਦੇ ਹਨ।
ਇਸ ਤਰ੍ਹਾਂ ਦੀ ਮਾਨਸਿਕ ਸਥਿਤੀ ਕਈ ਵਾਰ ਇਸ ਹੱਦ ਤਕ ਵਿਅਕਤੀ ਦੇ ਆਤਮ-ਵਿਸ਼ਵਾਸ ਨੂੰ ਹਿਲਾ ਦਿੰਦੀ ਹੈ ਕਿ ਉਹ ਆਤਮਹੱਤਿਆ ਦੇ ਵਿਚਾਰਾਂ ਤਕ ਪਹੁੰਚ ਸਕਦਾ ਹੈ। ਇਕ ਅੰਦਾਜ਼ੇ ਅਨੁਸਾਰ ਭਾਰਤ ’ਚ ਹਰ ਸਾਲ ਤਕਰੀਬਨ 1 ਲੱਖ ਲੋਕ ਆਤਮਹੱਤਿਆ ਕਰ ਲੈਂਦੇ ਹਨ ਅਤੇ ਇਨ੍ਹਾਂ ’ਚੋਂ ਜ਼ਿਆਦਾਤਰ ਲੋਕ ਮਾਨਸਿਕ ਉਦਾਸੀ ਤੋਂ ਪ੍ਰਭਾਵਿਤ ਹੁੰਦੇ ਹਨ।
ਇਸ ਲਈ ਲੋੜ ਇਸ ਗੱਲ ਦੀ ਹੈ ਕਿ ਉਦਾਸੀ ਨੂੰ ਹਲਕੇ ’ਚ ਨਾ ਲਿਆ ਜਾਵੇ। ਮੌਜੂਦਾ ਸਥਿਤੀਆਂ ਨੂੰ ਧਿਆਨ ’ਚ ਰੱਖਦਿਆਂ ਲੋੜ ਹੈ ਕਿ ਅਸੀਂ ਮਾਨਸਿਕ ਸਿਹਤ ਦੀ ਅਹਿਮੀਅਤ ਨੂੰ ਸਮਝੀਏ ਅਤੇ ਉਦਾਸੀ ਵਰਗੀਆਂ ਸਥਿਤੀਆਂ ਨੂੰ ਸਮੇਂ ਸਿਰ ਪਛਾਣੀਏ। ਇੱਥੇ ਇਹ ਸਮਝਣ ਦੀ ਲੋੜ ਹੈ ਕਿ ਉਦਾਸੀ ਇਕ ਸਥਿਤੀਆਂ ਦੀ ਪੈਦਾ ਕੀਤੀ ਅਵਸਥਾ ਹੈ ਜਿਸ ’ਚ ਵਿਅਕਤੀ ਨੂੰ ਆਪਣੇ ਪਿਆਰ, ਭਰੋਸੇ ਅਤੇ ਸਾਥ ਦੀ ਲੋੜ ਹੁੰਦੀ ਹੈ। ਜੇ ਇਸ ਨੂੰ ਸਮਾਂ ਰਹਿੰਦਿਆਂ ਪਛਾਣ ਲਿਆ ਜਾਵੇ ਤਾਂ ਅਸੀਂ ਬਹੁਤ ਸਾਰੇ ਅੱਲ੍ਹੜਾਂ ਅਤੇ ਨੌਜਵਾਨਾਂ ਨੂੰ ਨਕਾਰਾਤਮਕਤਾ ਦੇ ਹਨੇਰੇ ’ਚੋਂ ਕੱਢ ਕੇ ਸਕਾਰਾਤਮਕ ਅਤੇ ਰੋਸ਼ਨ ਭਵਿੱਖ ਵੱਲ ਲਿਜਾ ਸਕਦੇ ਹਾਂ।
ਡਾ. ਨੀਲਮ ਮਹੇਂਦਰ
ਖਤਰੇ ’ਚ ਹਨ ਰੁੱਖ-ਪੌਦੇ ਅਤੇ ਮਨੁੱਖ
NEXT STORY