ਨਸ਼ੇ ਦੀ ਗੋਲੀ ਤਾਂ ਖਾਣ ਦੇ ਕੁਝ ਦੇਰ ਬਾਅਦ ਅਸਰ ਕਰਦੀ ਹੈ ਪਰ ਇੰਜੈਕਸ਼ਨ ਨੂੰ ਨਸ ’ਚ ਲੈਣ ਨਾਲ ਦਵਾਈ ਤੁਰੰਤ ਕੰਮ ਕਰਦੀ ਹੈ, ਜਿਸ ਕਾਰਨ ਨੌਜਵਾਨਾਂ ’ਚ ਇੰਜੈਕਸ਼ਨ ਰਾਹੀਂ ਨਸ਼ਾ ਕਰਨ ਦਾ ਰੁਝਾਨ ਵਧਦਾ ਹੀ ਜਾ ਰਿਹਾ ਹੈ। ਕੁਝ ਅਜਿਹੇ ਨਸ਼ੇੜੀ ਵੀ ਦੇਖੇ ਗਏ ਹਨ ਜੋ ਦਰਦ ਰੋਕੂ ਦਵਾਈਆਂ ਨੂੰ ਪੀਸ ਕੇ ਉਨ੍ਹਾਂ ਨੂੰ ਸੇਲਾਈਨ ਵਾਟਰ ’ਚ ਮਿਲਾ ਕੇ ਇੰਜੈਕਸ਼ਨ ਲਗਾਉਂਦੇ ਹਨ ਪਰ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹਾ ਕਰਨਾ ਖ਼ਤਰੇ ਤੋਂ ਖਾਲੀ ਨਹੀਂ ਹੈ।
ਸਰੀਰ ਦੀਆਂ ਨਸਾਂ ਬੜੀਆਂ ਬਾਰੀਕ ਹੋਣ ਕਾਰਨ ਜੇਕਰ ਇਨ੍ਹਾਂ ’ਚ ਕੋਈ ਵੱਡਾ ਪਾਰਟੀਕਲ ਫਸ ਜਾਵੇ ਤਾਂ ਨਸ ਦੇ ਰੁਕਣ ਨਾਲ ਸਾਹ ਲੈਣ ’ਚ ਤਕਲੀਫ, ਦਿਲ ਦਾ ਦੌਰਾ ਜਾਂ ਬ੍ਰੇਨ ਸਟ੍ਰੋਕ ਵੀ ਹੋ ਸਕਦਾ ਹੈ। ਨਸ਼ੇ ਦੇ ਆਦੀ ਕੁਝ ਨੌਜਵਾਨ ਤਾਂ ਰੋਜ਼ਾਨਾ ਤਿੰਨ ਤੋਂ ਚਾਰ ਇੰਜੈਕਸ਼ਨ ਤੱਕ ਲਗਾ ਲੈਂਦੇ ਹਨ। ਇਸ ਬਾਰੇ ਡਾਕਟਰਾਂ ਦਾ ਕਹਿਣਾ ਹੈ ਕਿ ਨਸ਼ੇ ਲਈ ਵਾਰ-ਵਾਰ ਇੰਜੈਕਸ਼ਨ ਲਗਾਉਣ ਨਾਲ ਹੱਥ-ਪੈਰ ਦੀਆਂ ਨਸਾਂ ਦੇ ਨਾਲ-ਨਾਲ ਪੱਟ ਦੀਆਂ ਨਸਾਂ ਵੀ ਪੰਕਚਰ ਹੋ ਜਾਂਦੀਆਂ ਹਨ।
ਇੰਜੈਕਸ਼ਨ ਲਗਾਉਣ ਵਾਲੀ ਥਾਂ ਕੱਪੜੇ ਨਾਲ ਢਕੀ ਹੋਣ ਦੇ ਕਾਰਨ ਘਰ ਵਾਲਿਆਂ ਦੀ ਨਜ਼ਰ ਤੋਂ ਬਚੀ ਰਹਿੰਦੀ ਹੈ ਅਤੇ ਹਾਲਤ ਦੇ ਵਿਗੜਨ ’ਤੇ ਹੀ ਇਸ ਦਾ ਪਤਾ ਲੱਗਦਾ ਹੈ ਅਤੇ ਉਦੋਂ ਤੱਕ ਬੜੀ ਦੇਰ ਹੋ ਚੁੱਕੀ ਹੁੰਦੀ ਹੈ।
* 11 ਫਰਵਰੀ, 2024 ਨੂੰ ਝੁੰਝੁਨੂੰ (ਰਾਜਸਥਾਨ) ’ਚ ਨਸ਼ੇ ਦੇ ਆਦੀ ਇਕ ਨੌਜਵਾਨ ਨੇ 4-5 ਨਸ਼ਿਆਂ ਦਾ ਮਿਸ਼ਰਣ ਬਣਾ ਕੇ ਇੰਜੈਕਸ਼ਨ ਲਗਾ ਲਿਆ ਜਿਸ ਨਾਲ ਹਾਲਤ ਵਿਗੜਨ ਦੇ ਕੁਝ ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ।
* ਹੁਣ 16 ਮਾਰਚ ਨੂੰ ਬਠਿੰਡਾ (ਪੰਜਾਬ) ’ਚ ਇਕ ਨਸ਼ੇੜੀ ਮੁਟਿਆਰ ਦਾ ਮਾਮਲਾ ਸਾਹਮਣੇ ਆਇਆ ਜਿਸ ਦੀ ਬਾਂਹ ਅਤੇ ਲੱਤ ਲਗਾਤਾਰ ਚਿੱਟੇ ਦੇ ਇੰਜੈਕਸ਼ਨ ਲਾਉਣ ਕਾਰਨ ਪੂਰੀ ਤਰ੍ਹਾਂ ਗਲ਼ ਗਈ ਸੀ। ਜਦੋਂ ਉਸ ਨੂੰ ਇਲਾਜ ਲਈ ‘ਸਹਾਰਾ ਜਨਸੇਵਾ’ ਦੇ ਸਵੈਮ-ਸੇਵਕ ਹਸਪਤਾਲ ਲੈ ਕੇ ਗਏ, ਉਸ ਦੇ ਜ਼ਖਮਾਂ ’ਚ ਕੀੜੇ ਚੱਲ ਰਹੇ ਸਨ। ਇਹੀ ਨਹੀਂ, ਕੁਝ ਸਮਾਂ ਪਹਿਲਾਂ ਇਕ ਨਸ਼ੇੜੀ ਨੌਜਵਾਨ ਨੇ ਆਪਣੇ ਗੁਪਤ ਅੰਗ ’ਚ ਹੀ ਨਸ਼ੇ ਦਾ ਇੰਜੈਕਸ਼ਨ ਲਗਾ ਲਿਆ ਜਿਸ ਨਾਲ ਹਾਲਤ ਵਿਗੜਨ ’ਤੇ ਉਸ ਦੀ ਮੌਤ ਹੋ ਗਈ।
ਅਜਿਹੇ ’ਚ ਪਤਾ ਨਹੀਂ ਕਿੰਨੇ ਮਾਮਲੇ ਰੋਜ਼ ਹੁੰਦੇ ਹਨ। ਇਸ ਲਈ ਨੌਜਵਾਨ ਪੀੜ੍ਹੀ ਨਸ਼ੇ ਦੀ ਵਰਤੋਂ ਦੇ ਕਾਰਨ ਦੂਜਿਆਂ ਦੇ ਦਰਦ ਨਾਲ ਅੰਜਾਮ ਤੋਂ ਸਬਕ ਲਵੇ ਅਤੇ ਨਸ਼ੇ ਤੋਂ ਤੌਬਾ ਕਰ ਕੇ ਖੁਸ਼ੀਆਂ ਨਾਲ ਭਰਪੂਰ ਨਸ਼ਾਮੁਕਤ ਜ਼ਿੰਦਗੀ ਬਤੀਤ ਕਰੇ।
- ਵਿਜੇ ਕੁਮਾਰ
ਕੀ ਪੈਨਸ਼ਨ ਅਤੇ 1500 ਰੁਪਈਆਂ ਦੇ ਭਰੋਸੇ ਆਪਸੀ ਫੁੱਟ ਨੂੰ ਢਕੇਗਾ ‘ਹੱਥ’
NEXT STORY