ਇਸਲਾਮਾਬਾਦ : ਪਾਕਿਸਤਾਨ ਦੇ ਸੱਭਿਆਚਾਰਕ ਸ਼ਹਿਰ ਲਾਹੌਰ ਨੂੰ ਇਕ ਵਾਰ ਫਿਰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਐਲਾਨਿਆ ਗਿਆ ਹੈ। ਇੱਥੇ ਏਅਰ ਕੁਆਲਿਟੀ ਇੰਡੈਕਸ (AQI) 394 'ਤੇ ਪਹੁੰਚ ਗਿਆ ਹੈ। ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਧੂੰਏਂ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਨਕਲੀ ਮੀਂਹ ਦੀ ਯੋਜਨਾ ਬਣਾਈ ਹੈ। AQI ਹਵਾ 'ਚ ਵੱਖ-ਵੱਖ ਪ੍ਰਦੂਸ਼ਕਾਂ ਦਾ ਮਾਪ ਹੈ। ਜ਼ੀਰੋ ਤੇ 50 ਦੇ ਵਿਚਕਾਰ AQI 'ਚੰਗਾ' ਹੈ, 51 ਅਤੇ 100 ਦੇ ਵਿਚਕਾਰ 'ਤਸੱਲੀਬਖਸ਼' ਹੈ, 101 ਤੇ 200 ਦੇ ਵਿਚਕਾਰ 'ਦਰਮਿਆਨਾ' ਹੈ, 201 ਤੇ 300 ਦੇ ਵਿਚਕਾਰ 'ਮਾੜਾ' ਹੈ, 301 ਤੇ 400 ਵਿਚਕਾਰ 'ਬਹੁਤ ਮਾੜਾ' ਹੈ 401 ਅਤੇ 500 ਨੂੰ 'ਗੰਭੀਰ' ਮੰਨਿਆ ਜਾਂਦਾ ਹੈ।
ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਅਤੇ ਉਦਯੋਗਿਕ ਨਿਕਾਸ ਕਾਰਨ ਹਵਾ ਪ੍ਰਦੂਸ਼ਣ ਦੀ ਸਮੱਸਿਆ ਵਧ ਗਈ ਹੈ। ਖ਼ਤਰਨਾਕ ਧੂੰਏਂ ਕਾਰਨ ਸ਼ਹਿਰ ਵਾਸੀਆਂ ਨੂੰ ਖੰਘ, ਸਾਹ ਲੈਣ 'ਚ ਤਕਲੀਫ਼, ਅੱਖਾਂ 'ਚ ਜਲਣ ਤੇ ਚਮੜੀ ਦੀ ਲਾਗ ਸਮੇਤ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੀ ਸੂਚਨਾ ਮੰਤਰੀ ਆਜ਼ਮਾ ਬੁਖਾਰੀ ਨੇ ਮੰਗਲਵਾਰ ਨੂੰ ਇੱਥੇ ਇੱਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਕੱਲ੍ਹ ਲਾਹੌਰ ਨੂੰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਐਲਾਨਿਆ ਗਿਆ ਸੀ। ਅਸੀਂ ਇਸ ਮੁੱਦੇ ਨੂੰ ਹੱਲ ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ ਤੇ ਹੁਣ ਅਸੀਂ ਸ਼ਹਿਰ 'ਚ ਨਕਲੀ ਮੀਂਹ ਦੀ ਯੋਜਨਾ ਬਣਾ ਰਹੇ ਹਾਂ। ਮਰੀਅਮ ਨਵਾਜ਼ ਦੀ ਪੰਜਾਬ ਸਰਕਾਰ ਨੇ ਇਕ ਐਂਟੀ ਸਮੌਗ ਟੀਮ ਵੀ ਬਣਾਈ ਹੈ ਜੋ ਇਸ (ਸਮੌਗ) ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰੇਗੀ।
ਇਹ ਟੀਮਾਂ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੇ ਖ਼ਤਰਿਆਂ ਬਾਰੇ ਜਾਗਰੂਕ ਕਰਨਗੀਆਂ, ਸੁਪਰ ਸੀਡਰਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਗੀਆਂ ਅਤੇ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਵਿਕਲਪਿਕ ਤਰੀਕਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਨਗੀਆਂ। ਪੰਜਾਬ ਦੇ ਵਾਤਾਵਰਨ ਮੰਤਰੀ ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਸਮੌਗ ਨਾਲ ਨਜਿੱਠਣ ਲਈ ਚੁੱਕੇ ਗਏ ਕਦਮਾਂ ਦੇ ਸਕਾਰਾਤਮਕ ਪ੍ਰਭਾਵ ਅੱਠ ਤੋਂ 10 ਸਾਲਾਂ 'ਚ ਦਿਖਾਈ ਦੇਣਗੇ। ਸੂਬੇ 'ਚ ਪਾਠਕ੍ਰਮ 'ਚ ਵਾਤਾਵਰਨ ਸੁਰੱਖਿਆ ਨੂੰ ਇੱਕ ਵਿਸ਼ੇ ਵਜੋਂ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹਾ ਕਰਨ ਨਾਲ ਨਾ ਸਿਰਫ਼ ਫ਼ਸਲਾਂ ਦਾ ਨੁਕਸਾਨ ਹੁੰਦਾ ਹੈ ਸਗੋਂ ਉਨ੍ਹਾਂ ਦੇ ਬੱਚਿਆਂ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚਦਾ ਹੈ।
ਸਮੁੰਦਰ 'ਚ ਪਿਆਰ ਦੀ ਡੁਬਕੀ... ਸਾਊਦੀ ਜੋੜੇ ਨੇ ਲਾਲ ਸਾਗਰ 'ਚ ਰਚਾਇਆ ਵਿਆਹ
NEXT STORY