ਮਹਿਲ ਕਲਾਂ (ਹਮੀਦੀ) – ਦੀਵਾਲੀ ਦੀਆਂ ਖੁਸ਼ੀਆਂ ਮਨ੍ਹਾ ਰਹੇ ਲੋਕਾਂ ਨੂੰ ਤਾਂ ਪਤਾ ਵੀ ਨਾ ਲੱਗਿਆ ਕਿ ਉਸੇ ਰਾਤ ਚੋਰ ਗਰੋਹਾਂ ਨੇ ਸਰਕਾਰੀ ਸਿਹਤ ਸਹੂਲਤਾਂ ’ਤੇ ਵੀ ਨਜ਼ਰ ਗਾੜੀ ਹੋਈ ਸੀ। ਪਿੰਡ ਹਮੀਦੀ ਵਿਖੇ ਬਣੇ ਮੁਹੱਲਾ ਕਲੀਨਿਕ ਦੇ ਅੰਦਰ ਚੱਲ ਰਹੇ ਨਸ਼ਾ ਛੁਡਾਉ ਕੇਂਦਰ (ਓਟ ਸੈਂਟਰ) ਵਿੱਚ ਚੋਰਾਂ ਵੱਲੋਂ ਦਾਖਲ ਹੋ ਕੇ 12,631 ਜੀਭ ਥੱਲੇ ਰੱਖਣ ਵਾਲੀਆਂ “ਨੈਰੋਫੀਨ” ਗੋਲੀਆਂ ਚੋਰੀ ਕਰਨ ਦੀ ਘਟਨਾ ਨੇ ਸਿਹਤ ਵਿਭਾਗ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ, ਚੋਰਾਂ ਨੇ ਦੀਵਾਲੀ ਤੋਂ ਅਗਲੇ ਦਿਨ ਬੁੱਧਵਾਰ ਦੀ ਰਾਤ ਨੂੰ ਕਲੀਨਿਕ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਣ ਤੋਂ ਬਾਅਦ ਓਟ ਸੈਂਟਰ ਦੇ ਕਮਰੇ ਨੂੰ ਲੱਗੇ ਵਿੰਡੋ ਏ.ਸੀ. ਨੂੰ ਥੱਲੇ ਉਤਾਰ ਕੇ ਉਸ ਰਾਹੀਂ ਅੰਦਰ ਦਾਖਲ ਹੋਏ। ਚੋਰਾਂ ਨੇ ਸਭ ਤੋਂ ਪਹਿਲਾਂ ਚੱਲ ਰਹੇ ਸੀਸੀਟੀਵੀ ਕੈਮਰੇ ਬੰਦ ਕਰ ਦਿੱਤੇ, ਜਿਸ ਕਾਰਨ ਪੂਰੀ ਘਟਨਾ ਰਿਕਾਰਡ ਨਹੀਂ ਹੋ ਸਕੀ। ਓਟ ਸੈਂਟਰ ਦੇ ਨਵ-ਨਿਯੁਕਤ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਕੁੱਲ 12,631 ਗੋਲੀਆਂ (ਜੀਭ ਥੱਲੇ ਰੱਖਣ ਵਾਲੀਆਂ) ਚੋਰੀ ਕੀਤੀਆਂ। ਇਹ ਦਵਾਈਆਂ ਆਮ ਤੌਰ ’ਤੇ ਉਹਨਾਂ ਵਿਅਕਤੀਆਂ ਨੂੰ ਦਿੱਤੀਆਂ ਜਾਂਦੀਆਂ ਹਨ ਜੋ ਨਸ਼ਾ ਛੱਡਣ ਦੇ ਇਲਾਜ ਹੇਠ ਹਨ।ਉਹਨਾਂ ਦੱਸਿਆ ਕਿ ਰੋਜ਼ਾਨਾ 100 ਤੋਂ 150 ਮਰੀਜ਼ ਇਸ ਸੈਂਟਰ ਤੋਂ ਦਵਾਈ ਲੈ ਕੇ ਜਾਂਦੇ ਹਨ, ਪਰ ਹੁਣ ਚੋਰੀ ਕਾਰਨ ਦਵਾਈ ਦੀ ਆਮਦ ਰੁਕਣ ਨਾਲ ਲੋਕ ਗੋਲੀ ਨਾ ਮਿਲਣ ਕਾਰਨ ਗੇੜੇ ਮਾਰ ਮਾਰ ਕੇ ਥੱਕ ਰਹੇ ਹਨ। ਕਲੀਨਿਕ ਦੇ ਬਾਹਰ “ਇੱਥੇ ਗੋਲੀ ਨਹੀਂ ਮਿਲਦੀ” ਦਾ ਪੋਸਟਰ ਲਗਾਉਣਾ ਪਿਆ ਹੈ। ਇਸ ਮੌਕੇ ਹਾਜ਼ਰ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਪਿਛਲੇ ਸਮੇਂ ਵੀ ਓਟ ਸੈਂਟਰ ਵਿੱਚ ਚੋਰੀ ਦੀਆਂ ਘਟਨਾਵਾਂ ਹੋਈਆਂ ਹਨ, ਇਸ ਲਈ ਰਾਤ ਦੇ ਸਮੇਂ ਚੌਕੀਦਾਰ ਦੀ ਤਾਇਨਾਤੀ ਤੇ ਕਲੀਨਿਕ ਦੀਆਂ ਕੰਧਾਂ ਉੱਚੀਆਂ ਕਰਨ ਦੀ ਲੋੜ ਹੈ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਉਧਰ ਰੋਜ਼ਾਨਾ ਗੋਲੀ ਲੈਣ ਵਾਲੇ ਕਈ ਵਿਅਕਤੀਆਂ ਨੇ ਦੱਸਿਆ ਕਿ ਉਹ ਝੋਨੇ ਦੇ ਸੀਜ਼ਨ ਵਿੱਚ ਮਜਦੂਰੀ ਕਰਦੇ ਹਨ ਤੇ ਦਵਾਈ ਨਾ ਮਿਲਣ ਕਾਰਨ ਕਾਫ਼ੀ ਪਰੇਸ਼ਾਨੀ ਝੱਲ ਰਹੇ ਹਨ। ਉਹਨਾਂ ਮੰਗ ਕੀਤੀ ਕਿ ਚੋਰੀ ਦੀ ਜਾਂਚ ਦੇ ਨਾਲ ਨਾਲ ਦਵਾਈ ਦੀ ਸਪਲਾਈ ਤੁਰੰਤ ਮੁੜ ਚਾਲੂ ਕੀਤੀ ਜਾਵੇ। ਇਸ ਮਾਮਲੇ ਸਬੰਧੀ ਸੀਨੀਅਰ ਮੈਡੀਕਲ ਅਫਸਰ ਸਤਵੰਤ ਸਿੰਘ ਔਜਲਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਥਾਣਾ ਠੁੱਲੀਵਾਲ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਅਤੇ ਪੁਲਸ ਵੱਲੋਂ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਨਸ਼ਿਆਂ ਦੇ ਖ਼ਾਤਮੇ ਲਈ ਜ਼ਮੀਨੀ ਪੱਧਰ ‘ਤੇ ਕਾਰਵਾਈ ਦੀ ਲੋੜ : ਸ਼ਰਮਾ
NEXT STORY