ਜੋ ਤੁਰਦੇ ਹਨ ਉਹੀ ਪੁੱਜਦੇ ਹਨ
ਡਾ: ਹਰਜਿੰਦਰ ਵਾਲੀਆ
ਨੋਬਲ ਪੁਰਸਕਾਰ ਵਿਜੇਤਾ ਮਾਰਕੋਨੀ ਨੇ ਛੋਟੀ ਉਮਰ ਵਿਚ ਵੱਡਾ ਸੁਪਨਾ ਸਿਰਜ ਲਿਆ ਸੀ। ਸੁਪਨਾ ਵੀ ਅਣਕਿਆਸਿਆ ਬਿਨਾਂ ਤਾਰਾਂ ਤੋਂ ਬੋਲ ਸੁਣਨ ਦਾ। ਬੇਤਾਰ ਸੁਨੇਹੇ ਭੇਜਣ ਦਾ ਸੁਪਨਾ ਲਿਆ ਸੀ ਉਸਨੇ। ਪਿਤਾ ਉਸਦੀ 'ਨਾਸਮਝੀ' 'ਤੇ ਨਰਾਜ਼ ਸੀ। ਪਿਤਾ ਮੁਤਾਬਕ ਇਹ ਸਮੇਂ ਦੀ ਬਰਬਾਦੀ ਸੀ ਅਤੇ ਪੈਸੇ ਦੀ ਵੀ। ਪਿਤਾ ਪੁੱਤ ਨੂੰ ਸਮਝਾ ਰਿਹਾ ਸੀ,''ਕੋਈ ਢੰਗ ਦਾ ਧੰਦਾ ਕਰ, ਚਾਰ ਪੈਸੇ ਕਮਾ, ਛੱਡ ਇਹਨਾਂ ਫਜ਼ੂਲ ਗੱਲਾਂ ਨੂੰ।'' ਪਰ ਮਾਰਕੋਨੀ ਦੇ ਮਨ ਵਿਚ ਬੀਜੇ ਸੁਪਨੇ ਨੂੰ ਪੂਰਾ ਕਰਨ ਦਾ ਉਤਸ਼ਾਹ ਸੀ। ਹੁਣ ਉਸਦਾ ਜੀਵਨ ਮਨੋਰਥ ਸਪਸ਼ਟ ਸੀ। ਉਹ ਪਿਛਾਂਹ ਨਹੀਂ ਮੁੜਨਾ ਚਾਹੁੰਦਾ ਸੀ। ਜਦੋਂ ਅਜੇ ਮਾਰਕੋਨੀ 13-14 ਵਰ੍ਹਿਆਂ ਦਾ ਹੀ ਸੀ, ਉਹ ਇਕ ਕਮਰੇ ਤੋਂ ਦੂਜੇ ਕਮਰੇ ਤੱਕ ਸੰਦੇਸ਼ ਭੇਜਣ ਵਿਚ ਕਾਮਯਾਬ ਹੋ ਗਿਆ ਸੀ।
ਜਦੋਂ ਇਨਸਾਨ ਆਪਣੀ ਮਿੱਥੀ ਕੋਈ ਛੋਟੀ ਮੰਜ਼ਿਲ ਤੈਅ ਕਰ ਲੈਂਦਾ ਹੈ ਤਾਂ ਉਸ ਵਿਚ ਅੰਤਾਂ ਦਾ ਵਿਸ਼ਵਾਸ ਆ ਜਾਂਦਾ ਹੈ ਅਤੇ ਉਹ ਦੁੱਗਣੇ ਵਿਸ਼ਵਾਸ ਨਾਲ ਅਗਲੀ ਮੰਜ਼ਿਲ ਤੈਅ ਕਰਨ ਲਈ ਦੌੜਨ ਲੱਗਦਾ ਹੈ। ਮਾਰਕੋਨੀ ਨੇ ਵੀ ਆਪਣੇ ਪ੍ਰਯੋਗ ਜਾਰੀ ਰੱਖੇ ਅਤੇ ਕੁਝ ਸਮੇਂ ਬਾਅਦ ਉਹ ਇਕ ਦੋ ਮੀਲ ਦੀ ਦੂਰੀ 'ਤੇ ਸੰਦੇਸ਼ ਭੇਜਣ ਵਿਚ ਕਾਮਯਾਬ ਹੋ ਗਿਆ। ਇਸ ਕਾਮਯਾਬੀ ਨੇ ਉਸਦਾ ਹੌਂਸਲਾ ਅਤੇ ਉਤਸ਼ਾਹ ਹੋਰ ਵਧਾ ਦਿੱਤੇ। 1901 ਵਿਚ ਉਸ ਨੇ ਅਮਰੀਕਾ ਅਤੇ ਇੰਗਲੈਂਡ ਵਿਚ ਬੇਤਾਰ ਸੁਨੇਹੇ ਭੇਜਣ ਦਾ ਫੈਸਲਾ ਕੀਤਾ। ਉਹ ਅਮਰੀਕਾ ਗਿਆ ਅਤੇ ਇਕ ਉਚੇ ਬਾਂਸ ਅਤੇ ਰੇਸ਼ਮ ਦੀ ਪਤੰਗ ਬਣਾ ਕੇ ਏਰੀਅਲ ਦਾ ਰੂਪ ਦਿੱਤਾ। ਅਚਾਨਕ ਤੇਜ ਹਵਾ ਦੇ ਬੁੱਲ੍ਹੇ ਆਏ ਅਤੇ ਪਤੰਗ ਨੂੰ ਉਡਾ ਲੈ ਗਏ ਅਤੇ ਨਾਲ ਹੀ ਮਾਰਕੋਨੀ ਦੀ ਨੀਂਦ ਵੀ। ਇਹ ਗੱਲ ਉਹ ਜਾਣਦਾ ਸੀ ਕਿ ਅਸਫਲਤਾ ਤਾਂ ਸਫਲਤਾ ਦੀ ਪੌੜੀ ਹੁੰਦੀ ਹੈ। ਸਫਲ ਵਿਅਕਤੀ ਉਹੀ ਹੁੰਦਾ ਹੈ ਜੋ ਕਠਿਨਾਈਆਂ ਦੇ ਬਾਵਜੂਦ ਹਿੰਮਤ ਨਹੀਂ ਹਾਰਦਾ।
ਮਾਰਕੋਨੀ ਵੀ ਨਹੀਂ ਹਾਰਿਆ, ਉਸ ਨੇ ਇਸ ਵਾਰ ਅਜਿਹੀ ਪਤੰਗ ਬਣਾਈ ਜੋ ਹਵਾ ਦੇ ਤੇਜ ਬੁੱਲ੍ਹਿਆਂ ਦਾ ਮੁਕਾਬਲਾ ਕਰ ਸਕੇ। ਇਸ ਵਾਰ ਪਤੰਗ ਤਾਂ ਸੁਰੱਖਿਅਤ ਰਹੀ ਪਰ ਘੰਟਿਆਂ ਬੱਧੀ ਕੰਨਾਂ ਨੂੰ ਕੋਈ ਆਵਾਜ਼ ਸੁਣਾਈ ਨਹੀਂ ਦਿੱਤੀ। ਇਸ ਤੋਂ ਪਹਿਲਾਂ ਕਿ ਉਹਨਾਂ ਦੇ ਮਨ ਵਿਚ ਨਿਰਾਸ਼ਾਵਾਦੀ ਵਿਚਾਰ ਆਉਂਦੇ, ਉਸਨੂੰ ਇਕ ਆਵਾਜ਼ ਸੁਣਾਈ ਦਿੱਤੀ। ਫਿਰ ਦੂਜੀ ਅਤੇ ਫਿਰ ਤੀਜੀ। ਪ੍ਰਯੋਗ ਸਫਲ ਹੋ ਚੁੱਕਾ ਸੀ। ਇਹ ਤਿੰਨ ਬਿੰਦੂਆਂ ਦਾ ਪੂਰਵ ਨਿਰਧਾਰਤ ਸੰਕੇਤ ਸੀ। ਜਿਸਦਾ ਟੈਲੀਗਰਾਫ ਦੀ ਭਾਸ਼ਾ ਵਿਚ ਅਰਥ ਸੀ 'ਐਸ' ਅੱਖਰ। ਇਹ ਪ੍ਰਯੋਗ ਸਫਲ ਹੋਣ ਸਮੇਂ ਉਸਦੀ ਉਮਰ ਸਿਰਫ 27 ਸਾਲਾਂ ਦੀ ਸੀ। ਉਸਦੀ ਇਸ ਖੋਜ ਨੇ ਦੁਨੀਆਂ ਦਾ ਨਕਸ਼ਾ ਹੀ ਬਦਲ ਦਿੱਤਾ। ਇਸ ਖੋਜ ਤੋਂ ਬਾਅਦ ਉਸਨੇ ਰੇਡੀਓ ਅਤੇ ਟੀ. ਵੀ. ਦੀਆਂ ਖੋਜਾਂ ਵਿਚ ਵੀ ਮਹੱਤਵਪੂਰਨ ਯੋਗਦਾਨ ਪਾਇਆ।
ਮਾਰਕੋਨੀ ਦੀ ਉਕਤ ਕਥਾ ਇਕ ਸੰਦੇਸ਼ ਸਪਸ਼ਟ ਦਿੰਦੀ ਹੈ ਕਿ ਸਫਲਤਾ ਉਹਨਾਂ ਨੂੰ ਹੀ ਨਸੀਬ ਹੁੰਦੀ ਹੈ ਜੋ ਸੁਪਨਾ ਸਿਰਜਣ ਦੀ ਸਮਰੱਥਾ ਰੱਖਦੇ ਹਨ। ਹਿੰਦੁਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ ਪ੍ਰਸਿੱਧ ਵਿਗਿਆਨੀ ਡਾ. ਅਬਦੁਲ ਕਲਾਮ ਦਾ ਕਹਿਣਾ ਹੈ ਪ੍ਰਜਲਿੱਤ ਮਨ ਸਭ ਤੋਂ ਸ਼ਕਤੀਸ਼ਾਲੀ ਸੋਮਾ ਹੈ, ਜ਼ਮੀਨ ਦੇ ਉਪਰ ਵੀ, ਜ਼ਮੀਨ ਦੇ ਥੱਲੇ ਵੀ ਤੇ ਆਕਾਸ਼ ਵਿਚ ਵੀ। ਜਾਗਦੇ, ਜਵਲਿਤ ਦਿਮਾਗ ਹੀ ਸਿਰਜਣਾਤਮਕ ਹੁੰਦੇ ਹਨ। ਸਿਰਜਣਾਤਮਕਤਾ ਉਹ ਯੋਗਤਾ ਹੈ, ਜਿਸਦੇ ਅਧੀਨ ਮਨੁੱਖ ਦਾ ਮਨ ਕਲਪਨਾ ਕਰਦਾ ਹੈ, ਸੁਪਨੇ ਲੈਂਦਾ ਹੈ ਕੁਝ ਨਵਾਂ ਕਰਨ ਦੇ, ਕੁਝ ਨਵਾਂ ਬਣਾਉਣ ਦੇ। ਸਿਰਜਣਾਤਮਕਤਾ ਉਹ ਰਵੱਈਆ ਹੈ ਜੋ ਤਬਦੀਲੀ ਅਤੇ ਨਵੀਨਤਾ ਨੂੰ ਜੀ ਆਇਆਂ ਕਹਿੰਦਾ ਹੈ, ਜੋ ਵਿਚਾਰਾਂ ਅਤੇ ਸੰਭਾਵਨਾਵਾਂ ਨਾਲ ਖੇਡਦਾ ਹੈ, ਜੋ ਬਿਹਤਰੀ ਅਤੇ ਵਿਕਾਸ ਲਈ ਮਨ ਨੂੰ ਪ੍ਰੇਰਦਾ ਹੈ। ਕਲਪਨਾਸ਼ੀਲ ਮਨ ਹੀ ਸਿਰਜਕ ਹੁੰਦਾ ਹੈ, ਨਵੇਂ ਸੁਪਨਿਆਂ ਦਾ, ਨਵੀਆਂ ਰਾਹਾਂ ਦਾ, ਨਵੇਂ ਦਿਸਹੱਦਿਆਂ ਦਾ। ਅਜਿਹੇ ਮਨ ਹੀ ਨਵੀਆਂ ਰਾਹਾਂ ਤੇ ਤੁਰਨ ਦੀ ਹਿੰਮਤ ਰੱਖਦੇ ਹਨ। ਨਵੀਆਂ ਪੈੜਾਂ ਪਾਉਂਦੇ ਹਨ, ਸਮਾਜ ਲਈ ਪ੍ਰੇਰਨਾ ਦਾ ਸੋਮਾ ਬਣਦੇ ਹਨ। ਨਵੀਆਂ ਰਾਹਾਂ ਉਲੀਕਣਾ ਉਹਨਾਂ ਲਈ ਹੀ ਸੰਭਵ ਹੁੰਦਾ ਹੈ, ਜਿਹਨਾਂ ਕੋਲ ਸਪਸ਼ਟ ਉਦੇਸ਼ ਹੁੰਦਾ ਹੈ। ਜਿਹਨਾਂ ਨੇ ਆਪਣੇ ਜੀਵਨ ਮਨੋਰਥ ਨੂੰ ਸਮਝ ਲਿਆ ਹੁੰਦਾ ਹੈ, ਜਿਹਨਾਂ ਨੇ ਆਪਣੀ ਜ਼ਿੰਦਗੀ ਦੇ ਟੀਚੇ ਨੂੰ ਮਨ ਮਸਤਕ ਵਿਚ ਵਸਾ ਲਿਆ ਹੁੰਦਾ ਹੈ।
ਅਜਿਹੇ ਲੋਕਾਂ ਲਈ ਸਫਲਤਾ ਦਾ ਮੰਤਰ ਦੱਸਦੇ ਹੋਏ ਸਵਾਮੀ ਵਿਵੇਕਾਨੰਦ ਕਹਿੰਦੇ ਹਨ:
''ਇਕ ਵਿਚਾਰ ਲਵੋ, ਉਸ ਵਿਚਾਰ ਨੂੰ ਆਪਣਾ ਜੀਵਨ ਬਣਾ ਲਵੋ, ਉਸਦੇ ਬਾਰੇ ਸੋਚੋ, ਉਸਦੇ ਸੁਪਨੇ ਵੇਖੋ। ਉਸ ਵਿਚਾਰ ਨੂੰ ਜੀਓ, ਆਪਣੇ ਮਸਤਿਕ, ਮਾਸਪੇਸ਼ੀਆਂ, ਨਸਾਂ, ਸਰੀਰ ਦੇ ਹਰ ਹਿੱਸੇ ਨੂੰ ਉਸ ਵਿਚਾਰ ਵਿਚ ਡੁੱਬ ਜਾਣ ਦਿਓ। ਬਾਕੀ ਸਾਰੇ ਵਿਚਾਰਾਂ ਨੂੰ ਕਿਨਾਰੇ ਰੱਖ ਦਿਓ। ਇਹੀ ਤਰੀਕਾ ਹੈ ਸਫਲ ਹੋਣ ਦਾ।'' ਪ੍ਰਸਿੱਧ ਲੇਖਕ ਬ੍ਰਾਇਨ ਟ੍ਰੇਸੀ ਵੀ ਇਸ ਤਰ੍ਹਾਂ ਹੀ ਕਹਿੰਦਾ ਹੈ ਕਿ ਸਾਰੇ ਧਰਮਾਂ, ਸਾਰੇ ਦਰਸ਼ਨਾਂ, ਮੈਟਾਫਿਜ਼ੀਕਸ, ਮਨੋਵਿਗਿਆਨ ਅਤੇ ਸਫਲਤਾ ਦਾ ਮਹਾਨ ਸਾਰ ਹੈ, ਤੁਸੀਂ ਜਿਸਦੇ ਬਾਰੇ ਜ਼ਿਆਦਾਤਰ ਸੋਚਦੇ ਹੋ, ਉਹ ਬਣ ਜਾਂਦੇ ਹੋ, ਤੁਹਾਡਾ ਬਾਹਰੀ ਜਗਤ ਹੀ ਤੁਹਾਡੇ ਅੰਦਰਲੇ ਜਗਤ ਦਾ ਪ੍ਰਤੀਬਿੰਬ ਬਣ ਜਾਂਦਾ ਹੈ। ਤੁਹਾਨੂੰ ਉਹੀ 'ਪ੍ਰਤੀਬਿੰਬ' ਦਿੱਸਦਾ ਹੈ, ਜਿਸਦੇ ਬਾਰੇ ਤੁਸੀਂ ਜ਼ਿਆਦਾ ਸਮਾਂ ਸੋਚਦੇ ਹੋ। ਤੁਸੀਂ ਜਿਸਦੇ ਬਾਰੇ ਸੋਚਦੇ ਉਹੀ ਲਗਾਤਾਰ ਤੁਹਾਡੀ ਜ਼ਿੰਦਗੀ ਵਿਚ ਪ੍ਰਗਟ ਹੁੰਦਾ ਹੈ।
ਕਈ ਹਜ਼ਾਰ ਲੋਕਾਂ ਨੂੰ ਪੁੱਛਿਆ ਗਿਆ ਕਿ ਉਹ ਜ਼ਿਆਦਾ ਸਮਾਂ ਕਿਸ ਚੀਜ਼ ਬਾਰੇ ਸੋਚਦੇ ਹਨ। ਸਭ ਸਫਲ ਲੋਕਾਂ ਦਾ ਇਹੀ ਜਵਾਬ ਸੀ ਕਿ ਉਹ ਜ਼ਿਆਦਾ ਸਮਾਂ ਆਪਣੀ ਮਨਚਾਹੀ ਚੀਜ਼ ਅਤੇ ਉਸਨੂੰ ਪ੍ਰਾਪਤ ਕਰਨ ਬਾਰੇ ਸੋਚਦੇ ਹਨ। ਰੋਹਨਡੇ ਬਰਾਇਨ ਆਪਣੀ ਪੁਸਤਕ 'ਦੀ ਸੀਕਰਟ' ਵਿਚ ਵੀ ਜਿਸ ਆਕਰਸ਼ਣ ਦੇ ਸਿਧਾਂਤ ਦਾ ਜ਼ਿਕਰ ਕਰਦਾ ਹੈ, ਉਸ ਅਨੁਸਾਰ ਵੀ ਜਿਸ ਚੀਜ਼ ਬਾਰੇ ਤੁਸੀਂ ਤੀਬਰਤਾ ਨਾਲ ਸੋਚ ਰਹੇ ਹੁੰਦੇ ਹੋ, ਉਸਨੂੰ ਆਪਣੇ ਵੱਲ ਖਿੱਚ ਰਹੇ ਹੁੰਦੇ ਹੋ। ਸਫਲ ਵਿਅਕਤੀ ਹਮੇਸ਼ਾ ਆਪਣੇ ਮਕਸਦ ਨੂੰ ਹੀ ਜਿਊਣ ਦਾ ਮਕਸਦ ਬਣਾ ਲੈਂਦੇ ਹਨ ਅਤੇ ਸਫਲ ਹੋਣਾ ਉਹਨਾਂ ਦਾ ਨਸੀਬ ਬਣ ਜਾਂਦਾ ਹੈ।
ਸਫਲਤਾ ਦਾ ਸਭ ਤੋਂ ਵੱਡਾ ਸੂਤਰ ਸਪਸ਼ਟ ਉਦੇਸ਼ ਹੁੰਦਾ ਹੈ। ਤੁਸੀਂ ਜੋ ਕੁਝ ਸੋਚ ਸਕਦੇ ਹੋ, ਉਸਨੂੰ ਪਾ ਸਕਦੇ ਹੋ। ਪਰ ਵੱਡੀ ਸਮੱਸਿਆ ਹੈ ਕਿ ਜ਼ਿਆਦਾਤਰ ਲੋਕ ਆਪਣੀ ਸਪਸ਼ਟ ਮੰਜ਼ਿਲ ਮਿੱਥਣ ਵਿਚ ਅਸਮਰੱਥ ਹੁੰਦੇ ਹਨ। ਤੁਸੀਂ ਜ਼ਰਾ ਸਵੈ-ਪੜਚੋਲ ਕਰੋ ਅਤੇ ਆਪਣੇ ਆਪ ਨੂੰ ਪੁੱਛੋ- ਤੁਸੀਂ ਜ਼ਿੰਦਗੀ ਵਿਚ ਕੀ ਚਾਹੁੰਦੇ ਹੋ। ਕੀ ਤੁਹਾਡਾ ਸੁਪਨਾ ਅਮੀਰ ਬਣਨ ਦਾ ਹੈ। ਕੀ ਤੁਹਾਡੀ ਮੰਜ਼ਿਲ ਰਾਜ ਸੱਤਾ ਹਾਸਲ ਕਰਨ ਦੀ ਹੈ। ਕੀ ਤੁਸੀਂ ਸ਼ੋਹਰਤ ਚਾਹੁੰਦੇ ਹੋ। ਸਪਸ਼ਟ ਟੀਚਿਆਂ ਬਿਨਾਂ ਅੱਖਾਂ ਤੇ ਪੱਟੀ ਬੰਨ੍ਹ ਕੇ ਕਾਰ ਚਲਾਉਣਾ ਹੈ। ਹਨੇਰੇ ਵਿਚ ਤੀਰ ਮਾਰਨਾ ਹੈ। ਸੰਘਣੀ ਧੁੰਦ ਵਿਚ ਡਰਾਈਵਿੰਗ ਕਰਨ ਦੇ ਤੁੱਲ ਹੈ। ਮੈਂ ਬਹੁਤ ਸਾਰੇ ਲੋਕਾਂ ਨੂੰ ਲੈ ਕੇ ਇਕ ਸਰਵੇਖਣ ਕੀਤਾ ਤਾਂ ਮੈਨੂੰ ਹੈਰਾਨੀ ਹੋਈ, ਜ਼ਿਆਦਾ ਗਿਣਤੀ ਵਿਚ ਲੋਕਾਂ ਕੋਲ ਕੋਈ ਸਪਸ਼ਟ ਉਦੇਸ਼ ਨਹੀਂ ਸੀ। ਵਿਦਿਆਰਥੀ ਡਿਗਰੀ ਤੋਂ ਬਾਅਦ ਦੂਜੀ ਡਿਗਰੀ ਕਰ ਰਿਹਾ ਹੈ। ਦੁਕਾਨਦਾਰ ਅਤੇ ਵਪਾਰੀ ਰੋਟੀ ਰੋਜ਼ੀ ਲਈ ਦਿਨ ਕੱਟੀ ਕਰਦਾ ਨਜ਼ਰੀ ਪੈਂਦਾ ਹੈ।
ਕਟੀ ਪਤੰਗ ਨੂੰ ਜਿਵੇਂ ਪਤਾ ਨਹੀਂ ਹੁੰਦਾ ਕਿ ਹਵਾ ਦੇ ਝੌਂਕੇ ਉਸਨੂੰ ਕਿੱਧਰ ਲੈ ਜਾਣਗੇ, ਇਵੇਂ ਬਹੁਤ ਸਾਰੇ ਲੋਕ ਬਿਨਾਂ ਮੰਜ਼ਿਲ ਤੋਂ ਸਫਰ ਤੇ ਹਨ। ਅਸਲ ਗੱਲ ਤਾਂ ਇਹ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਉਦੇਸ਼ ਮਿੱਥਣ ਦੇ ਮਹੱਤਵ ਦਾ ਅਹਿਸਾਸ ਨਹੀਂ ਹੁੰਦਾ। ਅਜਿਹੇ ਲੋਕਾਂ ਦੀ ਗਿਣਤੀ ਵੀ ਘੱਟ ਨਹੀਂ ਜਿਹਨਾਂ ਨੂੰ ਸੁਪਨੇ ਲੈਣ ਦੀ ਜਾਚ ਨਹੀਂ ਹੁੰਦੀ। ਜ਼ਿੰਦਗੀ ਦੀਆਂ ਰੋਜ਼ਾਨਾ ਇੱਛਾਵਾਂ ਦੀ ਪੂਰਤੀ ਉਦੇਸ਼ ਜਾਂ ਟੀਚਾ ਨਹੀਂ ਹੁੰਦੀ ਹੈ। ਅਸਫਲਤਾ ਦੇ ਡਰੋਂ ਵੱਡੇ ਸੁਪਨੇ ਨਾ ਲੈਣ ਵਾਲੇ ਲੋਕਾਂ ਦੀ ਗਿਣਤੀ ਵੀ ਘੱਟ ਨਹੀਂ। ਕਈ ਲੋਕ ਟੀਚਾ ਨਾ ਪੂਰਾ ਹੋਣ ਦੀ ਸੂਰਤ ਵਿਚ ਹੋਣ ਵਾਲੀ ਆਲੋਚਨਾ ਤੋਂ ਵੀ ਡਰ ਜਾਂਦੇ ਹਨ।
ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਬਾਰੇ ਇਕ ਅਧਿਐਨ ਕਰਦੇ ਹੋਏ ਪੁੱਛਿਆ:
''ਕੀ ਤੁਸੀਂ ਆਪਣੇ ਭਵਿੱਖ ਲਈ ਕੋਈ ਸਪਸ਼ਟ ਉਦੇਸ਼ ਮਿੱਥੇ ਹੋਏ ਹਨ''?
ਸਿਰਫ ਡੇਢ ਪ੍ਰਤੀਸ਼ਤ ਨੇ ਆਪਣੇ ਉਦੇਸ਼ਾਂ ਨੂੰ ਸਪਸ਼ਟ ਤੌਰ 'ਤੇ ਲਿਖ ਕੇ ਰੱਖਿਆ ਹੋਇਆ ਸੀ। ਇਹਨਾਂ ਵਿਚ ਬਹੁਤ ਘੱਟ ਨੇ ਸਮਾਂਬੱਧ ਯੋਜਨਾਵਾਂ ਬਣਾਈਆਂ ਹੋਈਆਂ ਸਨ। 15 ਫੀਸਦੀ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਮਨ ਵਿਚ ਕੁਝ ਟੀਚੇ ਬਣਾਏ ਹਨ ਪਰ ਲਿਖਤੀ ਰੂਪ ਵਿਚ ਨਹੀਂ ਲਿਖੇ। 85 ਫੀਸਦੀ ਵਿਦਿਆਰਥੀਆਂ ਕੋਲ ਸਪਸ਼ਟ ਉਦੇਸ਼ ਨਹੀਂ ਸੀ। ਉਹਨਾਂ ਦਾ ਜਵਾਬ ਸੀ ''ਡਿਗਰੀ ਤੋਂ ਬਾਅਦ ਵੇਖਾਂਗੇ ਕੀ ਕਰਨਾ ਹੈ?''
ਪਿਆਰੇ ਪਾਠਕੋ, ਸਫਲਤਾ ਲਈ ਸਪਸ਼ਟ ਉਦੇਸ਼ ਨੂੰ ਮਿੱਥਣਾ ਬਹੁਤ ਜ਼ਰੂਰੀ ਹੈ। ਨਕਸ਼ੇ ਤੋਂ ਬਿਨਾਂ ਇਮਾਰਤ ਨਹੀਂ ਬਣ ਸਕਦੀ। ਜੇਕਰ ਤੁਹਾਨੂੰ ਇਹ ਨਾ ਪਤਾ ਹੋਵੇ ਤੁਸੀਂ ਕਿੱਥੇ ਪਹੁੰਚਣਾ ਹੈ ਤਾਂ ਜਿੰਨਾ ਚਿਰ ਮਰਜ਼ੀ ਸੜਕਾਂ ਤੇ ਚੱਕਰ ਲਗਾਉਂਦੇ ਰਹੋ ਪਰ ਮੰਜ਼ਿਲ ਤੇ ਨਹੀਂ ਪਹੁੰਚ ਸਕੋਗੇ। ਜੇਕਰ ਸੜਕ 'ਤੇ ਸਾਈਨ ਬੋਰਡ ਹੋਵੇਗਾ ਅਤੇ ਘਰ ਦਾ ਨੰਬਰ ਤੁਹਾਨੂੰ ਯਾਦ ਹੋਵੇਗਾ ਤਾਂ ਹੀ ਤੁਸੀਂ ਪਹੁੰਚ ਸਕੋਗੇ। ਬਿਨਾਂ ਨਕਸ਼ਾ, ਬਿਨਾਂ ਨੰਬਰ ਯਾਦ ਕੀਤੇ ਦੁਨੀਆਂ ਸਫਰ ਕਰ ਰਹੀ ਹੈ ਪਰ ਪਹੁੰਚੇਗੀ ਕਿੱਥੇ।
ਉਦੇਸ਼ ਦੀ ਸਪਸ਼ਟਤਾ ਨੂੰ ਸਮਝਣ ਲਈ ਚੁਟਕਲਾ ਸੁਣੋ। ਇਕ ਬੰਦੇ ਨੇ ਆਪਣਾ ਟੀਚਾ ਬਣਾਇਆ ਕਿ ਮੇਰੇ ਅੱਗੇ ਪਿੱਛੇ ਕਾਰਾਂ ਹੀ ਕਾਰਾਂ ਹੋਣ। ਉਸਦਾ ਟੀਚਾ ਪੂਰਾ ਹੋਇਆ, ਉਹ ਟਰੈਫਿਕ ਪੁਲਿਸ ਵਿਚ ਸਿਪਾਹੀ ਬਣ ਗਿਆ। ਜੇਕਰ ਉਸਨੇ ਸਪਸ਼ਟ ਉਦੇਸ਼ ਮਿੱਥਿਆ ਹੁੰਦਾ ਤਾਂ ਉਸਨੇ ਲਿਖਣਾ ਸੀ ਕਿ ਮੈਂ 35 ਵਰ੍ਹਿਆਂ ਦੀ ਉਮਰ ਵਿਚ ਬੀ. ਐਮ. ਡਬਲਿਊ ਦਾ ਮਾਲਕ ਹੋਵਾਂਗਾ। ਤਾਂ ਉਸਨੇ ਆਪਣੀ ਮੰਜ਼ਿਲ ਪ੍ਰਾਪਤ ਕਰਨ ਲਈ ਸਮਾਂਬੱਧ, ਯੋਜਨਾਬੱਧ ਤਰੀਕੇ ਨਾਲ ਮਿਹਨਤ ਕਰਨੀ ਸ਼ੁਰੂ ਕਰਨੀ ਸੀ ਅਤੇ ਜਦੋਂ ਉਸਦੀ ਇੱਛਾ ਤੀਬਰ ਇੱਛਾ ਬਣ ਜਾਂਦੀ ਤਾਂ ਕੁਦਰਤ ਨੇ ਆਪਣੇ ਆਪ ਉਸਦਾ ਸਾਥ ਦੇਣਾ ਸੀ।
ਹਰ ਵਿਅਕਤੀ ਅੰਦਰ ਸੰਭਾਵਨਾਵਾਂ ਦਾ ਭੰਡਾਰ ਹੁੰਦਾ ਹੈ। ਤੁਸੀਂ ਜੋ ਸੋਚ ਸਕਦੇ ਹੋ, ਉਸਨੂੰ ਪਾ ਸਕਦੇ ਹੋ। ਹਰ ਸੁਪਨਾ ਪੂਰਾ ਕਰਨ ਦੀ ਸਮਰੱਥਾ ਤੁਹਾਡੇ ਵਿਚ ਹੈ। ਬੱਸ ਬੈਠੋ, ਸੋਚੋ, ਤੁਸੀਂ ਕੀ ਚਾਹੁੰਦੇ ਹੋ ਜ਼ਿੰਦਗੀ ਵਿਚ।
ਤੁਹਾਡਾ ਉਦੇਸ਼ ਕੀ ਹੈ? ਸਪਸ਼ਟ ਸ਼ਬਦਾਂ ਵਿਚ ਲਿਖੋ।
ਆਪਣੀ ਇੱਛਾ ਨੂੰ ਤੀਬਰ ਇੱਛਾ ਵਿਚ ਤਬਦੀਲ ਕਰੋ।
ਸਵੇਰੇ ਉਠਣ ਸਾਰ ਸਭ ਤੋਂ ਪਹਿਲਾਂ ਆਪਣੇ ਸੁਪਨੇ ਨੂੰ ਸਾਕਾਰ ਹੁੰਦਾ ਵੇਖੋ।
ਸਮਾਂਬੱਧ ਯੋਜਨਾ ਬਣਾਓ।
ਸਵੈਪ੍ਰੇਰਿਤ ਵਿਚਾਰ ਮਨ ਵਿਚ ਲਿਆਓ। ਆਖੋ ਮੈਂ ਕਰ ਸਕਦਾ ਹਾਂ। ਹਮੇਸ਼ਾ ਸਕਾਰਾਤਮਕ ਖਿਆਲ ਮਨ ਵਿਚ ਲਿਆਓ, ਦ੍ਰਿੜ੍ਹ ਇਰਾਦੇ ਨਾਲ ਜੁਟ ਜਾਓ। ਮੰਜ਼ਿਲ ਤੁਹਾਡੇ ਪੈਰਾਂ ਵਿਚ ਹੋਵੇਗੀ। ਯਕੀਨ ਰੱਖੋ ਜੋ ਤੁਰਦੇ ਹਨ, ਉਹੀ ਪੁੱਜਦੇ ਹਨ।
‘ਇਮਊਨ ਸਿਸਟਮ’ ਠੀਕ ਹੋਣ ’ਤੇ ਦੂਰ ਹੁੰਦੀਆਂ ਹਨ ਕਈ ਬੀਮਾਰੀਆਂ
NEXT STORY