ਨਵੀਂ ਦਿੱਲੀ— ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਆਪਣੇ 2 ਕੇਂਦਰੀ ਮੰਤਰੀਆਂ ਵਲੋਂ ਅਸਤੀਫੇ ਦੇਣ ਪਿੱਛੋਂ ਰਾਜਗ ਨੂੰ ਛੱਡਣ ਦੀ ਬਿਲਕੁਲ ਤਿਆਰੀ 'ਚ ਸਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਫੋਨ ਕਰ ਕੇ ਫਿਲਹਾਲ ਰਾਜਗ ਨੂੰ ਛੱਡਣ ਤੋਂ ਰੋਕ ਦਿੱਤਾ। ਮੋਦੀ ਦਾ ਫੋਨ ਆਉਣ ਪਿੱਛੋਂ ਨਾਇਡੂ ਨੇ ਰਾਜਗ ਨੂੰ ਛੱਡਣ ਦਾ ਇਰਾਦਾ ਤਿਆਗ ਦਿੱਤਾ। ਮੋਦੀ ਨੇ ਨਾਇਡੂ ਨੂੰ ਫੋਨ ਕਰ ਕੇ ਕਿਹਾ ਕਿ ਉਹ ਤ੍ਰਿਪੁਰਾ ਦੇ ਨਵੇਂ ਮੁੱਖ ਮੰਤਰੀ ਦੇ ਸਹੁੰ-ਚੁੱਕ ਸਮਾਰੋਹ 'ਚ ਸ਼ਾਮਲ ਹੋਣ ਲਈ ਆਉਣ। ਜਦੋਂ ਨਾਇਡੂ ਨੇ ਇਸ ਸਬੰਧੀ ਆਪਣੀ ਅਸਮਰੱਥਾ ਪ੍ਰਗਟ ਕੀਤੀ ਤਾਂ ਮੋਦੀ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਮੰਤਰੀਆਂ ਦੇ ਅਸਤੀਫਿਆਂ ਸਬੰਧੀ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ। ਨਾਇਡੂ ਨੇ ਇਸ 'ਤੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਮੈਂ 4 ਸਾਲ ਤਕ ਠਰ੍ਹੰਮਾ ਰੱਖਿਆ ਅਤੇ ਉਮੀਦ ਲਾਈ ਰੱਖੀ ਕਿ ਆਂਧਰਾ ਪ੍ਰਦੇਸ਼ ਦੇ ਪੁਨਰ-ਗਠਨ ਐਕਟ ਮੁਤਾਬਕ ਕੀਤੇ ਵਾਅਦਿਆਂ ਦੀ ਪੂਰਤੀ ਹੋ ਜਾਏਗੀ ਪਰ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ। ਹੁਣ ਮੈਂ ਅਸਤੀਫਿਆਂ ਸਬੰਧੀ ਆਪਣਾ ਫੈਸਲਾ ਵਾਪਸ ਨਹੀਂ ਲੈ ਸਕਦਾ। ਉਨ੍ਹਾਂ ਮੋਦੀ ਨੂੰ ਕਿਹਾ ਕਿ ਜੇ ਉਹ ਸੂਬੇ ਲਈ ਕੁਝ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਕੋਲ ਅਜੇ ਵੀ ਮੌਕਾ ਹੈ। ਮੋਦੀ ਨੇ ਭਰੋਸਾ ਦਿੱਤਾ ਕਿ ਜ਼ਰੂਰ ਕੁਝ ਕੀਤਾ ਜਾਵੇਗਾ। ਇਸ ਪਿੱਛੋਂ ਨਾਇਡੂ ਨੇ ਆਪਣੇ 2 ਮੰਤਰੀਆਂ ਦੇ ਅਸਤੀਫਿਆਂ ਤਕ ਹੀ ਸੀਮਤ ਰਹਿਣ ਦਾ ਫੈਸਲਾ ਕੀਤਾ। ਨਾਇਡੂ ਨੇ ਆਪਣੀ ਤੇਲਗੂ ਦੇਸ਼ਮ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ ਅਤੇ ਸਰਕਾਰ ਤੋਂ ਅਸਤੀਫਾ ਦੇ ਚੁੱਕੇ ਦੋਹਾਂ ਮੰਤਰੀਆਂ ਨੂੰ ਕਿਹਾ ਕਿ ਉਹ ਭਾਜਪਾ ਵਿਰੁੱਧ ਇਕ ਵੀ ਸ਼ਬਦ ਨਾ ਬੋਲਣ। ਮੋਦੀ ਸਰਕਾਰ ਵਿਰੁੱਧ ਵੀ ਕੋਈ ਬਿਆਨਬਾਜ਼ੀ ਨਾ ਕੀਤੀ ਜਾਵੇ। ਤੇਲਗੂ ਦੇਸ਼ਮ ਪਾਰਟੀ ਦੇ ਦੋਹਾਂ ਮੈਂਬਰਾਂ ਨੇ ਆਪਣੇ ਅਸਤੀਫੇ ਦੇਣ ਪਿੱਛੋਂ ਮੀਡੀਆ ਸਾਹਮਣੇ ਨਪੀ-ਤੁਲੀ ਭਾਸ਼ਾ ਦੀ ਵਰਤੋਂ ਕੀਤੀ। ਉਨ੍ਹਾਂ ਆਪਣੇ ਅਸਤੀਫਿਆਂ ਨੂੰ 'ਹਾਲਾਤ ਮੁਤਾਬਕ ਤਲਾਕ' ਦੱਸਿਆ। ਇਸ ਤੋਂ ਵੱਧ ਹੋਰ ਕੋਈ ਗੱਲ ਉਨ੍ਹਾਂ ਨਹੀਂ ਕੀਤੀ। ਅਸਲ 'ਚ ਪ੍ਰਧਾਨ ਮੰਤਰੀ ਨੂੰ ਕੋਈ ਸਿਆਸੀ ਫੈਸਲਾ ਲੈ ਕੇ ਨਾਇਡੂ ਨੂੰ ਕੁਝ ਰਾਹਤ ਦੇਣੀ ਪਵੇਗੀ। ਪਤਾ ਲੱਗਾ ਹੈ ਕਿ ਮੋਦੀ ਅਤੇ ਅਮਿਤ ਸ਼ਾਹ ਨੇ ਬੁੱਧਵਾਰ ਰਾਤ ਆਂਧਰਾ 'ਚ ਵਾਪਰੀਆਂ ਸਿਆਸੀ ਘਟਨਾਵਾਂ ਸਬੰਧੀ ਡੂੰਘਾਈ ਨਾਲ ਸੋਚ-ਵਿਚਾਰ ਕੀਤੀ। ਸ਼ਾਹ ਇਕ ਸਖਤ ਵਿਚਾਰਾਂ ਵਾਲੇ ਆਗੂ ਹਨ ਅਤੇ ਉਹ ਨਹੀਂ ਚਾਹੁੰਦੇ ਕਿ ਭਾਜਪਾ ਆਪਣੇ ਆਲੇ-ਦੁਆਲੇ ਖੇਤਰੀ ਪਾਰਟੀਆਂ ਦਾ ਝੁਰਮਟ ਬਣਾਈ ਰੱਖੇ। ਆਂਧਰਾ ਪ੍ਰਦੇਸ਼ ਦੀ ਸਥਾਨਕ ਭਾਜਪਾ ਇਕਾਈ ਵੀ ਨਾਇਡੂ ਦੇ ਸਖਤ ਵਿਰੁੱਧ ਹੈ ਅਤੇ ਉਹ ਤਾਂ ਸ਼ੁਰੂ ਤੋਂ ਹੀ ਤੇਲਗੂ ਦੇਸ਼ਮ ਪਾਰਟੀ ਨਾਲ ਸਬੰਧ ਨਾ ਬਣਾਉਣ ਦੇ ਹੱਕ 'ਚ ਸੀ। ਭਾਜਪਾ ਨੂੰ ਵਾਈ. ਐੱਸ. ਆਰ. ਕਾਂਗਰਸ ਕੋਲੋਂ ਕੁਝ ਫੀਲਰਜ਼ ਮਿਲੇ ਹਨ ਪਰ ਉਹ ਚੋਣਾਂ ਤੋਂ ਪਹਿਲਾਂ ਉਸ ਨਾਲ ਚੋਣ ਗੱਠਜੋੜ ਨਹੀਂ ਕਰ ਸਕਦੇ।
ਸ਼੍ਰੀਨਗਰ 'ਚ ਪੁਲਸ ਸਟੇਸ਼ਨ 'ਤੇ ਅੱਤਵਾਦੀ ਹਮਲਾ, 2 ਪੁਲਸ ਕਰਮਚਾਰੀ ਜ਼ਖਮੀ
NEXT STORY