ਜਲੰਧਰ— ਪਿੰਡ ਪਹਾੜਪੁਰ ਮਾਦਾ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਇਸ ਦੇ ਬਹੁਤਿਆਂ ਘਰਾਂ ਦੇ ਦਰਵਾਜ਼ੇ ਪਾਕਿਸਤਾਨ ਦੀ ਸਰਹੱਦ ਵੱਲ ਖੁੱਲ੍ਹਦੇ ਹਨ। ਜਦੋਂ ਸ਼ਾਮ ਨੂੰ ਸੂਰਜ ਢਲਦਾ ਹੈ ਤਾਂ ਪਾਕਿਸਤਾਨੀ ਸੈਨਿਕਾਂ ਦੀਆਂ ਬੰਦੂਕਾਂ ਦੇ ਪਰਛਾਵੇਂ ਪਹਾੜਪੁਰ ਦੀਆਂ ਕੰਧਾਂ ਤੱਕ ਪਹੁੰਚ ਜਾਂਦੇ ਹਨ। ਪਿੰਡ ਦੁਆਲੇ ਕੋਈ ਸੁਰੱਖਿਆ ਘੇਰਾ ਵੀ ਨਹੀਂ ਹੈ ਅਤੇ ਨਾ ਕੋਈ ਦੀਵਾਰ ਜਾਂ ਹੋਰ ਓਟ-ਆਸਰਾ, ਜਿਸ ਦੇ ਸਹਾਰੇ ਲੋਕ ਸੁਰੱਖਿਅਤ ਮਹਿਸੂਸ ਕਰ ਸਕਣ। ਲੋਕ ਆਪਣੀ ਜਾਨ ਬਚਾਉਣ ਲਈ ਖੁਦ ਹੀ ਚੌਕਸੀ ਵਰਤਦੇ ਹਨ ਅਤੇ ਸੁਰੱਖਿਆ ਦੇ ਪ੍ਰਬੰਧ ਵੀ ਕਰਦੇ ਹਨ, ਇਸ ਦੇ ਬਾਵਜੂਦ ਕੋਈ ਨਾ ਕੋਈ ਘਟਨਾ ਵਾਪਰ ਜਾਂਦੀ ਹੈ। ਕੋਈ ਮਹੀਨਾ ਜਾਂ ਸਾਲ ਅਜਿਹਾ ਨਹੀਂ ਗੁਜ਼ਰਦਾ, ਜਦੋਂ ਪਾਕਿਸਤਾਨ ਵੱਲੋਂ ਇਸ ਖੇਤਰ ਵੱਲ ਫਾਇਰਿੰਗ ਨਾ ਕੀਤੀ ਜਾਂਦੀ ਹੋਵੇ। ਇਹ ਪਿੰਡ ਜੰਮੂ-ਕਸ਼ਮੀਰ ਦੇ ਹੀਰਾ ਨਗਰ ਸੈਕਟਰ ਨਾਲ ਸਬੰਧਤ ਹੈ, ਜਿਸ ਦੇ ਬਿਲਕੁਲ ਨਾਲੋਂ ਦੀ ਪੰਜਾਬ ਦੀ ਹੱਦ ਲੰਘਦੀ ਹੈ ਅਤੇ 100-200 ਮੀਟਰ 'ਤੇ ਪਾਕਿਸਤਾਨ ਵਾਲੀ ਸਰਹੱਦ ਹੈ। ਇਸ ਪਿੰਡ ਦਾ ਖੇਤੀਬਾੜੀ ਵਾਲਾ ਬਹੁਤਾ ਰਕਬਾ ਤਾਰ-ਵਾੜ ਦੇ ਆਰ-ਪਾਰ ਹੀ ਹੈ, ਜਿਸ ਕਾਰਨ ਕਿਸਾਨਾਂ ਲਈ ਖੇਤੀਬਾੜੀ ਦਾ ਕੰਮ ਮੌਤ ਨਾਲ ਮੱਥਾ ਲਾਉਣ ਦੇ ਬਰਾਬਰ ਹੈ। ਕਦੀ ਇਹ ਇਲਾਕਾ ਬਾਸਮਤੀ ਅਤੇ ਗੰਨੇ ਦੀ ਖੇਤੀ ਲਈ ਪ੍ਰਸਿੱਧ ਹੁੰਦਾ ਸੀ ਪਰ ਹੁਣ ਸਰਹੱਦੀ ਜ਼ਮੀਨਾਂ 'ਚ ਗੰਨਾ, ਮੱਕੀ, ਚਰ੍ਹੀ ਵਰਗੀਆਂ ਉੱਚੇ ਕੱਦ ਵਾਲੀਆਂ ਫਸਲਾਂ ਬੀਜਣ ਦੀ ਮਨਾਹੀ ਹੈ, ਕਿਉਂਕਿ ਉੱਚੀਆਂ ਫਸਲਾਂ ਕਾਰਣ ਘੁਸਪੈਠ ਦਾ ਖ਼ਤਰਾ ਹੋ ਸਕਦਾ ਹੈ। ਅਜਿਹੀਆਂ ਪਾਬੰਦੀਆਂ ਅਤੇ ਪਾਕਿਸਤਾਨ ਵੱਲੋਂ ਕੀਤੀ ਜਾਂਦੀ ਗੜਬੜ ਕਾਰਣ ਖੇਤੀਬਾੜੀ ਦਾ ਕੰਮ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ।
ਪੰਜਾਬ ਕੇਸਰੀ ਪੱਤਰ ਸਮੂਹ ਦੀ ਵਿਸ਼ੇਸ਼ ਰਾਹਤ ਮੁਹਿੰਮ ਅਧੀਨ ਇਸ ਖੇਤਰ ਦੇ ਸਰਹੱਦੀ ਪਰਿਵਾਰਾਂ ਨੂੰ ਪਹਾੜਪੁਰ ਮਾਦਾ ਪਿੰਡ 'ਚ 530ਵੇਂ ਟਰੱਕ ਦੀ ਰਾਹਤ ਸਮੱਗਰੀ ਵੰਡੀ ਗਈ। ਇਸ ਮੌਕੇ 'ਤੇ ਪਿੰਡ ਕੋਟ ਪੁੰਨੂੰ ਦੇ ਸਰਪੰਚ ਵਿਜੇ ਸ਼ਰਮਾ ਦੀ ਦੇਖ-ਰੇਖ ਹੇਠ 300 ਦੇ ਕਰੀਬ ਲੋਕਾਂ ਨੂੰ ਆਟਾ ਅਤੇ ਰਜਾਈਆਂ ਦੀ ਵੰਡ ਕੀਤੀ ਗਈ। ਇਹ ਸਮੱਗਰੀ 'ਸੰਕਲਪ' ਮਹਿਲਾ ਸੇਵਾ ਸੋਸਾਇਟੀ ਲੁਧਿਆਣਾ ਵੱਲੋਂ ਪ੍ਰਧਾਨ ਸ਼੍ਰੀਮਤੀ ਕੁਲਦੀਪ ਕੌਰ ਅਤੇ ਹੋਰ ਮੈਂਬਰਾਂ ਦੇ ਸਹਿਯੋਗ ਨਾਲ ਭਿਜਵਾਈ ਗਈ ਸੀ। ਰਾਹਤ ਵੰਡ ਆਯੋਜਨ ਨੂੰ ਸਬੰਧੋਨ ਕਰਦਿਆਂ 'ਸੰਕਲਪ' ਦੀ ਪ੍ਰਧਾਨ ਸ਼੍ਰੀਮਤੀ ਕੁਲਦੀਪ ਕੌਰ ਨੇ ਕਿਹਾ ਕਿ ਪ੍ਰਮਾਤਮਾ ਕਰੇ ਕਿਸੇ ਵੀ ਸੁਆਣੀ ਦਾ ਚੁੱਲ੍ਹਾ-ਚੌਕਾ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਹੈ ਅਤੇ ਸਭ ਨੂੰ ਘੱਟੋ-ਘੱਟ ਦੋ ਵੇਲਿਆਂ ਦੀ ਰੋਟੀ ਜ਼ਰੂਰ ਨਸੀਬ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ ਮੁਹਿੰਮ ਚਲਾਉਣ ਪਿੱਛੇ ਸ਼੍ਰੀ ਵਿਜੇ ਚੋਪੜਾ ਜੀ ਦਾ ਵੀ ਇਹੀ ਮਨੋਰਥ ਹੈ ਕਿ ਮੁਸੀਬਤਾਂ ਦੇ ਸ਼ਿਕਾਰ ਲੋਕਾਂ ਦਾ ਚੁੱਲ੍ਹਾ ਬਲਦਾ ਰੱਖਿਆ ਜਾਵੇ। ਸ਼੍ਰੀਮਤੀ ਕੁਲਦੀਪ ਕੌਰ ਨੇ ਕਿਹਾ ਕਿ ਜਿਹੜੇ ਲੋਕ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਅਤੇ ਮੌਤ ਦੀ ਪਰਵਾਹ ਨਾ ਕਰਦਿਆਂ ਵੀ ਦੁਸ਼ਮਣ ਦੇ ਸਾਹਮਣੇ ਨਿਧੜਕ ਹੋ ਕੇ ਬੈਠੇ ਹਨ, ਉਨ੍ਹਾਂ ਦੀ ਸੇਵਾ-ਸਹਾਇਤਾ ਲਈ ਸਾਰੇ ਦੇਸ਼ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸਲ 'ਚ ਤਾਂ ਕਿਸੇ ਵੀ ਆਫਤ ਦੇ ਸ਼ਿਕਾਰ ਲੋਕਾਂ ਦੀ ਮਦਦ ਕਰਨਾ ਸਰਕਾਰ ਦਾ ਫਰਜ਼ ਹੁੰਦਾ ਹੈ ਪਰ ਅੱਜ ਸਾਡੇ ਸੱਤਾਧਾਰੀ ਨੇਤਾ ਭੁੱਖ-ਗਰੀਬੀ ਅਤੇ ਹੋਰ ਕਾਰਨਾਂ ਕਰਕੇ ਬਰਬਾਦ ਹੋਣ ਵਾਲੇ ਲੋਕਾਂ ਦੀ ਬਜਾਏ ਆਪਣੀ ਕੁਰਸੀ ਦੀ ਜ਼ਿਆਦਾ ਪਰਵਾਹ ਕਰਦੇ ਹਨ। ਇਸ ਲਈ ਅਜਿਹਾ ਲੋਕ-ਭਲਾਈ ਦਾ ਕੰਮ ਸ਼੍ਰੀ ਵਿਜੇ ਚੋਪੜਾ ਜੀ ਵਰਗੇ ਇਨਸਾਨਾਂ ਨੂੰ ਸੰਭਾਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਵੀ ਇਸ ਰਾਹਤ-ਮੁਹਿੰਮ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਣਗੇ।
ਪਹਾੜਪੁਰ ਮਾਦਾ ਦੇ ਸਰਪੰਚ ਸ਼੍ਰੀ ਸੋਹਣ ਲਾਲ ਨੇ ਰਾਹਤ ਸਮੱਗਰੀ ਭਿਜਵਾਉਣ ਲਈ ਸ਼੍ਰੀਮਤੀ ਕੁਲਦੀਪ ਕੌਰ ਅਤੇ ਹੋਰ ਪੰਜਾਬ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਹੱਦੀ ਲੋਕਾਂ ਦੀ ਆਰਥਿਕ ਹਾਲਤ ਇਸ ਕਾਰਣ ਬਹੁਤ ਮਾੜੀ ਹੋ ਗਈ ਹੈ ਕਿਉਂਕਿ ਉਹ ਆਪਣੇ ਕੰਮ-ਧੰਦੇ ਆਮ ਵਾਂਗ ਨਹੀਂ ਕਰ ਸਕਦੇ। ਇਥੇ ਹਰ ਵੇਲੇ ਗੋਲੀਬਾਰੀ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਅਕਸਰ ਦੂਜੇ-ਚੌਥੇ ਦਿਨ ਕਿਸੇ ਨਾ ਕਿਸੇ ਖੇਤਰ 'ਤੇ ਫਾਇਰਿੰਗ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਪਰਿਵਾਰਾਂ ਲਈ ਸਰਕਾਰ ਨੂੰ ਕੋਈ ਵਿਸ਼ੇਸ਼ ਨੀਤੀ ਬਣਾਉਣੀ ਚਾਹੀਦੀ ਹੈ।
21ਵੇਂ ਸਾਲ 'ਚ ਪ੍ਰਵੇਸ਼ ਕਰ ਗਈ ਰਾਹਤ ਮੁਹਿੰਮ : ਵਰਿੰਦਰ ਸ਼ਰਮਾ
ਰਾਹਤ ਮੁਹਿੰਮ ਦੇ ਮੁਖੀ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 2 ਅਕਤੂਬਰ 1999 ਨੂੰ ਸ਼੍ਰੀ ਵਿਜੇ ਚੋਪੜਾ ਜੀ ਦੀ ਸਰਪ੍ਰਸਤੀ ਹੇਠ ਸ਼ੁਰੂ ਹੋਈ ਸੇਵਾ ਦੀ ਇਹ ਅਣਥੱਕ ਮੁਹਿੰਮ ਹੁਣ 21ਵੇਂ ਸਾਲ 'ਚ ਦਾਖਲ ਹੋ ਗਈ ਹੈ। ਇਸ ਸਮੇਂ ਦੌਰਾਨ ਜੰਮੂ-ਕਸ਼ਮੀਰ ਅਤੇ ਪੰਜਾਬ ਆਦਿ ਨਾਲ ਸਬੰਧਤ ਅੱਤਵਾਦ ਪੀੜਤਾਂ, ਸਰਹੱਦੀ ਖੇਤਰਾਂ 'ਚੋਂ ਪਲਾਇਨ ਕਰਨ ਵਾਲਿਆਂ ਅਤੇ ਗੋਲੀਬਾਰੀ ਦੇ ਸ਼ਿਕਾਰ ਲੋਕਾਂ ਨੂੰ 12 ਕਰੋੜ ਦੇ ਕਰੀਬ ਦੀ ਸਮੱਗਰੀ ਵੰਡੀ ਜਾ ਚੁੱਕੀ ਹੈ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਸਰਹੱਦੀ ਲੋਕਾਂ ਦੇ ਸਿਰ 'ਤੇ ਹਰ ਵੇਲੇ ਖ਼ਤਰੇ ਦੀ ਤਲਵਾਰ ਲਟਕਦੀ ਰਹਿੰਦੀ ਹੈ। ਗੋਲੀਬਾਰੀ ਕਾਰਣ ਲੋਕ ਬੇਰੋਜ਼ਗਾਰੀ ਦੇ ਸ਼ਿਕਾਰ ਹੋ ਜਾਂਦੇ ਹਨ। ਅੱਜ ਦੇ ਮਹਿੰਗਾਈ ਦੇ ਯੁੱਗ ਵਿਚ ਲੋੜੀਂਦੀ ਆਮਦਨ ਤੋਂ ਬਗੈਰ ਘਰ ਦਾ ਗੁਜ਼ਾਰਾ ਚਲਾਉਣਾ ਇਨ੍ਹਾਂ ਪਰਿਵਾਰਾਂ ਲਈ ਮੁਸ਼ਕਲ ਹੋ ਜਾਂਦਾ ਹੈ। ਇਸ ਸਥਿਤੀ ਨੂੰ ਧਿਆਨ 'ਚ ਰੱਖਦਿਆਂ ਹੀ ਇਹ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਸ਼੍ਰੀ ਸ਼ਰਮਾ ਨੇ ਕਿਹਾ ਕਿ ਜਦੋਂ ਤਕ ਪਾਕਿਸਤਾਨ ਆਪਣੀਆਂ ਘਟੀਆ ਕਰਤੂਤਾਂ ਤੋਂ ਬਾਜ਼ ਨਹੀਂ ਆ ਜਾਂਦਾ, ਉਦੋਂ ਤਕ ਲੋੜਵੰਦਾਂ ਨੂੰ ਰਾਹਤ ਭਿਜਵਾਉਣ ਦਾ ਸਿਲਸਿਲਾ ਜਾਰੀ ਰੱਖਿਆ ਜਾਵੇਗਾ।
ਇਲਾਕੇ ਦੇ ਸਮਾਜ ਸੇਵੀ ਸ਼੍ਰੀ ਅਮਿਤ ਕੁਮਾਰ ਨੇ ਕਿਹਾ ਕਿ ਪੰਜਾਬ ਕੇਸਰੀ ਪਰਿਵਾਰ ਦੀ ਦੇਸ਼-ਸੇਵਾ ਪ੍ਰਤੀ ਬਹੁਤ ਮਹਾਨ ਘਾਲਣਾ ਹੈ। ਪਰਿਵਾਰ ਨੇ ਅੱਤਵਾਦ ਵਿਰੁੱਧ ਲੜਾਈ ਲੜਦਿਆਂ ਕੁਰਬਾਨੀਆਂ ਦਿੱਤੀਆਂ, ਕਲਮ ਨਾਲ ਵੀ ਦੇਸ਼ ਦੀ ਸੇਵਾ ਕੀਤੀ ਅਤੇ ਬੁਰਾਈਆਂ ਵਿਰੁੱਧ ਵੀ ਆਵਾਜ਼ ਉਠਾਈ। ਉਨ੍ਹਾਂ ਕਿਹਾ ਕਿ ਇਸ ਤੋਂ ਅਗਲਾ ਕਦਮ ਚੁੱਕਦਿਆਂ ਗਰੁੱਪ ਨੇ ਪੀੜਤ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਅਤੇ ਕਰੋੜਾਂ ਰੁਪਏ ਦਾ ਇਸ ਮਕਸਦ ਲਈ ਪ੍ਰਬੰਧ ਕੀਤਾ।
ਦੋ-ਵੇਲਿਆਂ ਦੀ ਰੋਟੀ ਵੱਡਾ ਮਸਲਾ ਬਣ ਗਈ : ਵਿਜੇ ਸ਼ਰਮਾ
ਰਾਹਤ ਵੰਡ ਆਯੋਜਨ ਦੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਪਿੰਡ ਕੋਟ-ਪੁੰਨੂੰ ਦੇ ਸਰਪੰਚ ਸ਼੍ਰੀ ਵਿਜੇ ਸ਼ਰਮਾ ਨੇ ਕਿਹਾ ਕਿ ਸਰਹੱਦੀ ਪਰਿਵਾਰਾਂ ਲਈ ਦੋ ਵੇਲਿਆਂ ਦੀ ਰੋਟੀ ਹੀ ਸਭ ਤੋਂ ਵੱਡਾ ਮਸਲਾ ਬਣ ਗਈ ਹੈ। ਕਈ ਵਾਰ ਸਵੇਰ ਦੀ ਰੋਟੀ ਘਰ ਵਿਚ ਖਾਣ ਤੋਂ ਬਾਅਦ ਪਤਾ ਨਹੀਂ ਹੁੰਦਾ ਕਿ ਸ਼ਾਮ ਨੂੰ ਕਿੱਥੇ ਖਾਣੀ ਹੈ। ਗੋਲੀਬਾਰੀ ਕਾਰਣ ਆਪਣੇ ਪਰਿਵਾਰਾਂ ਨੂੰ ਲੈ ਕੇ ਸੁਰੱਖਿਅਤ ਟਿਕਾਣਿਆਂ ਲਈ ਦੌੜਣਾ ਪੈਂਦਾ ਹੈ।ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਦੇ ਬਹੁਤੇ ਪਿੰਡ ਪਾਕਿਸਤਾਨੀ ਗੋਲੀਬਾਰੀ ਦੀ ਮਾਰ ਹੇਠ ਰਹਿੰਦੇ ਹਨ। ਸ਼੍ਰੀ ਸ਼ਰਮਾ ਨੇ ਕਿਹਾ ਕਿ ਜਦੋਂ ਤਕ ਪਾਕਿਸਤਾਨ ਨੂੰ ਸੁਮੱਤ ਨਹੀਂ ਆ ਜਾਂਦੀ, ਉਦੋਂ ਤਕ ਸਰਹੱਦੀ ਲੋਕਾਂ ਦਾ ਸੁਖ-ਸ਼ਾਂਤੀ ਨਾਲ ਆਪਣੇ ਘਰਾਂ 'ਚ ਵੱਸ ਸਕਣਾ ਬਹੁਤ ਮੁਸ਼ਕਲ ਹੈ। ਉਨ੍ਹਾਂ ਨੇ ਸਮੱਗਰੀ ਭਿਜਵਾਉਣ ਵਾਲਿਆਂ ਪ੍ਰਤੀ ਧੰਨਵਾਦ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ 'ਤੇ ਲਾਲਾ ਜਗਤ ਨਾਰਾਇਣ ਧਰਮਸ਼ਾਲਾ ਚਿੰਤਪੂਰਨੀ ਦੇ ਪ੍ਰਧਾਨ ਐੱਮ. ਡੀ. ਸੱਭਰਵਾਲ, ਪ੍ਰਦੀਪ ਕੁਮਾਰ, ਵਿਨੋਦ ਕੁਮਾਰ, ਲੁਧਿਆਣਾ ਤੋਂ ਸ. ਅਵਤਾਰ ਸਿੰਘ, ਪਾਰਸ, ਰਿਸ਼ਿਮਾ, ਮੰਡੀ ਗੋਬਿੰਦਗੜ੍ਹ ਤੋਂ ਜਗ ਬਾਣੀ ਦੇ ਪ੍ਰਤੀਨਿਧੀ ਸ਼੍ਰੀ ਇੰਦਰਜੀਤ ਮੱਗੋ, ਰਣਧੀਰ ਸਿੰਘ ਬਾਗੜੀਆ, ਸੁਭਾਸ਼ ਵਰਮਾ, ਰਣਧੀਰ ਸਿੰਘ ਪੱਪੀ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ।
'ਪੰਜਾਬ ਦੀਆਂ ਜੇਲਾਂ' ਦੀ ਸੁਰੱਖਿਆ ਸੀ. ਆਰ. ਪੀ. ਐੱਫ. ਦੇ ਜਵਾਨਾਂ ਹੱਥ
NEXT STORY