ਉਂਝ ਤਾਂ ਅਸ਼ਾਂਤ ਅਫਗਾਨਿਸਤਾਨ ਵਿਚ ਅੱਤਵਾਦੀ ਹਮਲੇ ਹੋਣਾ ਕੋਈ ਨਵੀਂ ਗੱਲ ਨਹੀਂ ਪਰ ਪਿਛਲੇ ਦਿਨੀਂ ਇਥੇ ਘੱਟਗਿਣਤੀ ਹਿੰਦੂਆਂ ਅਤੇ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਅੱਤਵਾਦੀ ਹਮਲੇ ਨੇ ਉਸ ਕੌੜੇ ਸੱਚ ਨੂੰ ਮੁੜ ਰੇਖਾਂਕਿਤ ਕਰ ਦਿੱਤਾ ਹੈ, ਜਿਸ 'ਤੇ ਭਾਰਤ ਸਮੇਤ ਬਾਕੀ ਦੁਨੀਆ ਦਾ ਬੁੱਧੀਜੀਵੀ ਵਰਗ ਅੱਜ ਵੀ ਖੁੱਲ੍ਹ ਕੇ ਅਤੇ ਈਮਾਨਦਾਰੀ ਨਾਲ ਚਰਚਾ ਕਰਨ ਤੋਂ ਝਿਜਕਦਾ ਹੈ।
ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ 16ਵੀਂ ਸਦੀ ਵਿਚ ਜਿਹੜੀਆਂ ਥਾਵਾਂ 'ਤੇ ਜਾ ਕੇ ਉਪਦੇਸ਼ ਦਿੱਤਾ ਸੀ, ਮਾਨਤਾਵਾਂ ਅਨੁਸਾਰ ਉਨ੍ਹਾਂ 'ਚੋਂ ਅਫਗਾਨਿਸਤਾਨ ਦਾ ਜਲਾਲਾਬਾਦ ਵੀ ਇਕ ਸੀ। ਇਸ ਲਈ ਇਹ ਖੇਤਰ ਸਿੱਖਾਂ ਲਈ ਬਹੁਤ ਪਵਿੱਤਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਇਨ੍ਹਾਂ ਯਾਤਰਾਵਾਂ ਨੂੰ 'ਉਦਾਸੀਆਂ' ਕਿਹਾ ਜਾਂਦਾ ਹੈ।
ਇਹ ਕਿਸੇ ਤ੍ਰਾਸਦੀ ਤੋਂ ਘੱਟ ਨਹੀਂ ਕਿ ਉਸੇ ਜਲਾਲਾਬਾਦ ਵਿਚ ਹਿੰਦੂਆਂ-ਸਿੱਖਾਂ ਨੂੰ ਮਜ਼੍ਹਬੀ ਤਸੀਹਿਆਂ ਤੇ ਹਮਲਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਤੇ ਸ਼ਾਇਦ ਨੇੜਲੇ ਭਵਿੱਖ ਵਿਚ ਉਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਂ ਲੈਣ ਵਾਲਾ ਵੀ ਕੋਈ ਨਹੀਂ ਬਚੇਗਾ। ਬੀਤੀ 1 ਜੁਲਾਈ ਨੂੰ ਅਫਗਾਨਿਸਤਾਨ ਦੇ ਜਲਾਲਾਬਾਦ ਵਿਚ ਅੱਤਵਾਦੀ ਹਮਲਾ ਹੋਇਆ, ਜਿਸ ਵਿਚ ਸੰਸਦੀ ਚੋਣਾਂ ਦੇ ਇਕੋ-ਇਕ ਘੱਟਗਿਣਤੀ ਉਮੀਦਵਾਰ ਅਵਤਾਰ ਸਿੰਘ ਖਾਲਸਾ ਸਮੇਤ 17 ਹਿੰਦੂ ਅਤੇ ਸਿੱਖ ਮਾਰੇ ਗਏ।
ਇਹ ਫਿਦਾਈਨ ਹਮਲਾ ਉਦੋਂ ਹੋਇਆ, ਜਦੋਂ ਉਨ੍ਹਾਂ ਦਾ ਇਕ ਵਫਦ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਮਿਲਣ ਜਾ ਰਿਹਾ ਸੀ ਅਤੇ ਇਹ ਵਫਦ ਸਿੱਖ ਬਹੁਲਤਾ ਵਾਲੇ ਬਾਜ਼ਾਰ 'ਚੋਂ ਲੰਘ ਰਿਹਾ ਸੀ। ਉਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ (ਆਈ. ਐੱਸ.) ਨੇ ਲਈ ਹੈ, ਜਿਸ ਵਿਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦਾ ਵੀ ਹੱਥ ਦੱਸਿਆ ਜਾ ਰਿਹਾ ਹੈ ਕਿਉਂਕਿ ਉਹ ਅਫਗਾਨਿਸਤਾਨ ਵਿਚ ਭਾਰਤ ਦੇ ਵਧਦੇ ਪ੍ਰਭਾਵ ਤੋਂ ਅਸਹਿਜ ਹੈ।
ਇਸ ਘਟਨਾ ਦੇ ਸਾਹਮਣੇ ਆਉਣ 'ਤੇ ਕਈ ਅਖਬਾਰਾਂ ਤੇ ਨਿਊਜ਼ ਚੈਨਲਾਂ ਨੇ ਇਹ ਤਾਂ ਦੱਸਿਆ ਕਿ ਅਫਗਾਨਿਸਤਾਨ ਵਿਚ ਕਿਸ ਤਰ੍ਹਾਂ ਹਿੰਦੂਆਂ ਤੇ ਸਿੱਖਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ ਪਰ ਕਿਸੇ ਨੇ ਵੀ ਇਸ ਸਥਿਤੀ ਦੇ ਮੁੱਖ ਕਾਰਨਾਂ 'ਤੇ ਚਰਚਾ ਕਰਨ ਦੀ ਹਿੰਮਤ ਨਹੀਂ ਦਿਖਾਈ। 1970 ਦੇ ਦਹਾਕੇ ਵਿਚ ਅਫਗਾਨੀ ਹਿੰਦੂਆਂ ਅਤੇ ਸਿੱਖਾਂ ਦੀ ਗਿਣਤੀ ਲੱਗਭਗ ਢਾਈ ਲੱਖ ਸੀ, ਜੋ 1990 ਵਿਚ ਖਾਨਾਜੰਗੀ ਤੋਂ ਬਾਅਦ ਲਗਾਤਾਰ ਘਟਦਿਆਂ ਅੱਜ ਸਿਰਫ 1000 ਦੇ ਲੱਗਭਗ (ਸਿਰਫ 300 ਪਰਿਵਾਰ) ਰਹਿ ਗਈ ਹੈ। ਬਾਕੀ ਲੋਕ ਕਿੱਥੇ ਗਏ?
ਤਾਲਿਬਾਨੀ ਸ਼ਾਸਨ ਦੇ ਸਮੇਂ ਅਫਗਾਨੀ ਹਿੰਦੂਆਂ ਤੇ ਸਿੱਖਾਂ ਨੂੰ ਆਪਣੀ ਪਛਾਣ ਵਾਸਤੇ ਬਾਂਹ 'ਤੇ ਪੀਲੇ ਰੰਗ ਦੀ ਪੱਟੀ ਬੰਨ੍ਹਣ ਦੀ ਹਦਾਇਤ ਸੀ। ਅੱਜ ਜਦੋਂ ਉਨ੍ਹਾਂ ਨੂੰ ਉਥੇ ਸਿਆਸੀ ਨੁਮਾਇੰਦਗੀ ਅਤੇ ਪੂਜਾ-ਪਾਠ ਕਰਨ ਦੀ ਆਜ਼ਾਦੀ ਹਾਸਲ ਹੈ, ਤਾਂ ਵੀ ਅੱਤਵਾਦੀ ਹਮਲਿਆਂ ਅਤੇ ਤਸ਼ੱਦਦ ਤੋਂ ਤੰਗ ਆ ਕੇ ਹਜ਼ਾਰਾਂ ਘੱਟਗਿਣਤੀ ਲੋਕ ਦੂਜੇ ਦੇਸ਼ਾਂ ਨੂੰ ਪਲਾਇਨ ਕਰ ਰਹੇ ਹਨ।
ਜਲਾਲਾਬਾਦ ਵਾਲੇ ਹਮਲੇ ਤੋਂ ਬਾਅਦ ਕੁਝ ਸਿੱਖਾਂ ਨੇ ਭਾਰਤੀ ਵਣਜ ਦੂਤਘਰ ਵਿਚ ਪਨਾਹ ਮੰਗੀ ਹੈ। ਉਥੇ ਪਹੁੰਚੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਿਰਫ 2 ਬਦਲ ਹਨ—ਜਾਂ ਤਾਂ ਉਹ ਭਾਰਤ ਚਲੇ ਜਾਣ ਜਾਂ ਫਿਰ ਇਸਲਾਮ ਕਬੂਲ ਕਰ ਲੈਣ।
ਇਸ ਨਾਲ ਮੁਸਲਿਮ ਬਹੁਲਤਾ ਵਾਲੇ ਕਸ਼ਮੀਰ ਦਾ ਚੇਤਾ ਆ ਜਾਂਦਾ ਹੈ, ਜਿਥੇ 1980-90 ਦੇ ਦਹਾਕੇ ਵਿਚ ਮਜ਼੍ਹਬੀ ਤਸ਼ੱਦਦ, ਸਮੂਹਿਕ ਕਤਲੇਆਮ ਅਤੇ ਔਰਤਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਤੋਂ ਬਾਅਦ 5 ਲੱਖ ਤੋਂ ਜ਼ਿਆਦਾ ਹਿੰਦੂ ਵਾਦੀ ਛੱਡਣ ਲਈ ਮਜਬੂਰ ਹੋ ਗਏ ਸਨ। ਕਈ ਵਰ੍ਹੇ ਬੀਤ ਜਾਣ ਤੋਂ ਬਾਅਦ ਵੀ ਇਸ ਭਿਆਨਕ ਸਥਿਤੀ ਦਾ ਬੀਜ ਬੀਜਣ ਵਾਲੀ ਜ਼ਹਿਰੀਲੀ ਮਾਨਸਿਕਤਾ ਆਮ ਚਰਚਾ ਦਾ ਕੇਂਦਰਬਿੰਦੂ ਨਹੀਂ ਬਣ ਸਕੀ ਹੈ।
ਲੱਗਭਗ 1400 ਸਾਲ ਪਹਿਲਾਂ ਸੱਭਿਆਚਾਰਕ-ਵੈਦਿਕ ਭਾਰਤ ਦਾ ਪ੍ਰਭਾਵ ਅਫਗਾਨਿਸਤਾਨ ਤੋਂ ਲੈ ਕੇ ਸ਼੍ਰੀਲੰਕਾ ਤਕ ਅਤੇ ਦੱਖਣ-ਪੂਰਬ ਵਿਚ ਵੀਅਤਨਾਮ, ਕੰਬੋਡੀਆ, ਮਲੇਸ਼ੀਆ ਅਤੇ ਇੰਡੋਨੇਸ਼ੀਆ ਤਕ ਫੈਲਿਆ ਹੋਇਆ ਸੀ।
ਅੱਜ ਖੰਡਿਤ ਭਾਰਤ ਨੂੰ ਛੱਡ ਕੇ ਉਸ ਸੱਭਿਅਤਾ ਦੇ ਸਜੀਵ ਅਵਸ਼ੇਸ਼ ਸ਼੍ਰੀਲੰਕਾ, ਨੇਪਾਲ, ਭੂਟਾਨ ਅਤੇ ਇੰਡੋਨੇਸ਼ੀਆ ਵਿਚ ਕੁਝ ਹੀ ਮਾਤਰਾ ਵਿਚ ਹਨ। ਇਸਲਾਮ ਦੇ ਆਉਣ ਤੋਂ ਬਾਅਦ ਭਾਰਤ ਦੀ ਸੱਭਿਆਚਾਰਕ ਹੱਦ ਸੁੰਗੜਦੀ ਗਈ ਅਤੇ ਇਸ ਦਾ ਭੂਗੋਲਿਕ-ਸਿਆਸੀ ਨਕਸ਼ਾ ਛੋਟਾ ਹੁੰਦਾ ਗਿਆ।
ਅਫਗਾਨਿਸਤਾਨ ਵਿਚ ਅੱਜ ਜਿਸ ਸਥਿਤੀ 'ਚੋਂ ਹਿੰਦੂ ਅਤੇ ਸਿੱਖ ਲੰਘ ਰਹੇ ਹਨ, ਠੀਕ ਉਹੋ ਜਿਹਾ ਹੀ ਸਲੂਕ ਗੈਰ-ਮੁਸਲਮਾਨਾਂ ਨਾਲ ਪਿਛਲੇ ਸਾਲਾਂ ਵਿਚ ਪਾਕਿਸਤਾਨ ਤੇ ਬੰਗਲਾਦੇਸ਼ ਵਿਚ ਹੋਇਆ ਸੀ। ਆਜ਼ਾਦੀ ਦੇ ਸਮੇਂ ਪਾਕਿਸਤਾਨ ਵਿਚ ਹਿੰਦੂਆਂ ਤੇ ਸਿੱਖਾਂ ਦੀ ਆਬਾਦੀ 24 ਫੀਸਦੀ, ਜਦਕਿ ਪੂਰਬੀ ਪਾਕਿਸਤਾਨ (ਬੰਗਲਾਦੇਸ਼) ਵਿਚ ਹਿੰਦੂਆਂ ਤੇ ਬੋਧੀਆਂ ਦੀ ਗਿਣਤੀ 30 ਫੀਸਦੀ ਸੀ।
ਜੇ ਹੁਣ ਇਸੇ ਅਨੁਪਾਤ ਨੂੰ ਆਧਾਰ ਬਣਾਇਆ ਜਾਵੇ ਤਾਂ ਅੱਜ ਪਾਕਿਸਤਾਨ ਦੀ ਕੁਲ ਆਬਾਦੀ (20 ਕਰੋੜ) ਵਿਚ ਹਿੰਦੂ ਅਤੇ ਸਿੱਖ 4.8 ਕਰੋੜ, ਜਦਕਿ ਬੰਗਲਾਦੇਸ਼ ਦੀ ਕੁਲ ਆਬਾਦੀ (17 ਕਰੋੜ) ਵਿਚ ਹਿੰਦੂ ਅਤੇ ਬੋਧੀ 5.1 ਕਰੋੜ ਹੋਣੇ ਚਾਹੀਦੇ ਹਨ ਪਰ ਭਾਰਤ ਦੀ ਕੁੱਖ 'ਚੋਂ ਜਨਮੇ ਪਾਕਿਸਤਾਨ ਵਿਚ ਅੱਜ ਜਿਥੇ ਹਿੰਦੂਆਂ-ਸਿੱਖਾਂ ਦੀ ਗਿਣਤੀ 1.5 ਫੀਸਦੀ ਹੈ, ਉਥੇ ਹੀ ਬੰਗਲਾਦੇਸ਼ ਵਿਚ ਹਿੰਦੂਆਂ ਤੇ ਬੋਧੀਆਂ ਦਾ ਅੰਕੜਾ 9 ਫੀਸਦੀ ਤੋਂ ਵੀ ਹੇਠਾਂ ਚਲਾ ਗਿਆ ਹੈ। ਕੁਲ ਮਿਲਾ ਕੇ ਦੋਹਾਂ ਦੇਸ਼ਾਂ ਵਿਚ 2 ਕਰੋੜ ਤੋਂ ਵੀ ਘੱਟ ਹਿੰਦੂ ਹਨ। ਆਖਿਰ ਬਾਕੀ ਕਿੱਥੇ ਗਏ?
ਬਿਨਾਂ ਸ਼ੱਕ ਸਮਾਂ ਪਾ ਕੇ ਉਨ੍ਹਾਂ ਨੂੰ ਇਸਲਾਮ ਕਬੂਲਣ ਲਈ ਮਜਬੂਰ ਹੋਣਾ ਪਿਆ। ਮਜ਼੍ਹਬੀ ਤਸ਼ੱਦਦ ਤੋਂ ਬਚਣ ਲਈ ਉਨ੍ਹਾਂ ਨੂੰ ਭਾਰਤ ਸਮੇਤ ਹੋਰਨਾਂ ਦੇਸ਼ਾਂ ਵਿਚ ਪਲਾਇਨ ਕਰਨਾ ਪਿਆ ਅਤੇ ਜਿਨ੍ਹਾਂ ਨੇ ਪਹਿਲਾਂ ਵਾਲੇ ਦੋਹਾਂ ਬਦਲਾਂ ਨੂੰ ਨਹੀਂ ਅਪਣਾਇਆ, ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਅਸਲ ਵਿਚ 7ਵੀਂ ਸਦੀ ਤੋਂ ਭਾਰਤੀ ਉਪ-ਮਹਾਦੀਪ ਵਿਚ ਇਸਲਾਮ ਤੋਂ ਪਹਿਲਾਂ ਵਾਲੀ ਸੱਭਿਅਤਾ, ਸੱਭਿਆਚਾਰਕ ਪ੍ਰਤੀਕਾਂ ਨਾਲ ਨਫਰਤ ਅਤੇ ਉਨ੍ਹਾਂ ਸਾਰਿਆਂ ਨੂੰ ਮਿਟਾਉਣ ਦਾ ਕੁਚੱਕਰ ਜਾਰੀ ਹੈ। ਨਵੰਬਰ 971 ਵਿਚ ਜੰਮਿਆ ਮਹਿਮੂਦ ਗਜ਼ਨੀ ਜਦੋਂ 17 ਸਾਲ ਦੀ ਉਮਰ ਵਿਚ 'ਖਲੀਫਾ' ਬਣਿਆ ਤਾਂ ਉਸ ਨੇ ਭਾਰਤ ਵਿਰੁੱਧ ਹਰ ਸਾਲ ਜੇਹਾਦ ਛੇੜਨ ਦਾ ਸੰਕਲਪ ਲਿਆ।
ਆਪਣੇ 32 ਵਰ੍ਹਿਆਂ ਦੇ ਸ਼ਾਸਨਕਾਲ ਵਿਚ ਉਸ ਨੇ ਇਕ ਦਰਜਨ ਤੋਂ ਜ਼ਿਆਦਾ ਵਾਰ ਭਾਰਤ 'ਤੇ ਹਮਲਾ ਕੀਤਾ ਅਤੇ 'ਕਾਫਿਰ-ਕੁਫਰ' ਨੂੰ ਤਲਵਾਰ ਦੇ ਜ਼ੋਰ ਨਾਲ ਇਸਲਾਮ ਕਬੂਲਣ ਲਈ ਮਜਬੂਰ ਕੀਤਾ, ਬੁੱਤਪ੍ਰਸਤਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਲੁੱਟਮਾਰ ਤੋਂ ਬਾਅਦ ਮੰਦਰਾਂ-ਮੂਰਤੀਆਂ ਨੂੰ ਤੋੜ ਦਿੱਤਾ।
ਅਪ੍ਰੈਲ 1030 ਵਿਚ ਗਜ਼ਨੀ ਦੀ ਮੌਤ ਤੋਂ ਬਾਅਦ ਵੀ ਉਸ ਦਾ ਮਜ਼੍ਹਬੀ ਉਦੇਸ਼ ਬਦਲਿਆ ਨਹੀਂ। ਉਸ ਦੀ ਮਾਨਸਿਕਤਾ ਤੋਂ ਪ੍ਰੇਰਿਤ ਹੋ ਕੇ ਬਾਮਿਆਨ ਵਿਚ ਚੌਥੀ-ਪੰਜਵੀਂ ਸਦੀ ਵਿਚ ਬਣੇ ਭਗਵਾਨ ਬੁੱਧ ਦੇ ਜਿਸ ਵਿਸ਼ਾਲ ਬੁੱਤ ਨੂੰ 18ਵੀਂ ਸਦੀ ਵਿਚ ਔਰੰਗਜ਼ੇਬ ਅਤੇ ਤੱਤਕਾਲੀ ਅਫਗਾਨ ਰਾਜੇ ਅਬਦੁਰ-ਰਹਿਮਾਨ ਖਾਨ ਨੇ ਨੁਕਸਾਨ ਪਹੁੰਚਾਇਆ ਸੀ, ਉਸ ਨੂੰ ਤਾਲਿਬਾਨੀਆਂ ਨੇ 21ਵੀਂ ਸਦੀ ਦੇ ਸ਼ੁਰੂ ਵਿਚ, ਭਾਵ ਮਾਰਚ 2001 ਵਿਚ ਮੁੱਲਾ ਉਮਰ ਦੀ ਹਦਾਇਤ 'ਤੇ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।
ਵੈਦਿਕ ਕਾਲ ਵਿਚ ਮੌਜੂਦਾ ਅਫਗਾਨਿਸਤਾਨ-ਭਾਰਤ ਦੇ ਪੌਰਾਣਿਕ 16 ਮਹਾਜ਼ਿਲਿਆਂ 'ਚੋਂ ਇਕ ਗੰਧਾਰ ਸੀ, ਜਿਸ ਦਾ ਜ਼ਿਕਰ ਮਹਾਭਾਰਤ, ਰਿਗਵੇਦ ਆਦਿ ਹਿੰਦੂ ਗ੍ਰੰਥਾਂ ਵਿਚ ਮਿਲਦਾ ਹੈ। ਇਹ ਮੌਰਿਆ ਕਾਲ ਅਤੇ ਕੁਸ਼ਾਣ ਸਾਮਰਾਜ ਦਾ ਵੀ ਹਿੱਸਾ ਰਿਹਾ, ਜਿਥੇ ਬੁੱਧ ਮਤ ਵਧਿਆ-ਫੁੱਲਿਆ।
ਚੌਥੀ ਸਦੀ ਵਿਚ ਕੁਸ਼ਾਣ ਸ਼ਾਸਨ ਤੋਂ ਬਾਅਦ 6ਵੀਂ ਸਦੀ ਦੇ ਸ਼ੁਰੂ ਵਿਚ ਹਿੰਦੂ-ਬੁੱਧ ਬਹੁਲਤਾ ਵਾਲੇ ਕਾਬੁਲਸ਼ਾਹੀ ਵੰਸ਼ ਦਾ ਸ਼ਾਸਨ ਆਇਆ, ਜੋ 9ਵੀਂ ਸਦੀ ਦੇ ਸ਼ੁਰੂ ਤਕ ਰਿਹਾ। ਇਸ ਤੋਂ ਬਾਅਦ ਹਿੰਦੂਸ਼ਾਹੀ ਵੰਸ਼ ਦੀ ਸਥਾਪਨਾ ਰਾਜਾ ਲਗਰਤੂਮਾਨ ਦੇ ਮੰਤਰੀ ਕੱਲਰ ਨੇ ਕੀਤੀ। ਫਿਰ 11ਵੀਂ ਸਦੀ ਦੇ ਸ਼ੁਰੂ ਤਕ ਹਿੰਦੂਸ਼ਾਹੀ ਵੰਸ਼ ਵਿਚ ਕੱਲਰ ਤੋਂ ਇਲਾਵਾ ਜਯਪਾਲ, ਆਨੰਦਪਾਲ, ਤ੍ਰਿਲੋਚਨਪਾਲ ਅਤੇ ਭੀਮਪਾਲ ਸ਼ਾਸਕ ਰਹੇ।
ਇਸ ਦੌਰਾਨ ਹਿੰਦੂਸ਼ਾਹੀ ਰਾਜਘਰਾਣਿਆਂ ਤੇ ਮਹਿਮੂਦ ਗਜ਼ਨੀ ਵਿਚਾਲੇ ਜ਼ਬਰਦਸਤ ਸੰਘਰਸ਼ ਹੋਇਆ। ਗਜ਼ਨੀ ਤੋਂ ਹਾਰਨ ਮਗਰੋਂ ਜਯਪਾਲ ਨੇ 1001 ਵਿਚ ਖ਼ੁਦਕੁਸ਼ੀ ਕਰ ਲਈ ਤੇ ਬਾਅਦ ਵਿਚ ਉਸ ਦਾ ਬੇਟਾ ਆਨੰਦਪਾਲ ਵੀ ਹਾਰ ਗਿਆ।
ਜਦੋਂ ਸੰਨ 1013 ਵਿਚ ਪੂਰਬੀ ਅਫਗਾਨਿਸਤਾਨ 'ਤੇ ਹਮਲੇ ਤੋਂ ਬਾਅਦ ਗਜ਼ਨੀ ਨੇ ਰਾਜਾ ਤ੍ਰਿਲੋਚਨਪਾਲ ਅਤੇ ਬਾਅਦ ਵਿਚ ਭੀਮਪਾਲ ਨੂੰ ਹਰਾਇਆ ਤਾਂ ਇਸ ਖੇਤਰ ਦਾ ਮਜ਼੍ਹਬੀ ਸਰੂਪ ਅਤੇ ਚਰਿੱਤਰ ਬਦਲਣਾ ਸ਼ੁਰੂ ਹੋ ਗਿਆ, ਜਿਸ ਵਿਚ ਸੁੰਨੀ ਇਸਲਾਮ ਦਾ ਗਲਬਾ ਕਾਇਮ ਹੋਇਆ। ਇਸ ਦਾ ਪ੍ਰਭਾਵ ਮੌਜੂਦਾ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚ ਹੈ।
ਮਾਰਟਿਨ ਇਵਾਂਸ ਨੇ 2002 ਵਿਚ ਆਪਣੀ ਕਿਤਾਬ 'ਅਫਗਾਨਿਸਤਾਨਰੂ ਨਯਾ ਇਤਿਹਾਸ' ਵਿਚ ਲਿਖਿਆ ਹੈ ਕਿ ''ਮਹਿਮੂਦ ਗਜ਼ਨੀ ਨੇ ਇਥੇ 998 ਤੋਂ ਲੈ ਕੇ 1030 ਤਕ ਰਾਜ ਕੀਤਾ ਅਤੇ ਹਿੰਦੂਆਂ ਨੂੰ ਗੰਧਾਰ ਤੋਂ ਖਦੇੜਿਆ। ਸਮਰਕੰਦ, ਬੁਖਾਰਾ ਅਤੇ ਕੈਸਪੀਅਨ ਸਾਗਰ ਤੋਂ ਲੈ ਕੇ ਵਾਰਾਣਸੀ ਤਕ ਫੈਲੇ ਖੇਤਰ 'ਤੇ ਉਸ ਨੇ ਹਮਲਾ ਕੀਤਾ ਤੇ ਇਸ ਦੌਰਾਨ ਹਿੰਦੂਆਂ ਦਾ ਸਮੂਹਿਕ ਧਰਮ ਪਰਿਵਰਤਨ ਵੀ ਕੀਤਾ, ਮੰਦਰਾਂ-ਮੂਰਤੀਆਂ ਨੂੰ ਤੋੜਿਆ ਤੇ ਅਥਾਹ ਜਾਇਦਾਦਾਂ ਵੀ ਲੁੱਟੀਆਂ।''
ਬੇਸ਼ੱਕ ਮਹਿਮੂਦ ਗਜ਼ਨੀ 988 ਸਾਲ ਪਹਿਲਾਂ ਮਰ ਚੁੱਕਾ ਹੈ ਪਰ ਉਸ ਦੀ ਫੈਲਾਈ ਜ਼ਹਿਰੀਲੀ ਮਾਨਸਿਕਤਾ ਅਫਗਾਨਿਸਤਾਨ ਦੇ ਜ਼ਿਆਦਾਤਰ ਲੋਕਾਂ ਦੇ ਦਿਮਾਗ ਵਿਚ ਅੱਜ ਵੀ ਜ਼ਿੰਦਾ ਹੈ। ਜਲਾਲਾਬਾਦ ਵਿਚ ਹੋਇਆ ਅੱਤਵਾਦੀ ਹਮਲਾ ਉਸੇ ਸਦੀਆਂ ਪੁਰਾਣੀ ਰੋਗੀ ਮਾਨਸਿਕਤਾ ਦਾ ਹਿੱਸਾ ਹੈ।
(punjbalbir@gmail.com)
ਹਰ ਜਗ੍ਹਾ 'ਜੋਕਾਂ' ਦਾ ਰਾਜ ਹੈ
NEXT STORY