ਬੀਤੇ ਹਫਤੇ ਭਾਰਤ ਦੀ ਪ੍ਰਧਾਨਗੀ ’ਚ ਸੰਪੰਨ 2 ਦਿਨਾ ਜੀ-20 ਬੈਠਕ (9-10 ਸਤੰਬਰ) ਦਾ ਸਿੱਟਾ ਕੀ ਰਿਹਾ? ਜਿਸ ਤਰ੍ਹਾਂ ਇਸ ਸ਼ਕਤੀਸ਼ਾਲੀ ਵਿਸ਼ਵ ਮੰਥਨ ’ਚ ਭਾਰਤ ਅਤੇ ਉਸ ਦੀ ਕੂਟਨੀਤੀ ਦਾ ਗਲਬਾ ਦਿਸਿਆ, ਉਸ ਨੇ ਸਿੱਧ ਕਰ ਦਿੱਤਾ ਕਿ ਬਾਹਰੀ ਏਜੰਡੇ ਦੇ ਅਨੁਸਰਨ ਕਰਨ ਦੀ ਰੁਕਾਵਟ ਨੂੰ ‘ਨਵੇਂ ਭਾਰਤ’ ਨੇ ਸ਼ੁੱਧ ਰਾਸ਼ਟਰਹਿੱਤ ’ਚ ਮੀਲਾਂ ਪਿੱਛੇ ਛੱਡ ਦਿੱਤਾ ਹੈ। ਹੁਣ ਨਵਾਂ ਭਾਰਤ ਨਾ ਸਿਰਫ ਆਪਣੀ ਮੂਲ ਸੱਭਿਆਚਾਰਕ ਰਹਿਨੁਮਾਈ ਹੇਠ ਦੁਨੀਆ ਦੇ ਹੋਰ ਸਾਰੇ ਸੱਭਿਅਕ ਦੇਸ਼ਾਂ ਦੀ ਸਮੂਹਿਕ ਭਲਾਈ ਲਈ ਫਾਰਮੈਟ ਬਣਿਆ ਰਿਹਾ ਹੈ, ਨਾਲ ਹੀ ‘ਗਲੋਬਲ ਸਾਊਥ’ ਭਾਵ ਵਿਸ਼ਵ ਦੇ ਦੱਖਣੀ ਹਿੱਸੇ ਦਾ ਮੁੱਖ ਪ੍ਰਤੀਨਿਧ ਬਣ ਕੇ ਵੀ ਉਭਰਿਆ ਹੈ। ਭਾਰਤੀ ਲੀਡਰਸ਼ਿਪ ’ਚ ਅਫਰੀਕੀ ਸੰਘ ਨੂੰ ਜੀ-20 ’ਚ ਬਤੌਰ ਮੈਂਬਰ ਸ਼ਾਮਲ ਕਰਨਾ ਇਸ ਦਾ ਸਬੂਤ ਹੈ।
ਭਾਰਤ ਨੇ ਆਪਣੀ ਜੀ-20 ਪ੍ਰਧਾਨਗੀ ’ਚ ਜਿਹੜੇ ਪ੍ਰਮੁੱਖ ਵਿਸ਼ਿਆਂ ਨੂੰ ਨਿਰਧਾਰਿਤ ਕੀਤਾ, ਉਸ ’ਚ ਦੇਸ਼ ਦੀ ਮੌਲਿਕ ਸੱਭਿਆਚਾਰਕ ਪਛਾਣ ਅਤੇ ਉਸ ’ਚ ਸ਼ਾਮਲ ਵਿਭਿੰਨਤਾ ਤੋਂ ਵੀ ਦੁਨੀਆ ਨੂੰ ਜਾਣੂ ਕਰਾਉਣਾ ਰਿਹਾ। ਮੁੱਖ ਆਯੋਜਨ ਵਾਲੀ ਥਾਂ ‘ਭਾਰਤ ਮੰਡਪਮ’ ’ਚ ਭਾਰਤੀ ਵਾਸਤੂਕਲਾ, ਕਾਲਜਈ ਪ੍ਰੰਪਰਾ ਅਤੇ ਸੱਭਿਆਚਾਰਕ ਵਿਰਾਸਤਾਂ ਦੀ ਝਲਕ-ਇਸ ਦਾ ਮੂਰਤ ਰੂਪ ਹੈ। ਇਹ ਉਸ ਦੂਸ਼ਿਤ ਨੈਰੇਟਿਵ ਨੂੰ ਵੀ ਢਹਿ-ਢੇਰੀ ਕਰਨ ਦਾ ਇਕ ਸਾਰਥਕ ਉੱਦਮ ਬਣਿਆ, ਜਿਸ ’ਚ ਖਾਸ ਕਰ ਕੇ ਪਿਛਲੇ ਇਕ ਦਹਾਕੇ ਤੋਂ ਦੇਸ਼ ਦੇ ਸਵੈ-ਐਲਾਨੇ ਸੈਕੂਲਰਵਾਦੀ ਖੱਬੇਪੱਖੀ-ਜਿਹਾਦੀ ਗੱਠਜੋੜ ਅਤੇ ਹੋਰ ਦੇਸ਼ ਵਿਰੋਧੀ ਸ਼ਕਤੀਆਂ ਨਾਲ ਮਿਲ ਕੇ ਵਿਸ਼ਵ ’ਚ ਬਹੁਲਤਾਵਾਦੀ ਭਾਰਤ ਦੇ ਅਕਸ ਨੂੰ ਧੁੰਦਲਾ ਕਰਨ ਅਤੇ ਉਸ ਦੇ ਸਨਾਤਨ ਸੱਭਿਆਚਾਰ ਨੂੰ ਧੁੰਦਲਾ ਕਰਨ ਦਾ ਏਜੰਡਾ ਚਲਾ ਰਹੇ ਹਨ।
ਪਹਿਲਾਂ ਜਦੋਂ ਵੀ ਸਾਲ 2014 ਤੋਂ ਪਹਿਲਾਂ ਦੇਸ਼ ’ਚ ਕੋਈ ਵੱਡਾ ਕੌਮਾਂਤਰੀ ਆਯੋਜਨ ਹੁੰਦਾ ਸੀ, ਉਦੋਂ ਉਹ ਅਕਸਰ ਬਰਤਾਨਵੀਆਂ ਵੱਲੋਂ ਵਸਾਏ ਅਤੇ ਉਨ੍ਹਾਂ ਦੇ ਹੀ ਨਾਂ ’ਤੇ ਮਸ਼ਹੂਰ ‘ਲੁਟੀਅਨਜ਼ ਦਿੱਲੀ’ ਦਾ ਵਿਗਿਆਨ ਭਵਨ ਜਾਂ ਫਿਰ ਇਸ ਦੇ 3-4 ਕਿਲੋਮੀਟਰ ਦੀ ਦੂਰੀ ਤਕ ਸੀਮਤ ਰਹਿੰਦਾ ਸੀ ਪਰ ਇਸ ਵਾਰ ਭਾਰਤ ’ਚ ਆਯੋਜਿਤ ਜੀ-20 ਦੇ ਦਰਜਨਾਂ ਚਰਚਿਆਂ ਦਾ ਸਮੁੱਚਾ ਦੇਸ਼ ਨਾ ਸਿਰਫ ਗਵਾਹ ਬਣਿਆ ਸਗੋਂ ਉਸ ’ਚ ਜਨਤਾ ਦੀ ਵੀ ਭਾਈਵਾਲੀ ਰਹੀ। ਬੀਤੇ ਸਾਢੇ 9 ਮਹੀਨਿਆਂ ਤੋਂ ਭਾਰਤ ਦੇ ਵੱਖ-ਵੱਖ 60 ਨਗਰਾਂ, ਜਿਨ੍ਹਾਂ ’ਚ ਕਸ਼ਮੀਰ ਅਤੇ ਈਟਾਨਗਰ ਵੀ ਸ਼ਾਮਲ ਰਹੇ, ’ਚ ਜੀ-20 ਸਮੂਹ ਦੀਆਂ 200 ਬੈਠਕਾਂ ਹੋਈਆਂ। ਇਸ ਨਾਲ ਜਿੱਥੇ ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀਆਂ ਨਾਲ ਬਾਕੀ ਦੁਨੀਆ ਨੂੰ ਭਾਰਤ ਦੀ ਵਿਭਿੰਨਤਾ ਅਤੇ ਸੁੰਦਰਤਾ ਨੂੰ ਅਨੁਭਵ ਕਰਨ ਦਾ ਮੌਕਾ ਮਿਲਿਆ ਤਾਂ ਉੱਥੇ ਇਹ ਭਵਿੱਖ ’ਚ ਜੀ-20 ਦਾ ਆਯੋਜਨ ਕਿਵੇਂ ਕੀਤਾ ਜਾਵੇ, ਉਸ ਦਾ ਇਕ ਆਦਰਸ਼ ਮਾਪਦੰਡ ਬਣ ਗਿਆ। ਪਹਿਲਾਂ ਜੀ-20 ਦੇ ਆਯੋਜਨ ਸਿਰਫ ਮੈਂਬਰ ਰਾਸ਼ਟਰ ਮੁਖੀਆਂ ਤਕ ਸੀਮਤ ਰਹਿੰਦੇ ਸਨ ਪਰ ਇਸ ਵਾਰ ਭਾਰਤ ’ਚ ਹੋਇਆ ਸੰਮੇਲਨ ਨਾ ਸਿਰਫ ਆਮ ਲੋਕਾਂ ਤੱਕ ਪੁੱਜਾ ਸਗੋਂ ਇਸ ’ਚ ਉਨ੍ਹਾਂ ਦੀ ਭਾਈਵਾਲੀ ਵੀ ਦੇਖਣ ਨੂੰ ਮਿਲੀ।
ਇਸ ਪੂਰੇ ਆਯੋਜਨ ’ਚ ਭਾਰਤ ਦੀ ਕੂਟਨੀਤੀ ਨੇ ਧੀਰਜ ਦੀ ਪਛਾਣ ਦਿੱਤੀ। ਜਿਸ ਤਰ੍ਹਾਂ ਇਕ ਦੇ ਬਾਅਦ ਇਕ ਜੀ-20 ਦੀਆਂ ਮੰਤਰੀ ਪੱਧਰੀ ਬੈਠਕਾਂ ਬਿਨਾਂ ਕਿਸੇ ਅਧਿਕਾਰਤ ਬਿਆਨਾਂ ਦੇ ਖਤਮ ਹੁੰਦੀਆਂ ਰਹੀਆਂ ਤਾਂ ਮੌਕੇ ਦੀ ਤਾਕ ’ਚ ਬੈਠੀਆਂ ਦੇਸ਼ ਵਿਰੋਧੀ ਸ਼ਕਤੀਆਂ ਨੇ ਨੈਰੇਟਿਵ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਭਾਰਤ ’ਚ ਆਯੋਜਿਤ ਜੀ-20 ਸਿਖਰ ਸੰਮੇਲਨ ਬੇਨਤੀਜਾ ਖਤਮ ਹੋ ਜਾਵੇਗਾ। ਇਸ ਭੈੜੇ ਪ੍ਰਚਾਰ ਵਿਚਾਲੇ ਭਾਰਤ, ਬਤੌਰ ਜੀ-20 ਪ੍ਰਧਾਨ ਵਿਸ਼ਵ ਲਈ ਬਹੁਪੱਖੀ ਵਿਕਾਸ, ਬੈਂਕਾਂ ਦੇ ਸੁਧਾਰ, ਡਿਜੀਟਲ ਜਨਤਕ ਬੁਨਿਆਦੀ ਢਾਂਚੇ ਅਤੇ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਆਦਿ ਲੰਬੇ ਸਮੇਂ ਦੇ ਵਿਸ਼ਿਆਂ ਨੂੰ ਸਮਾਯੋਜਿਤ ਕਰ ਕੇ ਉਸ ਦਾ ਰੂਪ ਤਿਆਰ ਕਰਦਾ ਰਿਹਾ। ਅਖੀਰ, ਮੈਂਬਰ ਦੇਸ਼ਾਂ ਦਰਮਿਆਨ ਭਾਰਤ ਆਮ ਸਹਿਮਤੀ ਬਣਾਉਣ ’ਚ ਸਫਲ ਹੋਇਆ। ਪ੍ਰਚੰਡ ਕੋਰੋਨਾ ਕਾਲ ਪਿੱਛੋਂ ਬੀਤੇ ਡੇਢ ਸਾਲ ਤੋਂ ਜਾਰੀ ਰੂਸ-ਯੂਕ੍ਰੇਨ ਜੰਗ ਦੇ ਪਿਛੋਕੜ ’ਚ ਇਹ ਸਹਿਮਤੀ ਇਸ ਲਈ ਵੀ ਇਤਿਹਾਸਕ ਹੈ ਕਿਉਂਕਿ ਜੀ-20 ਸਮੂਹ ’ਚ ਿਜੱਥੇ ਇਕ ਪਾਸੇ ਯੂਕ੍ਰੇਨ ਸਮਰਥਕ ਅਮਰੀਕਾ ਅਤੇ ਯੂਰਪੀ ਦੇਸ਼ ਹਨ ਤਾਂ ਦੂਜੇ ਪਾਸੇ ਖੁਦ ਰੂਸ ਨਾਲ ਉਸ ਦਾ ਸਮਰਥਕ ਚੀਨ ਦੇਸ਼ ਵੀ ਹੈ। ਅਜਿਹੀ ਹਾਲਤ ’ਚ ਭਾਰਤ ਵੱਲੋਂ ਦੋਵਾਂ ਵਿਰੋਧੀ ਧਿਰਾਂ ਦਰਮਿਆਨ ਸਫਲਤਾਪੂਰਵਕ ਸੰਤੁਲਨ ਬਣਾਉਣਾ ਕਿਸੇ ਕੀਰਤੀਮਾਨ ਤੋਂ ਘੱਟ ਨਹੀਂ ਹੈ।
ਇਸੇ ਜੀ-20 ਸੰਮੇਲਨ ’ਚ 6 ਹਜ਼ਾਰ ਕਿਲੋਮੀਟਰ (3500 ਕਿ. ਮੀ. ਸਮੁੰਦਰੀ ਮਾਰਗ ਸਮੇਤ) ਲੰਬੇ ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰੇ (ਆਈ. ਐੱਮ. ਈ. ਸੀ.) ਦਾ ਐਲਾਨ ਵੀ ਇਕ ਵੱਡੀ ਮੁਹਾਰਤ ਹੈ। ਇਸ ਲਈ ਭਾਰਤ, ਅਮਰੀਕਾ, ਸੰਯੁਕਤ ਅਰਬ ਅਮੀਰਾਤ, ਸਾਊਦੀ ਅਰਬ, ਫਰਾਂਸ, ਜਰਮਨੀ, ਇਟਲੀ ਅਤੇ ਯੂਰਪੀ ਸੰਘ ਨੇ ਸਮਝੌਤਾ ਕੀਤਾ ਹੈ। ਇਹ ਪ੍ਰਾਜੈਕਟ ਚੀਨ ਦੇ ਬੀ. ਆਰ. ਆਈ. ਪ੍ਰਾਜੈਕਟ ਭਾਵ ‘ਬੈਲਟ ਐਂਡ ਰੋਡ ਇਨੀਸ਼ੀਏਟਿਵ’ ਦੀ ਕਾਟ ਵਜੋਂ ਦੇਖਿਆ ਜਾ ਰਿਹਾ ਹੈ ਜੋ ਵਿਸ਼ਵ ਵਪਾਰ ਦੇ ਸਾਹਮਣੇ ਇਕ ਚੁਣੌਤੀ ਬਣਿਆ ਹੋਇਆ ਹੈ।
ਆਪਣੀਆਂ ਔਖੀਆਂ ਸਾਮਰਾਜਵਾਦੀ ਨੀਤੀਆਂ ਕਾਰਨ ਚੀਨ ਦੀ ਬੁਰੀ ਨਜ਼ਰ ਅਫਰੀਕੀ ਦੇਸ਼ਾਂ ’ਤੇ ਪਹਿਲਾਂ ਤੋਂ ਹੈ। ਇਸ ਪਿਛੋਕੜ ’ਚ ਭਾਰਤ ਨੇ ਚੀਨ ਦੀਆਂ ਯੋਜਨਾਵਾਂ ’ਤੇ ਇਕ ਤਰ੍ਹਾਂ ਨਾਲ ਪਾਣੀ ਫੇਰਨ ਦਾ ਕੰਮ ਕੀਤਾ ਹੈ। ਇਸ ’ਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਭਾਰਤੀ ਕੂਟਨੀਤੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਸਾਲ ਜਨਵਰੀ ’ਚ ‘ਵਾਇਸ ਆਫ ਦਿ ਗਲੋਬਲ ਸਾਊਥ’ ਸਿਖਰ ਸੰਮੇਲਨ ਹੋਇਆ ਸੀ, ਜਿਸ ’ਚ 100 ਤੋਂ ਵੱਧ ਦੇਸ਼ ਸ਼ਾਮਲ ਹੋਏ ਸਨ। ਇਸ ’ਚ ਭਾਰਤ ਨੇ ਉਨ੍ਹਾਂ ਦੇ ਹਿੱਤਾਂ ਅਤੇ ਚਿੰਤਾਵਾਂ ਨੂੰ ਤਸੱਲੀ ਨਾਲ ਸੁਣਿਆ ਜਿਸ ਦਾ ਪ੍ਰਤੀਬਿੰਬ ਨਵੀਂ ਦਿੱਲੀ ਦੇ ਜੀ-20 ਐਲਾਨਨਾਮੇ ’ਚ ਵੀ ਦਿਸਿਆ ਹੈ। ਅਜਿਹਾ ਨਹੀਂ ਕਿ ਚੀਨ ਇਸ ਦੇ ਵਿਰੋਧ ’ਚ ਸੀ ਪਰ ਆਪਣੀ ਪ੍ਰਧਾਨਗੀ ’ਚ ਭਾਰਤ ਨੇ ਅਫਰੀਕੀ ਸੰਘ ਨੂੰ ਪਹਿਲੇ ਹੀ ਸੈਸ਼ਨ ’ਚ ਜੀ-20 ਦੇ ਪੂਰਨ ਮੈਂਬਰ ਵਜੋਂ ਸ਼ਾਮਲ ਕਰ ਕੇ, ਚੀਨ ਦੀਆਂ ਭਾਵੀ ਯੋਜਨਾਵਾਂ ਨੂੰ ਝਟਕਾ ਹੀ ਦਿੱਤਾ ਹੈ।
ਇਹ ਠੀਕ ਹੈ ਕਿ ‘ਵੈਸਟਰਨ ਵਰਲਡ’ ਭਾਵ ਪੱਛਮੀ ਦੁਨੀਆ ਦੀ ਤੁਲਨਾ ’ਚ ‘ਗਲੋਬਲ ਸਾਊਥ’ ਦੀ ਸਪੱਸ਼ਟ ਪਛਾਣ ’ਚ ਅਜੇ ਘਾਟ ਦਿਸਦੀ ਹੈ ਪਰ ਅਫਰੀਕੀ ਸੰਘ ਦੇ ਜੀ-20 ਸਮੂਹ ’ਚ ਸ਼ਾਮਲ ਹੋਣ ਨਾਲ ਇਹ ਬਿਨਾਂ ਸ਼ੱਕ ਆਕਾਰ ਲੈਣ ਲੱਗੇਗਾ। ਅਜਿਹੇ ’ਚ ਇਹ ਕਹਿਣਾ ਅੱਤਕਥਨੀ ਨਹੀਂ ਕਿ ਬਦਲੇ ਹੋਏ ਵਿਸ਼ਵ ਸਮੀਕਰਣਾਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਰਤੀ ਕੂਟਨੀਤੀ ਆਪਣੇ ਤੋਂ ਪਹਿਲਾਂ ਦੇ ਸਾਰਿਆਂ ਦੀ ਤੁਲਨਾ ’ਚ ਵੱਧ ਸਾਰਥਕ ਅਤੇ ਦੂਰਦਰਸ਼ੀ ਸਿੱਧ ਹੋ ਰਹੀ ਹੀ। ਦਿੱਲੀ ਜੀ-20 ’ਚ 73 ਨਤੀਜੇ ਅਤੇ 39 ਨੱਥੀ ਦਸਤਾਵੇਜ਼ਾਂ ਸਮੇਤ 112 ਕੰਮਾਂ ਨੂੰ ਅੰਤਿਮ ਰੂਪ ਦੇਣਾ ਇਸ ਦੀ ਇਕ ਵੰਨਗੀ ਹੈ।
ਜੀ-20 ਸਿਖਰ ਸੰਮੇਲਨ ਨਾਲ ਭਾਰਤ, ਵਿਸ਼ਵ ’ਚ ਇਕ ਸੁਭਾਵਿਕ ਅਤੇ ਪ੍ਰਮਾਣਿਕ ਵਿਚੋਲੇ ਦੇ ਰੂਪ ’ਚ ਸਥਾਪਿਤ ਹੋਇਆ ਹੈ। ਇਹ ਦਿਲਚਸਪ ਹੈ ਕਿ ਭਾਰਤ ਦੀ ਗਿਣਤੀ ਉਨ੍ਹਾਂ ਚੰਦ ਦੇਸ਼ਾਂ ’ਚ ਹੁੰਦੀ ਹੈ ਜੋ ਇਕ-ਦੂਜੇ ਦੇ ਵਿਰੋਧੀ ਸਮੂਹਾਂ ਦਾ ਹਿੱਸਾ ਹਨ। ਜਿੱਥੇ ਭਾਰਤ ਬ੍ਰਿਕਸ ਅਤੇ ਸ਼ੰਘਾਈ ਸਹਿਯੋਗ ਸੰਗਠਨ ਦਾ ਹਿੱਸਾ ਹੈ, ਤਾਂ ਉਹ ਕਵਾਡ ਅਤੇ ਆਈ. ਟੂ. ਯੂ. ਟੂ. ਆਦਿ ਵਿਸ਼ਵ ਸਮੂਹਾਂ ਦਾ ਵੀ ਮੈਂਬਰ ਹੈ। ਇਨ੍ਹਾਂ ਸਾਰਿਆਂ ’ਚ ਸਰਗਰਮ ਹਿੱਸੇਦਾਰੀ ਹੋਣ ਨਾਲ ਭਾਰਤ, ਰਾਸ਼ਟਰਹਿੱਤ ’ਚ ਆਪਣੀਆਂ ਸ਼ਰਤਾਂ ਨਾਲ ਹੋਰ ਕਈ ਵੱਡੀਆਂ ਯੋਜਨਾਵਾਂ ਨੂੰ ਅੰਤਿਮ ਰੂਪ ਦੇ ਸਕਦਾ ਹੈ। ਰੂਸ-ਯੂਕ੍ਰੇਨ ਜੰਗ ਦੇ ਸਮੇਂ ਪਾਬੰਦੀਆਂ ਵਿਚਾਲੇ ਭਾਰਤ ਵੱਲੋਂ ਰੂਸ ਤੋਂ ਸਸਤਾ ਈਂਧਨ ਖਰੀਦਣਾ-ਇਸ ਦਾ ਇਕ ਸਬੂਤ ਹੈ।
ਬਲਬੀਰ ਪੁੰਜ
ਉੱਚ ਸਰਕਾਰੀ ਅਹੁਦਿਆਂ ਅਤੇ ਦਫ਼ਤਰਾਂ 'ਚੋਂ ਦਸਤਾਰ ਗਾਇਬ ਹੁੰਦੀ ਜਾ ਰਹੀ
NEXT STORY