ਹਾਲ ਹੀ ’ਚ ਦੇਸ਼ ’ਚ ਅੱਲ੍ਹੜਾਂ ਵੱਲੋਂ ਕੀਤੇ ਜਾ ਰਹੇ ਅਪਰਾਧਾਂ ’ਚ ਇਕ ਚਿੰਤਾਜਨਕ ਹੱਦ ਤੱਕ ਵਾਧਾ ਹੋਇਆ ਹੈ। ਕੋਈ ਵੀ ਦਿਨ ਅਜਿਹਾ ਨਹੀਂ ਲੰਘਦਾ ਜਦੋਂ ਅੱਲ੍ਹੜਾਂ ਵੱਲੋਂ ਕਿਸੇ ਘਿਨੌਣੇ ਅਪਰਾਧ ਦੀ ਖਬਰ ਅਖਬਾਰਾਂ ’ਚ ਪ੍ਰਕਾਸ਼ਿਤ ਨਾ ਹੁੰਦੀ ਹੋਵੇ। 18-19 ਸਤੰਬਰ ਦੀ ਰਾਤ ਨੂੰ ਉੱਤਰ-ਪੂਰਬ ਦਿੱਲੀ ’ਚ ਇਕ 11 ਸਾਲਾ ਬਾਲਕ ਨਾਲ 12-13 ਸਾਲ ਉਮਰ ਵਰਗ ਦੇ 3 ਨਾਬਾਲਗਾਂ ਵੱਲੋਂ ਕੁਕਰਮ ਦੇ ਨਤੀਜੇ ਵਜੋਂ ਪੀੜਤ ਬਾਲਕ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਗਈ ਕਿ ਉਹ 8 ਦਿਨਾਂ ਤੱਕ ਬੇਹੋਸ਼ ਰਿਹਾ। ਪੀੜਤ ਬੱਚੇ ਦੇ ਮਾਪਿਆਂ ਦਾ ਦੋਸ਼ ਹੈ ਕਿ ਉਸ ’ਤੇ ਇੱਟਾਂ ਨਾਲ ਹਮਲਾ ਕਰਨ ਤੋਂ ਇਲਾਵਾ ਉਸ ਨੂੰ ਟੈਰੇਸ ਤੋਂ ਵੀ ਹੇਠਾਂ ਧੱਕ ਦਿੱਤਾ ਗਿਆ। ਇਸ ਘਟਨਾਕ੍ਰਮ ਦੇ ਨਤੀਜੇ ਵਜੋਂ ਨਾ ਸਿਰਫ ਪੀੜਤ ਬਾਲਕ ਦੀ ਕਿਡਨੀ ਫੇਲ ਹੋ ਗਈ ਸਗੋਂ ਉਸ ਦੇ ਸਰੀਰ ’ਚ ਸਿਹਤ ਸਬੰਧੀ ਕਈ ਸਮੱਸਿਆਵਾਂ ਪੈਦਾ ਹੋ ਗਈਆਂ। ਬੱਚੇ ਦਾ ਇਲਾਜ ਕਰ ਰਹੇ ਡਾਕਟਰ ਦਾ ਕਹਿਣਾ ਹੈ ਕਿ ਉਸ ਦੇ ਜ਼ਿੰਦਾ ਰਹਿਣ ਦੀ ਸੰਭਾਵਨਾ ਬੜੀ ਘੱਟ ਹੈ।
ਇਸ ਦੌਰਾਨ ਜੁਵੇਨਾਈਲ ਜਸਟਿਸ ਬੋਰਡ ਵੱਲੋਂ 3 ’ਚੋਂ 2 ਦੋਸ਼ੀਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਵੱਲੋਂ ‘ਅੰਡਰਟੇਕਿੰਗ’ ਲਿਖ ਕੇ ਦੇ ਦੇਣ ਤੋਂ ਬਾਅਦ ਪੁਲਸ ਬੋਰਡ ਵਲੋਂ ਆਰਜ਼ੀ ਤੌਰ ’ਤੇ ਉਮਰ ਅਤੇ ਅਣਉਚਿਤ ਮੈਡੀਕਲ ਸਬੂਤਾਂ ਦੀ ਘਾਟ ’ਚ ਰਿਹਾਅ ਕਰ ਦਿੱਤੇ ਜਾਣ ’ਤੇ ਪੀੜਤ ਦੇ ਪਰਿਵਾਰ ਨੇ ਨਿਰਾਸ਼ਾ ਪ੍ਰਗਟ ਕੀਤੀ ਹੈ, ਜਦਕਿ ਇਕ ਨੂੰ ਤਾਂ ਗ੍ਰਿਫਤਾਰ ਹੀ ਨਹੀਂ ਕੀਤਾ ਗਿਆ। ਇਸ ਦੌਰਾਨ 30 ਸਤੰਬਰ ਨੂੰ ਕੁਝ ਸਮਾਂ ਪਹਿਲਾਂ ਹੋਏ ਹੈਦਰਾਬਾਦ ’ਚ ਜੁਬਲੀ ਹਿੱਲਸ ਗੈਂਗਰੇਪ ਕੇਸ ਦੇ ਜੁਵੇਨਾਈਲ ਜਸਟਿਸ ਬੋਰਡ ਨੇ 5 ’ਚੋਂ 4 ਨਾਬਾਲਗ ਦੋਸ਼ੀਆਂ ’ਤੇ ਬਾਲਗਾਂ ਦੇ ਰੂਪ ’ਚ ਮੁਕੱਦਮਾ ਚਲਾਉਣ ਦਾ ਫੈਸਲਾ ਕੀਤਾ ਹੈ, ਜਦਕਿ ਇਸੇ ਅਪਰਾਧ ’ਚ ਸ਼ਾਮਲ ਇਕ ਵਿਧਾਇਕ ਦੇ ਲੜਕੇ ’ਤੇ ਇਕ ਜੁਵੇਨਾਈਲ (ਅੱਲ੍ਹੜ) ਦੇ ਰੂਪ ’ਚ ਹੀ ਮੁਕੱਦਮਾ ਚਲਾਇਆ ਜਾਵੇਗਾ ਕਿਉਂਕਿ ਬੋਰਡ ਦੇ ਅਨੁਸਾਰ ਉਸ ਦੇ ਉਪਰ ਲਾਇਆ ਗਿਆ ਦੋਸ਼ ਘੱਟ ‘ਗੰਭੀਰ’ ਹੈ।
ਇਨ੍ਹਾਂ ਦੋਵਾਂ ਹੀ ਫੈਸਲਿਆਂ ਨਾਲ ਪੀੜਤ ਧਿਰ ਨੂੰ ਭਾਰੀ ਨਿਰਾਸ਼ਾ ਹੋਈ ਹੈ ਕਿਉਂਕਿ ਆਮ ਧਾਰਨਾ ਇਹੀ ਹੈ ਕਿ ਬਾਲਗਾਂ ਵਰਗੇ ਭਿਆਨਕ ਅਪਰਾਧ ਕਰਨ ਵਾਲਿਆਂ ਨੂੰ ਸਜ਼ਾ ਵੀ ਉਸੇ ਕਿਸਮ ਦੀ ਦਿੱਤੀ ਜਾਣੀ ਚਾਹੀਦੀ ਹੈ ਫਿਰ ਭਾਵੇਂ ਉਨ੍ਹਾਂ ਦੀ ਉਮਰ ਘੱਟ ਹੀ ਕਿਉਂ ਨਾ ਹੋਵੇ। ਯਕੀਨਨ ਹੀ ਅੱਲ੍ਹੜਾਂ ’ਚ ਵਧ ਰਿਹਾ ਅਪਰਾਧਪੁਣਾ ਬੜਾ ਚਿੰਤਾ ਦਾ ਵਿਸ਼ਾ ਹੈ। ਅਜਿਹੇ ’ਚ ਮੰਨਿਆ ਜਾਂਦਾ ਹੈ ਕਿ ਅੱਲ੍ਹੜਾਂ ’ਚ ਅਪਰਾਧਪੁਣੇ ਦੇ ਕਈ ਕਾਰਨ ਹੋ ਸਕਦੇ ਹਨ, ਜੋ ਉਨ੍ਹਾਂ ਨੂੰ ਅਪਰਾਧ ਦੀ ਦੁਨੀਆ ’ਚ ਧੱਕ ਸਕਦੇ ਹਨ ਜਾਂ ਇਸ ’ਚ ਜਾਣ ਦੇ ਲਈ ਉਨ੍ਹਾਂ ਨੂੰ ਮਜਬੂਰ ਕਰ ਸਕਦੇ ਹਨ। ਘਰ ’ਚ ਹਿੰਸਾ ਦਾ ਹੋਣਾ ਜਾਂ ਨੈਤਿਕਤਾ ਦੀ ਘਾਟ ਵੀ ਹੋਰ ਕਾਰਨ ਹਨ। ਸਾਡੇ ਇੱਥੇ ਸਿੱਖਿਆ ਦਾ ਹੇਠਲਾ ਪੱਧਰ ਅਤੇ ਸਕੂਲ ’ਚ ਖਰਾਬ ਪ੍ਰਦਰਸ਼ਨ ਵੀ ਬੱਚਿਆਂ ਨੂੰ ਅਪਰਾਧ ਦੀ ਦੁਨੀਆ ’ਚ ਧੱਕ ਸਕਦੇ ਹਨ। ਉਥੇ ਹੀ ਅੱਲ੍ਹੜਾਂ ’ਚ ਨਸ਼ੇ ਦੀ ਆਦਤ, ਬੁਰੀ ਸੰਗਤ ਨਾਲ ਸਾਥੀਆਂ ਦਾ ਦਬਾਅ, ਤੁਰੰਤ ਪੈਸਾ ਹਾਸਲ ਕਰਨ ਦੀ ਰੀਝ ਅਤੇ ਇੰਟਰਨੈੱਟ ’ਤੇ ਅਪਰਾਧ ਅਤੇ ਪੋਰਨ ਤਸਵੀਰਾਂ ਤੋਂ ਲੈ ਕੇ ਵੀਡੀਓ ਤੱਕ ਸੌਖੀ ਪਹੁੰਚ ਵੀ ਕੁਝ ਕਾਰਨ ਹਨ।
ਅੱਲ੍ਹੜਾਂ ਦੌਰਾਨ ਇਸ ਗੱਲ ਦਾ ਅਹਿਸਾਸ ਕਿ ਨਾਬਾਲਗ ਹੋਣ ਦੇ ਕਾਰਨ ਉਨ੍ਹਾਂ ’ਤੇ ਅਪਰਾਧਿਕ ਮਾਮਲਾ ਨਹੀਂ ਚੱਲੇਗਾ ਵਰਗੀਆਂ ਗੱਲਾਂ ਵੀ ਬੱਚਿਆਂ ’ਚ ਅਪਰਾਧਪੁਣੇ ਨੂੰ ਜਨਮ ਦਿੰਦੀਆਂ ਹਨ। ਪਰਿਵਾਰ ਨਾਲ ਜੁੜੇ ਮੁੱਦਿਆਂ ਦੀ ਗੱਲ ਕਰੀਏ ਤਾਂ ਕੋਈ ਵੀ ਪਰਿਵਾਰ, ਖਾਸ ਤੌਰ ’ਤੇ ਮਾਤਾ-ਪਿਤਾ, ਬੱਚੇ ਦੇ ਵਿਕਾਸ ’ਚ ਇਕ ਵੱਡੀ ਭੂਮਿਕਾ ਨਿਭਾਉਂਦੇ ਹਨ। ਅਣਉਚਿਤ ਦਖਲ ਕਿਸੇ ਵੀ ਬੱਚੇ ਜਾਂ ਅੱਲ੍ਹੜ ਨੂੰ ਅਪਰਾਧ ਕਰਨ ਲਈ ਪ੍ਰੇਰਿਤ ਕਰ ਸਕਦਾ ਹੈ। ਮੰਨਿਆ ਜਾਂਦਾ ਹੈ ਕਿ ਹਿੰਸਾ ਹੀ ਹਿੰਸਾ ਨੂੰ ਜਨਮ ਦਿੰਦੀ ਹੈ। ਅਕਸਰ ਸੰਭਾਵਿਤ ਅਪਰਾਧੀ ਖੁਦ ਪਹਿਲਾਂ ਹਿੰਸਾ ਦੇ ਸ਼ਿਕਾਰ ਹੁੰਦੇ ਹਨ। ਉਹ ਪਰਿਵਾਰ ਹੋਵੇ ਜਾਂ ਸਕੂਲ ਕਿਤੇ ਵੀ ਇਸ ਦੇ ਸ਼ਿਕਾਰ ਹੋ ਸਕਦੇ ਹਨ। ਇਕ ਹੋਰ ਕਾਰਨ ਮੰਨਿਆ ਜਾਂਦਾ ਹੈ ਕਿ ਅੱਲ੍ਹੜ ਆਪਣੀ ਪਛਾਣ ਨੂੰ ਪਰਿਭਾਸ਼ਿਤ ਕਰਨ ਜਾਂ ਪ੍ਰਭਾਵ ਜਮਾਉਣ ਦੀ ਕੋਸ਼ਿਸ਼ ’ਚ ਵੀ ਅਪਰਾਧ ਦੇਖ ਕੇ ਉਸ ਦੀ ਨਕਲ ਕਰਨ ਲਈ ਪਰਿਵਾਰਕ ਮੈਂਬਰਾਂ, ਆਪਣੇ ਦੋਸਤਾਂ ਜਾਂ ਸਾਥੀਆਂ ਦੇ ਅਪਰਾਧਿਕ ਕੰਮਾਂ ਦੀ ਨਕਲ ਕਰ ਸਕਦੇ ਹਨ, ਜੋ ਪਹਿਲਾਂ ਤੋਂ ਅਪਰਾਧਿਕ ਵਿਹਾਰ ’ਚ ਸ਼ਾਮਲ ਹੋਣ।
ਬੱਚਿਆਂ ਅਤੇ ਅੱਲ੍ਹੜਾਂ ਨੂੰ ਅਪਰਾਧ ਦੇ ਲਈ ਉਕਸਾਉਣ ਵਾਲੇ ਕਾਰਨਾਂ ’ਚ ਮਨੋਵਿਗਿਆਨਕ ਮੁੱਦੇ ਜਿਵੇਂ ਕਿ ਖਰਾਬ ਸਮਾਜਿਕ-ਆਰਥਿਕ ਹਾਲਤ, ਮਾਤਾ-ਪਿਤਾ ਦਾ ਉਦਾਸੀਨ ਵਤੀਰਾ, ਹੀਣਤਾ ਦੀ ਭਾਵਨਾ ਆਦਿ ਵੀ ਸ਼ਾਮਲ ਹਨ। ਉਦਾਹਰਣ ਲਈ ਘਰ ਜਾਂ ਫਿਰ ਨੇੜੇ-ਤੇੜੇ ਦੇ ਲੋਕਾਂ ’ਚ ਡਿਪ੍ਰੈਸ਼ਨ, ਡਰ ਅਤੇ ਔਕੜਾਂ, ਵੱਧ ਹਮਲਾਵਰਪੁਣਾ ਆਦਿ ਇਹ ਸਭ ਨਾਬਾਲਗਾਂ ਨੂੰ ਅਪਰਾਧ ਕਰਨ ਦੇ ਲਈ ਉਕਸਾ ਸਕਦੇ ਹਨ। ਬੇਘਰ ਬੱਚਿਆਂ ਦੀ ਸਮੱਸਿਆ ਵੀ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਖਰਾਬ ਆਰਥਿਕ ਅਤੇ ਸਮਾਜਿਕ ਹਾਲਤਾਂ ਕਾਰਨ ਸੜਕਾਂ ’ਤੇ ਰਹਿਣ ਵਾਲੇ ਬੱਚਿਆਂ ਦੇ ਅਪਰਾਧੀ ਬਣਨ ਦਾ ਜੋਖਮ ਸਭ ਤੋਂ ਵੱਧ ਹੁੰਦਾ ਹੈ ਕਿਉਂਕਿ ਬੇਘਰ ਬੱਚੇ ਕਿਸੇ ਵੀ ਸੰਭਾਲ ਦੀ ਘਾਟ ’ਚ ਗੁੰਡਾਗਰਦੀ ਨੂੰ ਆਪਣੀ ਹੋਂਦ ਦਾ ਇਕੋ-ਇਕ ਢੰਗ ਮੰਨਦੇ ਹਨ। ਅਜਿਹੇ ’ਚ ਜਿੱਥੇ ਅਜਿਹੇ ਦੋਸ਼ੀਆਂ ਨੂੰ ਸਜ਼ਾ ਦੇਣੀ ਬੇਹੱਦ ਜ਼ਰੂਰੀ ਅਤੇ ਲਾਜ਼ਮੀ ਹੈ ਓਥੇ ਹੀ ਘਰ, ਸਕੂਲ ’ਚ ਸਤਿਕਾਰ, ਸ਼ਾਂਤੀ, ਅਨੁਸ਼ਾਸਨ ਅਤੇ ਪਿਆਰ ਦਾ ਮਾਹੌਲ ਹੋਣਾ ਵੀ ਬੜਾ ਮਹੱਤਵਪੂਰਨ ਹੈ।
ਫਿਰਕੂ ਏਕਤਾ ਦੀ ਮਿਸਾਲ ਪੇਸ਼ ਕਰ ਰਹੀਆਂ ਰਾਮਲੀਲਾਵਾਂ
NEXT STORY