ਬੀਤੀ ਰਾਤ ਸਾਰੀ ਦੁਨੀਆ ਨੇ ਸੰਨ 2015 ਨੂੰ ਅਲਵਿਦਾ ਕਿਹਾ ਅਤੇ ਨਵੇਂ ਵਰ੍ਹੇ 2016 ਦੇ ਆਗਮਨ ਦੇ ਸਵਾਗਤ 'ਚ ਜਸ਼ਨ ਮਨਾਏ। ਅਮੀਰ-ਗਰੀਬ, ਛੋਟੇ-ਵੱਡੇ ਹਰ ਵਰਗ ਦੇ ਲੋਕਾਂ 'ਚ ਸ਼ੁੱਭ ਕਾਮਨਾਵਾਂ ਦੇ ਆਦਾਨ-ਪ੍ਰਦਾਨ ਦੀ ਦੌੜ ਜਿਹੀ ਲੱਗੀ ਰਹੀ। ਨਵੇਂ ਵਰ੍ਹੇ 'ਚ ਦਾਖਲ ਹੁੰਦਿਆਂ ਜਦੋਂ ਅਸੀਂ ਆਸ ਭਰੀ ਨਜ਼ਰ ਨਾਲ ਭਵਿੱਖ ਵੱਲ ਦੇਖ ਰਹੇ ਹਾਂ ਤਾਂ ਸਾਨੂੰ ਆਪਣੇ ਆਲੇ-ਦੁਆਲੇ ਖੁਸ਼ਹਾਲੀ ਨਜ਼ਰ ਆਉਂਦੀ ਹੈ। ਲੋਕਾਂ ਦੇ ਤਨ 'ਤੇ ਚੰਗੇ ਪਹਿਰਾਵੇ ਹਨ। ਜ਼ਿਆਦਾਤਰ ਲੋਕਾਂ ਦੇ ਹੱਥਾਂ 'ਚ ਮੋਬਾਇਲ ਫੋਨ ਆ ਗਏ ਹਨ ਅਤੇ ਫੋਨ ਖਪਤਕਾਰਾਂ ਦੀ ਗਿਣਤੀ 100 ਕਰੋੜ ਦਾ ਅੰਕੜਾ ਟੱਪ ਗਈ ਹੈ।
ਨਵੇਂ-ਨਵੇਂ ਮਾਡਲਾਂ ਅਤੇ ਡਿਜ਼ਾਈਨਾਂ ਦੀਆਂ ਆਰਾਮਦਾਇਕ ਤੇ ਤੇਜ਼ ਰਫਤਾਰ ਬੱਸਾਂ, ਕਾਰਾਂ, ਮੋਟਰਸਾਈਕਲਾਂ-ਸਕੂਟਰਾਂ ਦਾ ਹੜ੍ਹ ਜਿਹਾ ਆਇਆ ਹੋਇਆ ਹੈ, ਜਿਸ ਕਾਰਨ ਟ੍ਰੈਫਿਕ ਜਾਮ ਲੱਗਣ ਲੱਗੇ ਹਨ। ਇਨ੍ਹਾਂ ਤੋਂ ਬਚਣ ਲਈ ਫਲਾਈਓਵਰ, ਫੋਰ ਤੇ ਸਿਕਸ ਲੇਨ ਸੜਕਾਂ ਬਣਾਈਆਂ ਜਾ ਰਹੀਆਂ ਹਨ। ਸੜਕਾਂ 'ਤੇ ਗੱਡੀਆਂ ਦੀ ਭੀੜ ਘਟਾਉਣ ਲਈ ਓਡ ਤੇ ਈਵਨ ਰਜਿਸਟ੍ਰੇਸ਼ਨ ਵਾਲੀਆਂ ਗੱਡੀਆਂ ਵਾਰੀ-ਵਾਰੀ ਚਲਾਉਣ ਦਾ ਨਿਯਮ ਲਾਗੂ ਕੀਤਾ ਜਾ ਰਿਹਾ ਹੈ।
ਭਾਰਤੀ ਰੇਲਾਂ ਹਰ ਰੋਜ਼ ਸਵਾ ਦੋ ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਉਨ੍ਹਾਂ ਦੀ ਮੰਜ਼ਿਲ ਤਕ ਪਹੁੰਚਾ ਰਹੀਆਂ ਹਨ। ਹਵਾਈ ਯਾਤਰੀਆਂ ਤੇ ਹਵਾਈ ਅੱਡਿਆਂ ਦੀ ਗਿਣਤੀ 'ਚ ਵੀ ਭਾਰੀ ਵਾਧਾ ਹੋਇਆ ਹੈ ਅਤੇ ਹਵਾਈ ਅੱਡਿਆਂ 'ਤੇ ਬੱਸ ਅੱਡਿਆਂ ਵਰਗਾ ਨਜ਼ਾਰਾ ਦਿਖਾਈ ਦੇਣ ਲੱਗਾ ਹੈ।
ਦੇਸ਼ 'ਚ ਵੱਡੀ ਗਿਣਤੀ 'ਚ ਸਕੂਲ ਖੁੱਲ੍ਹ ਗਏ ਹਨ, ਜਿਥੇ ਲੋਕ ਬੱਚਿਆਂ ਨੂੰ ਪੜ੍ਹਨ ਲਈ ਭੇਜ ਰਹੇ ਹਨ। ਸੀਮਤ ਸਾਧਨਾਂ ਦੇ ਬਾਵਜੂਦ ਦੇਸ਼ 'ਚ ਸੌ ਫੀਸਦੀ ਸਾਖਰਤਾ ਦੇ ਨੇੜੇ ਪਹੁੰਚਣ ਵਾਲਾ ਹਿਮਾਚਲ ਪ੍ਰਦੇਸ਼ ਦੇਸ਼ ਦਾ ਦੂਜਾ ਸੂਬਾ ਬਣ ਚੁੱੱਕਾ ਹੈ।
ਭਾਰਤੀ ਵੱਡੀ ਗਿਣਤੀ 'ਚ ਕਾਰੋਬਾਰ ਤੇ ਪੜ੍ਹਾਈ ਲਈ ਵਿਦੇਸ਼ ਜਾ ਰਹੇ ਹਨ। ਵੱਡੀਆਂ-ਵੱਡੀਆਂ ਕੌਮਾਂਤਰੀ ਕੰਪਨੀਆਂ ਦੇ ਸਰਵੇ-ਸਰਵਾ ਭਾਰਤੀ ਹਨ। ਦੁਨੀਆ ਦੀ ਸਭ ਤੋਂ ਵੱਡੀ ਆਈ. ਟੀ. ਕੰਪਨੀ ਮਾਈਕ੍ਰੋਸਾਫਟ ਦੇ ਮੁਖੀ ਸੱਤਿਆ ਨਡੇਲਾ, ਪੈਪਸੀਕੋ ਦੀ ਮੁਖੀ ਇੰਦਰਾ ਨੂਈ ਅਤੇ ਗੂਗਲ ਦੇ ਨਵੇਂ ਸੀ. ਈ. ਓ. ਸੁੰਦਰ ਪਿਚਾਈ ਵੀ ਭਾਰਤੀ ਹਨ।
ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਦੀ ਟੀਮ 'ਚ ਕਈ ਭਾਰਤੀ ਉੱਚ ਅਹੁਦਿਆਂ 'ਤੇ ਹਨ। ਕੈਨੇਡਾ ਦੀ ਨਵੀਂ ਬਣੀ ਸਰਕਾਰ 'ਚ ਵੀ ਚਾਰ ਭਾਰਤੀ ਹਨ ਅਤੇ ਵਿਦੇਸ਼ਾਂ 'ਚ ਵਸੇ ਪ੍ਰਵਾਸੀ ਭਾਰਤੀ ਆਪਣੇ ਵਤਨ ਪੈਸਾ ਭੇਜਣ 'ਚ ਦੁਨੀਆ ਵਿਚ ਪਹਿਲੇ ਨੰਬਰ 'ਤੇ ਹਨ।
ਤਰੱਕੀ ਦੀ ਇਹ ਤਸਵੀਰ ਤਸੱਲੀ ਦੇਣ ਵਾਲੀ ਹੈ ਪਰ ਇਕ ਪਾਸੇ ਪਿਛਲੇ ਸਾਲ ਦੇਸ਼ ਨੇ ਅਰਥਵਿਵਸਥਾ 'ਚ ਆਈ ਹਾਂ-ਪੱਖੀ ਤਬਦੀਲੀ ਨੂੰ ਮਹਿਸੂਸ ਕੀਤਾ ਤਾਂ ਦੂਜੇ ਪਾਸੇ ਖਰਾਬ ਮਾਨਸੂਨ ਦੀ ਮਾਰ ਅਤੇ ਕਰਜ਼ਿਆਂ ਦੇ ਬੋਝ ਕਾਰਨ ਵੱਡੀ ਗਿਣਤੀ 'ਚ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ। ਖੁਰਾਕੀ ਪਦਾਰਥਾਂ ਦੀ ਮਹਿੰਗਾਈ ਨੇ ਲੋਕਾਂ ਦੇ ਹੰਝੂ ਕੱਢੇ ਤੇ ਰੁਪਏ 'ਚ ਲਗਾਤਾਰ ਪੰਜਵੇਂ ਸਾਲ ਵੀ ਗਿਰਾਵਟ ਜਾਰੀ ਰਹੀ।
ਦੇਸ਼ 'ਚ 30 ਫੀਸਦੀ ਤੋਂ ਜ਼ਿਆਦਾ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਅੱਜ ਵੀ 67.4 ਫੀਸਦੀ ਆਬਾਦੀ ਨੂੰ ਪਖਾਨੇ ਮੁਹੱਈਆ ਨਹੀਂ ਹਨ। ਹਜ਼ਾਰਾਂ ਲੋਕ ਬੇਘਰ ਹਨ, ਜੋ ਫੁੱਟਪਾਥਾਂ 'ਤੇ ਹੀ ਜੰਮਦੇ ਤੇ ਫੁੱਟਪਾਥਾਂ 'ਤੇ ਹੀ ਮਰ ਜਾਂਦੇ ਹਨ। ਸਰਕਾਰੀ ਸਕੂਲਾਂ ਤੇ ਹਸਪਤਾਲਾਂ ਦੀ ਹਾਲਤ ਖਸਤਾ ਹੈ। ਲੋਕ ਮਿਆਰੀ ਸਿੱਖਿਆ ਤੇ ਚੰਗੇ ਇਲਾਜ ਤੋਂ ਵਾਂਝੇ ਹਨ ਅਤੇ ਹਸਪਤਾਲਾਂ ਦੇ ਬਾਹਰ ਸੜਕਾਂ 'ਤੇ ਹੀ ਜਣੇਪੇ ਹੋ ਰਹੇ ਹਨ।
ਲੋਕਾਂ ਨੂੰ ਪੀਣ ਲਈ ਸਾਫ-ਸੁਥਰਾ ਪਾਣੀ ਤਕ ਨਹੀਂ ਮਿਲ ਰਿਹਾ। ਅਮੀਰ ਲੋਕ ਤਾਂ ਬੋਤਲਬੰਦ ਪਾਣੀ ਖਰੀਦ ਕੇ ਕੰਮ ਚਲਾ ਲੈਂਦੇ ਹਨ ਪਰ ਆਮ ਆਦਮੀ ਕੀ ਕਰੇ? ਬਿਜਲੀ ਦੀ ਘਾਟ ਕਾਰਨ ਉਦਯੋਗ-ਧੰਦੇ ਵੀ ਠੱਪ ਹੋ ਰਹੇ ਹਨ।
ਨਕਸਲੀ ਹਿੰਸਾ, ਸਰਹੱਦ 'ਤੇ ਘੁਸਪੈਠ, ਗੁਆਂਢੀ ਦੇਸ਼ ਤੋਂ ਹਥਿਆਰਾਂ, ਜਾਅਲੀ ਕਰੰਸੀ ਤੇ ਨਸ਼ੇ ਦੀ ਸਮੱਗਲਿੰਗ ਜ਼ੋਰਾਂ 'ਤੇ ਹੈ, ਜੋ ਦੇਸ਼ ਦੀ ਜਵਾਨੀ ਨੂੰ ਨਿਗਲ ਰਹੇ ਹਨ। ਬੇਰੋਜ਼ਗਾਰਾਂ, ਭਿਖਾਰੀਆਂ ਦੀ ਗਿਣਤੀ ਵਧ ਰਹੀ ਹੈ। ਦੇਸ਼ 'ਚ ਲੱਗਭਗ ਪੌਣੇ ਚਾਰ ਲੱਖ ਭਿਖਾਰੀ ਹਨ। ਇਨ੍ਹਾਂ 'ਚ ਐੱਮ. ਏ., ਬੀ. ਏ. ਪਾਸ ਲੋਕ ਵੀ ਸ਼ਾਮਿਲ ਹਨ, ਜਿਨ੍ਹਾਂ ਨੇ ਨੌਕਰੀ ਨਾ ਮਿਲਣ ਕਰਕੇ ਇਹ ਰਾਹ ਚੁਣਿਆ ਹੈ। ਹਾਲਤ ਇਹ ਹੈ ਕਿ ਜੇ ਅੱਜ ਪੱਛਮੀ ਦੇਸ਼ਾਂ ਲਈ ਵੀਜ਼ਾ ਖੁੱਲ੍ਹ ਜਾਵੇ ਤਾਂ ਜ਼ਿਆਦਾਤਰ ਨੌਜਵਾਨ ਭਾਰਤ ਛੱਡ ਕੇ ਉਥੇ ਚਲੇ ਜਾਣਗੇ।
ਅਪਰਾਧਾਂ ਦੀ ਭਰਮਾਰ ਹੈ। ਦਿੱਲੀ ਤਾਂ 'ਬਲਾਤਕਾਰਾਂ ਦੀ ਰਾਜਧਾਨੀ' ਅਖਵਾਉਣ ਲੱਗੀ ਹੈ। ਨਾਬਾਲਗਾਂ 'ਚ ਅਪਰਾਧਿਕ ਰੁਝਾਨ ਵਧ ਰਿਹਾ ਹੈ, ਭ੍ਰਿਸ਼ਟਾਚਾਰ ਜ਼ੋਰਾਂ 'ਤੇ ਹੈ ਤੇ ਹਰ ਰੋਜ਼ ਕੋਈ ਨਾ ਕੋਈ ਸਕੈਂਡਲ ਸਾਹਮਣੇ ਆ ਰਿਹਾ ਹੈ। ਕਾਨੂੰਨ ਦੇ ਰਖਵਾਲੇ ਹੀ ਭੇੜੀਏ ਬਣ ਗਏ ਹਨ।
ਪਰ ਸਾਰੀਆਂ ਸਮੱਸਿਆਵਾਂ ਦੇ ਬਾਵਜੂਦ ਦੇਸ਼ 'ਚ ਲੋਕਤੰਤਰ ਲਗਾਤਾਰ ਮਜ਼ਬੂਤ ਅਤੇ ਪ੍ਰਪੱਕ ਹੋ ਰਿਹਾ ਹੈ ਤੇ ਸ਼ਾਂਤਮਈ ਢੰਗ ਨਾਲ ਸੱਤਾ ਬਦਲਦੀ ਰਹੀ ਹੈ। ਇਸ ਦਾ ਸਬੂਤ ਸਾਨੂੰ 2014 ਦੀਆਂ ਆਮ ਚੋਣਾਂ 'ਚ ਭਾਜਪਾ ਦੀ ਭਾਰੀ ਜਿੱਤ ਅਤੇ 2015 'ਚ ਦਿੱਲੀ ਤੇ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਤੇ ਕੁਝ ਸੂਬਿਆਂ ਦੀਆਂ ਪੰਚਾਇਤੀ ਤੇ ਵਿਧਾਨ ਪ੍ਰੀਸ਼ਦ ਚੋਣਾਂ 'ਚ ਭਾਜਪਾ ਦੀ ਭਾਰੀ ਹਾਰ ਦੇ ਰੂਪ 'ਚ ਮਿਲਿਆ ਹੈ।
ਅਜਿਹੇ ਮਿਲੇ-ਜੁਲੇ ਮਾਹੌਲ 'ਚ ਅਸੀਂ ਨਵੇਂ ਵਰ੍ਹੇ 2016 'ਚ ਦਾਖਲ ਹੋ ਰਹੇ ਹਾਂ ਤੇ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਨਵਾਂ ਵਰ੍ਹਾ ਸਾਡੇ ਸਾਰਿਆਂ ਲਈ ਜ਼ਿੰਦਗੀ 'ਚ ਸ਼ਾਂਤੀ, ਸੁੱਖ-ਸਮ੍ਰਿਧੀ ਤੇ ਖੁਸ਼ਹਾਲੀ ਦਾ ਨਵਾਂ ਅਧਿਆਏ ਸ਼ੁਰੂ ਕਰਨ ਵਾਲਾ ਹੋਵੇ ਤੇ ਸਾਡੇ ਨੇਤਾ ਖੁਦ ਨੂੰ ਸੱਚੇ ਲੋਕ-ਸੇਵਕ ਸਮਝਦਿਆਂ ਦੇਸ਼ ਨੂੰ ਸਾਫ-ਸੁਥਰਾ ਪ੍ਰਸ਼ਾਸਨ ਦੇਣ ਅਤੇ ਇਸ ਨੂੰ ਦਰਪੇਸ਼ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਸਮਰੱਥ ਹੋਣ।
—ਵਿਜੇ ਕੁਮਾਰ
ਸੜਦੇ ਪੰਜਾਬ 'ਚ ਸ਼ਾਂਤੀ ਦੀ ਅਗਵਾਈ ਕਰਨ ਵਾਲੇ ਜਨਰਲ ਓ. ਪੀ. ਮਲਹੋਤਰਾ ਦਾ ਦਿਹਾਂਤ
NEXT STORY