ਦੇਸ਼ 'ਚ ਆਵਾਰਾ ਕੁੱਤਿਆਂ ਦੀ ਲਗਾਤਾਰ ਵਧ ਰਹੀ ਗਿਣਤੀ 'ਤੇ ਕਾਬੂ ਪਾਉਣ ਦੀ ਕੋਈ ਠੋਸ ਨੀਤੀ ਨਾ ਹੋਣ ਕਾਰਨ ਇਨ੍ਹਾਂ ਦੀ ਗਿਣਤੀ ਵਧਣ ਦੇ ਨਾਲ-ਨਾਲ ਉਸੇ ਅਨੁਪਾਤ 'ਚ ਇਨ੍ਹਾਂ ਦਾ ਕਹਿਰ ਅਤੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧਦੀਆਂ ਜਾ ਰਹੀਆਂ ਹਨ। ਆਵਾਰਾ ਕੁੱਤਿਆਂ ਵਲੋਂ ਲੋਕਾਂ ਨੂੰ ਵੱਢਣ ਦੀਆਂ ਘਟਨਾਵਾਂ 'ਤੇ ਚਿੰਤਾ ਪ੍ਰਗਟ ਕਰਦਿਆਂ 25 ਫਰਵਰੀ ਨੂੰ ਸੁਪਰੀਮ ਕੋਰਟ ਨੇ ਇਨ੍ਹਾਂ ਦੀ ਦਹਿਸ਼ਤ 'ਤੇ ਲਗਾਮ ਲਗਾਉਣ ਲਈ ਕਦਮ ਚੁੱਕਣ ਨੂੰ ਕਿਹਾ ਅਤੇ ਕੇਂਦਰ ਸਰਕਾਰ ਤੋਂ ਪੁੱਛਿਆ ਹੈ ਕਿ ਆਵਾਰਾ ਕੁੱਤਿਆਂ ਦੀ ਦਹਿਸ਼ਤ ਦੀ ਸਮੱਸਿਆ ਨਾਲ ਨਜਿੱਠਣ ਲਈ ਕੀ ਕਦਮ ਚੁੱਕੇ ਜਾ ਰਹੇ ਹਨ? ਹੋਰਨਾਂ ਥਾਵਾਂ ਤੋਂ ਇਲਾਵਾ ਹੱਡਾ-ਰੋੜੀਆਂ, ਹੋਟਲਾਂ ਅਤੇ ਮੀਟ ਵੇਚਣ ਵਾਲਿਆਂ ਦੀਆਂ ਦੁਕਾਨਾਂ ਦੇ ਸਾਹਮਣੇ ਝੁੰਡਾਂ 'ਚ ਬੈਠੇ ਆਵਾਰਾ ਕੁੱਤੇ ਉਥੋਂ ਲੰਘਣ ਵਾਲੇ ਪੈਦਲ ਲੋਕਾਂ, ਸਾਈਕਲ ਅਤੇ ਮੋਟਰਸਾਈਕਲ ਸਵਾਰਾਂ 'ਤੇ ਟੁੱਟ ਪੈਂਦੇ ਹਨ ਅਤੇ ਦੁਧਾਰੂ ਜਾਨਵਰ ਵੀ ਉਨ੍ਹਾਂ ਦਾ ਸ਼ਿਕਾਰ ਬਣ ਰਹੇ ਹਨ। ਪਿੰਡਾਂ ਅਤੇ ਸ਼ਹਿਰਾਂ 'ਚ ਘੁੰਮਣ ਵਾਲੇ ਖਤਰਨਾਕ ਆਵਾਰਾ ਕੁੱਤਿਆਂ ਦੇ ਕਾਰਨ ਬੱਚਿਆਂ ਅਤੇ ਰਾਹਗੀਰਾਂ ਦਾ ਤੁਰਨਾ-ਫਿਰਨਾ ਮੁਸ਼ਕਿਲ ਹੋ ਗਿਆ ਹੈ। ਲੋਕ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਭੇਜਣ ਤੋਂ ਵੀ ਡਰਨ ਲੱਗੇ ਹਨ।
ਕਈ ਥਾਵਾਂ 'ਤੇ ਤਾਂ ਆਦਮਖੋਰ ਹੋ ਗਏ ਆਵਾਰਾ ਕੁੱਤਿਆਂ ਦੀ ਦਹਿਸ਼ਤ ਇੰਨੀ ਵਧ ਗਈ ਹੈ ਕਿ ਉਥੇ ਕੋਰੀਅਰ ਵਾਲਿਆਂ ਅਤੇ ਹੋਰ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਉਣ ਵਾਲਿਆਂ ਨੇ ਜਾਣਾ ਬੰਦ ਕਰ ਦਿੱਤਾ ਹੈ।
*03 ਫਰਵਰੀ ਨੂੰ ਫਗਵਾੜਾ ਦੇ ਨੇੜੇ ਜੰਡਿਆਲਾ ਮੰਜਕੀ 'ਚ ਹੱਡਾ-ਰੋੜੀ ਦੇ ਲੱਗਭਗ ਇਕ ਦਰਜਨ ਕੁੱਤਿਆਂ ਨੇ ਘਰ ਦੇ ਬਾਹਰ ਖੜ੍ਹੀ ਕੀਰਤ ਕੌਰ ਨਾਂ ਦੀ 4 ਸਾਲਾ ਬੱਚੀ ਨੂੰ ਹੱਥਾਂ, ਲੱਤਾਂ ਅਤੇ ਪਿੱਠ 'ਤੇ ਕੱਟ ਕੇ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ।
* 04 ਫਰਵਰੀ ਨੂੰ ਆਗਰਾ 'ਚ ਆਵਾਰਾ ਕੁੱਤੇ ਨੇ ਇਕ ਵਿਦੇਸ਼ੀ ਸੈਲਾਨੀ ਨੂੰ ਵੱਢਿਆ।
* 05 ਫਰਵਰੀ ਨੂੰ ਦਸੂਹਾ ਦੇ ਪਿੰਡ ਗੰਗਿਆ 'ਚ ਕੁੱਤਿਆਂ ਨੇ 2 ਸਾਲਾ ਬੱਚੇ ਮਨਪ੍ਰੀਤ ਦੇ ਪੇਟ ਦਾ ਹੇਠਲਾ ਹਿੱਸਾ ਪੂਰੀ ਤਰ੍ਹਾਂ ਵੱਢ ਖਾਧਾ, ਜਿਸ ਨਾਲ ਉਸ ਦੀ ਮੌਤ ਹੋ ਗਈ।
* 06 ਫਰਵਰੀ ਨੂੰ ਸੰਗਰੂਰ ਦੇ ਲਹਿਰਾਗਾਗਾ ਸ਼ਹਿਰ 'ਚ ਆਵਾਰਾ ਕੁੱਤਿਆਂ ਨੇ ਇਕ 4 ਮਹੀਨੇ ਦੀ ਵੱਛੀ ਨੂੰ ਵੱਢ ਦਿੱਤਾ।
* 07 ਫਰਵਰੀ ਨੂੰ ਜਮਸ਼ੇਦਪੁਰ 'ਚ ਇਕ ਕੁੱਤੇ ਨੇ ਅੱਧਾ ਦਰਜਨ ਤੋਂ ਵੱਧ ਲੋਕਾਂ ਨੂੰ ਵੱਢਣ ਤੋਂ ਇਲਾਵਾ ਕੁਝ ਕੁੱਤਿਆਂ ਨੂੰ ਵੀ ਵੱਢ ਕੇ ਜ਼ਖ਼ਮੀ ਕਰ ਦਿੱਤਾ।
* 08 ਫਰਵਰੀ ਨੂੰ ਲਖਨਊ ਦੇ ਸ਼ਿਵਢਰਾ ਪਿੰਡ 'ਚ ਹਲਕਾਏ ਕੁੱਤੇ ਦੇ ਵੱਢਣ ਤੋਂ 8 ਦਿਨਾਂ ਬਾਅਦ ਪੀੜਤ ਔਰਤ ਦੀ ਮੌਤ ਹੋ ਗਈ।
* 09 ਫਰਵਰੀ ਨੂੰ ਨਿਹਾਲਸਿੰਘਵਾਲਾ ਦੇ ਪਿੰਡ ਧੂੜਕੋਟ ਰਣਸੀਂਹ 'ਚ ਹਰਮਨ ਸਿੰਘ ਨਾਂ ਦੇ 7 ਸਾਲਾ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ।
* 12 ਫਰਵਰੀ ਨੂੰ ਮੁੰਬਈ ਦੇ ਵਡਾਲਾ 'ਚ ਇਕ ਸਕੂਲ ਦੇ ਗੇਟ ਸਾਹਮਣੇ ਆਵਾਰਾ ਕੁੱਤੇ ਨੇ 2 ਬੱਚਿਆਂ ਨੂੰ ਵੱਢ ਖਾਧਾ।
* 15 ਫਰਵਰੀ ਨੂੰ ਫਿਰੋਜ਼ਪੁਰ 'ਚ ਨਿਜ਼ਾਮੂਦੀਨ 'ਚ 7 ਸਾਲ ਦੇ ਬੱਚੇ ਨੂੰ ਹੱਡਾ-ਰੋੜੀ ਦੇ ਕੁੱਤਿਆਂ ਨੇ ਨੋਚ-ਨੋਚ ਕੇ ਜ਼ਖ਼ਮੀ ਕਰ ਦਿੱਤਾ।
* 21 ਫਰਵਰੀ ਨੂੰ ਛੱਤੀਸਗੜ੍ਹ ਦੇ ਗਰਿਆਬੰਦ ਸ਼ਹਿਰ 'ਚ ਇਕ ਪਾਗਲ ਕੁੱਤੇ ਨੇ 2 ਦਿਨਾਂ 'ਚ 9 ਲੋਕਾਂ ਨੂੰ ਵੱਢਿਆ।
* 23 ਫਰਵਰੀ ਨੂੰ ਰਾਮਬਨ ਜ਼ਿਲੇ ਦੇ 'ਕੋਬਾਗ' ਇਲਾਕੇ 'ਚ ਆਵਾਰਾ ਕੁੱਤੇ ਨੇ ਇਕ ਜਰਮਨ ਸੈਲਾਨੀਆਂ ਸਮੇਤ 10 ਮੁਸਾਫਿਰਾਂ ਨੂੰ ਵੱਢ ਕੇ ਜ਼ਖ਼ਮੀ ਕਰ ਦਿੱਤਾ।
* 25 ਫਰਵਰੀ ਨੂੰ ਭਾਗਲਪੁਰ ਦੇ 2 ਪਿੰਡਾਂ 'ਚ ਪਾਗਲ ਕੁੱਤੇ ਨੇ 7 ਲੋਕਾਂ ਨੂੰ ਵੱਢਿਆ।
* 28 ਫਰਵਰੀ ਨੂੰ ਜਲੰਧਰ ਦੇ ਅਮਨ ਨਗਰ 'ਚ ਆਵਾਰਾ ਕੁੱਤਿਆਂ ਨੇ ਘੇਰ ਕੇ ਇਕ 10 ਸਾਲ ਦੇ ਬੱਚੇ ਨੂੰ ਵੱਢ ਕੇ ਲਹੂ-ਲੁਹਾਨ ਕਰ ਦਿੱਤਾ।
ਇਹ ਤਾਂ ਉਹ ਘਟਨਾਵਾਂ ਹਨ, ਜੋ ਸਾਹਮਣੇ ਆਈਆਂ ਹਨ, ਇਨ੍ਹਾਂ ਤੋਂ ਇਲਾਵਾ ਵੀ ਪਤਾ ਨਹੀਂ ਕਿੰਨੀਆਂ ਘਟਨਾਵਾਂ ਹੋਈਆਂ ਹੋਣਗੀਆਂ, ਜੋ ਸਾਹਮਣੇ ਨਹੀਂ ਆ ਸਕੀਆਂ।
ਜ਼ਿਆਦਾਤਰ ਮਾਮਲਿਆਂ 'ਚ ਸਰਕਾਰੀ ਹਸਪਤਾਲਾਂ 'ਚ ਇਲਾਜ ਲਈ ਇੰਜੈਕਸ਼ਨ ਵੀ ਮੁਹੱਈਆ ਨਹੀਂ ਹੁੰਦੇ, ਜਿਸ ਕਾਰਨ ਜਾਂ ਤਾਂ ਪੀੜਤ ਇਲਾਜ ਤੋਂ ਵਾਂਝਾ ਰਹਿ ਜਾਂਦਾ ਹੈ ਅਤੇ ਜਾਂ ਫਿਰ ਉਸ ਨੂੰ ਪ੍ਰਾਈਵੇਟ ਦੁਕਾਨਾਂ ਤੋਂ ਬਹੁਤ ਮਹਿੰਗੇ ਭਾਅ 'ਤੇ ਇਹ ਇੰਜੈਕਸ਼ਨ ਖਰੀਦਣੇ ਪੈਂਦੇ ਹਨ। ਕਈ ਵਾਰ ਤਾਂ ਇੰਜੈਕਸ਼ਨ ਨਾ ਖਰੀਦ ਸਕਣ ਜਾਂ ਇੰਜੈਕਸ਼ਨ ਮਿਲਣ 'ਚ ਦੇਰੀ ਹੋਣ ਅਤੇ ਸਮੇਂ 'ਤੇ ਇਲਾਜ ਨਾ ਹੋਣ ਕਾਰਨ ਪੀੜਤ ਦੀ ਅਕਾਲ ਮੌਤ ਹੋ ਜਾਂਦੀ ਹੈ।
ਇਸ ਦਿਸ਼ਾ 'ਚ ਯਤਨ ਤੇਜ਼ ਕਰਨ ਦੀ ਲੋੜ ਹੈ। ਜਦੋਂ ਤਕ ਕੇਂਦਰ ਅਤੇ ਸੂਬਾ ਸਰਕਾਰਾਂ ਕੁੱਤਿਆਂ ਦੀ ਵਧਦੀ ਗਿਣਤੀ ਅਤੇ ਉਨ੍ਹਾਂ ਦੇ ਵੱਢਣ ਨਾਲ ਹੋਣ ਵਾਲੀਆਂ ਅਕਾਲ ਮੌਤਾਂ 'ਤੇ ਰੋਕ ਲਗਾਉਣ ਅਤੇ ਇਲਾਜ ਲਈ ਜ਼ਰੂਰੀ ਦਵਾਈਆਂ ਆਸਾਨੀ ਨਾਲ ਮੁਹੱਈਆ ਕਰਵਾਉਣ ਲਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕਰਨਗੀਆਂ, ਉਦੋਂ ਤਕ ਇਸ ਸਮੱਸਿਆ ਤੋਂ ਮੁਕਤੀ ਮਿਲ ਸਕਣਾ ਮੁਸ਼ਕਿਲ ਹੈ ਅਤੇ ਇਸ ਸਥਿਤੀ 'ਚ ਆਵਾਰਾ ਕੁੱਤਿਆਂ ਦੇ ਵੱਢਣ ਨਾਲ ਹੋਣ ਵਾਲੀਆਂ ਮੌਤਾਂ ਲਗਾਤਾਰ ਵਧਦੀਆਂ ਹੀ ਜਾਣਗੀਆਂ।
–ਵਿਜੇ ਕੁਮਾਰ
ਸਸਤੀ ਜ਼ਹਿਰੀਲੀ ਸ਼ਰਾਬ ਨਾਲ ਹੋ ਰਹੀਆਂ ਮੌਤਾਂ ਅਤੇ ਉੱਜੜ ਰਹੇ ਪਰਿਵਾਰ
NEXT STORY