ਅੱਜ ਪੂਰੇ ਦੇਸ਼ 'ਚ ਸ਼ਰਾਬ ਤੇ ਹੋਰ ਨਸ਼ਿਆਂ ਦਾ ਸੇਵਨ ਲਗਾਤਾਰ ਵਧ ਰਿਹਾ ਹੈ ਅਤੇ ਉਸੇ ਅਨੁਪਾਤ 'ਚ ਅਪਰਾਧ ਵੀ ਵਧ ਰਹੇ ਹਨ। ਸ਼ਰਾਬ ਦੀ ਵਰਤੋਂ ਨਾਲ ਵੱਡੀ ਗਿਣਤੀ 'ਚ ਔਰਤਾਂ ਦੇ ਸੁਹਾਗ ਉੱਜੜ ਰਹੇ ਹਨ, ਬੱਚੇ ਅਨਾਥ ਹੋ ਰਹੇ ਹਨ ਤੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦਾ ਘੁਣ ਖੋਖਲਾ ਕਰ ਰਿਹਾ ਹੈ।
ਆਮ ਤੌਰ 'ਤੇ ਲੋਕਾਂ ਨੂੰ ਸ਼ਰਾਬ ਤੋਂ ਨਸ਼ੇ ਦੀ ਲਤ ਲੱਗਦੀ ਹੈ ਅਤੇ ਜਦੋਂ ਉਹ ਆਰਥਿਕ ਤੰਗੀ ਕਾਰਨ ਸ਼ਰਾਬ ਖਰੀਦਣ ਦੇ ਯੋਗ ਨਹੀਂ ਰਹਿੰਦੇ ਤਾਂ ਹੋਰ ਸਸਤੇ ਨਸ਼ਿਆਂ ਤੇ ਨਕਲੀ ਸ਼ਰਾਬ ਦਾ ਇਸਤੇਮਾਲ ਸ਼ੁਰੂ ਕਰ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਬੈਠਦੇ ਹਨ।
ਇਸ ਦੇ ਬਾਵਜੂਦ ਸਰਕਾਰਾਂ ਨੇ ਇਸ ਪਾਸਿਓਂ ਅੱਖਾਂ ਮੀਚੀਆਂ ਹੋਈਆਂ ਹਨ ਕਿਉਂਕਿ ਸਾਡੇ ਸੱਤਾਧਾਰੀ ਨੇਤਾ ਤਾਂ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੇ ਅਤੇ ਇਸ ਦੀ ਵਿਕਰੀ ਤੋਂ ਹੋਣ ਵਾਲੀ ਭਾਰੀ ਆਮਦਨ ਨੂੰ ਉਹ ਗੁਆਉਣਾ ਨਹੀਂ ਚਾਹੁੰਦੇ।
ਨੇਤਾ ਚਾਹੇ ਕੁਝ ਵੀ ਕਹਿਣ, ਇਹ ਅਟੱਲ ਸੱਚਾਈ ਹੈ ਕਿ ਸ਼ਰਾਬ ਇਕ ਨਸ਼ਾ ਅਤੇ ਜ਼ਹਿਰ ਹੈ, ਜਿਸ ਦੇ ਸੇਵਨ ਨਾਲ ਲਿਵਰ ਸਿਰੋਸਿਸ, ਹਾਈ ਬਲੱਡ ਪ੍ਰੈਸ਼ਰ, ਡਿਪਰੈਸ਼ਨ, ਅਨੀਮੀਆ, ਗਠੀਆ, ਨਾੜੀ ਰੋਗ, ਮੋਟਾਪਾ, ਦਿਲ ਦੇ ਰੋਗ ਆਦਿ ਤੋਂ ਇਲਾਵਾ ਔਰਤਾਂ 'ਚ ਗਰਭਪਾਤ, ਗਰਭ ਵਿਚਲੇ ਬੱਚੇ ਦੀ ਸਿਹਤ 'ਤੇ ਉਲਟਾ ਅਸਰ ਅਤੇ ਵੱਖ-ਵੱਖ ਵਿਕਾਰਾਂ ਤੋਂ ਪੀੜਤ ਬੱਚਿਆਂ ਦੇ ਜਨਮ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ।
ਸ਼ਰਾਬ ਦੇ ਬੁਰੇ ਅਸਰਾਂ ਨੂੰ ਦੇਖਦਿਆਂ ਹੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਗੁਲਾਮੀ ਦੇ ਯੁੱਗ 'ਚ ਇਹ ਐਲਾਨ ਕੀਤਾ ਸੀ ਕਿ ਜੇ ਭਾਰਤ ਦਾ ਸ਼ਾਸਨ ਅੱਧੇ ਘੰਟੇ ਲਈ ਵੀ ਉਨ੍ਹਾਂ ਦੇ ਹੱਥ 'ਚ ਆ ਜਾਵੇ ਤਾਂ ਉਹ ਸ਼ਰਾਬ ਦੇ ਸਾਰੇ ਕਾਰਖਾਨਿਆਂ ਤੇ ਠੇਕਿਆਂ ਨੂੰ ਬਿਨਾਂ ਮੁਆਵਜ਼ਾ ਦਿੱਤਿਆਂ ਹੀ ਬੰਦ ਕਰ ਦੇਣਗੇ।
ਨਕਲੀ ਸ਼ਰਾਬ ਬਣਾਉਣ ਲਈ ਵੱਖ-ਵੱਖ ਹਾਨੀਕਾਰਕ ਕੈਮੀਕਲਜ਼ ਤੋਂ ਇਲਾਵਾ ਕਿਰਲੀ, ਸੱਪ ਵਰਗੇ ਜ਼ਹਿਰੀਲੇ ਜੰਤੂਆਂ ਤੇ ਦਰਦ ਨਿਵਾਰਕ ਕਾਲੀ ਮੱਲ੍ਹਮ ਵਰਗੀਆਂ ਚੀਜ਼ਾਂ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ।
ਸ਼ਰਾਬ ਪੀਣ ਦੇ ਭਿਆਨਕ ਨਤੀਜੇ ਇਕ ਵਾਰ ਫਿਰ ਉਦੋਂ ਸਾਹਮਣੇ ਆਏ, ਜਦੋਂ ਯੂ. ਪੀ., ਉੱਤਰਾਖੰਡ, ਆਸਾਮ ਤੇ ਆਂਧਰਾ ਪ੍ਰਦੇਸ਼ 'ਚ ਸਿਰਫ ਫਰਵਰੀ ਮਹੀਨੇ 'ਚ ਹੀ ਜ਼ਹਿਰੀਲੀ ਸ਼ਰਾਬ ਪੀਣ ਨਾਲ 300 ਦੇ ਲੱਗਭਗ ਲੋਕਾਂ ਦੀ ਮੌਤ ਹੋ ਗਈ।
ਯੂ. ਪੀ. ਤੇ ਉੱਤਰਾਖੰਡ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਘੱਟੋ-ਘੱਟ 109 ਵਿਅਕਤੀ ਮਾਰੇ ਗਏ, ਜਦਕਿ ਆਸਾਮ 'ਚ ਲੱਗਭਗ 157 ਵਿਅਕਤੀਆਂ ਦੀ ਮੌਤ ਹੋਈ। ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ 'ਚ ਕੈਮੀਕਲ ਵਾਲੀ ਜ਼ਹਿਰੀਲੀ ਸ਼ਰਾਬ ਪੀਣ ਨਾਲ 7 ਵਿਅਕਤੀਆਂ ਦੀ ਮੌਤ ਹੋ ਗਈ, ਕਈ ਲੋਕ ਗੰਭੀਰ ਬੀਮਾਰ ਹੋ ਗਏ ਤੇ ਜ਼ਿਆਦਾਤਰ ਲੋਕਾਂ ਨੇ ਆਪਣੀਆਂ ਅੱਖਾਂ ਦੀ ਰੌਸ਼ਨੀ ਗੁਆ ਲਈ।
ਇਨ੍ਹਾਂ ਮੌਤਾਂ ਦੇ ਸਿੱਟੇ ਵਜੋਂ ਕਿਸੇ ਨੇ ਆਪਣਾ ਪਿਤਾ ਗੁਆਇਆ, ਕਿਸੇ ਨੇ ਭਰਾ ਤਾਂ ਕਿਸੇ ਨੇ ਬੇਟਾ। ਕਈ ਪਰਿਵਾਰਾਂ ਨੇ ਆਪਣਾ ਇਕੋ-ਇਕ ਕਮਾਊ ਮੈਂਬਰ ਵੀ ਗੁਆ ਲਿਆ ਤੇ ਅਣਗਿਣਤ ਪਰਿਵਾਰਾਂ ਦੀ ਜ਼ਿੰਦਗੀ 'ਚ ਹਨੇਰਾ ਛਾ ਗਿਆ।
ਹਮੇਸ਼ਾ ਵਾਂਗ ਦੁਰਘਟਨਾ ਵਾਪਰ ਜਾਣ ਤੋਂ ਬਾਅਦ ਸਬੰਧਤ ਸੂਬਾ ਸਰਕਾਰਾਂ ਵਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਤੇ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਵੱਡੀ ਮਾਤਰਾ 'ਚ ਨਕਲੀ ਸ਼ਰਾਬ ਜ਼ਬਤ ਕੀਤੀ ਗਈ। ਉਕਤ ਮੌਤਾਂ ਪਿੱਛੇ ਸ਼ਰਾਬ 'ਚ 'ਮਿਥਾਈਲ ਐਲਕੋਹਲ' ਜਾਂ 'ਮੈਥਾਨੋਲ' ਨਾਮੀ ਜ਼ਹਿਰੀਲਾ ਕੈਮੀਕਲ ਹੋਣ ਦਾ ਸ਼ੱਕ ਹੈ, ਜੋ ਭਾਰਤ 'ਚ ਸ਼ਰਾਬ ਨਾਲ ਹੋਣ ਵਾਲੀਆਂ ਮੌਤਾਂ ਦਾ ਵੱਡਾ ਕਾਰਨ ਮੰਨਿਆ ਜਾਂਦਾ ਹੈ।
ਮਾਹਿਰਾਂ ਅਨੁਸਾਰ ਮਿਥਾਈਲ ਐਲਕੋਹਲ ਬਹੁਤ ਖਤਰਨਾਕ ਹੁੰਦਾ ਹੈ ਅਤੇ ਇਸ ਦਾ ਅਸਰ ਦਿਮਾਗ, ਅੱਖਾਂ ਅਤੇ ਲਿਵਰ 'ਤੇ ਪੈਂਦਾ ਹੈ। ਇਸ ਨਾਲ ਵਿਅਕਤੀ ਜਾਂ ਤਾਂ ਅੰਨਾ ਹੋ ਜਾਂਦਾ ਹੈ ਜਾਂ ਉਸ ਦੀ ਮੌਤ ਹੋ ਜਾਂਦੀ ਹੈ ਤੇ ਇਸ ਦੇ ਲਈ ਮਿਥਾਈਲ ਐਲਕੋਹਲ ਦੀ ਥੋੜ੍ਹੀ ਜਿਹੀ ਮਾਤਰਾ ਹੀ ਕਾਫੀ ਹੁੰਦੀ ਹੈ। ਮਿਥਾਈਲ ਐਲਕੋਹਲ ਮੁੱਖ ਤੌਰ 'ਤੇ ਪੇਂਟ (ਰੰਗ) ਤੇ ਪਲਾਈਵੁੱਡ ਇੰਡਸਟਰੀ 'ਚ ਇਸਤੇਮਾਲ ਹੁੰਦਾ ਹੈ।
ਯੂ. ਪੀ. ਤੇ ਉੱਤਰਾਖੰਡ 'ਚ ਛਾਪੇਮਾਰੀ ਦੌਰਾਨ ਜ਼ਬਤ ਕੀਤੀ ਗਈ ਸ਼ਰਾਬ 'ਚ ਚੂਹੇਮਾਰ ਦਵਾਈ ਮਿਲਾਉਣ ਦਾ ਸ਼ੱਕ ਵੀ ਪ੍ਰਗਟਾਇਆ ਜਾ ਰਿਹਾ ਹੈ। ਵਿਸ਼ਾਖਾਪਟਨਮ 'ਚ ਸ਼ਰਾਬ ਨਾਲ ਹੋਈਆਂ ਮੌਤਾਂ ਲਈ ਸ਼ਰਾਬ ਬਣਾਉਣ ਲਈ ਇਸਤੇਮਾਲ ਕੀਤੇ ਗਏ ਜ਼ਹਿਰੀਲੇ ਕੈਮੀਕਲਜ਼ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।
ਉਕਤ ਘਟਨਾਵਾਂ ਲਈ ਜਿਥੇ ਸਸਤੀ ਜ਼ਹਿਰੀਲੀ ਸ਼ਰਾਬ ਬਣਾ ਕੇ ਵੇਚਣ ਵਾਲੇ ਮੌਤ ਦੇ ਵਪਾਰੀ ਜ਼ਿੰਮੇਵਾਰ ਹਨ, ਉਥੇ ਹੀ ਸਬੰਧਤ ਸੂਬਿਆਂ ਦਾ ਪ੍ਰਸ਼ਾਸਨ ਵੀ ਇਸ ਦੇ ਲਈ ਘੱਟ ਜ਼ਿੰਮੇਵਾਰ ਨਹੀਂ, ਜੋ ਨਾਜਾਇਜ਼ ਸ਼ਰਾਬ ਦੇ ਧੰਦੇ 'ਤੇ ਰੋਕ ਲਾਉਣ 'ਚ ਨਾਕਾਮ ਸਿੱਧ ਹੋ ਰਿਹਾ ਹੈ।
ਇਸ ਲਈ ਜਿਥੇ ਜ਼ਹਿਰੀਲੀ ਸ਼ਰਾਬ ਦੇ ਵਪਾਰੀਆਂ 'ਤੇ ਸ਼ਿਕੰਜਾ ਕੱਸਣ ਅਤੇ ਉਨ੍ਹਾਂ ਨੂੰ ਸਖਤ ਸਜ਼ਾ ਦੇਣ ਦੀ ਲੋੜ ਹੈ, ਉਥੇ ਹੀ ਜ਼ਹਿਰੀਲੀ ਸ਼ਰਾਬ ਕਾਰਨ ਹੋਣ ਵਾਲੀਆਂ ਮੌਤਾਂ ਰੋਕਣ ਲਈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਤੈਅ ਕਰਨ ਦੀ ਵੀ ਲੋੜ ਹੈ ਅਤੇ ਜਿਥੇ ਕਿਤੇ ਵੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਹੋਣ, ਉਥੋਂ ਦੇ ਸਥਾਨਕ ਪ੍ਰਸ਼ਾਸਨ ਵਿਰੁੱਧ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। –ਵਿਜੇ ਕੁਮਾਰ
ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ 'ਰਿਹਾਅ ਕਰਨ ਦਾ ਪਾਕਿਸਤਾਨ ਦਾ ਸਹੀ ਫੈਸਲਾ'
NEXT STORY