ਇੱਕ ਖਾਲਿਸਤਾਨ ਹਮਾਇਤੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਕੈਨੇਡਾ ਅਤੇ ਭਾਰਤ ਵਿਚਕਾਰ ਪੈਦਾ ਹੋਏ ਵਿਵਾਦ ਨੇ ਭਾਰਤੀ ਪਰਵਾਸੀਆਂ ਵਿੱਚ ਵੀ ਸਿਆਸੀ ਬਹਿਸ ਨੂੰ ਹਵਾ ਦੇ ਦਿੱਤੀ ਹੈ।
ਹਾਲਾਂਕਿ ਕੁਝ ਲੋਕਾਂ ਦਾ ਕਹਿਣਾ ਹੈ ਇਸ ਮੁੱਦੇ ਨੂੰ ਜ਼ਰੂਰਤ ਤੋਂ ਵੱਧ ਵਧਾਇਆ-ਚੜ੍ਹਾਇਆ ਜਾ ਰਿਹਾ ਹੈ।
ਲੰਘੇ ਸੋਮਵਾਰ ਜਦੋਂ ਜਸਟਿਨ ਟਰੂਡੋ ਨੇ ਜਨਤਕ ਤੌਰ ''ਤੇ ਇਹ ਇਲਜ਼ਾਮ ਲਾਇਆ ਕਿ ਕੈਨੇਡਾ ''ਚ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤ ਦਾ ਹੱਥ ਹੋ ਸਕਦਾ ਹੈ, ਤਾਂ ਸੋਸ਼ਲ ਮੀਡੀਆ ''ਤੇ ਇਕ ਵੀਡੀਓ ਕਲਿੱਪ ਵਾਇਰਲ ਹੋ ਗਿਆ।
ਇਸ ''ਚ ਅਮਰੀਕਾ ਦਾ ਇਕ ਸਿੱਖ ਵੱਖਵਾਦੀ ਸਮੂਹ ਕੈਨੇਡਾ ਦੇ ਹਿੰਦੂਆਂ ਨੂੰ ਭਾਰਤ ਵਾਪਸ ਜਾਣ ਲਈ ਕਹਿ ਰਿਹਾ ਹੈ।
ਇਹ ਵੀਡੀਓ ਕਥਿਤ ਤੌਰ ''ਤੇ 12 ਸਤੰਬਰ ਨੂੰ ਫਿਲਮਾਇਆ ਗਿਆ ਸੀ, ਜਿਸ ਵਿੱਚ ਸਿੱਖ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ, "ਭਾਰਤੀ ਕੈਨੇਡੀਅਨ ਹਿੰਦੂ, ਤੁਸੀਂ ਕੈਨੇਡਾ ਅਤੇ ਕੈਨੇਡਾ ਦੇ ਸੰਵਿਧਾਨ ਪ੍ਰਤੀ ਆਪਣੀ ਵਫ਼ਾਦਾਰੀ ਤੋਂ ਇਨਕਾਰ ਕਰ ਦਿੱਤਾ ਹੈ।"
ਉਨ੍ਹਾਂ ਕਿਹਾ, “ਹੁਣ ਤੁਹਾਡੀ ਮੰਜ਼ਿਲ ਭਾਰਤ ਹੈ। ਕੈਨੇਡਾ ਛੱਡੋ। ਭਾਰਤ ਜਾਓ।”
ਪੰਨੂ ਕੋਲ ਕੈਨੇਡਾ ਅਤੇ ਅਮਰੀਕਾ ਦੀ ਦੋਹਰੀ ਨਾਗਰਿਕਤਾ ਹੈ ਅਤੇ ਉਹ ਨਿੱਝਰ ਦੇ ਦੋਸਤ ਵੀ ਸਨ। ਉਨ੍ਹਾਂ ਦਾ ਇਹ ਵੀਡੀਓ ਆਨਲਾਈਨ ਅਤੇ ਭਾਰਤੀ ਮੀਡੀਆ ''ਚ ਕਾਫੀ ਸ਼ੇਅਰ ਕੀਤਾ ਗਿਆ।
ਕੈਨੇਡਾ ਦੀ ਸੰਸਦ ਵਿੱਚ ਲਿਬਰਲ ਮੈਂਬਰ ਚੰਦਰ ਆਰੀਆ ਇੱਕ ਹਿੰਦੂ ਹਨ ਅਤੇ ਉਨ੍ਹਾਂ ਨੇ ਇਸ ਵੀਡੀਓ ਬਾਰੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) ''ਤੇ ਲਿਖਿਆ, "ਇਸ ਟਾਰਗੇਟਿਡ ਹਮਲੇ ਤੋਂ ਬਾਅਦ ਸਹਿਮੇ ਹੋਏ ਹਿੰਦੂ-ਕਨੇਡੀਅਨ ਲੋਕਾਂ ਨਾਲ ਮੇਰੀ ਗੱਲ ਹੋਈ।"
ਆਰੀਆ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ "ਇਹ ਬਿਆਨ ਕੈਨੇਡਾ ਵਿੱਚ ਹਿੰਦੂ ਅਤੇ ਸਿੱਖ ਭਾਈਚਾਰਿਆਂ ਨੂੰ ਵੰਡਣ ਲਈ ਦਿੱਤੇ ਗਏ ਸਨ।" ਉਨ੍ਹਾਂ ਨੇ ਬੀਬੀਸੀ ਨੂੰ ਟਿੱਪਣੀ ਦੇਣ ਤੋਂ ਇਨਕਾਰ ਕਰ ਦਿੱਤਾ।
ਭਾਈਚਾਰਿਆਂ ''ਚ ਵੰਡ
ਇਨ੍ਹਾਂ ਗੱਲਾਂ ਨੇ ਭਾਰਤੀ ਪਰਵਾਸੀਆਂ ਵਿਚਲੀ ਵੰਡ ਨੂੰ ਉਜਾਗਰ ਕਰ ਦਿੱਤਾ ਹੈ ਅਤੇ ਕੈਨੇਡਾ ਦੇ ਧਮਾਕੇਦਾਰ ਇਲਜ਼ਾਮਾਂ ਨੇ ਇਸ ਨੂੰ ਵਧਾਇਆ ਹੀ ਹੈ। ਹਾਲਾਂਕਿ, ਭਾਰਤ ਨੇ ਨਿੱਝਰ ਦੇ ਕਤਲ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।
ਨਿੱਝਰ ਦੇ ਕਤਲ ਨੂੰ ਲੈ ਕੇ ਪਹਿਲਾਂ ਹੀ ਤਣਾਅ ਵਧਿਆ ਹੋਇਆ ਸੀ। ਉਸ ਦੇ ਸਮਰਥਕਾਂ ਨੇ ਇਸ ਕਤਲ ਦੇ ਖਿਲਾਫ ਪੂਰੇ ਕੈਨੇਡਾ ਵਿੱਚ ਪ੍ਰਦਰਸ਼ਨ ਕੀਤੇ ਅਤੇ ਭਾਰਤ ''ਤੇ ਇਸ ਕਤਲ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲਗਾਏ।
ਭਾਰਤ ਸਰਕਾਰ ਦੇ ਸਮਰਥਕਾਂ ਨੇ ਵੀ ਇਨ੍ਹਾਂ ਪ੍ਰਦਰਸ਼ਨਾਂ ਦੇ ਵਿਰੋਧ ਵਿੱਚ ਜਵਾਬੀ ਪ੍ਰਦਰਸ਼ਨ ਕੀਤੇ।
ਨਿੱਝਰ ਦੇ ਸਮਰਥਕਾਂ ਦੇ ਪ੍ਰਦਰਸ਼ਨ ''ਚ ਅਜਿਹੇ ਪੋਸਟਰ ਵੀ ਦੇਖੇ ਗਏ, ਜਿਨ੍ਹਾਂ ''ਚ ਭਾਰਤੀ ਡਿਪਲੋਮੈਟਾਂ ਨੂੰ ''ਕਾਤਲ'' ਕਿਹਾ ਗਿਆ ਸੀ। ਨਵੀਂ ਦਿੱਲੀ ਦੇ ਅਧਿਕਾਰੀਆਂ ਨੇ ਇਸ ਦੀ ਨਿੰਦਾ ਕੀਤੀ।
ਭਾਰਤ, ਕੈਨੇਡਾ ਵਿੱਚ ‘ਭਾਰਤ ਵਿਰੋਧੀ ਨਾਅਰਿਆਂ’ ਨਾਲ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾਉਣ ਅਤੇ ਢਾਹੇ ਜਾਣ ਦਾ ਮੁੱਦਾ ਉਠਾ ਚੁੱਕਿਆ ਹੈ।
ਨਿੱਝਰ, ਭਾਰਤੀ ਪੰਜਾਬ ਵਿੱਚ ਸਿੱਖਾਂ ਲਈ ਇੱਕ ਵੱਖਰਾ ਦੇਸ਼, ਖਾਲਿਸਤਾਨ ਬਣਾਉਣ ਦੇ ਇੱਕ ਵੱਡੇ ਸਮਰਥਕ ਸਨ।
ਭਾਰਤ ਨੇ ਖਾਲਿਸਤਾਨ ਅੰਦੋਲਨ ਦਾ ਸਖ਼ਤ ਵਿਰੋਧ ਕੀਤਾ ਅਤੇ ਨਿੱਝਰ ਨੂੰ ''ਅੱਤਵਾਦੀ'' ਕਰਾਰ ਦਿੱਤਾ।
ਬੀਬੀਸੀ ਨਾਲ ਇੱਕ ਇੰਟਰਵਿਊ ਵਿੱਚ ਪੰਨੂ ਨੇ ਕਿਹਾ ਕਿ ''ਉਨ੍ਹਾਂ ਦੇ ਬਿਆਨ ਦਾ ਉਦੇਸ਼ ਸਾਰੇ ਹਿੰਦੂਆਂ ਨੂੰ ਨਿਸ਼ਾਨਾ ਬਣਾਉਣਾ ਨਹੀਂ ਸੀ, ਸਗੋਂ ਉਨ੍ਹਾਂ ਲੋਕਾਂ ''ਤੇ ਸੀ ਜੋ ਭਾਰਤ ਸਰਕਾਰ ਦੇ ਹਿੱਤਾਂ ਦੀ ਹਮਾਇਤ ਕਰ ਰਹੇ ਹਨ,'' ਜੋ ਪਨੂੰ ਦੇ ਅਨੁਸਾਰ, ''ਬਹੁਗਿਣਤੀ ਹਿੰਦੂ ਹਨ।''
ਭਾਰਤ-ਕੈਨੇਡਾ ਮਸਲਾ: ਹੁਣ ਤੱਕ ਕੀ ਕੁਝ ਹੋਇਆ
- ਸੋਮਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਏਜੰਸੀਆਂ ਦੇ ਹਵਾਲੇ ਨਾਲ ਨਿੱਝਰ ਕਤਲ ਕੇਸ ਅਤੇ ਭਾਰਤ ਸਰਕਾਰ ਵਿਚਾਲੇ ਪ੍ਰਤੱਖ਼ ਲਿੰਕ ਹੋਣ ਦੀ ਗੱਲ ਕਹੀ ਸੀ।
- ਇਸ ਬਿਆਨ ਤੋਂ ਬਾਅਦ ਕੈਨੇਡਾ ਨੇ ਭਾਰਤ ਦੇ ਸੀਨੀਅਰ ਡਿਪਲੋਮੇਟ ਪਵਨ ਕੁਮਾਰ ਰਾਏ ਨੂੰ ਮੁਲਕ ਵਿੱਚੋਂ ਕੱਢ ਦਿੱਤਾ।
- ਭਾਰਤ ਨੇ ਵੀ ਮੰਗਲਵਾਰ ਕੈਨੇਡਾ ਦੇ ਸੀਨੀਅਰ ਡਿਪਲੋਮੇਟ ਨੂੰ ਪੰਜ ਦਿਨਾਂ ਦੇ ਅੰਦਰ ਭਾਰਤ ਛੱਡਣ ਦਾ ਹੁਕਮ ਦਿੱਤਾ ਹੈ।
- ਭਾਰਤ ਸਰਕਾਰ ਨੇ ਇਸ ਬਿਆਨ ਨੂੰ ਬੇ-ਬੁਨਿਆਦ ਅਤੇ ਸਿਆਸੀ ਤੌਰ ਉੱਤੇ ਪ੍ਰੇਰਿਤ ਕਰਾਰ ਦਿੱਤਾ ਸੀ।
- 21 ਸਤੰਬਰ ਨੂੰ ਨਿਊਯਾਰਕ ਵਿੱਚ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਪਣੇ ਇਲਜ਼ਾਮ ਦੁਹਰਾਏ, “ਇਸ ਗੱਲ ਉੱਤੇ ਭਰੋਸਾ ਕਰਨ ਲਈ ਪੁਖ਼ਤਾ ਕਾਰਨ ਹਨ ਕਿ ਭਾਰਤੀ ਏਜੰਟ ਇੱਕ ਕੈਨੇਡੀਅਨ ਨਾਗਰਿਕ ਦੇ ਕੈਨੇਡੀਅਨ ਧਰਤੀ ਉੱਤੇ ਹੋਏ ਕਤਲ ਵਿੱਚ ਸ਼ਾਮਿਲ ਹਨ।”
- ਇਸ ਵਿਵਾਦ ਦੇ ਚਲਦਿਆਂ ਦੋਵੇਂ ਦੇਸ਼ਾਂ ਨੇ ਆਪਣੇ-ਆਪਣੇ ਨਾਗਰਿਕਾਂ ਨੂੰ ਇੱਕ-ਦੂਜੇ ਦੇ ਦੇਸ਼ ''ਚ ਰਹਿਣ ਜਾਂ ਯਾਤਰਾ ਦੌਰਾਨ ਵਧੇਰੇ ਸਾਵਧਾਨ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹਨ।
- ਇਸੇ ਦੌਰਾਨ ਅਮਰੀਕਾ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਟਰੂ਼ਡੋ ਵਲੋਂ ਲਾਏ ਇਲਜ਼ਾਮਾਂ ਦੀ ਵਿਸਥਾਰਤ ਜਾਂਚ ਦਾ ਸਮਰਥਕ ਹੈ ਅਤੇ ਭਾਰਤ ਨੂੰ ਇਸ ਮਸਲੇ ਉੱਤੇ ਸਹਿਯੋਗ ਕਰਨਾ ਚਾਹੀਦਾ ਹੈ।
- ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਮਹਿਲਾ ਬੁਲਾਰੇ ਮੁਮਤਾਜ਼ ਜ਼ਾਹਰਾ ਬਲੋਚ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ''''ਇਹ ਇੱਕ ਲਾਪਰਵਾਹ ਅਤੇ ਗ਼ੈਰ-ਜ਼ਿੰਮੇਦਾਰ ਹਰਕਤ ਹੈ ਜੋ ਇੱਕ ਭਰੋਸੇਯੋਗ ਅੰਤਰ-ਰਾਸ਼ਟਰੀ ਸਹਿਯੋਗੀ ਦੇ ਰੂਪ ''ਚ ਭਾਰਤ ਦੀ ਭਰੋਸੇਯੋਗਤਾ ''ਤੇ ਸਵਾਲ ਹੈ।’’
ਭਾਰਤੀ ਭਾਈਚਾਰੇ ਦੀ ਪ੍ਰਤੀਕਿਰਿਆ
ਬੀਬੀਸੀ ਨੇ ਜਿਨ੍ਹਾਂ ਭਾਰਤੀ ਮੂਲ ਦੇ ਕੈਨੇਡੀਅਨਾਂ ਨਾਲ ਗੱਲਬਾਤ ਕੀਤੀ, ਉਨ੍ਹਾਂ ਦਾ ਕਹਿਣਾ ਸੀ ਕਿ ਹਾਲਾਂਕਿ ਕੈਨੇਡਾ ਦੇ ਇਲਜ਼ਾਮਾਂ ਤੋਂ ਉਨ੍ਹਾਂ ਦਾ ਭਾਈਚਾਰਾ ਸਦਮੇ ''ਚ ਹੈ, ਪਰ ਉਨ੍ਹਾਂ ਨੂੰ ਆਪਣੀ ਸੁਰੱਖਿਆ ਜਾਂ ਰੋਜ਼ਾਨਾ ਅਧਾਰ ''ਤੇ ਵਧ ਰਹੇ ਤਣਾਅ ਕਾਰਨ ਕੋਈ ਖ਼ਤਰਾ ਮਹਿਸੂਸ ਨਹੀਂ ਹੋਇਆ।
ਕੈਨੇਡਾ ਵਿੱਚ ਭਾਰਤੀ ਕੈਨੇਡੀਅਨਾਂ ਦੀ ਵੱਡੀ ਆਬਾਦੀ ਹੈ ਅਤੇ ਦੋਵਾਂ ਦੇਸ਼ਾਂ ਨਾਲ ਉਨ੍ਹਾਂ ਦੇ ਡੂੰਘੇ ਸਬੰਧ ਹਨ।
ਕੈਨੇਡਾ ਵਿੱਚ ਭਾਰਤੀ ਮੂਲ ਦੇ 18 ਲੱਖ ਵਸਨੀਕ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਧਰਮਾਂ ਅਤੇ ਸਮਾਜਿਕ-ਆਰਥਿਕ ਪਿਛੋਕੜ ਵਾਲੇ ਲੋਕ ਸ਼ਾਮਲ ਹਨ।
ਟੋਰਾਂਟੋ ਵਿੱਚ ਇੱਕ ਤਕਨੀਕੀ ਪੇਸ਼ੇਵਰ ਰਣਬੀਰ ਗਰੇਵਾਲ ਸਿੱਖ ਭਾਈਚਾਰੇ ਨਾਲ ਸਬੰਧਤ ਹਨ । ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਮਾਜਿਕ ਦਾਇਰੇ ਵਿੱਚ ਹਿੰਦੂ ਅਤੇ ਸਿੱਖ ਕੈਨੇਡੀਅਨ ਸ਼ਾਮਲ ਹਨ। ਸਾਰਿਆਂ ਨੇ ਕੈਨੇਡੀਅਨ ਹਿੰਦੂਆਂ ਨੂੰ ਕੈਨੇਡਾ ਛੱਡਣ ਲਈ ਕਹਿਣ ਵਾਲੇ ਬਿਆਨ ਦੀ ਨਿੰਦਾ ਕੀਤੀ ਹੈ।
ਉਹ ਕਹਿੰਦੇ ਹਨ, "ਇਹ ਹਮਲਾਵਰ ਬਿਆਨ ਹਨ ਅਤੇ ਇਨ੍ਹਾਂ ਦੀ ਇੱਕ ਪ੍ਰਤੀਕਿਰਿਆ ਹੁੰਦੀ ਹੈ, ਲੋਕ ਇਸ ਬਾਰੇ ਗੱਲ ਕਰ ਰਹੇ ਹਨ।"
ਰਣਬੀਰ ਗਰੇਵਾਲ
ਗਰੇਵਾਲ ਨੇ ਭਾਰਤ ਸਰਕਾਰ ਵਿਰੁੱਧ ਵੀ ਗੁੱਸਾ ਜ਼ਾਹਰ ਕੀਤਾ, ਜਿਸ ਨੇ ਹਾਲ ਹੀ ਵਿੱਚ ਕੈਨੇਡਾ ਲਈ ਯਾਤਰਾ ਐਡਵਾਈਜ਼ਰੀ ਜਾਰੀ ਕੀਤੀ ਸੀ। ਇਸ ਵਿੱਚ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਹਿੰਸਾ ਦੇ ਖਦਸ਼ੇ ਕਾਰਨ ਬਹੁਤ ਸਾਵਧਾਨੀ ਵਰਤਣ ਲਈ ਕਿਹਾ ਸੀ।
ਗਰੇਵਾਲ ਨੇ ਕਿਹਾ, "ਮੈਂ ਪਹਿਲਾਂ ਵਾਂਗ ਹੀ ਲੋਕਾਂ ਨੂੰ ਮਿਲਦਾ ਹਾਂ, ਮੇਰੀ ਰੋਜ਼ਾਨਾ ਜ਼ਿੰਦਗੀ ''ਤੇ ਕੋਈ ਖਾਸ ਪ੍ਰਭਾਵ ਨਹੀਂ ਪਿਆ ਹੈ।"
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਪ੍ਰਤੀ ਕੋਈ ਵੀ ਭੜਕਾਊ ਟਿੱਪਣੀਆਂ ਭਾਰਤੀ ਕੈਨੇਡੀਅਨ ਭਾਈਚਾਰੇ ਦੇ ਖਾਸ ਵਰਗਾਂ ਪ੍ਰਤੀ ਕੀਤੀਆਂ ਜਾ ਰਹੀਆਂ ਹਨ ਅਤੇ ਬਹੁਗਿਣਤੀ ਆਬਾਦੀ ਦੀਆਂ ਭਾਵਨਾਵਾਂ ਦੀ ਪ੍ਰਤੀਨਿਧਤਾ ਨਹੀਂ ਕਰਦੀਆਂ।
ਸਿਆਸੀ ਮੁੱਦਾ
ਰਾਧਿਕਾ ਸ਼ਰਮਾ ਵੈਨਕੂਵਰ ਵਿੱਚ ਪੜ੍ਹਦੇ ਹਨ, ਉਹ ਇੱਕ ਹਿੰਦੂ ਹਨ। ਉਹ ਮੰਨਦੇ ਹਨ ਕਿ ਇਹ ਇੱਕ "ਸਿਆਸੀ" ਮੁੱਦਾ ਹੈ।
ਉਨ੍ਹਾਂ ਕਿਹਾ ਕਿ ਟਰੂਡੋ ਦੇ ਇਲਜ਼ਾਮਾਂ ਤੋਂ ਉਸ ਦੇ ਸਿੱਖ ਦੋਸਤਾਂ ਸਮੇਤ ਕੁਝ ਲੋਕ ਨਾਰਾਜ਼ ਹਨ ਕਿਉਂਕਿ ਉਨ੍ਹਾਂ ਦੀ ਸਰਕਾਰ ਨੇ ਇਨ੍ਹਾਂ ਇਲਜ਼ਾਮਾਂ ਦੇ ਸਮਰਥਨ ''ਚ ਜਨਤਕ ਤੌਰ ''ਤੇ ਕੋਈ ਸਬੂਤ ਨਹੀਂ ਦਿੱਤੇ ਹਨ।
ਰਾਧਿਕਾ ਨੇ ਕਿਹਾ, “ਸਾਨੂੰ ਨਹੀਂ ਪਤਾ ਕਿ ਇਹ ਕਿੰਨਾ ਸੱਚ ਹੈ, ਪਰ ਜੇਕਰ ਅਜਿਹਾ ਹੈ ਤਾਂ ਇਸ ਦੇ ਸਬੂਤ ਹੋਣੇ ਚਾਹੀਦੇ ਹਨ। ਇਸ ਤਰ੍ਹਾਂ ਤਾਂ ਇਹ ਦੋ ਮਹਾਨ ਦੇਸ਼ਾਂ ਵਿਚਕਾਰ ਤਣਾਅ ਅਤੇ ਯੁੱਧ ਦਾ ਸਬੱਬ ਹੈ।”
ਮਾਂਟ੍ਰੀਅਲ ਦੀ ਮੈਕਗਿਲ ਯੂਨੀਵਰਸਿਟੀ ਵਿੱਚ ਪੀਐਚਡੀ ਖੋਜਕਾਰ ਰੁਪਿੰਦਰ ਲਿੱਦੜ ਦੀ ਖੋਜ ਦਾ ਵਿਸ਼ਾ ਕੈਨੇਡਾ ਵਿੱਚ ਸਿੱਖ ਭਾਈਚਾਰੇ ਉੱਤੇ ਕੇਂਦਰਿਤ ਹੈ।
ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਦੇਖਿਆ ਹੈ ਕਿ ''ਸੋਸ਼ਲ ਮੀਡੀਆ ''ਤੇ ਗਲਤ ਜਾਣਕਾਰੀਆਂ ਫੈਲਾਈਆਂ ਜਾ ਰਹੀਆਂ ਹਨ, ਖਾਲਿਸਤਾਨ ਅੰਦੋਲਨ ਨੂੰ ਹਿੰਸਾ ਜਾਂ ਅੱਤਵਾਦ ਨਾਲ ਜੋੜ ਕੇ ਦਿਖਾਇਆ ਜਾ ਰਿਹਾ ਹੈ।
ਪਰ ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤੀ ਕੈਨੇਡੀਅਨ ਭਾਈਚਾਰੇ ਵਿੱਚ ਸਿਆਸੀ ਵੰਡ ਦੀ ਭਾਵਨਾ ਦੇ ਬਾਵਜੂਦ, ਕੈਨੇਡਾ ਵਿੱਚ ਹਿੰਦੂਆਂ ਅਤੇ ਸਿੱਖਾਂ ਵਿਚਕਾਰ ਡੂੰਘੇ ਸਬੰਧ ਹਨ।
ਉਨ੍ਹਾਂ ਕਿਹਾ, "ਕੈਨੇਡੀਅਨ ਸਿੱਖਾਂ ਅਤੇ ਕੈਨੇਡੀਅਨ ਹਿੰਦੂਆਂ ਵਿਚਕਾਰ ਤਣਾਅ ਨਹੀਂ ਹੋਣਾ ਚਾਹੀਦਾ, ਬਲਕਿ ਇਹ ਮੁੱਦਾ ਕੈਨੇਡਾ ਵਿੱਚ ਵਿਦੇਸ਼ੀ ਸਰਕਾਰ ਦੁਆਰਾ ਵਿਦੇਸ਼ੀ ਦਖਲ ਦਾ ਮਾਮਲਾ ਹੈ।"
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਭਾਰਤ-ਕੈਨੇਡਾ ਮਸਲਾ: ਕੀ ਅਮਰੀਕਾ ਕੈਨੇਡਾ ਲਈ ਭਾਰਤ ਖ਼ਿਲਾਫ਼ ਜਾਵੇਗਾ?
NEXT STORY