ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਮਨਪ੍ਰੀਤ ਸਿੰਘ ਬਾਦਲ ਅਤੇ ਇੱਕ ਪੀਸੀਐਸ ਅਧਿਕਾਰੀ ਸਮੇਤ ਕੁੱਲ ਛੇ ਖ਼ਿਲਾਫ਼ ਜ਼ਮੀਨ ਅਲਾਟਮੈਂਟ ਮਾਮਲੇ ਵਿੱਚ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਹੇਠ ਕੇਸ ਦਰਜ ਕੀਤਾ ਹੈ।
ਪੰਜਾਬ ਵਿਜੀਲੈਂਸ ਬਿਊਰੋ ਨੇ ਲੰਘੇ ਐਤਵਾਰ ਨੂੰ ਇਹ ਕੇਸ ਦਰਜ ਕੀਤਾ ਤੇ ਦੋ ਸ਼ਾਮਲ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।
ਵਿਜੀਲੈਂਸ ਬਿਊਰੋ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਮਨਪ੍ਰੀਤ ਬਾਦਲ ਅਤੇ ਹੋਰਾਂ ਖ਼ਿਲਾਫ਼ 420, 467, 468, 471, 120-ਬੀ ਅਤੇ 13(1) ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਐਫਆਈਆਰ ਵਿੱਚ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ।
ਮਾਮਲੇ ਵਿੱਚ ਦੂਜੇ ਮੁਲਜ਼ਮਾਂ ਦੀ ਪਛਾਣ - ਪੀਸੀਐਸ ਅਧਿਕਾਰੀ ਬਿਕਰਮਜੀਤ ਸ਼ੇਰਗਿੱਲ, ਤਤਕਾਲੀ ਨਗਰ ਨਿਗਮ ਕਮਿਸ਼ਨਰ ਤੇ ਬਠਿੰਡਾ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ, ਰਾਜੀਵ ਕੁਮਾਰ ਤੇ ਵਿਕਾਸ ਅਰੋੜਾ ਵਜੋਂ ਹੋਈ ਹੈ, ਜੋ ਦੋਵੇਂ ਹੀ ਮਨਪ੍ਰੀਤ ਬਾਦਲ ਦੇ ਖਾਸ ਸਾਥੀ ਮੰਨੇ ਜਾਂਦੇ ਹਨ।
ਇਸ ਤੋਂ ਇਲਾਵਾ ਅਮਨਦੀਪ ਸਿੰਘ ਅਤੇ ਬੀਡੀਏ ਦੇ ਤਤਕਾਲੀ ਸੁਪਰਡੈਂਟ ਪੰਕਜ ਦੇ ਨਾਮ ਵੀ ਸ਼ਾਮਲ ਹਨ।
ਵਿਜੀਲੈਂਸ ਨੇ ਰਾਜੀਵ ਕੁਮਾਰ ਅਤੇ ਅਮਨਦੀਪ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਵਿਕਾਸ ਅਤੇ ਪੰਕਜ ਦੀ ਗ੍ਰਿਫਤਾਰੀ ਲਈ ਕਾਰਵਾਈ ਜਾਰੀ ਹੈ।
ਸਰੂਪ ਚੰਦ ਸਿੰਗਲਾ ਨੇ ਮਨਪ੍ਰੀਤ ਬਾਦਲ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ
ਕੀ ਹੈ ਮਾਮਲਾ ਤੇ ਕਿਸ ਨੇ ਕੀਤੀ ਸੀ ਸ਼ਿਕਾਇਤ
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਮਨਪ੍ਰੀਤ ਸਿੰਘ ਬਾਦਲ ਨੇ ਮੰਤਰੀ ਰਹਿੰਦਿਆਂ ਬਠਿੰਡਾ ਵਿੱਚ ਪੁੱਡਾ ਦੀ ਜਾਇਦਾਦ ਨੂੰ ਕਥਿਤ ਤੌਰ ਉੱਤੇ ਘੱਟ ਰੇਟ ''ਤੇ ਵੇਚਿਆ ਹੈ।
ਪੁੱਡਾ ਦਾ ਇਹ ਕਥਿਤ ਪਲਾਟ 2500 ਵਰਗ ਗਜ਼ ਦਾ ਹੈ, ਜੋ ਕਿ ਬਠਿੰਡਾ ਦੇ ਮਾਡਲ ਟਾਊਨ, ਫ਼ੇਜ਼ ਇੱਕ ਵਿੱਚ ਭਾਰਤੀ ਖ਼ੁਰਾਕ ਨਿਗਮ ਦੇ ਦਫ਼ਤਰ ਦੇ ਨੇੜੇ ਸਥਿਤ ਹੈ।
ਸ਼ਿਕਾਇਤ ਮੁਤਾਬਕ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਸਰਕਾਰ ਸਮੇਂ ਦੋ ਵਪਾਰਕ ਪਲਾਟਾਂ ਨੂੰ ਇੱਕ ਰਿਹਾਇਸ਼ੀ ਪਲਾਟ ਵਿੱਚ ਤਬਦੀਲ ਕੀਤਾ ਅਤੇ ਫਿਰ ਉਨ੍ਹਾਂ ਨੂੰ ਖ਼ਰੀਦਿਆ, ਜਿਸ ਨਾਲ ਸੂਬੇ ਦੇ ਖ਼ਜ਼ਾਨੇ ਨੂੰ ਨੁਕਸਾਨ ਹੋਇਆ ਹੈ।
ਸਿੰਗਲਾ ਨੇ ਆਪਣੀ ਸ਼ਿਕਾਇਤ ਵਿੱਚ ਇਹ ਵੀ ਆਖਿਆ ਸੀ ਕਿ ਮਨਪ੍ਰੀਤ ਬਾਦਲ ਨੇ ਆਪਣਾ ਅਸਰ ਰਸੂਖ਼ ਵਰਤਦੇ ਹੋਏ, ਕਿਸੇ ਹੋਰ ਵਿਅਕਤੀ ਨੂੰ ਇਸ ਪਲਾਟ ਦੀ ਬੋਲੀ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ।
ਇਸ ਪਲਾਟ ਉੱਤੇ ਨਿਰਮਾਣ ਕਾਰਜ ਦਾ ਨੀਂਹ ਪੱਥਰ, ਅਕਤੂਬਰ 2021 ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਰੱਖਿਆ ਗਿਆ ਸੀ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਮਨਪ੍ਰੀਤ ਬਾਦਲ ਦੇ ਖ਼ਿਲਾਫ਼ ਸਤੰਬਰ 2021 ਵਿੱਚ ਕਥਿਤ ਗ਼ਲਤ ਜ਼ਮੀਨ ਅਲਾਟਮੈਂਟ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਦੇ ਬਠਿੰਡਾ ਜ਼ੋਨ ਦਫ਼ਤਰ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਸਰੂਪ ਚੰਦ ਸਿੰਗਲਾ ਨੇ ਕੁਝ ਸਮਾਂ ਪਹਿਲਾਂ ਆਖਿਆ ਸੀ ਕਿ, "ਬੇਸ਼ੱਕ ਮਨਪ੍ਰੀਤ ਬਾਦਲ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਪਰ ਉਹ ਆਪਣੀ ਸ਼ਿਕਾਇਤ ਵਾਪਸ ਨਹੀਂ ਲੈਣਗੇ।"
ਉਨ੍ਹਾਂ ਆਖਿਆ ਸੀ ਕਿ ਮਨਪ੍ਰੀਤ ਸਿੰਘ ਬਾਦਲ ਦੇ ਖ਼ਿਲਾਫ਼ ਪੰਜਾਬ ਖ਼ੁਰਾਕ ਅਤੇ ਸਪਲਾਈ ਵਿਭਾਗ ਵਿੱਚ ਕਥਿਤ ਟੈਂਡਰ ਘੁਟਾਲੇ ਵਿੱਚ ਸ਼ਾਮਲ ਹੋਣ ਦੀ ਸ਼ਿਕਾਇਤ ਵੀ ਉਨ੍ਹਾਂ ਨੇ ਵਿਜੀਲੈਂਸ ਨੂੰ ਦਿੱਤੀ ਹੋਈ ਹੈ।
ਵਿਜੀਲੈਂਸ ਬਿਊਰੋ ਨੇ ਕੀ ਜਾਣਕਾਰੀ ਦਿੱਤੀ
ਵਿਜੀਲੈਂਸ ਬਿਊਰੋ ਦੇ ਦਾਅਵੇ ਅਨੁਸਾਰ, ਇਹ ਮਾਮਲਾ ਬਠਿੰਡਾ ਵਿੱਚ ਕਮਰਸ਼ੀਅਲ ਪਲਾਟ ਦੀ ਜ਼ਮੀਨ ਦੀ ਵਰਤੋਂ ਨੂੰ ਰਿਹਾਇਸ਼ੀ ਵਿੱਚ ਤਬਦੀਲ ਕਰਨ ਨਾਲ ਸਬੰਧਤ ਹੈ ਜੋ ਬਾਅਦ ਵਿੱਚ ਕਥਿਤ ਤੌਰ ''ਤੇ ਪ੍ਰੌਕਸੀ ਰਾਹੀਂ ਮਨਪ੍ਰੀਤ ਨੂੰ ਵੇਚ ਦਿੱਤਾ ਗਿਆ ਸੀ।
ਵਿਜੀਲੈਂਸ ਨੇ ਕਿਹਾ ਕਿ ਪਲਾਟ ਦੀ ਬੋਲੀ ਇੱਕ ਆਈਪੀ ਪਤੇ ਤੋਂ ਕੀਤੀ ਗਈ ਸੀ, ਰਾਜੀਵ ਅਤੇ ਵਿਕਾਸ ਨੇ ਬੋਲੀ ਵਿੱਚ ਪਲਾਟ ਖਰੀਦਿਆ ਅਤੇ ਬਾਅਦ ਵਿੱਚ ਇਸ ਨੂੰ ਘੱਟ ਕੀਮਤ ''ਤੇ ਮਨਪ੍ਰੀਤ ਨੂੰ ਟਰਾਂਸਫਰ ਕਰ ਦਿੱਤਾ।
ਵਿਜੀਲੈਂਸ ਬਿਊਰੋ ਨੇ ਕਿਹਾ ਕਿ ਵਿਵਾਦਿਤ ਪਲਾਟ ਤੱਥਾਂ ਨੂੰ ਛੁਪਾਉਂਦੇ ਹੋਏ ਵੇਚਿਆ ਗਿਆ ਸੀ ਅਤੇ ਬੋਲੀ ਤੋਂ ਇੱਕ ਦਿਨ ਬਾਅਦ, ਮਨਪ੍ਰੀਤ ਅਤੇ ਖਰੀਦਦਾਰ ਨੇ ਇੱਕ ਵਿਕਰੀ ਸਮਝੌਤਾ ਕੀਤਾ ਭਾਵੇਂ ਕਿ ਬੋਲੀ ਦੀ ਪ੍ਰਕਿਰਿਆ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਸੀ।
ਇਸ ਮਾਮਲੇ ਵਿੱਚ ਸਾਰੀਆਂ ਤਿੰਨ ਵੱਖ-ਵੱਖ ਬੋਲੀਆਂ ਇੱਕ ਸਿੰਗਲ ਆਈਪੀ ਪਤੇ ਤੋਂ ਦਿੱਤੀਆਂ ਗਈਆਂ ਸਨ, ਜੋ ਦਰਸਾਉਂਦਾ ਹੈ ਕਿ ਇਹ ਵਪਾਰਕ ਪਲਾਟ ਦੀ ਖਰੀਦ ਨੂੰ ਰਿਹਾਇਸ਼ੀ ਕੀਮਤਾਂ ''ਤੇ ਖਰੀਦਣ ਲਈ ਇੱਕ ਪ੍ਰੌਕਸੀ ਬੋਲੀ ਸੀ।
ਇਸੇ ਸਾਲ ਜੁਲਾਈ ਮਹੀਨੇ ਵਿੱਚ ਮਨਪ੍ਰੀਤ ਸਿੰਘ ਬਾਦਲ ਵਿਜੀਲੈਂਸ ਬਿਊਰੋ ਦੇ ਬਠਿੰਡਾ ਜ਼ੋਨ ਦਫ਼ਤਰ ਵਿੱਚ ਪੇਸ਼ ਹੋਏ ਸਨ, ਜਿੱਥੇ ਉਨ੍ਹਾਂ ਤੋਂ ਚਾਰ ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ ਗਈ ਸੀ।
ਮਨਪ੍ਰੀਤ ਸਿੰਘ ਬਾਦਲ ਨੇ ਵਿਜੀਲੈਂਸ ਅੱਗੇ ਪੇਸ਼ ਹੋਣ ਤੋਂ ਬਾਅਦ ਕਿਹਾ ਸੀ ਕਿ ਇਹ ਸ਼ਿਕਾਇਤ ਸਿਆਸੀ ਬਦਲਾਖੋਰੀ ਹੈ ਤੇ ਇਹ ਝੂਠ ਦਾ ਪੁਲੰਦਾ ਹੈ। ਉਨ੍ਹਾਂ ਕਿਹਾ ਸੀ ਕਿ ਪਲਾਟ ਅਲਾਟਮੈਂਟ ਵਿੱਚ ਕੋਈ ਬੇਨਿਯਮੀ ਨਹੀਂ ਕੀਤੀ ਗਈ।
ਸ਼ੁੱਕਰਵਾਰ ਨੂੰ ਮਨਪ੍ਰੀਤ ਨੇ ਬਠਿੰਡਾ ਜ਼ਿਲ੍ਹਾ ਅਦਾਲਤ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ।
ਮਾਮਲੇ ਦੇ ਮੁੱਖ ਬਿੰਦੂ
- ਜ਼ਮੀਨ ਅਲਾਟਮੈਂਟ ਮਾਮਲੇ ''ਚ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਮਨਪ੍ਰੀਤ ਬਾਦਲ ਸਣੇ 5 ਹੋਰਾਂ ਖ਼ਿਲਾਫ਼ ਕੇਸ ਦਰਜ।
- ਭਾਜਪਾ ਆਗੂ ਸਰੂਪ ਚੰਦ ਸਿੰਗਲਾ ਨੇ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਸੀ।
- ਇਲਜ਼ਾਮ ਲੱਗੇ ਸਨ ਕਿ ਮੰਤਰੀ ਰਹਿੰਦਿਆਂ ਉਨ੍ਹਾਂ ਬਠਿੰਡਾ ਵਿੱਚ ਪੁੱਡਾ ਦੀ ਜਾਇਦਾਦ ਨੂੰ ਕਥਿਤ ਤੌਰ ਉੱਤੇ ਘੱਟ ਰੇਟ ''ਤੇ ਵੇਚਿਆ ਹੈ।
- ਸ਼ਿਕਾਇਤ ਮੁਤਾਬਕ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਸਰਕਾਰ ਸਮੇਂ ਦੋ ਵਪਾਰਕ ਪਲਾਟਾਂ ਨੂੰ ਇੱਕ ਰਿਹਾਇਸ਼ੀ ਪਲਾਟ ਵਿੱਚ ਤਬਦੀਲ ਕੀਤਾ।
- ਦੂਜੇ ਪਾਸੇ ਮਨਪ੍ਰੀਤ ਬਾਦਲ ਨੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ।
- ਵਿਜੀਲੈਂਸ ਅੱਗੇ ਆਪਣਾ ਪੱਖ ਰੱਖਦੇ ਹੋਏ ਮਨਪ੍ਰੀਤ ਸਿੰਘ ਬਾਦਲ ਨੇ ਇਹ ਗੱਲ ਸਵੀਕਾਰ ਕੀਤੀ ਕਿ ਇਹ ਕਮਰਸ਼ੀਅਲ ਥਾਂ ਸੀ।
- ਮਨਪ੍ਰੀਤ ਬਾਦਲ ਨੇ ਕਿਹਾ ਕਿ ਬਠਿੰਡਾ ਪ੍ਰਸ਼ਾਸਨ ਪਹਿਲਾਂ ਹੀ ਇੱਕ-ਇੱਕ ਕਨਾਲ ਦੇ ਇਨ੍ਹਾਂ ਕਮਰਸ਼ੀਅਲ ਪਲਾਟਾਂ ਨੂੰ ਰਿਹਾਇਸ਼ੀ ਪਲਾਟ ਵਿੱਚ ਤਬਦੀਲ ਕਰ ਚੁੱਕਾ ਸੀ।
ਮਨਪ੍ਰੀਤ ਸਿੰਘ ਬਾਦਲ ਦੀ ਦਲੀਲ
ਜੁਲਾਈ 2023 ''ਚ ਜਦੋਂ ਮਨਪ੍ਰੀਤ ਸਿੰਘ ਬਾਦਲ ਵਿਜੀਲੈਂਸ ਬਿਊਰੋ ਅੱਗੇ ਪੁੱਛਗਿੱਛ ਲਈ ਪੇਸ਼ ਹੋਏ ਸਨ, ਉਸ ਵੇਲੇ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਅਤੇ ਗਗਨਦੀਪ ਸਿੰਘ ਜੱਸੋਵਾਲ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਸੀ ਕਿ ਮਨਪ੍ਰੀਤ ਨੇ ਆਪਣੇ ਹੱਕ ''ਚ ਕੀ-ਕੀ ਦਲੀਲਾਂ ਦਿੱਤੀਆਂ ਸਨ।
ਜਿਸ ਸਮੇਂ ਮਨਪ੍ਰੀਤ ਸਿੰਘ ਬਾਦਲ ਵਿਜੀਲੈਂਸ ਦੇ ਬਠਿੰਡਾ ਸਥਿਤ ਦਫ਼ਤਰ ਵਿੱਚ ਪੇਸ਼ ਹੋਏ ਸਨ, ਉਨ੍ਹਾਂ ਨੇ ਆਪਣੇ ਹੱਕ ''ਚ ਦਲੀਲਾਂ ਪੇਸ਼ ਕੀਤੀਆਂ ਸਨ।
ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਦੇ ਭਾਰੀ ਗਿਣਤੀ ਵਿੱਚ ਸਮਰਥਕ ਵੀ ਵਿਜੀਲੈਂਸ ਦੇ ਦਫ਼ਤਰ ਦੇ ਅੱਗੇ ਮੌਜੂਦ ਸਨ।
ਵਿਜੀਲੈਂਸ ਅੱਗੇ ਆਪਣਾ ਪੱਖ ਰੱਖਦੇ ਹੋਏ ਮਨਪ੍ਰੀਤ ਸਿੰਘ ਬਾਦਲ ਨੇ ਇਹ ਗੱਲ ਸਵੀਕਾਰ ਕੀਤੀ ਸੀ ਕਿ ਇਹ ਕਮਰਸ਼ੀਅਲ ਥਾਂ ਸੀ ਅਤੇ ਇਸ ਦੀ ਵਿਕਰੀ ਲਈ ਕਈ ਵਾਰ ਬਠਿੰਡਾ ਪ੍ਰਸ਼ਾਸਨ ਵੱਲੋਂ ਬੋਲੀ ਵੀ ਕਰਵਾਈ ਗਈ, ਜੋ ਕਿ ਅਸਫ਼ਲ ਰਹੀ।
ਉਨ੍ਹਾਂ ਆਖਿਆ ਸੀ, "ਮੇਰੇ ਵੱਲੋਂ ਪਲਾਟ ਖ਼ਰੀਦਣ ਤੋਂ ਪਹਿਲਾਂ ਹੀ ਬਠਿੰਡਾ ਪ੍ਰਸ਼ਾਸਨ ਇੱਕ-ਇੱਕ ਕਨਾਲ ਦੇ ਇਨ੍ਹਾਂ ਕਮਰਸ਼ੀਅਲ ਪਲਾਟਾਂ ਨੂੰ ਰਿਹਾਇਸ਼ੀ ਪਲਾਟ ਵਿੱਚ ਤਬਦੀਲ ਕਰ ਚੁੱਕਾ ਸੀ।"
ਮਨਪ੍ਰੀਤ ਬਾਦਲ ਨੇ ਕਿਹਾ ਕਿ ਗਰੂਗ੍ਰਾਮ ਵਿਖੇ ਆਪਣੇ ਇੱਕ ਫਲੈਟ ਨੂੰ ਵੇਚ ਕੇ ਉਨ੍ਹਾਂ ਨੇ ਇਹ ਪਲਾਟ ਖ਼ਰੀਦਿਆ ਸੀ
ਮਨਪ੍ਰੀਤ ਬਾਦਲ ਨੇ ਕਿਹਾ ਸੀ ਕਿ ਗਰੂਗ੍ਰਾਮ ਵਿਖੇ ਆਪਣੇ ਇੱਕ ਫਲੈਟ ਨੂੰ ਵੇਚ ਕੇ ਉਨ੍ਹਾਂ ਨੇ ਇਹ ਪਲਾਟ ਖ਼ਰੀਦਿਆ ਸੀ
ਉਨ੍ਹਾਂ ਅੱਗੇ ਕਿਹਾ ਸੀ, "ਜਿਸ ਸਮੇਂ ਇਹ ਚੇਂਜ ਆਫ਼ ਲੈਂਡ ਕੀਤਾ ਗਿਆ ਉਸ ਸਮੇਂ ਮੈਂ ਨਾ ਤਾਂ ਮੰਤਰੀ ਸੀ ਅਤੇ ਨਾ ਹੀ ਵਿਧਾਇਕ ਸਨ। ਉਸ ਸਮੇਂ ਸਰੂਪ ਚੰਦ ਸਿੰਗਲਾ ਖ਼ੁਦ ਬਠਿੰਡਾ ਤੋਂ ਵਿਧਾਇਕ ਸਨ ਅਤੇ ਉਨ੍ਹਾਂ ਨੂੰ ਇਸ ਗੱਲ ਉੱਤੇ ਇਤਰਾਜ਼ ਕਰਨਾ ਚਾਹੀਦਾ ਸੀ।"
ਉਨ੍ਹਾਂ ਆਖਿਆ ਕਿ ਜਿਸ ਪਲਾਟ ਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ ਗਈ ਹੈ, ਉਹ 2018 ਵਿੱਚ ਉਨ੍ਹਾਂ ਵੱਲੋਂ ਖ਼ਰੀਦਿਆਂ ਗਿਆ ਸੀ।
ਉਨ੍ਹਾਂ ਦਾਅਵਾ ਕੀਤਾ ਸੀ ਕਿ, "ਜੋ ਵੀ ਇਲਜ਼ਾਮ ਲਗਾਏ ਗਏ ਹਨ, ਉਹ ਸਾਰੇ ਬੇਬੁਨਿਆਦ ਹਨ।"
ਉਨ੍ਹਾਂ ਇਹ ਵੀ ਕਿਹਾ ਸੀ ਕਿ ਜਦੋਂ ਉਹ ਬਠਿੰਡਾ ਦੇ ਵਿਧਾਇਕ ਸਨ ਤਾਂ ਉਨ੍ਹਾਂ ਕੋਲ ਬਠਿੰਡਾ ਵਿੱਚ ਕੋਈ ਮਕਾਨ ਨਹੀਂ ਸੀ ਅਤੇ ਲੋਕਾਂ ਨੂੰ ਆਪਣੇ ਕੰਮਾਂ ਲਈ ਬਾਦਲ ਪਿੰਡ ਬਠਿੰਡਾ ਤੋਂ ਆਉਣਾ ਪੈਦਾ ਸੀ, ਇਸ ਕਰ ਕੇ ਲੋਕਾਂ ਦੀ ਸੁਵਿਧਾ ਲਈ ਉਨ੍ਹਾਂ ਬਠਿੰਡਾ ਪਲਾਟ ਖ਼ਰੀਦਿਆ ਸੀ।
ਪਿਛਲੀ ਕਾਂਗਰਸ ਸਰਕਾਰ ਦੇ ਛੇਵੇਂ ਮੰਤਰੀ ’ਤੇ ਪਰਚਾ ਦਰਜ
ਮਨਪ੍ਰੀਤ ਬਾਦਲ, ਪਿਛਲੀ ਕਾਂਗਰਸ ਸਰਕਾਰ ਦੇ ਛੇਵੇਂ ਮੰਤਰੀ ਹਨ ਜਿਨ੍ਹਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਹੈ।
ਮਨਪ੍ਰੀਤ ਤੋਂ ਪਹਿਲਾ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜੀਆਂ, ਓਪੀ ਸੋਨੀ, ਸੁੰਦਰ ਸ਼ਾਮ ਅਰੋੜਾ ਅਤੇ ਭਾਰਤ ਭੂਸ਼ਨ ਆਸ਼ੂ ਤੇ ਵਿਜੀਲੈਂਸ ਵਲੋਂ ਪਰਚੇ ਦਰਜ ਕੀਤੇ ਜਾ ਚੁੱਕੇ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਮਨਪ੍ਰੀਤ ਸਿੰਘ ਬਾਦਲ ਦੋਵੇਂ ਪਹਿਲਾਂ ਇਕੱਠੇ ਪੀਪਲਜ਼ ਪਾਰਟੀ ਆਫ ਪੰਜਾਬ ਵਿੱਚ ਸਨ।
2014 ਵਿੱਚ ਮਨਪ੍ਰੀਤ ਬਾਦਲ ਨੇ ਬਠਿੰਡਾ ਤੋਂ ਲੋਕ ਸਭਾ ਦੀ ਚੋਣ ਕਾਂਗਰਸ ਪਾਰਟੀ ਦੇ ਨਿਸ਼ਾਨ ਤੇ ਲੜੀ ਤੇ ਭਗਵੰਤ ਮਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ ਤੇ ਸੰਗਰੂਰ ਤੋਂ ਚੋਣ ਲੜੀ ਸੀ।
ਇਸ ਚੋਣ ਵਿੱਚ ਮਨਪ੍ਰੀਤ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਤੋਂ ਹਾਰ ਗਏ ਸਨ ਤੇ ਭਗਵੰਤ ਮਾਨ ਅਕਾਲੀ ਦਲ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਤੋਂ ਚੋਣ ਜਿੱਤ ਗਏ ਸਨ।
ਮਨਪ੍ਰੀਤ ਸਿੰਘ ਬਾਦਲ ਦਾ ਸਿਆਸੀ ਸਫ਼ਰ
ਪੰਜਾਬ ਦੀ ਸੱਤਾ ਵਿੱਚ ਸਭ ਤੋਂ ਵੱਧ ਸਮਾਂ ਰਹਿਣ ਵਾਲੇ ਬਾਦਲ ਪਰਿਵਾਰ ਨਾਲ ਸਬੰਧਿਤ ਮਨਪ੍ਰੀਤ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਸਨ। ਉਹ ਪਹਿਲਾਂ ਗਿੱਦੜਬਾਹਾ ਹਲਕੇ ਤੋਂ ਵਿਧਾਇਕ ਰਹੇ ਹਨ।
ਮਨਪ੍ਰੀਤ ਬਾਦਲ, ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਅਤੇ ਮਰਹੂਮ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਅਤੇ ਸਾਬਕਾ ਰਾਜ ਸਭਾ ਮੈਂਬਰ ਮਰਹੂਮ ਗੁਰਦਾਸ ਬਾਦਲ ਦੇ ਪੁੱਤਰ ਹਨ।
ਮਨਪ੍ਰੀਤ ਸਿੰਘ ਬਾਦਲ 2007 ਤੋਂ 2012 ਤੱਕ ਸੱਤਾ ਵਿੱਚ ਰਹੀ ਅਕਾਲੀ ਸਰਕਾਰ ਦੇ ਵਿੱਤ ਮੰਤਰੀ ਸਨ।
ਪਰ ਅਕਤੂਬਰ 2010 ਵਿੱਚ ਅਕਾਲੀ ਦਲ ਨੇ ਪਾਰਟੀ ਵਿਰੋਧੀਆਂ ਗਤੀਵਿਧੀਆਂ ਦਾ ਇਲਜ਼ਾਮ ਲਗਾਉਂਦਿਆਂ ਉਨ੍ਹਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕੀਤਾ ਸੀ।
ਇਸ ਤੋਂ ਬਾਅਦ, ਸਾਲ 2011 ਵਿੱਚ ਸਾਬਕਾ ਵਿੱਤ ਮੰਤਰੀ ਨੇ ਆਪਣੀ ਨਵੀਂ ਸਿਆਸੀ ਪਾਰਟੀ ‘ਪੀਪਲਜ਼ ਪਾਰਟੀ ਆਫ਼ ਪੰਜਾਬ’ ਬਣਾਈ, ਜਿਸ ਨੂੰ ਉਨ੍ਹਾਂ 2017 ਵਿੱਚ ਕਾਂਗਰਸ ਵਿੱਚ ਰਲਾਇਆ।
ਉਨ੍ਹਾਂ ਕਾਂਗਰਸ ਦੀ ਟਿਕਟ ਤੋਂ ਹੀ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਠਿੰਡਾ (ਸ਼ਹਿਰੀ) ਤੋਂ ਚੋਣ ਲੜੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਜਿੱਤ ਦਰਜ ਕਰਵਾਈ।
ਇਸੇ ਸੀਟ ਤੋਂ ਮਨਪ੍ਰੀਤ ਬਾਦਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੱਥੋਂ ਹਾਰੇ।
ਪਰ 7 ਸਾਲ ਬਾਅਦ, ਇੱਕ ਵੱਡਾ ਫੈਸਲਾ ਲੈਂਦਿਆਂ ਉਹ ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਲ ਹੋ ਗਏ।
18 ਜਨਵਰੀ 2023 ਨੂੰ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਭਾਜਪਾ ਨਾਲ ਜੁੜ ਗਏ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਭਾਰਤ-ਕੈਨੇਡਾ ਮਸਲਾ: ਕੀ ਦੁਨੀਆਂ ਦੇ ਮੰਚ ''ਤੇ ਜਸਟਿਨ ਟਰੂਡੋ ਇਕੱਲੇ ਨਜ਼ਰ ਆ ਰਹੇ ਹਨ
NEXT STORY