ਸਾਲ 1973 ਦੀ ਗੱਲ ਹੈ ਜਦੋਂ ''ਬੌਬੀ'' ਨਾਂ ਦੀ ਅਜਿਹੀ ਹਿੰਦੀ ਫ਼ਿਲਮ ਆਈ ਸੀ, ਜਿਸ ਵਿਚ ਹੀਰੋ-ਹੀਰੋਇਨ ਦੋਵੇਂ ਨਵੇਂ ਸਨ, ਕਿਸੇ ਨੇ ਹੀਰੋਇਨ ਡਿੰਪਲ ਕਪਾੜੀਆ ਦਾ ਨਾਂ ਵੀ ਨਹੀਂ ਸੁਣਿਆ ਸੀ।
ਇਸ ਦੇ ਨਿਰਦੇਸ਼ਕ ਰਾਜ ਕਪੂਰ ਦੀ ਪਿਛਲੀ ਫਿਲਮ ਬਹੁਤ ਫਲਾਪ ਰਹੀ ਸੀ, ਪਰ ਜਦੋਂ ਇਹ ਫਿਲਮ ਰਿਲੀਜ਼ ਹੋਈ ਤਾਂ ਇਸ ਦੀ ਪ੍ਰਸਿੱਧੀ ਇਸ ਕਦਰ ਸੀ ਕਿ ਪਿੰਡਾਂ ਅਤੇ ਕਸਬਿਆਂ ਤੋਂ ਵੱਡੇ ਸ਼ਹਿਰਾਂ ਦੇ ਸਿਨੇਮਾਘਰਾਂ ਬੱਸਾਂ ਚਲਾਈਆਂ ਜਾਂਦੀਆਂ ਸਨ, ਜਿਨ੍ਹਾਂ ਨੂੰ ''ਬੌਬੀ ਬੱਸ’ ਕਿਹਾ ਜਾਂਦਾ ਸੀ।
ਇਹ ਬੱਸਾਂ ਲੋਕਾਂ ਨੂੰ ਫਿਲਮ ਦਿਖਾ ਕੇ ਵਾਪਸ ਪਿੰਡ ਪਹੁੰਚਾਉਂਦੀਆਂ ਸਨ।
ਡਿੰਪਲ ਕਪਾੜੀਆ ਦੀ ਪੋਲਕਾ ਡਾਟ ਡਰੈੱਸ ''ਬੌਬੀ ਡਰੈੱਸ'' ਦੇ ਨਾਂ ਨਾਲ ਮਸ਼ਹੂਰ ਹੋਈ ਅਤੇ ਲੋਕ ਹੀਰੋ ਰਿਸ਼ੀ ਕਪੂਰ ਦੇ ਮੋਟਰਸਾਈਕਲ ਨੂੰ ''ਬੌਬੀ ਮੋਟਰਸਾਈਕਲ'' ਕਹਿੰਦੇ ਸਨ।
ਫਿਲਮ ''ਬੌਬੀ'' 50 ਸਾਲ ਪਹਿਲਾਂ 28 ਸਤੰਬਰ 1973 ਨੂੰ ਰਿਲੀਜ਼ ਹੋਈ ਸੀ। ਬੌਬੀ ਦੀ ਪ੍ਰਸਿੱਧੀ ਦੀ ਇੱਕ ਹੋਰ ਮਿਸਾਲ 1977 ਵਿੱਚ ਦੇਖਣ ਨੂੰ ਮਿਲੀ ਜਦੋਂ ਬਾਬੂ ਜਗਜੀਵਨ ਰਾਮ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਚੋਣ ਰੈਲੀ ਕਰਨ ਦਾ ਫ਼ੈਸਲਾ ਕੀਤਾ।
ਉਹ ਇੰਦਰਾ ਗਾਂਧੀ ਤੋਂ ਵੱਖ ਹੋ ਗਏ ਸਨ। ਦੱਸਿਆ ਜਾਂਦਾ ਹੈ ਕਿ ਬੌਬੀ ਨੂੰ ਜਾਣਬੁੱਝ ਕੇ ਉਸ ਸ਼ਾਮ ਦੂਰਦਰਸ਼ਨ ''ਤੇ ਦਿਖਾਇਆ ਗਿਆ ਸੀ ਤਾਂ ਜੋ ਲੋਕ ਰੈਲੀ ''ਚ ਨਾ ਜਾਣ। ਪਰ ਅਜਿਹਾ ਨਹੀਂ ਹੋਇਆ ਅਤੇ ਅਗਲੇ ਦਿਨ ਅਖ਼ਬਾਰ ਦੀ ਸੁਰਖ਼ੀ ਸੀ ''ਬਾਬੂ ਬੀਟਸ ਬੌਬੀ''।
ਉਸ ਸਮੇਂ ਤੱਕ ਹਿੰਦੀ ਵਿੱਚ ਮੈਚਿਓਰ ਪ੍ਰੇਮ ਕਹਾਣੀਆਂ ਬਣਦੀਆਂ ਰਹੀਆਂ ਸਨ, ਪਰ ''ਬੌਬੀ'' ਸ਼ਾਇਦ ਪਹਿਲੀ ਹਿੰਦੀ ਟੀਨਏਜ ਪ੍ਰੇਮ ਕਹਾਣੀ ਸੀ ਜਿਸ ਵਿੱਚ ਜਵਾਨੀ ਦੇ ਜੋਸ਼, ਬਗ਼ਾਵਤ, ਮਾਸੂਮੀਅਤ ਅਤੇ ਬੇਪਰਵਾਹ ਪਿਆਰ ਦਾ ਸੁਮੇਲ ਸੀ।
ਡਿਸਟ੍ਰੀਬਿਊਟਰ ਨਹੀਂ ਮਿਲ ਰਹੇ ਸਨ
ਹਾਲਾਂਕਿ ਬੌਬੀ ਦੀ ਕਾਮਯਾਬੀ ਪਿੱਛੇ ਸੰਘਰਸ਼ ਦੀ ਇੱਕ ਵੱਖਰੀ ਹੀ ਕਹਾਣੀ ਸੀ। ਮਸ਼ਹੂਰ ਫਿਲਮ ਮਾਹਰ ਜੈਪ੍ਰਕਾਸ਼ ਚੌਕਸੀ ਰਾਜ ਕਪੂਰ ਦੇ ਬਹੁਤ ਕਰੀਬੀ ਸਨ ਅਤੇ ਉਨ੍ਹਾਂ ਦੇ ਦੇਹਾਂਤ ਤੋਂ ਕੁਝ ਸਾਲ ਪਹਿਲਾਂ ਉਨ੍ਹਾਂ ਨੇ ਮੈਨੂੰ ਬੌਬੀ ਦੀ ਕਹਾਣੀ ਵਿਸਥਾਰ ਨਾਲ ਸੁਣਾਈ ਸੀ।
ਜੈਪ੍ਰਕਾਸ਼ ਚੌਕਸੇ ਨੇ ਦੱਸਿਆ ਸੀ, “ਰਾਜ ਸਾਹਬ ਦੇ ਦਫ਼ਤਰ ਵਿੱਚ ਆਰਚੀ ਕਾਮਿਕਸ ਪਈ ਰਹਿੰਦੀ ਸੀ। ਉਨ੍ਹਾਂ ਨੇ ਕਾਮਿਕਸ ਵਿੱਚ ਇੱਕ ਪਾਤਰ ਬਾਰੇ ਪੜ੍ਹਿਆ ਜਿਸ ਨੂੰ ਪਿਆਰ ਹੋ ਗਿਆ ਸੀ ਅਤੇ ਉਸ ਦੇ ਪਿਤਾ ਨੇ ਕਿਹਾ, "ਕੀ ਇਹ ਤੁਹਾਡੀ ਪਿਆਰ ਕਰਨ ਦੀ ਉਮਰ ਹੈ?"
''ਯੂ ਆਰ ਟੂ ਯੰਗ ਯੂ ਫੌਲ ਇਨ ਲਵ'' (ਤੁਸੀਂ ਪਿਆਰ ਕਰਨ ਲਈ ਬਹੁਤ ਛੋਟੇ ਹੋ)। ਉਥੋਂ ਹੀ ਅਜਿਹੀ ਫਿਲਮ ਬਣਾਉਣ ਦਾ ਵਿਚਾਰ ਆਇਆ, ਜਿਸ ਬਾਰੇ ਲੋਕ ਕਹਿੰਦੇ ਹਨ ਕਿ ਇਹ ਵੀ ਕੋਈ ਪਿਆਰ ਦੀ ਉਮਰ ਹੈ।
1970 ''ਚ ਰਾਜ ਕਪੂਰ ਦੀ ਫਿਲਮ ''ਮੇਰਾ ਨਾਮ ਜੋਕਰ'' ਫਲਾਪ ਹੋ ਗਈ ਸੀ। ਇੱਕ ਸਾਲ ਬਾਅਦ ਰਾਜ ਕਪੂਰ ਦੀ ਨਿਰਮਿਤ ਫਿਲਮ ''ਕਲ ਆਜ ਕਲ'', ਜਿਸਦਾ ਨਿਰਦੇਸ਼ਨ ਉਨ੍ਹਾਂ ਦੇ ਬੇਟੇ ਰਣਧੀਰ ਕਪੂਰ ਨੇ ਕੀਤਾ ਸੀ, ਉਹ ਵੀ ਫਲਾਪ ਹੋ ਗਈ ਸੀ।
ਇਸੇ ਦੌਰਾਨ ਰਾਜ ਕਪੂਰ ਦੇ ਪਿਤਾ ਪ੍ਰਿਥਵੀ ਰਾਜ ਕਪੂਰ ਦੀ ਮੌਤ ਹੋ ਗਈ, ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਗਿਆ, ਉਨ੍ਹਾਂ ਦੇ ਨਜ਼ਦੀਕੀ ਸੰਗੀਤਕਾਰ ਜੈ ਕਿਸ਼ਨ ਦੀ ਵੀ ਮੌਤ ਹੋ ਗਈ।
ਇਹ ਉਹ ਦੌਰ ਸੀ ਜਦੋਂ ਸਾਰੀਆਂ ਚੁਣੌਤੀਆਂ ਦੇ ਵਿਚਾਲੇ, ਰਾਜ ਕਪੂਰ ਨੇ ਇੱਕ ਨੌਜਵਾਨ ਲਵ ਸਟੋਰੀ ਬਣਾਉਣ ਦਾ ਫ਼ੈਸਲਾ ਕੀਤਾ ਪਰ ਫਿਲਮ ਨੂੰ ਪੈਸੇ ਦੀ ਲੋੜ ਸੀ ਜਿਸ ਲਈ ਹਿੰਦੂਜਾ ਪਰਿਵਾਰ ਅੱਗੇ ਆਇਆ।
ਉਸ ਵੇਲੇ ਹਿੰਦੂਜਾ ਪਰਿਵਾਰ ਵਿਦੇਸ਼ਾਂ ਖ਼ਾਸ ਕਰਕੇ ਈਰਾਨ ਵਿੱਚ ਹਿੰਦੀ ਫਿਲਮਾਂ ਵੰਡ ਕੇ ਆਪਣਾ ਕਾਰੋਬਾਰ ਵਧਾ ਰਿਹਾ ਸੀ।
ਫਿਲਮ ਦਾ ਨਿਰਦੇਸ਼ਨ ਰਾਜ ਕਪੂਰ ਨੇ ਕੀਤਾ ਸੀ
ਜੈਪ੍ਰਕਾਸ਼ ਚੌਕਸੇ ਦੇ ਅਨੁਸਾਰ, "ਫਿਲਮ ਬਣ ਕੇ ਤਿਆਰ ਸੀ। ਰਾਜ ਸਾਹਬ ਫਿਲਮ ਲਈ ਉੱਚੀ ਕੀਮਤ ਦੀ ਮੰਗ ਕਰ ਰਹੇ ਸਨ। ਉਹ ਰਾਜੇਸ਼ ਖੰਨਾ ਦਾ ਦੌਰ ਸੀ ਅਤੇ ਰਾਜ ਕਪੂਰ ਸਾਹਬ ਰਾਜੇਸ਼ ਖੰਨਾ ਦੀ ਫਿਲਮ ਤੋਂ ਇੱਕ ਲੱਖ ਵੱਧ ਕੀਮਤ ਮੰਗ ਰਹੇ ਸਨ।"
"ਸ਼ਸ਼ੀ ਕਪੂਰ ਡਿਸਟ੍ਰੀਬਿਊਟਰ ਪਹਿਲੇ ਸਨ ਜਿਨ੍ਹਾਂ ਨੇ ਦਿੱਲੀ-ਯੂਪੀ ਖਰੀਦਿਆ ਅਤੇ ਇੱਕ ਵਕੀਲ ਹੁੰਦੇ ਸੀ, ਜਿਨ੍ਹਾਂ ਨੇ ਪੰਜਾਬ ਦੇ ਅਧਿਕਾਰ ਖਰੀਦੇ ਸਨ। ਫਿਲਮ ਕਿਤੇ ਵੀ ਨਹੀਂ ਵਿਕੀ ਸੀ। ਫਿਲਮ ਵਿੱਚ ਪੈਸਾ ਲਗਾਉਣ ਵਾਲੇ ਹਿੰਦੂਜਾ ਪਰਿਵਾਰ ਨੂੰ ਅਦਾਲਤ ਤੱਕ ਜਾਣ ਦੀ ਨੌਬਤ ਆ ਗਈ ਸੀ।"
"ਰਾਜ ਕਪੂਰ ਨੂੰ ਲੱਗਦਾ ਸੀ ਕਿ ਜੇਕਰ ਫਿਲਮ ਹਿੱਟ ਹੋ ਜਾਂਦੀ ਹੈ ਤਾਂ ਬਾਕੀ ਥਾਵਾਂ ਦੇ ਅਧਿਕਾਰ ਵੀ ਵਿਕ ਜਾਣਗੇ ਪਰ ਹਿੰਦੂਜਾ ਨੂੰ ਲੱਗਾ ਕਿ ਉਹ ਸਿਰਫ਼ ਦੋ ਲੋਕੇਸ਼ਨਾਂ ਦੇ ਰਾਈਟਸ ਤੋਂ ਪੈਸੇ ਕਿਵੇਂ ਕਮਾਏਗਾ।"
"ਉਨ੍ਹਾਂ ਨੇ ਹਾਈ ਕੋਰਟ ''ਚ ਉਨ੍ਹਾਂ ਦੇ ਖ਼ਿਲਾਫ਼ ਕੇਸ ਦਾਇਰ ਕਰ ਦਿੱਤਾ। ਰਿਲੀਜ਼ ਤੋਂ ਪਹਿਲਾਂ ਰਾਜ ਕਪੂਰ ਨੇ ਉਨ੍ਹਾਂ ਦੇ ਪੈਸੇ ਵਾਪਸ ਕਰ ਦਿੱਤੇ। ਫਿਲਮ ਦਾ ਪਹਿਲਾ ਸ਼ੋਅ ਹਾਊਸ ਫੁਲ ਹੋ ਗਿਆ ਅਤੇ ਫਿਲਮ ਚੱਲ ਪਈ।"
"ਇੰਡਸਟ੍ਰੀ ਦੇ ਲੋਕ ਫਿਰ ਤੋਂ ਰਾਜ ਕਪੂਰ ਨੂੰ ਮਹਾਨ ਨਿਰਦੇਸ਼ਕ ਸਮਝਣ ਲੱਗ ਪਏ। ਉਹ ਲੋਕ ਵੀ ਉਸ ਨਾਲ ਜੁੜ ਗਏ ਜੋ ਕਹਿੰਦੇ ਸਨ ਰਾਜ ਨਿਰਦੇਸ਼ਨ ਭੁੱਲ ਗਿਆ ਹੈ।"
ਗਹਿਣੇ ਰੱਖਣਾ ਪਿਆ ਸੀ ਰਾਜ ਕਪੂਰ ਦਾ ਆਰਕੇ ਸਟੂਡੀਓ
ਰਿਸ਼ੀ ਕਪੂਰ ਆਪਣੀ ਸਵੈ-ਜੀਵਨੀ ''ਖੁੱਲਮ ਖੁੱਲਾ'' ਵਿੱਚ ਲਿਖਦੇ ਹਨ, "ਰਾਜ ਕਪੂਰ ਦਾ ਸਿਨੇਮਾ ਪ੍ਰਤੀ ਜਨੂੰਨ ਅਜਿਹਾ ਸੀ ਕਿ ਉਹ ਫਿਲਮਾਂ ਤੋਂ ਕਮਾਉਣ ਵਾਲਾ ਸਾਰਾ ਪੈਸਾ ਫਿਲਮਾਂ ਵਿੱਚ ਹੀ ਲਗਾ ਦਿੰਦੇ ਸਨ।"
"ਮੇਰਾ ਨਾਮ ਜੋਕਰ ਤੋਂ ਬਾਅਦ ਆਰਕੇ ਸਟੂਡੀਓ ਗਹਿਣੇ ਰੱਖਣਾ ਪੈ ਗਿਆ ਸੀ। ਰਾਜ ਕਪੂਰ ਕੋਲ ਆਪਣਾ ਘਰ ਵੀ ਨਹੀਂ ਸੀ। ਬੌਬੀ ਦੀ ਕਾਮਯਾਬੀ ਤੋਂ ਬਾਅਦ ਉਨ੍ਹਾਂ ਨੇ ਆਪਣਾ ਘਰ ਖਰੀਦ ਲਿਆ। ਬੌਬੀ ਆਰਕੇ ਬੈਨਰ ਨੂੰ ਉਭਾਰਨ ਲਈ ਬਣਾਈ ਗਈ ਸੀ, ਮੈਨੂੰ ਲਾਂਚ ਕਰਨ ਲਈ ਨਹੀਂ।"
"ਇਹ ਫਿਲਮ ਹੀਰੋਇਨ ''ਤੇ ਕੇਂਦਰਿਤ ਸੀ। ਜਦੋਂ ਡਿੰਪਲ ਦੀ ਖੋਜ ਪੂਰੀ ਹੋਈ, ਤਾਂ ਮੈਂ ਬਾਏ ਡਿਫਲਾਟਰ ਹੀਰੋ ਚੁਣ ਲਿਆ ਗਿਆ। ਇਹ ਹੋਰ ਗੱਲ ਹੈ ਕਿ ਮੈਨੂੰ ਸਾਰਾ ਕ੍ਰੈਡਿਟ ਮਿਲਿਆ ਕਿਉਂਕਿ ਡਿੰਪਲ ਦਾ ਵਿਆਹ ਹੋ ਗਿਆ ਅਤੇ ਫਿਲਮ ਹਿੱਟ ਹੋਣ ਮਗਰੋਂ ਮੈਨੂੰ ਵਾਹੋਵਾਈ ਮਿਲ ਗਈ।"
ਕਿਹਾ ਜਾਂਦਾ ਹੈ ਕਿ ਬੌਬੀ ਨੂੰ ਬਣਾਉਂਦੇ ਸਮੇਂ ਇੰਡਸਟਰੀ ਦੇ ਵੱਡੇ ਲੋਕ ਧਰਮਿੰਦਰ, ਪ੍ਰਾਣ ਸਾਹਬ, ਰਾਜੇਂਦਰ ਕੁਮਾਰ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਆਰਕੇ ਬੈਨਰ ਨੂੰ ਮੁੜ ਸੁਰਜੀਤ ਕਰਨ ਲਈ ਉਹ ਸਾਰੇ ਬਿਨਾਂ ਕੋਈ ਪੈਸਾ ਲਏ ਕੰਮ ਕਰਨਗੇ।
ਪਰ ਰਾਜ ਕਪੂਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਸੀ, “ਇਸ ਸਮੇਂ ਮੇਰੀਆਂ ਫਿਲਮਾਂ ਫਲਾਪ ਹੋ ਗਈਆਂ ਹਨ, ਇਸ ਲਈ ਮੇਰਾ ਪੱਧਰ ਨੀਵਾਂ ਅਤੇ ਤੁਹਾਡਾ ਉੱਚਾ ਹੈ। ਜਦੋਂ ਸਾਡਾ ਅਤੇ ਤੁਹਾਡਾ ਪੱਧਰ ਬਰਾਬਰ ਹੋ ਜਾਵੇਗਾ ਤਾਂ ਅਸੀਂ ਇਕੱਠੇ ਕੰਮ ਕਰਾਂਗੇ। ਅਤੇ ਰਾਜ ਕਪੂਰ ਨੇ ਇਹ ਕਰ ਕੇ ਵਿਖਾਇਆ।
ਬੌਬੀ ਵਿੱਚ ਰਿਸ਼ੀ ਅਤੇ ਡਿੰਪਲ ਦੀ ਜੋੜੀ ਨੇ ਹਲਚਲ ਮਚਾ ਦਿੱਤੀ ਸੀ
''ਬੌਬੀ'' ਦੀ ਰਿਲੀਜ਼ ਤੋਂ ਬਾਅਦ ਰਿਸ਼ੀ ਕਪੂਰ-ਡਿੰਪਲ ਦੀ ਜੋੜੀ ਨੇ ਹਲਚਲ ਮਚਾ ਦਿੱਤੀ ਸੀ। ਬੌਬੀ ਸਿਰਫ਼ ਇੱਕ ਫ਼ਿਲਮ ਹੀ ਨਹੀਂ ਸੀ ਸਗੋਂ ਇੱਕ ਫੈਸ਼ਨ ਸਟੇਟਮੈਂਟ ਵੀ ਸੀ।
ਡਿੰਪਲ ਦੀ ਉਹ ਮਿੰਨੀ ਸਕਰਟ, ਪੋਲਕਾ ਡਾਟ ਕਮੀਜ਼, ਹੌਟ ਪੈਂਟਸ, ਵੱਡੇ ਚਸ਼ਮੇ, ਪਾਰਟੀਆਂ... ਰਾਜ ਕਪੂਰ ਨੇ ਨੌਜਵਾਨ ਭਾਰਤ ਦੀ ਪਛਾਣ ਇੱਕ ਜੀਵਨ ਸ਼ੈਲੀ ਨਾਲ ਕਰਵਾਈ।
ਅੰਮ੍ਰਿਤ ਗੰਗਰ ਫਿਲਮ ਇਤਿਹਾਸ ਦੇ ਮਾਹਰ ਹਨ। ਬੀਬੀਸੀ ਦੀ ਸਹਿਯੋਗੀ ਪੱਤਰਕਾਰ ਸੁਪ੍ਰਿਆ ਸੋਗਲੇ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ, ''''ਬੌਬੀ ਬ੍ਰਗੇਂਜ਼ਾ ਯਾਨਿ ਬੌਬੀ ਦਾ 50 ਸਾਲ ਬਾਅਦ ਵੀ ਕ੍ਰੇਜ਼ ਬਣਿਆ ਹੋਇਆ ਹੈ।"
"ਇਹ ਨੌਜਵਾਨ ਪੀੜ੍ਹੀ ਦੀ ਪ੍ਰੇਮ ਕਹਾਣੀ ਸੀ ਜੋ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸਬੰਧਤ ਸੀ, ਰਾਜਾ (ਰਿਸ਼ੀ ਕਪੂਰ) ਇੱਕ ਹਿੰਦੂ ਅਮੀਰ ਪਰਿਵਾਰ ਤੋਂ ਹੈ ਅਤੇ ਬੌਬੀ ਇੱਕ ਈਸਾਈ ਪਰਿਵਾਰ ਤੋਂ ਹੈ ਜੋ ਮਛੇਰਿਆਂ ਵਜੋਂ ਕੰਮ ਕਰਦਾ ਹੈ।"
"ਇਹ ਉਹ ਦੌਰ ਸੀ ਜਦੋਂ ਦੇਸ਼ 1971 ਦੀ ਜੰਗ ਦੇ ਮਾਹੌਲ ਤੋਂ ਬਾਹਰ ਆ ਰਿਹਾ ਸੀ, ‘ਮੇਰਾ ਨਾਮ ਜੋਕਰ’ ਫਲਾਪ ਹੋ ਗਈ ਸੀ। ਅਜਿਹੇ ਵਿੱਚ ਦੇਸ਼ ਨੂੰ, ਨੌਜਵਾਨਾਂ ਨੂੰ ਤਾਜ਼ੀ ਹਵਾ, ਇੱਕ ਬਦਲਾਅ ਦੀ ਲੋੜ ਸੀ। ਇਸੇ ਮਾਹੌਲ ਵਿੱਚ ਬੌਬੀ ਆਈ ਅਤੇ ਛਾ ਗਈ। ਇਸ ਫਿਲਮ ਦੇ ਅੰਦਾਜ਼ ''ਚ ਕਹੀਏ ਤਾਂ...''ਇਹ ਕਾਲਾ ਕਊਆ ਅੱਜ ਵੀ ਕੱਟ ਰਿਹਾ ਹੈ''।"
ਡਿੰਪਲ ਕਪਾੜੀਆ ਨੂੰ ਪਹਿਲਾਂ ਕੋਈ ਨਹੀਂ ਜਾਣਦਾ ਸੀ
ਰਿਸ਼ੀ ਕਪੂਰ ਦੀ ਅੰਗੂਠੀ ਕਿਉਂ ਰਾਜੇਸ਼ ਖੰਨਾ ਨੇ ਸੁੱਟ ਦਿੱਤੀ
ਜਦੋਂ ਬੌਬੀ ਦੀ ਸ਼ੂਟਿੰਗ ਆਖ਼ਰੀ ਪੜਾਅ ''ਤੇ ਸੀ, ਡਿੰਪਲ ਕਪਾੜੀਆ ਨੇ ਰਾਜੇਸ਼ ਖੰਨਾ ਨਾਲ ਵਿਆਹ ਕਰਵਾ ਲਿਆ ਸੀ।
ਜੈਪ੍ਰਕਾਸ਼ ਚੌਕਸੀ ਨੇ ਡਿੰਪਲ ਕਪਾੜੀਆ ਨੂੰ ਹੀਰੋਇਨ ਵਜੋਂ ਚੁਣਨ ਦੀ ਕਹਾਣੀ ਦੱਸੀ ਸੀ, “ਕਿਸ਼ਨ ਧਵਨ ਇੱਕ ਚਰਿੱਤਰ ਕਲਾਕਾਰ ਸੀ। ਉਨ੍ਹਾਂ ਦੀ ਪਤਨੀ ਬੂੰਦੀ ਧਵਨ, ਰਾਜ ਕਪੂਰ ਦੀ ਪਤਨੀ ਕ੍ਰਿਸ਼ਨਾ ਦੀ ਦੋਸਤ ਸੀ।"
"ਉਨ੍ਹਾਂ ਨੇ ਡਿੰਪਲ ਕਪਾੜੀਆ ਦਾ ਨਾਂ ਸੁਝਾਇਆ। ਸਕ੍ਰਿਪਟ ਦੇ ਨਾਲ ਡਿੰਪਲ ਦੇ ਸੀਨ ਲਏ ਗਏ, ਇਹ ਕਈ ਸਾਲਾਂ ਤੱਕ ਆਰਕੇ ਸਟੂਡੀਓ ਵਿੱਚ ਕਿਤੇ ਰੱਖੇ ਗਏ ਸਨ। ਉਹ ਸੀਨ ਦੇਖ ਕੇ ਤੁਹਾਨੂੰ ਯਕੀਨ ਨਹੀਂ ਹੋਵੇਗਾ ਕਿ ਇਹ ਉਹੀ ਡਿੰਪਲ ਕਪਾੜੀਆ ਹੈ। ਉਸ ਸਮੇਂ ਡਿੰਪਲ ਦੀ ਉਮਰ 15 ਜਾਂ 16 ਸਾਲ ਦੀ ਹੋਵੇਗੀ।"
ਫਿਲਮ 1973 ਯਾਨਿ 20ਵੀਂ ਸਦੀ ''ਚ ਬਣੀ ਹੈ, ਹਾਲਾਂਕਿ ਬੌਬੀ ਦੇ ਇਕ ਸੀਨ ''ਚ ਡਿੰਪਲ ਕਹਿੰਦੀ ਹੈ, ਮੈਂ 21ਵੀਂ ਸਦੀ ਦੀ ਕੁੜੀ ਹਾਂ, ਮੈਨੂੰ ਕੋਈ ਹੱਥ ਨਹੀਂ ਲਗਾ ਸਕਦਾ।
ਜਦੋਂ ਰਿਸ਼ੀ ਕਪੂਰ ਉਸ ਨੂੰ ਟੋਕਦੇ ਹਨ ਕਿ ਅਜੇ 20ਵੀਂ ਸਦੀ ਹੈ ਤਾਂ ਉਹ ਕਹਿੰਦੀ ਹੈ ਕਿ 20ਵੀਂ ਸਦੀ ਬੁੱਢੀ ਹੋ ਗਈ ਹੈ ਅਤੇ ਮੈਂ ਆਪਣੀ ਹਿਫ਼ਾਜ਼ਤ ਖ਼ੁਦ ਕਰਨਾ ਜਾਣਦੀ ਹਾਂ। ਡਿੰਪਲ ਨੇ ਅਸਲ ਵਿੱਚ ਆਪਣੀ ਜ਼ਿੰਦਗੀ ਇਸੇ ਤਰ੍ਹਾਂ ਬਤੀਤ ਕੀਤੀ ਹੈ।
ਰਿਸ਼ੀ ਕਪੂਰ ਆਪਣੀ ਆਤਮਕਥਾ ''ਖੁੱਲਮ-ਖੁੱਲਾ'' ਵਿੱਚ ਲਿਖਦੇ ਹਨ, “ਡਿੰਪਲ ਸਾਡੇ ਘਰ ਦਾ ਹਿੱਸਾ ਬਣ ਗਈ ਸੀ। ਮੈਂ ਰਾਜ ਕਪੂਰ ਨੂੰ ਪਾਪਾ ਕਹਿੰਦਾ ਸੀ ਤਾਂ ਡਿੰਪਲ ਵੀ ਉਨ੍ਹਾਂ ਨੂੰ ਪਾਪਾ ਕਹਿ ਕੇ ਬੁਲਾਉਂਦੀ ਸੀ।"
"ਬਾਅਦ ''ਚ ਮੈਂ ਉਨ੍ਹਾਂ ਨੂੰ ਰਾਜ ਜੀ ਕਹਿਣਾ ਸ਼ੁਰੂ ਕਰ ਦਿੱਤਾ ਪਰ ਡਿੰਪਲ ਆਖ਼ਰ ਤੱਕ ਪਾਪਾ ਕਹਿ ਕੇ ਬੁਲਾਉਂਦੀ ਰਹੀ। ਬੌਬੀ ਦੌਰਾਨ ਮੈਂ ਯਾਸਮੀਨ ਨਾਲ ਰਿਲੇਸ਼ਨਸ਼ਿਪ ਵਿੱਚ ਸੀ। ਉਸ ਨੇ ਮੈਨੂੰ ਇੱਕ ਅੰਗੂਠੀ ਦਿੱਤੀ। ਪਰ ਸ਼ੂਟਿੰਗ ਦੌਰਾਨ ਕਈ ਵਾਰ ਡਿੰਪਲ ਉਹ ਅੰਗੂਠੀ ਪਾ ਲੈਂਦੀ ਸੀ। ਜਦੋਂ ਰਾਜੇਸ਼ ਖੰਨਾ ਨੇ ਡਿੰਪਲ ਨੂੰ ਪ੍ਰਪੋਜ਼ ਕੀਤਾ ਤਾਂ ਉਸ ਨੇ ਰਿੰਗ ਕੱਢ ਕੇ ਸਮੁੰਦਰ ''ਚ ਸੁੱਟ ਦਿੱਤੀ।"
"ਪ੍ਰੈੱਸ ਵਿੱਚ ਬਹੁਤ ਚਰਚਾ ਹੋਈ। ਫਿਰ ਸਾਡੇ ਬਾਰੇ ਬਹੁਤ ਸਾਰੀਆਂ ਗੱਲਾਂ ਛਪੀਆਂ। ਪਰ ਸਾਡੇ ਵਿਚਕਾਰ ਅਜਿਹਾ ਕੁਝ ਨਹੀਂ ਸੀ। ਹਾਂ, ਬਤੌਰ ਹੀਰੋਇਨ ਉਦੋਂ ਮੈਂ ਉਸ ਨੂੰ ਲੈ ਕੇ ਪੋਜ਼ੈਸਿਵ ਸੀ।"
ਅੰਮ੍ਰਿਤ ਗੰਗਰ ਦਾ ਕਹਿਣਾ ਹੈ, “ਰਾਜ ਕਪੂਰ ਦੇ ਵਿਜ਼ਨ ਨੂੰ ਰਿਸ਼ੀ ਅਤੇ ਡਿੰਪਲ ਨੇ ਪਰਦੇ ''ਤੇ ਖੂਬਸੂਰਤੀ ਨਾਲ ਲਿਆਂਦਾ ਹੈ, ਭਾਵੇਂ ਇਹ ਗੀਤ ਹੋਵੇ, ਡਾਂਸ ਹੋਵੇ ਜਾਂ ਐਕਟਿੰਗ। ਫਿਲਮ ਵਿੱਚ ਰਿਸ਼ੀ ਕਪੂਰ ਅਤੇ ਡਿੰਪਲ ਦੀ ਪਹਿਲੀ ਮੁਲਾਕਾਤ ਉਸੇ ਪਲ ਨੂੰ ਦੁਹਰਾਉਂਦੀ ਹੈ ਜਦੋਂ ਰਾਜ ਕਪੂਰ ਅਤੇ ਨਰਗਿਸ ਪਹਿਲੀ ਵਾਰ ਮਿਲੇ ਸਨ।"
"ਖ਼ਵਾਜਾ ਅਹਿਮਦ ਅੱਬਾਸ ਨੇ ਤਾਂ ਇੱਕ ਦੁਖਦਾਈ ਅੰਤ ਲਿਖਿਆ ਸੀ ਜੋ ਬਾਅਦ ਵਿੱਚ ਇੱਕ ਖੁਸ਼ਹਾਲ ਅੰਤ ਵਿੱਚ ਬਦਲ ਗਿਆ ਸੀ।"
ਜਦੋਂ ਲਤਾ ਦਾ ਹਿੱਸਾ ਰਾਜ ਕਪੂਰ ਨੇ ਗਾਇਆ
ਬੌਬੀ ਦੀ ਸਫ਼ਲਤਾ ਵਿੱਚ ਆਨੰਦ ਬਖ਼ਸ਼ੀ ਦੇ ਗੀਤਾਂ ਅਤੇ ਲਕਸ਼ਮੀਕਾਂਤ ਪਿਆਰੇਲਾਲ ਦੇ ਸੰਗੀਤ ਨੇ ਵੱਡੀ ਭੂਮਿਕਾ ਨਿਭਾਈ। ਰਾਜ ਕਪੂਰ ਨਵੇਂ ਗਾਇਕ ਸ਼ੈਲੇਂਦਰ ਸਿੰਘ ਨੂੰ ਰਿਸ਼ੀ ਕਪੂਰ ਲਈ ਲੈ ਕੇ ਆਏ।
ਸ਼ੈਲੇਂਦਰ ਸਿੰਘ ਨੇ ਕੁਝ ਸਾਲ ਪਹਿਲਾਂ ਦੁਬਈ ਤੋਂ ਫੋਨ ''ਤੇ ਬੌਬੀ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਸਨ।
ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਸ਼ੈਲੇਂਦਰ ਨੇ ਕਿਹਾ ਸੀ, "ਰਾਜ ਕਪੂਰ ਸਾਹਬ ਨਵੀਂ ਆਵਾਜ਼ ਚਾਹੁੰਦੇ ਸਨ। ਉਹ ਕਹਿੰਦੇ ਸਨ ਕਿ ਹੀਰੋ 16 ਸਾਲ ਦਾ ਮੁੰਡਾ ਹੈ, ਇਸ ਲਈ ਗਾਇਕ ਵੀ ਉਸੇ ਉਮਰ ਦਾ ਹੋਣਾ ਚਾਹੀਦਾ ਹੈ।"
"ਇਸ ਤਰ੍ਹਾਂ ਮੇਰੇ ਕਰੀਅਰ ਦੀ ਸ਼ੁਰੂਆਤ ਹੋਈ... ਬੌਬੀ ਫਿਲਮ ਦਾ ਸ਼ੁਭ ਸਮਾਂ ਮੇਰੇ ਗੀਤ ''ਮੈਂ ਸ਼ਾਇਰ ਤੋ ਨਹੀਂ'' ਨਾਲ ਹੋਇਆ ਸੀ।"
ਬੌਬੀ ਅਤੇ ਰਾਜ ਕਪੂਰ ਨੂੰ ਯਾਦ ਕਰਦਿਆਂ ਸ਼ੈਲੇਂਦਰ ਸਿੰਘ ਦਾ ਕਹਿਣਾ ਸੀ, "ਰਾਜ ਕਪੂਰ ਨੂੰ ਗੀਤ ਅਤੇ ਸੰਗੀਤ ਦੀ ਬਹੁਤ ਸਮਝ ਸੀ। ਕਿਸੇ ਗੀਤ ਦੀ ਰਿਕਾਰਡਿੰਗ ਦੌਰਾਨ ਲਤਾ ਜੀ ਨਹੀਂ ਆਏ ਸਨ। ਇਸ ਦੌਰਾਨ ਮੈਂ ਗੀਤ ਵਿੱਚ ਆਪਣਾ ਹਿੱਸਾ ਗਾ ਰਿਹਾ ਸੀ ਅਤੇ ਲਤਾ ਜੀ ਦਾ ਹਿੱਸਾ ਰਾਜ ਕਪੂਰ ਗਾ ਰਿਹਾ ਸੀ। ਉਨ੍ਹਾਂ ਨੂੰ ਪੂਰਾ ਗੀਤ ਯਾਦ ਸੀ।"
ਪ੍ਰੇਮ ਨਾਮ ਹੈ ਮੇਰਾ, ਪ੍ਰੇਮ ਚੋਪੜਾ
ਬੌਬੀ ਦੀ ਗੱਲ ਕਰੀਏ ਤਾਂ ਇਸ ਦੀ ਜਵਾਨ ਪ੍ਰੇਮ ਕਹਾਣੀ ਅਤੇ ਰਾਜ ਕਪੂਰ ਦੇ ਕਹਾਣੀ ਦੱਸਣ ਦੇ ਤਰੀਕੇ ਨੇ ਫਿਲਮ ਦੀ ਸਫ਼ਲਤਾ ਵਿੱਚ ਭੂਮਿਕਾ ਨਿਭਾਈ ਹੈ।
ਫਿਲਮ ਦੀ ਜਾਨ ਇਸ ਦੇ ਸਹਾਇਕ ਪਾਤਰ ਵੀ ਸਨ, ਭਾਵੇਂ ਉਹ ਦੁਰਗਾ ਖੋਟੇ ਹੋਵੇ, ਮਛੇਰੇ ਦੇ ਰੋਲ ਵਿੱਚ ਜੈਕ ਬ੍ਰਗੈਂਜ਼ਾ ਉਰਫ ਪ੍ਰੇਮ ਨਾਥ ਹੋਵੇ ਜਾਂ ਰਿਸ਼ੀ ਕਪੂਰ ਦੇ ਹੰਕਾਰੀ ਪਿਤਾ ਦੇ ਰੋਲ ਵਿੱਚ ਪ੍ਰਾਣ ਜਾਂ ਖ਼ਲਨਾਇਕ ਪ੍ਰੇਮ ਚੋਪੜਾ ਹੋਣ।
ਪ੍ਰੇਮ ਚੋਪੜਾ ਦੀ ਪਤਨੀ ਅਤੇ ਰਾਜ ਕਪੂਰ ਦੀ ਪਤਨੀ, ਦੋਵੇਂ ਭੈਣਾਂ ਸਨ ਅਤੇ ਉਹ ਇਸ ਫਿਲਮ ਵਿੱਚ ਸਿਰਫ਼ ਇੱਕ ਛੋਟਾ ਜਿਹਾ ਕੈਮਿਓ ਕਰ ਰਹੇ ਸਨ।
ਉਹ ਫਿਲਮ ਦੇ ਆਖ਼ਰੀ ਹਿੱਸੇ ਵਿੱਚ ਕੁਝ ਦੇਰ ਲਈ ਆਉਂਦੇ ਹਨ ਪਰ ਉਸ ਦਾ ਉਹ ਸੀਨ ਅੱਜ ਵੀ ਯਾਦ ਕੀਤਾ ਜਾਂਦਾ ਹੈ ਜਦੋਂ ਘਰੋਂ ਭੱਜੀ ਬੌਬੀ ਦਾ ਹੱਥ ਫੜ੍ਹ ਕੇ ਉਹ ਕਹਿੰਦਾ ਹੈ- ਪ੍ਰੇਮ ਨਾਮ ਹੈ ਮੇਰਾ ਪ੍ਰੇਮ ਚੋਪੜਾ ਹੈ।
ਸੰਜੀਵ ਕੁਮਾਰ (ਕੋਸ਼ਿਸ਼), ਅਮਿਤਾਭ ਬੱਚਨ (ਜ਼ੰਜੀਰ), ਧਰਮਿੰਦਰ (ਯਾਦੋਂ ਕੀ ਬਾਰਾਤ) ਅਤੇ ਰਾਜੇਸ਼ ਖੰਨਾ (ਦਾਗ਼) ਵਿੱਚੋਂ ਬੌਬੀ ਲਈ ਰਿਸ਼ੀ ਕਪੂਰ ਨੂੰ ਫਿਲਮਫੇਅਰ ਸਰਵੋਤਮ ਅਦਾਕਾਰ ਦਾ ਪੁਰਸਕਾਰ ਮਿਲਿਆ।
ਆਪਣੀ ਸਵੈ-ਜੀਵਨੀ ''ਖੁੱਲਮ-ਖੁੱਲਾ'' ਵਿੱਚ, ਰਿਸ਼ੀ ਕਪੂਰ ਨੇ ਲਿਖਿਆ, “ਕਿਸੇ ਨੇ ਮੈਨੂੰ ਪੈਸਿਆਂ ਬਦਲੇ ਇੱਕ ਪੁਰਸਕਾਰ ਦੀ ਪੇਸ਼ਕਸ਼ ਕੀਤੀ ਸੀ। ਮੈਂ ਕਿਹਾ ਕਿਉਂ ਨਹੀਂ। ਮੈਨੂੰ ਇਸ ਗੱਲ ਦਾ ਅਫ਼ਸੋਸ ਹੈ।"
"ਮੈਂ ਸਿਰਫ਼ 20-21 ਸਾਲਾਂ ਦਾ ਸੀ। ਬੌਬੀ ਨਾਲ ਅਚਾਨਕ ਮੈਂ ਸਟਾਰ ਬਣ ਗਿਆ। ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਪੈਸਾ ਅਸਲ ਵਿੱਚ ਪ੍ਰਬੰਧਕਾਂ ਤੱਕ ਪਹੁੰਚਿਆ ਜਾਂ ਨਹੀਂ। ਪਰ ਮੈਂ ਉਸ ਨੂੰ 30 ਹਜ਼ਾਰ ਰੁਪਏ ਦੇ ਦਿੱਤੇ।"
ਰਿਸ਼ੀ ਕਪੂਰ ਨੂੰ ਬੌਬੀ ਲਈ ਸਰਵਉਤਮ ਅਦਾਕਾਰ ਦਾ ਐਵਾਰਡ ਮਿਲਿਆ ਸੀ
ਦਿਲਚਸਪ ਗੱਲ ਇਹ ਹੈ ਕਿ ਸ਼ੈਲੇਂਦਰ ਸਿੰਘ ਨੇ ਵੀ ਮੈਨੂੰ ਆਪਣੀ ਇੰਟਰਵਿਊ ਵਿੱਚ ਅਜਿਹੀ ਹੀ ਗੱਲ ਦੱਸੀ ਸੀ।
ਉਨ੍ਹਾਂ ਨੇ ਕਿਹਾ ਸੀ, "ਮੈਨੂੰ ਬੌਬੀ ਲਈ ਸਰਵੋਤਮ ਗਾਇਕ ਦੇ ਪੁਰਸਕਾਰ ਦੀ ਪੇਸ਼ਕਸ਼ ਹੋਈ ਸੀ, ਪਰ ਮੈਂ ਇਨਕਾਰ ਕਰ ਦਿੱਤਾ। ਮੈਂ ਕਾਰਨ ਨਹੀਂ ਦੱਸ ਸਕਦਾ। ਭਾਰਤ ਵਿੱਚ ਪੁਰਸਕਾਰਾਂ ਦੀ ਕੋਈ ਮਹੱਤਤਾ ਨਹੀਂ ਹੈ, ਚੰਗੇ ਗੀਤਾਂ ਨੂੰ ਪੁਰਸਕਾਰ ਨਹੀਂ ਮਿਲਦਾ ਹੈ।"
ਗੀਤਾਂ ਤੋਂ ਇਲਾਵਾ, ਬੌਬੀ ਦੀ ਮਜ਼ਬੂਤ ਕੜੀ ਇਸ ਦਾ ਸਕ੍ਰੀਨਪਲੇਅ ਹੈ ਜੋ ਪੀ ਸਾਠੇ ਨੇ ਖ਼ਵਾਜਾ ਅਹਿਮਦ ਅੱਬਾਸ ਨਾਲ ਲਿਖਿਆ ਸੀ ਅਤੇ ਅੱਬਾਸ ਸਾਹਬ ਦੀ ਉਮਰ ਉਸ ਸਮੇਂ ਲਗਭਗ 58 ਸਾਲ ਸੀ। ਬੌਬੀ ਦੀ ਯਾਦ ਅਜੇ ਵੀ ਬਰਕਰਾਰ ਹੈ, ਇਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਵਿੱਚ ਨਜ਼ਰ ਆ ਰਹੀ ਹੈ।
ਉਦਾਹਰਣ ਵਜੋਂ, ਕਸ਼ਮੀਰ ਵਿੱਚ ਜਿਸ ਹੋਟਲ ਦੇ ਕਮਰੇ ਵਿੱਚ ''ਅੰਦਰ ਸੇ ਕੋਈ ਬਹਾਰ ਨਾ ਜਾ ਸਕੇ'' ਵਾਲਾ ਗਾਣਾ ਸ਼ੂਟ ਹੋਇਆ ਸੀ, ਅੱਜ ਵੀ ਬੌਬੀ ਹੱਟ ਦੇ ਨਾਮ ਨਾਲ ਮਸ਼ਹੂਰ ਹੈ ਅਤੇ ਲੋਕ ਇਸਨੂੰ ਦੇਖਣ ਆਉਂਦੇ ਹਨ।
ਜਾਂ ਜਦੋਂ ਇੱਕ ਰੂਸੀ ਪ੍ਰਸ਼ੰਸਕ ਨੇ ਇੱਕ ਅਮਰੀਕੀ ਸੈਲੂਨ ਵਿੱਚ ਆਪਣੇ ਵਾਲ ਕਟਵਾਉਣ ਵੇਲੇ ਰਿਸ਼ੀ ਕਪੂਰ ਨੂੰ ਪਛਾਣ ਲਿਆ ਅਤੇ ਆਪਣੇ ਫੋਨ ਤੋਂ ''ਮੈਂ ਸ਼ਾਇਰ ਤੋਂ ਨਹੀਂ'' ਲਡਾ ਕੇ ਸੁਣਾਇਆ।
ਬੰਦਿਸ਼ਾਂ ਨੂੰ ਤੋੜਦਾ ਪਿਆਰ, ਅਮੀਰੀ-ਗਰੀਬੀ ਨੂੰ ਟੱਪਦਾ ਪਿਆ, ਫੈਸ਼ਨ ਸਟੇਟਮੈਂਟ ਬਣਾਉਂਦੀ ਹੈ ਜਵਾਨ ਪ੍ਰੇਮ ਕਹਾਣੀ ਅੱਜ ਵੀ ਬਿਹਤਰੀਨ ਟੀਨੇਜ ਲਵ ਸਟੋਰੀ ਵਜੋਂ ਯਾਦ ਕੀਤੀ ਜਾਂਦੀ ਹੈ।
ਫੈਕਟ ਬਾਕਸ ਬੌਬੀ-1973
- ਫਿਲਮਫੇਅਰ ਐਵਾਰਡ- 5
- ਰਿਸ਼ੀ ਕਪੂਰ - ਸਰਵੋਤਮ ਅਦਾਕਾਰ
- ਡਿੰਪਲ ਕਪਾੜੀਆ- ਸਰਵੋਤਮ ਅਦਾਕਾਰ
- ਨਰਿੰਦਰ ਚੰਚਲ- ਸਰਵੋਤਮ ਗਾਇਕ
- ਕਲਾ ਨਿਰਦੇਸ਼ਨ- ਏ ਰੰਗਰਾਜ
- ਵਧੀਆ ਆਵਾਜ਼
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਮੁਕਤਸਰ: ਪੰਜਾਬ ਪੁਲਿਸ ਦੀ ਹਿਰਾਸਤ ''ਚ ਗੈਰ-ਕੁਦਰਤੀ ਤਸ਼ੱਦਦ ਦਾ ਕੀ ਹੈ ਮਾਮਲਾ, ਜਿਸ ਕਾਰਨ ਪੰਜਾਬ ਭਰ ਦੇ...
NEXT STORY